06 January 2015

ਕੌਮਾਂਤਰੀ ਹੱਦਾਂ ’ਤੇ ਜ਼ਿੰਦਰੇ ਲਾ ਕੇ ਵੀ ਬੰਦ ਹੁੰਦਾ ਨੀਂ ਦਿਸਦਾ ਹਰੀਪੁਰੇ ਤੋਂ ਖੁੱਲ੍ਹਦਾ ਨਸ਼ਿਆਂ ਦਾ ‘ਬੂਹਾ’

* ਅਮਲ ਦੀ ਓਟ ’ਚ ਅੰਗਹੀਣ, ਨੇਤਰਹੀਣ ਤੇ ਗਰਭਵਤੀ ਅੌਰਤਾਂ ਵੀ ਭੁੱਕੀ-ਪੋਸਤ ਦੇ ਕਾਰੋਬਾਰ ’ਚ ਖੁੱਭੇ- 
* ਹੁਣ ਅਮਲੀਆਂ ਨਾਲੋਂ ਵੱਧ ਭੁਕੀ ਸਪਲਾਈ ਕਰਨ ਵਾਲੇ ਪੁੱਜਦੇ ਹਨ ਹਰੀਪੁਰੇ-
* ਅਕਾਲੀ ਆਗੂ ਦੀਆਂ ਬੱਸਾਂ ’ਤੇ ਬੇਝਿਜਕ ਅਮਲੀ ਪੰਜਾਬ ’ਚ ਖੁੱਲ੍ਹੇਆਮ ਲਿਆਉਂਦੇ ਪੋਸਤ- 
* ਬੱਸਾਂ ’ਚ ਪੋਸਤ ਦੀ 50 ਰੁਪਏ ਪ੍ਰਤੀ ਕਿਲੋ ਫੀਸ ਲੈਂਦੇ ਹਨ ਕੰਡਕਟਰ-

ਇਕਬਾਲ ਸਿੰਘ ਸ਼ਾਂਤ
         ਲੰਬੀ : ਹਰੀਪੁਰੇ ਤੋਂ ਲੰਬੀ ਹਲਕੇ ’ਚ ਖੁੱਲ੍ਹਦਾ ਨਸ਼ਿਆਂ ਦਾ ‘ਬੂਹਾ’ ਪਾਕਿ ਦੀ ਹੱਦ ’ਤੇ ‘ਜ਼ਿੰਦਰਾ’ ਲਾ ਕੇ ਵੀ ਬੰਦ ਹੁੰਦਾ ਨਹੀਂ ਦਿਸਦਾ। ਸੂਬੇ ਵਿਚ ‘ਕਿਲੋ-ਕਿਲੋ ਪੋੋਸਤ’ ਲਿਆਉਣ ਦੀ ਸਿਆਸੀ ਖੁੱਲ੍ਹ ਨੇ ਪੰਜਾਬੀਅਤ ਦਾ ਅਜਿਹਾ ਭੱਠਾ ਬਿਠਾਇਆ ਕਿ ਪੰਜਾਬ ਵਿਚ ਅੰਗਹੀਣ,  ਨੇਤਰਹੀਣ, ਬਜ਼ੁਰਗ, ਅੌਰਤਾਂ ਅਤੇ ਨੌਜਵਾਨਾਂ, ਡਰਾਈਵਰਾਂ-ਕੰਡਕਟਰਾਂ ਤੋਂ ਇਲਾਵਾ ਗਰਭਵਤੀ ਅੌਰਤਾਂ ਵੀ ਭੁੱਕੀ-ਪੋਸਤ ਦੇ ਨਸ਼ੇ ਦੀ ਮਾਰ ਹੇਠ ਹਨ। ਇਹ ਲੋਕ ਖੁਦ ਤਾਂ ਨਸ਼ੇ ਕਰਦੇ ਹੀ ਹਨ, ਹੋਰਾਂ ਨੂੰ ਵੇਚ ਨੂੰ ਆਪਣੇ ਟੱਬਰ ਪਾਲਦੇ ਹਨ। ਰਾਜਸਥਾਨ ਤੋਂ ਵਗੈਰ ਪਰਮਿਟ ਵਾਲੀ ਭੁੱਕੀ-ਪੋਸਤ ਦੀ ਤਸਕਰੀ ਦਾ ਇਹ ‘ਰੁਜ਼ਗਾਰ’ ਅਨਪੜ੍ਹ ਅਤੇ ਵਿਹਲੜ ਕਿਸਮ ਦੇ ਲੋਕਾਂ ਲਈ ਰੋਟੀ ਦਾ ਜੁਗਾੜ ਬਣਿਆ ਹੋਇਆ ਹੈ। ਪੰਜਾਬੀਆਂ ਦੇ ਹੱਡਾਂ ’ਚ ਵਸੇ ਨਸ਼ਿਆਂ ਦੀਆਂ ਮਾਨਸਿਕ, ਸਰੀਰਕ ਅਤੇ ਆਰਥਿਕ ਤੌਰ ’ਤੇ ਜੜ੍ਹਾਂ ਇੰਨੀਆਂ ਡੂੰਘੀਆਂ ਹੋ ਚੁੱਕੀਆਂ ਹਨ ਕਿ ਜਿਨ੍ਹਾਂ ’ਤੇ ਕਾਬੂ ਪਾਉਣਾ ਖਾਲਾ ਜੀ ਦਾ ਵਾੜਾ ਨਹੀਂ ਜਾਪਦਾ।
ਕੌਮਾਂਤਰੀ ਹੱਦਾਂ ਵੱਲ ਰੁੱਖ ਕਰਕੇ ਬਾਹਰੀ ਨਸ਼ਿਆਂ ਉਤੇ ਨੱਥ ਪੁਆਉਣ ਲੲਹੀ ਧਰਨੇ ਲਾਉਣ ਵਾਲੀ ਅਕਾਲੀ ਸਰਕਾਰ ਉਹ ਹੁਣ ਤੱਕ ਸੂਬੇ ਨੂੰ ਪੋਸਤ ਜਿਹੇ ਜ਼ਮੀਨੀ ਨਸ਼ੇ ਦੇ ਕਲਾਵੇ ਵਿਚੋਂ ਕੱਢਣ ’ਤੋਂ ਅਸਮਰਥ ਰਹੀ ਹੈ। ਅੱਜ ਵੀ ਜਿੱਥੇ ਨਸ਼ਿਆਂ ਖਿਲਾਫ਼ ਸਮੁੱਚੀ ਅਕਾਲੀ ਸਰਕਾਰ ਕੌਮਾਂਤਰੀ ਹੱਦਾਂ ’ਤੇ ਬੀ.ਐਸ.ਐਫ਼ ਨੂੰ ਜਾਗਰੂਕ ਕਰਨ ਲਈ ਧਰਨੇ ਲਾਈ ਬੈਠੀ ਸੀ। ਉਥੇ ਦੂਜੇ ਪਾਸੇ ਗੁਆਂਢੀ ਸੂਬੇ ਰਾਜਸਥਾਨ ਵਿਚਲੇ ਹਰੀਪੁਰੇ ਦੇ ਪੋਸਤ ਠੇਕੇ ਤੋਂ ਅਮਲੀ ਰੂਪੀ ਨਸ਼ੇ ਦੇ ਸੌਦਾਗਰ ਭੁੱਕੀ-ਪੋਸਤ ਦੀਆਂ ਕਿਲੋ-ਕਿਲੋ ਦੀਆਂ ਨਿੱਕੀਆਂ ਖੇਪਾਂ ਸਮੇਤ ਨਿੱਜੀ ਬੱਸਾਂ ਉਤੇ ਬਿਨ੍ਹਾਂ ਕਿਸੇ ਡਰ-ਡੁੱਕਰ ਦੇ ਲੰਬੀ ਅਤੇ ਮਲੋਟ ਪੁੱਜ ਰਹੇ ਸਨ। ਜਿਨ੍ਹਾਂ ਵਿਚੋਂ ਕੁਝ ਬੱਸਾਂ ਪੰਜਾਬ ਖੇਤਰ ਦੇ ਇੱਕ ਅਕਾਲੀ ਆਗੂ ਦੀਆਂ ਵੀ ਹਨ, ਜਿਹੜਾ ਨਿੱਤ ‘ਸਰਕਾਰ’ ਦੇ ਨਾਲ ਬੈਠਾ ਵੇਖਿਆ ਜਾਂਦਾ ਹੈ। ਪੋਸਤ ਦੀ ਖੁੱਲ੍ਹੇਆਮ ਆਮਦ ਨਿੱਤ ਦਾ ਵਰਤਾਰਾ ਹੈ। ਇਹ ਬੱਸਾਂ ਰੋਜ਼ਾਨਾ ਹਰੀਪੁਰੇ ਤੋਂ ਬਿਨ੍ਹਾਂ ਪਰਮਿਟ ਪੋਸਤ ਲਿਆਉਂਦੇ ਅਮਲੀਆਂ ਨਾਲ ਲੱਦੀਆਂ ਆਉਂਦੀਆਂ ਹਨ। ਇਨ੍ਹਾਂ ਬੱਸਾਂ ਵਿਚ ਅਮਲੀਆਂ ਨੂੰ ਬੈਠਣ ਦੀ ਇਹ ਸੌਖ ਹੈ ਕਿ ਇਨ੍ਹਾਂ ਬੱਸਾਂ ਦੀ ਪੰਜਾਬ ਅੰਦਰ ਕਦੇ ਵੀ ਪੁਲੀਸ ਵੱਲੋਂ ਚੈਕਿੰਗ ਨਹੀਂ ਕੀਤੀ ਜਾਂਦੀ। ਸੂਤਰ ਤਾਂ ਇੱਥੋਂ ਤੱਕ ਆਖਦੇ ਹਨ ਕਿ ਬੱਸਾਂ ’ਚ ਟਿਕਟ ਦੇ ਇਲਾਵਾ ਪੋਸਤ ਲਿਆਉਣ ਵਾਲਿਆਂ ਤੋਂ ਕੰਡਕਟਰ ਵੱਲੋਂ ਖਾਕੀ ਤੰਤਰ ਲਈ ਕਥਿਤ ਤੌਰ ’ਤੇ 50 ਰੁਪਏ ਪ੍ਰਤੀ ਕਿੱਲੋ ਪੋਸਤ ਦੇ ਉਗਰਾਹੇ ਜਾਂਦੇ ਹਨ। ਇਨ੍ਹਾਂ ਬੱਸਾਂ ’ਚ ਇੱਕ ਕਿਲੋ ਤੋਂ ਲੈ ਕੇ ਦਸ ਕਿੱਲੋ ਤੱਕ ਪੋਸਤ ਲਿਆਉਣ ਦੀ ਬੇਝਿਜਕ ਸਹੂਲਤ ਹੈ। ਸੂਤਰ ਆਖਦੇ ਹਨ ਕਿ ਜੇਕਰ ਕੋਈ ਭੁੱਲਿਆ-ਭਟਕਿਆ ਪੁਲੀਸ ਵਾਲਾ ਕਦੇ-ਕਤਾਈਂ ਪੁੱਛਣ ਦੀ ਹਿਮਾਕਤ ਕਰ ਵੀ ਲਵੇ ਤਾਂ ਅਮਲੀਆਂ ’ਚ ਕਾਫ਼ੀ ਪ੍ਰਸਿੱਧ ਬੱਸ ਕੰਡਕਟਰ ਮੌਕੇ ’ਤੇ ਅਕਾਲੀ ਆਗੂ ਨਾਲ ਫੋਨ ਉੱਪਰ ਗੱਲ ਕਰਵਾ ਕੇ ਦਬਕਾ ਮਰਵਾ ਦਿੰਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕੰਦੂਖੇੜਾ ਪੁਲੀਸ ਚੈੱਕ ਪੋਸਟ ਮੂਹਰੋਂ ਲੰਘਦੀਆਂ ਬੱਸਾਂ ਜਰੀਏ ਪੋਸਤ ਸਪਲਾਈ ਵਿਚ ਕਥਿਤ ਤੌਰ ’ਤੇ ਡਰਾਈਵਰ-ਕੰਡਕਟਰ ਵੀ ਖੂਬ ਹੱਥ ਰੰਗਦੇ ਹਨ। ਪੋਸਤ ਦੇ ਅਮਲ ਇਨ੍ਹਾਂ ਗਰਮੀ ਹੈ ਕਿ ਕੜਾਕੇ ਦੀ ਸਰਦੀ ਵਿਚ ਅਮਲੀ ਬੱਸਾਂ ਦੇ ਉੱਪਰ ਤੱਕ ਬੈਠ ਕੇ ਲੰਬੀ ਪੁੱਜਦੇ ਹਨ। ਇਸੇ ਬਾਰੇ ਪਿੰਡ ਰੋੜਾਂਵਾਲੀ ’ਚ ਖਿੱਚੀ ਇੱਕ ਫੋਟੋ ਕਾਫ਼ੀ ਦਿਨ ਸੋਸ਼ਲ ਮੀਡੀਆ ’ਚ ਕਾਫ਼ੀ ਚਰਚਾ ਵਿਚ ਰਹੀ ਹੈ।

ਲੰਬੀ ਹਲਕੇ ਦੇ ਪਿੰਡ ਕੰਦੂਖੇੜਾ ਦੇ ਨੇੜੇ ਰਾਜਸਥਾਨ ਦੇ ਸਰਹੱਦੀ ਪਿੰਡ ਹਰੀਪੁਰਾ ਦੀ ਜੂਹ ’ਚ ਸਥਿਤ ਪੋਸਤ ਦੇ ਠੇਕੇ ’ਤੇ  ਪੱੁਜੇ ਪੱਤਰਕਾਰਾਂ ਦੀ ਹੈਰਾਨੀ ਦਾ ਠਿਕਾਣਾ ਨਾ ਰਿਹਾ ਜਦੋਂ ਅਮਲੀਆਂ ’ਚ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ  ਅੰਗਹੀਣ,  ਨੇਤਰਹੀਣ, ਬਜ਼ੁਰਗਾਂ, ਅੌਰਤਾਂ ਦੇ ਇਲਾਵਾ ਗਰਭਵਤੀ ਅੌਰਤ ਅਤੇ ਨੌਜਵਾਨ ਲੜਕੀ ਵੀ ਭੁੱਕੀ ਲੈਣ ਲਈ ਉਥੇ ਪੁੱਜੀਆਂ ਹੋਈਆਂ ਸਨ। ਪੋਸਤ ਠੇਕੇ ਦੇ ਨੇੜੇ 4 ਅੌਰਤਾਂ ਦੀਆਂ ਟੋਲੀ ’ਚ ਬੈਠੀ ਕਰੀਬ 6 ਮਹੀਨੇ ਦੀ ਗਰਭਵਤੀ ਅੌਰਤ ਅਤੇ ਨੌਜਵਾਨ ਲੜਕੀ ਸੀ। ਜਿਨ੍ਹਾਂ ਨੇ ਪਹਿਲਾਂ ਤਾਂ ਆਪਣੇ ਅਮਲੀ ਭਰਾਵਾਂ ਲਈ ਪੋਸਤ ਲਿਜਾਣ ਦੀ ਗੱਲ ਆਖੀ ਪਰ ਫਿਰ ਕੁਝ ਦੇਰ ਫੁੱਟ ਪਈਆਂ ਕਿ ‘‘ਕੀ ਦੱਸੀਏ, ਪਾਪੀ ਪੇਟ ਇਹ ਕੰਮ ਕਰਵਾਉਂਦਾ ਹੈ,’’ ਪੋਸਤ ਠੇਕੇ ਵੱਲ ਹੱਥ ਕਰਕੇ ਗਰਭਵਤੀ ਅੌਰਤ ਨੇ ਭੈੜੀ ਜਿਹੀ ਕੱਢ ਕੇ ਬੋਲੀ, ਇਹ ਕੰਜਰ ਤਾਂ ਉਨ੍ਹਾਂ ਲੜਕੀਆਂ ਅਤੇ ਅੌਰਤਾਂ ਨੂੰ ਪੋਸਤ ਦਿੰਦੇ ਜਿਹੜੀ ‘ਖ਼ਰਾਬ’ ਹੋਣ ਲਈ ਰਾਜੀ ਹੋ ਜਾਵੇ।’’
ਸੌ ਕੁ ਫੁੱਟ ਦੂਰ ਸੜਕ ਕਿਨਾਰੇ ਅੱਗ ਸੇਕਦੇ ਪਿੰਡ ਪਿਉਰੀ ਦੇ ਅੰਗਹੀਣ ਵਿਅਕਤੀ ਸੀਰੇ ਨੇ ਆਖਿਆ ਕਿ ,ਉਹ ਬਹੁਤ ਸਾਲਾਂ ਤੋਂ ਖੁਦ ਪੋਸਤ ਖਾਣ ਦਾ ਆਦੀ ਹੈ ਅਤੇ ਹਰੀਪੁਰੇ ਠੇਕੇ ’ਤੇ ਪੋਸਤ ਪੰਜਾਬ ’ਚ ਲਿਜਾ ਕੇ ਆਪਣੇ ਵੇਚਦਾ ਹੈ। ਜਿਸ ਨਾਲ ਉਸਦਾ ਪਰਿਵਾਰ ਪਲਦਾ ਹੈ। ਉਸਨੇ ਆਖਿਆ ਕਿ ਹੁਣ ਅਮਲਪੁਣਾ ਉਸਦੇ ਲਈ ਰੁਜ਼ਗਾਰ ਬਣ ਗਿਆ ਹੈ। ਉਹ ਹਫ਼ਤੇ ’ਚ 5-6 ਗੇੜੇ ਲਾਉਂਦਾ ਹੈ। ਉਸਨੇ ਕਿਹਾ ਕਿ ਸਰਕਾਰ ਦੋ ਰੁਪਏ ਰੋਜ਼ਾਨਾ ਕਮਾਈ ਦਾ ਜੁਗਾੜ ਕਰ ਦੇਵੇ ਤਾਂ ਉਹ ਨਸ਼ਾ ਸਪਲਾਈ ਦਾ ਧੰਦਾ ਛੱਡ ਦੇਵੇਗਾ। ਇਸਦੇ ਨਾਲ ਬੈਠੇ ਅੱਗ ਸੇਕਦੇ ਜ਼ਿਲ੍ਹਾ ਮੁਕਤਸਰ ਦੇ ਇੱਕ ਨੇਤਰਹੀਣ ਵਿਅਕਤੀ ਨੇ ਆਖਿਆ ਕਿ 12 ਸਾਲ ਪਹਿਲਾਂ ਪੋਸਤ ਕਰਕੇ ਉਸਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਨੀਮ-ਹਕੀਮਾਂ ਦੇ ਕਹਿਣ ’ਤੇ ਮੁੜ ਪੋਸਤ ਖਾਣ ਲੱਗਿਆ। ਹੁਣ ਉਹ ਆਪਣਾ ਅਮਲ ਪੂਰਾ ਕਰਨ ਦੇ ਇਲਾਵਾ ਹਰੀਪੁਰੇ ਠੇਕੇ ਤੋਂ ਰੋਜ਼ਾਨਾ ਕਿਲੋ-ਦੋ ਕਿੱਲੋ ਪੋਸਤ ਕੇ ਮੁਨਾਫ਼ੇ ਨਾਲ ਵੇਚ ਦਿੰਦਾ ਹੈ। ਇਸੇ ਤਰ੍ਹਾਂ ਲੰਬੀ ਹਲਕੇ ਦੇ ਪਿੰਡ ਫਤੂਹੀਖੇੜਾ ਦੇ ਇੱਕ ਅੰਗਹੀਣ ਨੌਜਵਾਨ ਨੇ ਵੀ ਹਰੀਪੁਰੇ ਤੋਂ ਪੋਸਤ ਲਿਜਾ ਕੇ ਵੇਚਣ ਦੀ ਗੱਲ ਕਬੂਲੀ। ਉਨ੍ਹਾਂ ਬੱਸਾਂ ਵਾਲਿਆਂ ’ਤੇ ਗੁੱਸਾ ਕੱਢਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਬੱਸਾਂ ’ਚ ਅੰਗਹੀਣਾਂ ਨੂੰ ਅੱਧੀ ਟਿਕਟ ਮਾਫ਼ ਕੀਤੀ ਹੋਈ ਹੈ ਪਰ ਲੰਬੀ-ਮਲੋਟ ਲਿਜਾਣ ਵਾਲੀ ਬੱਸਾਂ ਦੇ ਡਰਾਈਵਰ-ਕੰਡਕਟਰ ਦੋ ਨੰਬਰ ਦਾ ਕੰਮ ਹੋਣ ਧੱਕੇ ਨਾਲ ਪੂਰੀ ਟਿਕਟ ਕੱਟਦੇ ਹਨ। ਲਗਪਗ 50 ਸਾਲਾ ਬਜ਼ੁਰਗ ਨੇ ਆਖਿਆ ਕਿ ਇਸ ਠੇਕੇ ਤੋਂ ਬਿਨ੍ਹਾਂ ਪਰਮਿਟ ਤੋਂ ਪੋਸਤ 2 ਹਜ਼ਾਰ ਤੋਂ 25 ਸੌ ਰੁਪਏ ਕਿਲੋ ਮਿਲਦੀ ਹੈ ਉਹਦੇ ਲਈ ਵੀ ਠੇਕੇ ਵਾਲੇ ਮਿੰਨਤਾਂ-ਤਰਲੇ ਕੱਢਵਾਉਂਦੇ ਹਨ। ਇਸੇ ਤਰ੍ਹਾਂ ਦਰਜਨ ਭਰ ਅੌਰਤਾਂ ਅਤੇ 50-60 ਮਰਦ ਵੱਖ-ਵੱਖ ਟੋਲੀਆਂ ਬਣਾ ਕੇ ਪੋਸਤ ਲੈਣ ਲਈ ਖੜ੍ਹੇ ਸਨ। 
ਹਰੀਪੁਰਾ ਪੋਸਤ ਠੇਕੇ ਅੰਦਰ ਲੋਹੇ ਦੇ ਵੱਡੇ ਟੱਬ ਅਤੇ ਖੁਰਲੀਆਂ ਵਿਚ ਪੋਸਤ ਦੀਆਂ ਸੈਂਕੜੇ ਥੈਲੀਆਂ ਪਈਆਂ ਸਨ। ਪੋਸਤ ਠੇਕੇ ਦੇ ਕਾਰਿੰਦਿਆਂ ਨੇ ਦੱਸਿਆ ਕਿ ਪਰਮਿਟ ’ਤੇ 500 ਰੁਪਏ ਪ੍ਰਤੀ ਕਿਲੋ ਪੋਸਤ ਵੇਚੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਖੇਤਰ ਦੇ ਦਰਜਨ ਭਰ ਪਿੰਡਾਂ ਦੇ ਸੈਂਕੜੇ ਪਰਮਿਟ ਇਸ ਠੇਕੇ ਨਾਲ ਜੁੜੇ ਹੋਏ ਹਨ। ਜਿਨ੍ਹਾਂ ਨੂੰ ਇੱਕ ਵਾਰ ’ਚ ਸਿਰਫ਼ ਇੱਕ ਕਿਲੋ ਪੋਸਤ ਹੀ ਦਿੱਤੀ ਜਾਂਦੀ ਹੈ। ਜਦੋਂ ਉਨ੍ਹਾਂ ਤੋਂ ਪੰਜਾਬ ਦੇ ਅਮਲੀਆਂ ਨੂੰ ਬਿਨ੍ਹਾਂ ਪਰਮਿਟ ਤੋਂ ਪੋਸਤ ਦੇਣ ਬਾਰੇ ਪੁੱਛਿਆ ਤਾਂ ਉਹ ਪਾਸਾ ਵੱਟ ਗਏ। ਸੂਤਰਾਂ ਦਾ ਕਹਿਣਾ ਹੈ ਕਿ ਘੱਟ ਵਿਕਰੀ ਵਾਲਿਆਂ ਠੇਕਿਆਂ ਤੋਂ ਸਰਕਾਰੀ ਕੋਟੇ ਦੀ ਪੋਸਤ ਹਰੀਪੁਰਾ ਠੇਕੇ ਜਰੀਏ ਪੰਜਾਬ ਨੂੰ ਬਰਬਾਦ ਕਰਨ ਲਈ ਬਿਨ੍ਹਾਂ ਪਰਮਿਟ ਦੇ ਵੇਚੀ ਜਾਂਦੀ ਹੈ। 
ਪੋਸਤ ਦੀ ਇਹ ਅਲਾਮਤ ਹੁਣ ਨਸ਼ੇ ਦੀ ਭੱਲ ਤੋਂ ਅਗਾਂਹ ਵਧ ਕੇ ਹੁਣ ਰੁਜ਼ਗਾਰ ਦਾ ਸੋਮਾ ਬਣ ਚੁੱਕੀ ਹੈ ਅਜਿਹੇ ਵਿਚ ਸਰਕਾਰ ਭਾਵੇਂ ਕੌਮਾਂਤਰੀ ਸਰਹੱਦਾਂ ’ਤੇ ਲੱਖ ਧਰਨੇ ਲਾ ਲਵੇ ਪਰ ਚਿੱਟੇ ਕੱਪੜਿਆਂ ’ਚ ਇਸ ਸਮਾਜ ਵਿਰੋਧੀ ਕਾਰੋਬਾਰ ਨੂੰ ਉਤਸਾਹਤ ਕਰਨ ਵਾਲਿਆਂ ’ਤੇ ਨਕੇਲ ਕਸੇ ਵਗੈਰ ਇਸਦਾ ਹੱਲ ਸੰਭਵ ਨਹੀਂ। 
 ਪੜਤਾਲ ਕਰਵਾ ਕੇ ਸਖ਼ਤ ਕਾਰਵਾਈ ਕਰਾਂਗੇ
ਹਰੀਪੁਰੇ ਤੋਂ ਨਿੱਜੀ ਬੱਸਾਂ ਰਾਹੀਂ ਖੁੱਲ੍ਹੇਆਮ ਪੰਜਾਬ ਅੰਦਰ ਆਉਂਦੇ ਭੁੱਕੀ ਪੋਸਤ ਬਾਰੇ ਬਠਿੰਡਾ ਦੇ ਡੀ.ਆਈ.ਜੀ. ਰੇਂਜ ਸ੍ਰੀ ਅਮਰ ਸਿੰਘ ਚਾਹਲ ਨੇ ਆਖਿਆ ਕਿ ਹੁਣ ਤੱਕ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ, ਉਹ ਪੜਤਾਲ ਕਰਵਾ ਕੇ ਸਖ਼ਤ ਕਾਰਵਾਈ ਕਰਨਗੇ।

No comments:

Post a Comment