30 April 2016

ਕੁਰੂਕਸ਼ੇਤਰ ਦਾ ਮੈਦਾਨ ਬਣੀ ਬਾਦਲਾਂ ਦੀ ਰਿਹਾਇਸ਼

- ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਨੇ ਸੀਨੀਅਰ ਮੀਤ ਪ੍ਰਧਾਨ ਦੀ ਪੱਗ ਲਾਹ ਕੇ ਮਾਰੇ ਠੁੱਡੇ, ਕੀਤੀ ਮਾਰ-ਕੁੱਟ

- ਮੁੱਖ ਮੰਤਰੀ ਦੀ ਰਿਹਾਇਸ਼ ’ਚ ਸੁਖਬੀਰ ਨਾਲ ਮੀਟਿੰਗ ਮਗਰੋਂ ਲਾਬੀ ’ਚ ਵਾਪਰੀ ਘਟਨਾ

- ਪ੍ਰਧਾਨ ਖਿਲਾਫ਼ ਬੇਭਰੋਸਗੀ ਮਤੇ ਬਾਰੇ ਸੁਖਬੀਰ ਦੇ ਸੱਦੇ ’ਤੇ ਪਿੰਡ ਬਾਦਲ ਪੁੱਜੇ ਸਨ ਕੌਂਸਲਰਾਂ ਦੇ ਦੋਵੇਂ ਧੜੇ 

- ਨਗਰ ਕੌਂਸਲਰ ਮਨਦੀਪ ਸਿੰਘ ਗੋਰਾ ਜਖ਼ਮੀ   


                                                        ਇਕਬਾਲ ਸਿੰਘ ਸ਼ਾਂਤ
        ਲੰਬੀ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਾਲੀ ਰਿਹਾਇਸ਼ ਚੌਧਰ ਦੇ ਨਸ਼ੇ ਅਤੇ ਧੜੇਬੰਦੀਆਂ ’ਚ ਗ੍ਰਸੇ ਅਕਾਲੀਆਂ ਲਈ ਕੁਰੂਕਸ਼ੇਤਰ ਦਾ ਮੈਦਾਨ ਬਣ ਗਈ ਹੈ। ਅੱਜ ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਸੀਨੀਅਰ ਮੀਤ
ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ ਵਿਚਕਾਰ ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਅੰਦਰ ਹੋਏ ਘਮਸਾਨ ਅਤੇ ਮਾਰ-ਕੁੱਟ ’ਚ ਸਿੱਖੀ ਦੀ ਸ਼ਾਨ ‘ਦਸਤਾਰ’ ਪੈਰਾਂ ਦੇ ਠੁੱਡਿਆਂ ਦਾ ਸ਼ਿਕਾਰ ਹੋ ਗਈ। ਇਸ ਟਕਰਾਅ ’ਚ ਨਗਰ ਕੌਂਸਲਰ ਮਨਦੀਪ ਸਿੰਘ ਗੋਰਾ ਜਖ਼ਮੀ ਹੋ ਗਿਆ । ਘਟਨਾ ਸਮੇਂ ਉਪ ਮੁੱਖ ਮੰਤਰੀ-ਕਮ-ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਵੀ ਰਿਹਾਇਸ਼ ’ਤੇ ਮੌਜੂਦ ਸਨ ਅਤੇ ਸਮੁੱਚਾ ਘਟਨਾਕ੍ਰਮ ਉਪ ਮੁੱਖ ਮੰਤਰੀ ਦੀ ਮੌਜੂਦਗੀ ਵਾਲੇ ਕਮਰੇ ’ਚ ਬਾਹਰ ਲਾੱਬੀ ’ਚ ਵਾਪਰਿਆ। ਮੌਕੇ ਦੇ ਚਸ਼ਮਦੀਦਾਂ ਅਨੁਸਾਰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਤਾਇਨਾਤ ਸੁਰੱਖਿਆ ਅਮਲੇ ਨੇ ਵੀ ਘਸਮਾਨ ਨੂੰ ਰੋਕਣ ਲਈ ਕੋਈ ਤਰੱਦਦ ਨਹੀਂ ਕੀਤਾ ਅਤੇ ਮੀਤ ਪ੍ਰਧਾਨ ਅਤੇ ਕੌਂਸਲਰ ਦੀ ਮਾਰ-ਕੁੱਟ ਮਗਰੋਂ ਪ੍ਰਧਾਨ ਧੜਾ ਉਥੋਂ ਖਿਸਕ ਗਿਆ।
           ਅੱਜ ਨਗਰ ਕੌਂਸਲ ਮਾਨਸਾ ਦੀ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੇ ਖਿਲਾਫ਼ ਬੇਭਰੋਸਗੀ ਮਤੇ ਬਾਰੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਸੰਤੁਸ਼ਟ ਕੌਂਸਲਰਾਂ ਅਤੇ ਪ੍ਰਧਾਨ ਦੇ ਧੜਿਆਂ ਨੂੰ ਮਸਲੇ ਦੇ ਹੱਲ ਲਈ ਸੱਦਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਮਾਨਸਾ ਨਗਰ ਕੌਂਸਲ ਦੀ ਪ੍ਰਧਾਨਗੀ ਅਤੇ ਸੀਨੀਅਰ ਮੀਤ ਪ੍ਰਧਾਨਗੀ ਉੱਪਰ ਸੱਤਾ ਪੱਖ ਅਕਾਲੀ ਦਲ ਦਾ ਕਬਜ਼ਾ ਹੈ। ਬੀਤੀ ਅਪ੍ਰੈਲ ਨੂੰ 22 ਕੌਂਸਲਰਾਂ ਨੇ ਮੌਜੂਦਾ ਪ੍ਰਧਾਨ ਖਿਲਾਫ਼ ਨਗਰ ਕੌਂਸਲ ਮਾਨਸਾ ’ਚ ਕਥਿਤ ਬੇਨਿਯਮੀਆਂ ਦੇ ਦੋਸ਼ ਮੜ੍ਹਦਿਆਂ ਬੇਭਰੋਸਗੀ ਮਤਾ ਲਿਆਂਦਾ ਸੀ। 27 ਵਾਰਡਾਂ ਵਾਲੀ ਨਗਰ ਕੌਂਸਲ ਮਾਨਸਾ ’ਚ ਅਕਾਲੀ ਦਲ ਦੇ 15 ਕੌਂਸਲਰਾਂ ਵਿਚੋਂ ਲਗਪਗ 10 ਨੇ ਮੌਜੂਦਾ ਪ੍ਰਧਾਨ ਖਿਲਾਫ਼ ਝੰਡਾ ਬੁਲੰਦ ਕੀਤਾ ਹੋਇਆ ਹੈ। ਬਾਗੀ ਅਕਾਲੀ ਕੌਂਸਲਰ ਆਪਣੇ ਨਾਲ ਕੌਂਸਲਰਾਂ ਦੀ 22 ਹਮਾਇਤ ਦਾ ਦਾਅਵਾ ਕਰਦੇ ਹਨ।
          ਸੁਖਬੀਰ ਸਿੰਘ ਬਾਦਲ ਦੇ ਸੱਦੇ ’ਤੇ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਅਕਾਲੀ ਕੌਂਸਲਰ ਸਮੇਤ ਪਿੰਡ ਬਾਦਲ ਪੁੱਜੇ ਹੋਏ ਸਨ। ਬਾਅਦ ਦੁਪਿਹਰ ਕਰੀਬ 12 ਵਜੇ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ’ਤੇ ਆਧਾਰਤ ਦੋਵੇਂ ਧੜਿਆਂ ਨਾਲ ਸਾਂਝੀ ਮੀਟਿੰਗ ਕੀਤੀ। ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ ਨੇ ਦੱਸਿਆ ਕਿ ਉਨ੍ਹਾਂ ਮੌਜੂਦਾ ਪ੍ਰਧਾਨ ਦੇ ਸਮੇਂ ’ਚ ਹੱਡਾ ਰੋੜੀ ਦੇ ਟੈਂਡਰ ਦੇਣ ਅਤੇ ਰੱਦ ਕਰਨ ਤੋਂ ਲੈ ਕੇ ਬੱਸ ਸਟੈਂਡ ਦੀ ਦਾਖਲਾ ਪਰਚੀ ਦੇ ਠੇਕੇ ਸਮੇਤ ਸਮੁੱਚੀ ਵਿੱਥਿਆ ਉਪ ਮੁੱਖ ਮੰਤਰੀ ਦੇ ਸਨਮੁੱਖ ਬਿਆਨ ਕੀਤੀ। ਮੀਟਿੰਗ ’ਚ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵੀ ਮੌਜੂਦ ਸਨ। ਗੁਰਮੇਲ ਸਿੰਘ ਨੇ ਦੱਸਿਆ ਕਿ ਅੌਰਤਾਂ ਕੌਂਸਲਰਾਂ ਨੇ ਰਾਮਪੁਰਾ ਦੀ ਇੱਕ ਅੌਰਤ ਵੱਲੋਂ ਬੇਵਜ੍ਹਾ ਨਿੱਤ ਨਗਰ ਕੌਂਸਲ ਆ ਕੇ ਉਨ੍ਹਾਂ ਨਾਲ ਬੇਵਜ੍ਹਾ ਗੈਰਮਿਆਰੀ ਸ਼ਬਦਾਵਲੀ ਵਰਤਣ ਦੀ ਦਾਸਤਾਂ ਵੀ ਸੁਣਾਈ। ਉਪ ਮੁੱਖ ਮੰਤਰੀ ਨੇ ਕੌਂਸਲਰਾਂ ਨੇ ਪੜਤਾਲ ਕਰਵਾ ਕੇ 5 ਮਈ ਤੱਕ ਫੈਸਲਾ ਕਰਨ ਦਾ ਭਰੋਸਾ ਦਿਵਾਇਆ। ਸੂਤਰਾਂ ਅਨੁਸਾਰ ਦੋਵੇਂ ਧੜਿਆਂ ’ਚ ਸੁਖਬੀਰ ਬਾਦਲ ਸਾਹਮਣੇ ਭਖਵੀਂ ਬਹਿਸਬਾਜ਼ੀ ਵੀ ਹੋਈ। ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ ਨੇ ਦੱਸਿਆ ਕਿ ਜਦੋਂ ਉਹ ਸਾਰੇ ਜਣੇ ਉਪ ਮੁੱਖ ਮੰਤਰੀ ਨਾਲ ਮੀਟਿੰਗ ਉਪਰੰਤ ਕਮਰੇ ’ਚੋਂ ਬਾਹਰ ਨਿਕਲੇ ਤਾਂ ਲਾਬੀ ’ਚ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਤਲਖੀ ਨਾਲ ਉਸਨੂੰ (ਗੁਰਮੇਲ) ਨੂੰ ਕਿਹਾ ‘ਤੈਨੂੰ ਮੈਨੂੰ ਜ਼ਰੂਰ ਗਰਾਂਟਾਂ ਦੱਸੂਗਾਂ।’’ ਗੁਰਮੇਲ ਨੇ ਦੱਸਿਆ ਕਿ ਇੰਨੇ ’ਚ ਪ੍ਰਧਾਨ ਦੇ 5-6 ਸਾਥੀਆਂ ਨੇ ਉਸ ’ਤੇ ਹਮਲਾ ਕਰ ਕੇ ਜੱਫ਼ਾ ਪਾ ਲਿਆ ਅਤੇ ਪ੍ਰਧਾਨ ਬਲਵਿੰਦਰ ਸਿੰਘ ਨੇ ਉਸਦੀ ਪੱਗ ਲਾਹ ਕੇ ਜ਼ਮੀਨ ’ਤੇ ਸੁੱਟ ਦਿੱਤੀ ਅਤੇ ਉਸਨੂੰ ਠੁੱਡੇ ਮਾਰਨ ਲੱਗਿਆ। ਇੰਨੇ ’ਚ ਪ੍ਰਧਾਨ ਦੇ ਭਤੀਜੇ ਜਸਪਾਲ ਸਿੰਘ ਕਾਲਾ ਨੇ ਉਸਨੂੰ ਗਲੋਂ ਫੜ ਲਿਆ ਅਤੇ ਸਾਰਿਆਂ ਨੇ ਉਸਦੀ ਰੱਜਵੀਂ ਮਾਰ-ਕੁੱਟ ਕੀਤੀ। ਉਸ ਵੱਲੋਂ ਰੌਲਾ ਪਾਉਣ ’ਤੇ ਵਾਰਡ 21 ਦੇ ਕੌਂਸਲਰ ਮਨਦੀਪ ਸਿੰਘ ਗੋਰਾ ਉਸਨੂੰ ਬਚਾਇਆ ਲਈ ਮੂਹਰੇ ਆਇਆ ਤਾਂ ਵਿਅਕਤੀਆਂ ਨੇ ਉਸਦੇ ਕੜਾ ਮਾਰ ਕੇ ਜਖ਼ਮੀ ਕਰ ਦਿੱਤਾ ਅਤੇ ਮਾਰ-ਕੁੱਟ ਵੀ ਕੀਤੀ। ਗੁਰਮੇਲ ਸਿੰਘ ਅਨੁਸਾਰ ਉਸਨੇ ਤੁਰੰਤ ਕਮਰੇ ਅੰਦਰ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਲਵਿੰਦਰ ਸਿੰਘ ਵੱਲੋਂ ਲਾਹੀ ਪੱਗ ਅਤੇ ਕੀਤੀ ਮਾਰ- ਕੱੁੱਟ ਬਾਰੇ ਦੱਸਿਆ। ਜਿਸ ’ਤੇ ਉਨ੍ਹਾਂ ਡੀ.ਆਈ.ਜੀ. ਅਤੇ ਐਸ.ਐਸ.ਪੀ. ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ। ਜਖ਼ਮੀ ਕੌਂਸਲਰ ਮਨਦੀਪ ਸਿੰਘ ਗੋੋਰਾ ਨੇ ਸਰਕਾਰੀ ਸਿਹਤ ਕੇਂਦਰ ਲੰਬੀ ’ਚ ਇਲਾਜ ਲਈ ਲਿਜਾਇਆ ਗਿਆ। 
             ਨਗਰ ਕੌਂਸਲ ਮਾਨਸਾ ਦੇ ਕੌਂਸਲਰ ਮਨਦੀਪ ਸਿੰਘ ਗੋਰਾ, ਗੁਰਦੀਪ ਸਿੰਘ ਸੇਖੋਂ, ਰਮੇਸ਼ ਰਾਜੀ, ਬਖਸ਼ੀਸ਼ ਸਿੰਘ, ਮਹਿੰਦਰ ਕੌਰ ਢਿੱਲੋਂ ਅਤੇ ਜਗਰਾਜ ਸਿੰਘ ਦਰਾਕਾ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਨਗਰ ਕੌਂਸਲ ਮਾਨਸਾ ’ਚ ਹਨ੍ਹੇਰਗਰਦੀ ਮੱਚੀ ਹੋਈ ਹੈ ਅਤੇ ਉਸਨੂੰ ਨਿੱਜੀ ਜਗੀਰ ਵਾਂਗ ਚਲਾਇਆ ਜਾ ਰਿਹਾ ਹੈ। ਕੌਂਸਲਰਾਂ ਦੀ ਕਿਸੇ ਕੰਮ ’ਚ ਕੋਈ ਪੁੱਛ-ਪ੍ਰਤੀਤ ਨਹੀਂ। ਉਨ੍ਹਾਂ ਕਿਹਾ ਕਿ ਹੱਡਾ ਰੋੜੀ ਦਾ ਟੈਂਡਰ ਪਹਿਲਾਂ ਸਖ਼ਤ ਸ਼ਰਤਾਂ ਤਹਿਤ ਲਗਪਗ 70 ਹਜ਼ਾਰ ਰੁਪਏ ਮਹੀਨੇ ’ਚ ਦਿੱਤਾ ਗਿਆ ਪਰ ਸ਼ਰਤਾਂ ਪੂਰੀਆਂ ਨਾ ਹੋਣ ਕਰਕੇ ਰੱਦ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਹੱਡਾ ਰੋਡੀ ਦੀ ਕਮਾਈ ਨਿੱਜੀ ਹੱਥਾਂ ’ਚ ਜਾ ਰਹੀ ਹੈ। ਬਾਗੀ ਅਕਾਲੀ ਕੌਂਸਲਰਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ’ਚ ਕੌਂਸਲਰਾਂ ਨੂੰ ਮੀਟਿੰਗ ਲਈ ਸੱਦਿਆ ਗਿਆ ਸੀ ਪਰ ਪ੍ਰਧਾਨ ਬਲਵਿੰਦਰ ਸਿੰਘ ਆਪਣੇ ਨਾਲ ਵਿਉਂਤਬੰਦੀ ਤਹਿਤ ਲੜਨ ਲਈ ਆਪਣੇ ਪਿੰਡ ਮਾਖਾ ਚਹਿਲਾਂ ਸਮੇਤ ਹੋਰਨਾਂ ਪਿੰਡਾਂ ਤੋਂ ਬੰਦੇ ਲੈ ਕੇ ਆਇਆ ਸੀ। ਕੌਂਸਲਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਨਵੇਂ ਰਾਹ ਲਈ ਮਜ਼ਬੂਰ ਹੋ ਸਕਦੇ ਹਨ। 
             ਇਸ ਸਮੁੱਚੇ ਘਟਨਾਕ੍ਰਮ ਬਾਰੇ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨਾਲ ਮੋਬਾਇਲ ’ਤੇ ਬਹੁਤ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਕਾਲ ਰਸੀਵ ਨਹੀਂ ਕੀਤੀ। ਦੂਜੇ ਪਾਸੇ ਲੰਬੀ ਥਾਣੇ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਗੁਰਮੇਲ ਸਿੰਘ ਦੀ ਸ਼ਿਕਾਇਤ ਮਿਲੀ ਹੈ। ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। 
ਬਾਦਲਾਂ ਦੀ ਰਿਹਾਇਸ਼ ’ਤੇ ਵਾਪਰੀ ਘਰ ’ਚ ਘਟਨਾ ਨੇ ਜਾਹਰ ਕਰ ਦਿੱਤਾ ਹੈ ਕਿ 9 ਵਰ੍ਹਿਆਂ ਦਾ ਰਾਜਭਾਗ ਹੰਢਾ ਚੁੱਕੇ ਅਕਾਲੀ ’ਚ ਹੁਣ ਮੁੱਖ ਮੰਤਰੀ ਬਾਦਲ ਪਰਿਵਾਰ ਦੇ ਸਿਆਸੀ ਰੌਹਬਦਾਬ ਦੇ ਮਾਇਨੇ ਹੁਣ ਪਹਿਲਾਂ ਵਾਲੇ ਨਹੀਂ ਰਹੇ। ਆਮ ਜਨਤਾ ਇਸ ਘਟਨਾਕ੍ਰਮ ਨੂੰ ਆਮ ਆਦਮੀ ਪਾਰਟੀ ਦੇ ਵਧਦੇ ਰੁਝਾਨ ਵੀ ਜੋੜ ਕੇ ਵੇਖ ਰਹੀ ਹੈ ।                                                                                                                                  98148-26100 / 93178-26100

No comments:

Post a Comment