04 January 2015

ਸੁਹਿਰਦ ਲੋਕ ਆਗੂ ਦਰਵੇਸ਼ ਸਿਆਸਤਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ

 ਸਿਆਸੀ ਤਾਣੇ-ਬਾਣੇ ਵਿਚ ਮੂੰਹ ਦੇ ਮਿੱਠੇ ਰਾਜਨੇਤਾ ਤਾਂ ਵੇਖਣ ਨੂੰ ਬਹੁਤ ਮਿਲਦੇ ਹਨ ਪਰ ਦਿਲ ਦਾ ਮਿੱਠਾ, ਕਹਿਣੀ ਦਾ ਸੱਚਾ,
ਕਰਨੀ ਦਾ ਪੱਕਾ ਅਤੇ ਸਾਦਗੀ ਨਾਲ ਭਰਿਆ ‘ਲੋਕ ਨੇਤਾ’ ਅਖਵਾਉਣ ਦਾ ਮਾਣ ਸਿਰਫ਼ ਫਰੀਦਕੋਟ ਲੋਕਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਹੇ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਹਿੱਸੇ ਹੀ ਆਉਂਦਾ ਹੈ। 
ਸੰਨ 1937 ਵਿਚ ਪਿੰਡ ਖੁੱਡੀਆਂ, (ਲੰਬੀ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਸਧਾਰਨ ਕਿਸਾਨ ਘਰਾਣੇ ਵਿਚ ਸ. ਫੁੰਮਣ ਸਿੰਘ ਦੇ ਘਰ ਜਨਮੇ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦਾ ਜੀਵਨ ਬਹੁਤ ਹੀ ਸਾਦਗੀ, ਸੁਭਾਅ ਵਿਚ ਤੇਜ਼ੀ ਦੇ ਨਾਲ-ਨਾਲ ਮਿਠਾਸ ਅਤੇ ਮਜ਼ਾਕੀਆਪਨ ਅਤੇ ਸੰਜੀਦਗੀ ਨਾਲ ਭਰਿਆ ਹੋਇਆ ਸੀ। ਮਿਲਵਰਤਣ ਅਤੇ ਆਮ ਲੋਕਾਂ ਨਾਲ ਘੁਲ-ਮਿਲ ਕੇ ਰਹਿਣਾ ਉਨ੍ਹਾਂ ਦੀ ਆਦਤ ਵਿਚ ਸ਼ਾਮਿਲ ਸੀ। ਵੱਡੀ ਤੋਂ ਵੱਡੀ ਸ਼ਖਸੀਅਤ ਦੇ ਮੂੰਹ ’ਤੇ ਵੀ ਸੱਚੀ ਗੱਲ ਮੂੰਹ ’ਤੇ ਆਖਣ ਦਾ ਠਰ੍ਹੰਮਾ ਰੱਖਦੇ ਇਸ ਆਗੂ ਨੇ ਆਪਣੀ ਮੁੱਢਲੀ ਵਿਦਿਆ ਪਿੰਡ ਖੁੱਡੀਆਂ ਤੋਂ ਪ੍ਰਾਪਤ ਕਰਕੇ ਮੈਟ੍ਰਿਕ ਹਾਈ ਸਕੂਲ ਲੰਬੀ ਤੋਂ ਪਾਸ ਕੀਤੀ। ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਦਾਖਲਾ ਲੈ ਲਿਆ। ਉਥੇ ਨੌਜਵਾਨੀ ਦੀ ਉਮਰ ਵਿਚ ਆਪ ਨੂੰ ਲੋਕ ਸੇਵਾ ਦੀ ਚੇਟਕ ਲੱਗ ਗਈ ਅਤੇ ਆਪ ਅਕਾਲੀ ਸਿਆਸਤ ਵਿਚ ਸਰਗਰਮੀ ਨਾਲ ਹਿੱਸਾ ਲੈਣ ਲੱਗੇ। ਬੀ.ਏ.ਪਾਸ ਕਰਨ ਉਪਰੰਤ ਆਪ ਪਿੰਡ ਆ ਗਏ ਅਤੇ ਕਾਲਜ ਸਮੇਂ ਵਿਚ ਆਪ ਨੂੰ ਅਖਬਾਰ, ਕਿਤਾਬਾਂ, ਰਸਾਲੇ ਪੜ੍ਹਨ ਦਾ ਬਹੁਤ ਸ਼ੌਂਕ ਹੋ ਗਿਆ। ਆਪ ਇਕ ਅਣਥੱਕ ਤੇ ਮਿਹਨਤੀ ਆਗੂ ਸਨ ਤੇ ਸਫਰ ਕਰਦੇ ਥੱਕਦੇ ਨਹੀਂ ਸਨ, ਜਿਥੇ ਵੀ ਰਾਤ ਪੈ ਜਾਵੇ ਉਥੇ ਹੀ ਉਨ੍ਹਾਂ ਦੇ ਦੋਸਤ, ਸਾਥੀ ਮੌਜੂਦ ਹੁੰਦੇ ਤੇ ਉਹ ਉਥੇ ਹੀ ਰਾਤ ਕੱਟ ਲੈਂਦੇ। ਹੇਠਲੀ ਰਾਜਨੀਤੀ ਤੋਂ ਆਪਣਾ ਰਾਜਸੀ ਜੀਵਨ ਸ਼ੁਰੂ ਕੀਤਾ ਅਤੇ ਸਰਕਲ ਅਕਾਲੀ ਜਥਾ ਤੇ ਜ਼ਿਲ੍ਹਾ ਅਕਾਲੀ ਜਥਾ ਦੇ ਜਨਰਲ ਸਕੱਤਰ, ਪਿੰਡ ਦੇ ਸਰਪੰਚ ਤੇ ਬਲਾਕ ਸੰਮਤੀ ਲੰਬੀ ਦੇ ਮੈਂਬਰ ਦੇ ਇਲਾਵਾ ਜਿਲ੍ਹਾ ਅਕਾਲੀ ਜਥਾ ਦੇ ਪ੍ਰਧਾਨ ਰਹੇ।ਅਕਾਲੀ ਦਲ ਦੇ ਜਿੰਨੇ ਵੀ ਪ੍ਰਧਾਨ ਹੋਏ ਸ. ਮੋਹਨ ਸਿੰਘ ਤੁੜ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਆਪ ਦਾ ਕਾਫੀ ਸਹਿਚਾਰ ਰਿਹਾ। ਸੰਨ 1977 ਵਿੱਚ ਆਪ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੌਰਾਨ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਥਾਪਿਆ ਗਿਆ। ਇਸ ਮਹੱਤਵ ਪੂਰਨ ਅਹੁਦੇ ’ਤੇ ਰਹਿੰਦੇ ਸਮੇਂ ਤੁਸੀਂ ਆਪਣੀ ਇਮਾਨਦਾਰੀ ਦੀਆਂ ਰਾਹ ’ਤੇ ਚਲਤਿਦਆਂ ਲੱਖਾਂ ਕਰੋੜਾਂ ਰੁਪਏ ਨੂੰ ਠੋਕਰ ਮਾਰਦਿਆਂ ਹੋਰਨਾਂ ਲਈ ਭ੍ਰਿਸ਼ਟਚਾਰ ਦੇ ਇਸ ਯੁੱਗ ਵਿੱਚ ਅਜੋਕੇ ਸਿਆਤਸਦਾਨਾਂ ਲਈ ਸਬਕ ਕਾਇਮ ਕੀਤਾ। ਆਪਨੇ ਹੋਰ ਸਾਥੀਆਂ ਸਮੇਤ ਅਨੇਕਾਂ ਮੋਰਚਿਆਂ ਵਿੱਚ ਹਿੱਸਾ ਲਿਆ ਜ਼ੇਲ੍ਹਾਂ ਵੀ ਕੱÎਟੀਆਂ। ਸੰਨ 1984 ਦੇ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਫ਼ੌਜ਼ ਵੱਲੋਂ ਹਰਮੰਦਿਰ ਸਾਹਿਬ ’ਤੇ ਹਮਲੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਨਾਲ ਇਨ੍ਹਾਂ ਦੇ ਮਾਨਸਿਕ ਤੌਰ ’ਤੇ ਝੰਜੋੜ ਦਿੱਤਾ ਤੇ ਸ਼੍ਰੋਮਣੀ
ਅਕਾਲੀ ਦਲ (ਮਾਨ) ਵਿੱਚ ਸ਼ਾਮ ਹੋ ਗਏ। ਸੰਨ 1989 ਦੇ ਲੋਕਸਭਾ ਚੋਣਾਂ ’ਚ ਆਪ ਨੇ ਫ਼ਰੀਦਕੋਟ ਹਲਕੇ ਤੋਂ ਚੋਣ ਲੜੀ ਅਤੇ ਡੇਢ ਲੱਖ ਵੋਟ ਨਾਲ ਇਤਿਹਾਸਕ ਜਿੱਤ ਪ੍ਰਾਪਤ ਕੀਤੀ। ਆਪ ਦੀ ਈਮਾਨਦਾਰੀ ਅਤੇ ਵਿਕਾਸਪੱਖੀ ਸੋਚ ਦੇ ਚਰਚੇ ਦੂਰ ਦੂਰ ਤੱਕ ਹੋਣ ਲੱਗੇ। ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਸਿਰਫ਼ ਸਵਾ ਮਹੀਨਾ ਬਾਅਦ 28 ਦਸੰਬਰ, 1989 ਨੂੰ ਆਪ ਆਪਣੇ ਘਰ ਸੁੱਤੇ ਪਏ ਸਨ ਤਾਂ ਸਵੇਰੇ ਗਾਇਬ ਪਾਏ ਗਏ। ਬਾਅਦ ’ਚ ਆਪ ਦੀ ਪਗੜੀ, ਲੋਈ ਤੇ ਜੁੱਤੀ ਪਿੰਡ ਦੇ ਲਾਗੇ ਰਾਜਸਥਾਨ ਨਹਿਰ ਦੀ ਪਟੜੀ ਦੇ ਕਿਨਾਰੇ ਤੋਂ ਮਿਲੇ ਅਤੇ ਲਗਾਤਾਰ ਛੇ ਦਿਨ ਭਾਲ ਪਿਛੋਂ 4 ਜਨਵਰੀ 1990 ਨੂੰ ਆਪ ਦੀ ਲਾਸ਼ ਨਹਿਰ ਵਿਚੋਂ ਮਿਲੀ। ਨਹਿਰ ਵਿਚੋਂ ਲਾਸ਼ ਮਿਲਣ ਦੇ ਬਾਵਜੂਦ ਜਥੇਦਾਰ ਜੀ ਦੇ ਹੱਥ ’ਤੇ ਬੰਨ੍ਹੀ ਹੱਥਘੜੀ ਦੇ ਚਾਲੂ ਹਾਲਤ ਅਤੇ ਜੇਬ ਵਿਚੋਂ ਮਿਲੀ ਡਾਇਰੀ ਅਣਭਿੱਜੀ ਹਾਲਤ ’ਚ ਮਿਲਣ ਕਰਕੇ ਜਥੇਦਾਰ ਜੀ ਦੀ ਮੌਤ ਦੁਨੀਆਂ ਭਰ ਲਈ ਅਬੂਝ ਪਹੇਲੀ ਬਣੀ ਹੋਈ ਹੈ। ਹੁਣ ਉਨ੍ਹਾਂ ਦੇ ਸਪੁੱਤਰ ਗੁਰਮੀਤ ਸਿੰਘ ਖੁੱਡੀਆਂ ਬਤੌਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਅਤੇ ਹਰਮੀਤ ਸਿੰਘ ਖੁੱਡੀਆਂ (ਕੈਨੇਡਾ) ਜਥੇਦਾਰ ਖੁੱਡੀਆਂ ਦੇ ਪਾਏ ਪੂਰਨਿਆਂ ’ਤੇ ਚੱਲਦੇ ਸਮਾਜਿਕ ’ਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। 25 ਸਾਲ ਦਾ ਲੰਬਾ ਸਮਾਂ ਬੀਤ ਗਿਆ ਹੈ ਪਰ ਇਲਾਕੇ ਦੇ ਲੋਕਾਂ  ਅਤੇ ਸਾਰੇ ਵਰਕਰਾਂ ਦੇ ਦਿਲਾਂ ਵਿਚ ਆਪ ਦੀ ਯਾਦ ਤਾਜ਼ਾ ਹੈ ਅਤੇ ਇਹ ਸਾਰੇ ਭਾਰੀ ਗਿਣਤੀ ਵਿੱਚ ਜਥੇਦਾਰ ਜੀ ਦੀ ਯਾਦ ਤਾਜ਼ਾ ਕਰਨ ਲਈ 4 ਜਨਵਰੀ ਨੂੰ ਪਿੰਡ ਖੁੱਡੀਆਂ ਗੁਲਾਬ ਸਿੰਘ (ਲੰਬੀ) ਵਿਖੇ ਪੁੱਜਦੇ ਹਨ। -ਇਕਬਾਲ ਸਿੰਘ ਸ਼ਾਂਤ   

No comments:

Post a Comment