30 April 2016

‘ਬਿਨ੍ਹਾਂ ਕੁੜੀ ਵਾਲੇ ਜਵਾਈਆਂ’ ਨੇ ਤੋੜਿਆ ਪੰਜਾਬ ਦੀ ਕਿਰਸਾਨੀ ਦਾ ਲੱਕ

                                                      ਇਕਬਾਲ ਸਿੰਘ ਸ਼ਾਂਤ
         ਲੰਬੀ : ਪੰਜਾਬ ਐਗਰੋ ਅਤੇ ਸਹਿਕਾਰਤਾ ਵਿਭਾਗ ਸੂਬੇ ਦੇ ਨਿਘਰ ਰਹੀ ਕਿਰਸਾਨੀ ਦੇ ‘ਖਸਮ’ ਬਣੇ ‘ਬਿਨ੍ਹਾਂ ਕੁੜੀ ਵਾਲੇ ਜਵਾਈ’ ਭਾਵ ਬੇਲੋੜੀਂਦੇ ਟਰੈਕਟਰ ਅਤੇ ਖੇਤੀ ਮਸ਼ੀਨਰੀ ਦੀ ਵਾਧੂ ਖਰੀਦ ਬਾਰੇ ਕਿਸਾਨਾਂ ਨੂੰ ਜਗਾ ਰਿਹਾ ਹੈ। ਪੰਜਾਬ ਖੇਤੀਬਾੜੀ ਮਰਦਮਸ਼ੁਮਾਰੀ 2010-11 ਮੁਤਾਬਕ ਕੁੱਲ 10.53 ਲੱਖ ਕਿਰਸਾਨੀ ਵਿਚੋਂ ਪੰਜਾਬ ’ਚ ਦਰਮਿਆਨੇ ਅਤੇ ਛੋਟੇ ਕਿਸਾਨਾਂ ਦੀ ਗਿਣਤੀ 9.83 ਲੱਖ ਹੈ। ਜਿਨ੍ਹਾਂ ਕੋਲ 4.85 ਲੱਖ ਟਰੈਕਟਰ ਹਨ। ਜਦੋਂ ਸੂਬੇ ’ਚ 39.67 ਲੱਖ ਹੈਕਟੇਅਰ ਵਾਹੀਯੋਗ ਰਕਬਾ ਹੈ। ਹੈਰਾਨੀ ਦੀ ਗੱਲ ਹੈ ਕਿ ਸੂਬੇ ’ਚ ਵੱਡੀ ਕਿਸਾਨੀ ਸਿਰਫ਼ 70 ਹਜ਼ਾਰ ਦੇ ਲਗਪਗ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਤਾਬਕ ਸੂਬੇ ਹਰ ਕਿਸਾਨ ’ਤੇ ਅੌਸਤ 3.5 ਲੱਖ ਰੁਪਏ ਕਰਜ਼ਾ ਹੈ ਜਿਸ ਵਿਚੋਂ ਜ਼ਿਆਦਾਤਰ ਖੇਤੀਬਾੜੀ ਮਸ਼ੀਨਰੀ ਨਾਲ  ਕਰਜ਼ਾ ਦੱਸਿਆ ਜਾਂਦਾ ਹੈ। ਐਗਰੋ ਸਹਿਕਾਰਤਾ ਵਿਭਾਗ ‘ਖੇਤੀ ਸੇਵਾ ਕੇਂਦਰ’ ਸਕੀਮ ਨੂੰ ਉਭਾਰ ਕੇ ਸਹਿਕਾਰੀ ਖੇਤੀ ਮਸ਼ੀਨਰੀ ਪ੍ਰਣਾਲੀ ਨੂੰ ਪ੍ਰਚੱਲਤ ਕਰਨ ਦੇ ਰੌਂਅ ਵਿੱਚ ਹੈ।
          ਖੇਤੀਬਾੜੀ ਮਾਹਰਾਂ ਅਨੁਸਾਰ ਸੂਬੇ ’ਚ ਫੋਕੀ ਟੌਹਰ ਤੇ ਸੁੱਕੀ ਸਰਦਾਰੀ ਲਈ ਬੇਲੋੜੀਂਦੇ ਟਰੈਕਟਰ ਖਰੀਦਣ ਦਾ ਰੁਝਾਨ ਵੀ ਕਿਰਸਾਨੀ ਦੇ ਨਿਘਾਰ ਦਾ ਭਖਵਾਂ ਕਾਰਨ ਹੈ। 5 ਏਕੜ ਤੋਂ ਘੱਟ ਰਕਬੇ ਵਾਲੇ ਕਿਸਾਨ ਵੱਡਿਆਂ ਦੀ ਰੀਸ ਨਾਲ ਇਸ ਮਾਰੂ ਰੁਝਾਨ ਦੇ ਹੇਠਾਂ ਆ ਕੇ ਆਪਣੇ ਘਰ ਲਿਆ ਕੇ ਬੰਨ੍ਹੇ ਚਿੱਟੇ ਹਾਥੀਆਂ ਰੂਪੀ ਟਰੈਕਟਰਾਂ ਕਰਕੇ ਵਧਦੇ ਵਿਆਜ਼ੂ ਝੌਰੇ ’ਚ ਸਾਂਹ ਮੁਕਾ ਰਹੇ ਹਨ। 
ਪੰਜਾਬ ਦਾ ਦੁਖਾਂਤ ਹੈ ਕਿ ਨੌਜਵਾਨ ਮੁੰਡੇ-ਕੁੜਿਆਂ ਦੇ ਰਿਸ਼ਤੇ ਲਈ ਕਿਸਾਨ ਵਿਹੜੇ ’ਚ ਖੜੇ੍ਹ ਟਰੈਕਟਰ ਦਾ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ, ਪਰੰਤੂ ਹਕੀਕਤ ’ਚ ਇਹ ਗੈਰਲੋੜੀਂਦੇ ਟਰੈਕਟਰ ਅਤੇ ਵਾਧੂ ਮਸ਼ੀਨਰੀ ਜੱਟਾਂ ਲਈ ਮੌਤ ਦਾ ਫੰਦਾ ਬਣ ਰਹੇ ਹਨ। ਨਿਘਰੇ ਹਾਲਾਤਾਂ ਦੇ ਬਾਅਦ ਵੀ ਚਿੱਟੇ ਕੱਪੜਿਆਂ, ਵੱਡੀਆਂ ਗੱਡੀਆਂ, ਸਮਾਰਟ ਫੋਨਾਂ ਦੇ ਕਲਾਵੇ ’ਚ ਆਇਆ ਪੰਜਾਬ ਦਾ ਕਿਸਾਨ ਅਤੇ ਕਿਸਾਨਾਂ ਦੀ ਨਵੀਂ ਪੌਦ ਹਕੀਕਤ ਵੱਲ ਤਿਆਰ ਨਹੀਂ। ਇਹ ਵੀ ਹਕੀਕਤ ਤੋਂ ਜੁਦਾ ਨਹੀਂ ਕਿ ਸੂਬੇ ਦੀਆਂ ਟਰੈਕਟਰ ਮੰਡੀਆਂ ’ਚ ਵਿਕਣ ਪੁੱਜੇ ਬੈਂਕ ਕਰਜ਼ੇ ਨਾਲ ਖਰੀਦੇ ਟਰੈਕਟਰ ਹੁੰਦੇ ਹਨ। 
         
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿਛਲੇ ਕਾਫ਼ੀ ਸਮੇਂ ਤੋਂ ਸੰਗਤ ਦਰਸ਼ਨਾਂ ’ਚ ਕਿਸਾਨੀ ਨੂੰ ਸਹਿਕਾਰੀ ਖੇਤੀ ਨੂੰ ਉਤਸਾਹਤ ਕਰਨ ਲਈ ਪ੍ਰੇਰਦੇ ਆ ਰਹੇ ਹਨ। ਹਾਲਾਂਕਿ ਪੰਜਾਬ ਐਗਰੋ ਅਤੇ ਸਹਿਕਾਰਤਾ ਵਿਭਾਗ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ‘ਖੇਤੀ ਸੇਵਾ ਕੇਂਦਰ’ ਨਾਂਅ ਦੀ ਹਾਂ-ਪੱਖੀ ਸਕੀਮ ਨੂੰ ਪੰਜਾਬ ਦੇ ਸਿਰਫ਼ ਦੁਆਬੇ ਖੇਤਰ ’ਚ ਭਰਵਾਂ ਹੁੰਗਾਰਾ ਮਿਲਿਆ ਹੈ। ਜਦੋਂ ਕਿ ਮਾਲਵਾ ਅਤੇ ਮਾਝਾ ਖੇਤਰ ’ਚ ਸਹਿਕਾਰਤਾ ਸਕੀਮ ਨੂੰ ਸਿਰਫ਼ 4-5 ਫ਼ੀਸਦੀ ਹੀ ਹੁੰਗਾਰਾ ਮਿਲਿਆ ਹੈ। ਇਸਦਾ ਮੁੱਖ ਕਾਰਨ ਪੇਂਡੂ ਭਾਈਚਾਰੇ ’ਚ ਬੇਤੁੱਕੀ ਸਿਆਸੀ-ਕਮ-ਸਮਾਜਿਕ ਹੈਂਕੜਪੁਣੇ ਕਰਕੇ ਧੜੇਬੰਦੀਆਂ ਦੱਸੀਆਂ ਜਾਂਦੀਆਂ ਹਨ। ਜਿਨ੍ਹਾਂ ਕਰਕੇ ਛੋਟੇ ਅਤੇ ਦਰਮਿਆਨੇ ਕਿਸਾਨ ਬਿਨ੍ਹਾਂ ਵਜ੍ਹਾ ਪਿਸਦੇ ਆ ਰਹੇ ਹਨ। ਪੰਜਾਬ ’ਚ ਲਗਾਤਾਰ ਵਧਦੀਆਂ ਕਿਸਾਨ ਖੁਦਕੁਸ਼ੀਆਂ ਲਈ ਆੜ੍ਹਤੀ ਕਰਜ਼ੇ ਦੇ ਨਾਲ-ਨਾਲ ਬੇਲੋੜੀਂਦੇ ਖੇਤੀ ਮਸ਼ੀਨਰੀ ਦੇ ਕਰਜ਼ੇ ਦੀ ਅਹਿਮ ਭੂਮਿਕਾ ਹੈ। ਅੰਕੜਿਆਂ ਅਨੁਸਾਰ ਪੰਜਾਬ ’ਚ ਬੀਤੇ ਵਰ੍ਹੇ 2015 ’ਚ ਲਗਪਗ 2000 ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆਏ ਸਨ। ਜਦੋਂ ਮਾਰਚ ਮਹੀਨੇ ’ਚ ਇੱਕੋ ਦਿਨ 56 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਖੁਦਕੁਸ਼ੀਆਂ ਦੀਆਂ ਰਿਪੋਰਟਾਂ ਹਨ।
               ਅਜਿਹੇ ’ਚ ਪੰਜਾਬ ਐਗਰੋ ਅਤੇ ਸਹਿਕਾਰਤਾ ਵਿਭਾਗ ਨੇ ਕਿਰਸਾਨੀ ਨੂੰ ਕਰਜ਼ੇ ਦੇ ਖੁਦਕੁਸ਼ੀਆਂ ਦੇ ਜੰਜਾਲ ਵਿਚੋਂ ਕੱਢਣ ਲਈ ਜ਼ਮੀਨੀ ਪੱਧਰ ’ਤੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਤੱਕ ਪਹੁੰਚਣ ਦੀ ਨੀਤੀ ਘੜੀ ਹੈ, ਤਾਂ ਜੋ ਪੰਜ ਦਰਿਆਵਾਂ ਧਰਤੀ ਨੂੰ ਸਹਿਕਾਰਤਾ ਦੇ ਰਾਹ ਪਾ ਕੇ ਨਵੇਂ ਸਿਰਿਓਂ ਆਰਥਿਕ ਪੱਖੋਂ ਖੁਸ਼ਹਾਲ ਕੀਤਾ ਜਾ ਸਕੇ। ਵਿਭਾਗ ਨੇ ਕਿਸਾਨਾਂ ’ਚ ਸਹਿਕਾਰਤਾ ਜਰੀਏ ਸਾਂਝੇ ਟਰੈਕਟਰ ਅਤੇ ਖੇਤੀ ਮਸ਼ੀਨਰੀ ਪ੍ਰਤੀ ਜਾਗਰੂਕਤਾ ਲਿਆਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ’ਚ ਕੈਂਪਾਂ ਲਗਾ ਕੇ ਸਹਿਕਾਰੀ ਖੇਤੀ ਲਈ ਕਿਸਾਨਾਂ ਨੂੰ ਚੇਤੰਨ ਕਰਨ ਦੀ ਕੋਸ਼ਿਸ਼ ਕੀਤੀ। ਸਾਂਸਦ ਆਦਰਸ਼ ਗਰਾਮ ਮਾਨਾ, ਕੰਗਣਖੇੜਾ ਅਤੇ ਰੱਤਾ ਖੇੜਾ ਵਿਖੇ ਕੈਂਪਾਂ ਦੌਰਾਨ ਵਿਭਾਗ ਦੇ ਸਹਾਇਕ ਜਨਰਲ ਮੈਨੇਜਰ ਰਣਬੀਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਾਂਝੀ ਖੇਤੀ ਮਸ਼ੀਨਰੀ ਦੇ ਲਾਹੇ ਗਿਣਾਉਂਦਿਆਂ ਆਖਿਆ ਕਿ ਛੋਟੀ ਕਿਸਾਨਾਂ ਨੂੰ ਨਵੇਂ ਸਿਰਿਓਂ ਪੈਰਾਂ ਸਿਰ ਲਈ ਸਹਿਕਾਰੀ ਖੇਤੀ ਵਰਦਾਨ ਹੋ ਸਕਦੀ ਹੈ। ਇਸ ਨਾਲ ਜਿੱਥੇ ਕਿਸਾਨ ਗੈਰ ਲੋੜੀਂਦੇ
ਬੈਂਕ ਕਰਜ਼ੇ ਅਤੇ ਮਸ਼ੀਨਰ ਦੇ ਵਾਧੂ ਰੱਖਰਖਾਅ ਤੋਂ ਬਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਸੇਵਾ ਕੇਂਦਰ ’ਚ ਸੁਸਾਇਟੀ ਦੇ ਮੈਂਬਰ ਦੇ ਕਿਸਾਨਾਂ ਨੂੰ ਨਾਮਾਤਰ ਕਿਰਾਇਆ ਦੇ ਕੇ ਖੇਤੀ ਲਈ ਮੁਫ਼ਤ ’ਚ ਟਰੈਕਟਰ ਅਤੇ ਹੋਰ ਖੇਤੀ ਮਸ਼ੀਨਰੀ ਮੁਹੱਈਆ ਹੋ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਹਿਕਾਰੀ ਸੁਸਾਇਟੀ ਗਠਿਤ ਕਰਕੇ ਰਜਿਸਟਰਡ ਕਰਵਾ ਕੇ ਸਾਂਝੀ ਖੇਤੀ ਮਸ਼ੀਨਰੀ ਨੂੰ ਉਤਸਾਹਤ ਕਰਨ ਦਾ ਸੱਦਾ ਦਿੱਤਾ ਅਤੇ ਆਖਿਆ ਕਿ ਕਰਜ਼ੇ ਨਾਲ ਖਰੀਦੇ ਗੈਰਲੋੜੀਂਦੇ ਟਰੈਕਟਰ ਅਤੇ ਮਸ਼ੀਨਰੀ ਪੰਜਾਬ ਦੀ ਕਿਰਸਾਨੀ ਲਈ ਕਬਰ ਪੁੱਟਣ ਦੇ ਹਾਲਾਤ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਹਿਕਾਰੀ ਮਸ਼ੀਨਰੀ ਜਰੀਏ ਕਿਸਾਨ ਵਿਆਜ਼ ਦੇ 50 ਫ਼ੀਸਦੀ ਹਿੱਸੇ ਨਾਲ ਹੀ ਆਪਣੀ ਖੇਤੀ ਧੰਦੇ ਨੂੰ ਵਧੀਆ ਢੰਗ ਚਲਾ ਸਕਦੇ ਹਨ।
ਪੰਜਾਬ ਐਗਰੋ ਅਤੇ ਸਹਿਕਾਰਤਾ ਵਿਭਾਗ ਦੇ ਐਮ.ਡੀ. ਕਾਹਨ ਸਿੰਘ ਪੰਨੂ ਨੇ ਆਖਿਆ ਕਿ ਪੰਜਾਬ ’ਚ ਸਾਂਝੀ ਮਸ਼ੀਨਰੀ ਰਾਹੀਂ ਖੇਤੀਬਾੜੀ ਕਰਨ ਨਾਲ ਸੂਬੇੇ ਦੀ ਖੇਤੀਬਾੜੀ ਦੀ ਦਸ਼ਾ ਅਤੇ ਦਿਸ਼ਾ ’ਚ ਕ੍ਰਾਂਤੀਕਾਰੀ ਬਦਲਾਅ ਆ ਸਕਦਾ ਹੈ। 


            ਸਰਕਾਰੀ ਸਕੀਮਾਂ ਸਿਰਫ਼ ਵਿਖਾਵੇਬਾਜ਼ੀ ਦਾ ਹਿੱਸਾ
ਭਾਕਿਯੂ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਵਦੇਵ ਸਿੰਘ ਕੋਕਰੀਕਲਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਜਲ ਸਕੱਤਰ ਲਛਮਣ ਸੇੇਵੇਵਾਲਾ ਦਾ ਕਹਿਣਾ ਹੈ ਕਿ ਖੇਤੀ ਨੂੰ ਨੌ-ਬਰ-ਨੌ ਕਰਨ ਲਈ ਸਰਕਾਰ ਦੇ ਅਸਲੀਅਤ ’ਚ ਗੰਭੀਰ ਹੋਣ ਅਤੇ ਖੇਤੀ ਸੇਵਾ ਕੇਂਦਰ ਸਕੀਮ ਦੇ ਸਿਆਸਤ ਰਹਿਤ ਹੋਣ ਨਾਲ ਜ਼ਮੀਨੀ ਪੱਧਰ ’ਤੇ ਫਾਇਦਾ ਪੁੱਜ ਸਕਦਾ ਹੈ। ਕੋਕਰੀਕਲਾਂ ਨੇ ਖਦਸ਼ਾ ਜਾਹਰ ਕੀਤਾ ਕਿ ਸਰਕਾਰ ਕਿਰਸਾਨੀ ਪ੍ਰਤੀ ਪਹਿਲਾਂ ਵੀ ਗੰਭੀਰ ਨਹੀਂ ਸੀ ਅਤੇ ਹੁਣ ਵੀ ਗੰਭੀਰ ਨਹੀਂ ਹੈ। ਸਰਕਾਰੀ ਸਕੀਮਾਂ ਸਿਰਫ਼ ਵਿਖਾਵੇਬਾਜ਼ੀ ਦਾ ਹਿੱਸਾ ਹਨ।            98148-26100 / 93178-26100


No comments:

Post a Comment