06 April 2016

ਮਾੜੀ ਹੋਈ ਸੁਖਬੀਰ ਬਾਦਲ ਨਾਲ

-  ਗੀਤ ਸੁਣਨ ਦੇ ਚਾਹਵਾਨਾਂ ਨੇ ਉਪ ਮੁੱਖ ਮੰਤਰੀ ਨੂੰ ਸੰਬੋਧਨ ਕਰਨੋਂ ਰੋਕਿਆ 
- ਢਾਈ ’ਚ ਖ਼ਤਮ ਕਰਨਾ ਪਿਆ ਭਾਸ਼ਨ

ਇਕਬਾਲ ਸਿੰਘ ਸ਼ਾਂਤ
ਲੰਬੀ : ਬਾਦਲਾਂ ਦੇ ਗੜ੍ਹ ਲੰਬੀ ’ਚ ਮਕਬੂਲ ਲੋਕ ਗਾਇਕ ਲਾਭ ਹੀਰਾ ਦੀ ਗਾਇਕੀ ਦੇ ਚਾਹਵਾਨਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਢਾਈ ਮਿੰਟ ਵੀ ਬੋਲਣ ਨਾ ਦਿੱਤਾ। ਲੰਬੀ ਹਲਕੇ ਦੇ ਇਤਿਹਾਸ ’ਚ ਪਹਿਲਾ ਮੌਕਾ ਸੀ ਜਦੋਂ ਮੁੱਖ ਮੰਤਰੀ ਬਾਦਲ ਪਰਿਵਾਰ ਦੇ ਪ੍ਰਮੁੱਖ ਮੈਂਬਰ ਨੂੰ ਸਟੇਜ ’ਤੇ ਅਜਿਹੇ ਦਾ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਦਰਅਸਲ ਕੱਲ੍ਹ ਦੇਰ ਸ਼ਾਮ ਲੰਬੀ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਮਾਜ ਭਲਾਈ ਸੰਸਥਾ ਵੱਲੋਂ 9ਵਾਂ ਸੱਭਿਆਚਾਰਕ ਮੇਲਾ
ਕਰਵਾਇਆ ਸੀ। ਜਿਸ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ। ਸੱਭਿਆਚਾਰਕ ਮੇਲਾ ਬੜੇ ਸੁਚੱਜੇ ਮਾਹੌਲ ਵਿੱਚ ਚੱਲ ਰਿਹਾ ਸੀ। ਲੋਕ ਗਾਇਕਾ ਅਨਮੋਲ ਗਗਨ ਮਾਨ ਦੀ ਪੇਸ਼ਕਾਰੀ ਉਪਰੰਤ ਪ੍ਰਬੰਧਕਾਂ ਨੇ ਸੱਭਿਆਚਾਰਕ ਪ੍ਰੋਗਰਾਮ ’ਤੇ ਬਰੇਕਾਂ ਲਗਾ ਕੇ ਉਪ ਮੁੱਖ ਮੰਤਰੀ ਨੂੰ ਛੇਤੀ ਫਾਰਗ ਕਰਨ ਦੇ ਲਿਹਾਜ਼ ਨਾਲ ਉਨ੍ਹਾਂ ਦਾ ਸੰਬੋਧਨ ਅਤੇ ਹੋਰਨਾਂ ਮਹਿਮਾਨਾਂ ਨੂੰ ਸਨਮਾਨਤ ਕਰਵਾਉਣ ਸ਼ੁਰੂ ਦਿੱਤੇ। ਜਦੋਂ ਸਟੇਜ ਤੋਂ ਸੁਖਬੀਰ ਸਿੰਘ ਬਾਦਲ ਨੇ ਤਕਰੀਰ ਵਿੱਢੀ ਤਾਂ ਉਸੇ ਦੌਰਾਨ ਗਾਇਕ ਲਾਭ ਹੀਰਾ ਵੀ ਗਾਇਕਾਂ ਵਾਲੀ ਸਟੇਜ ’ਤੇ ਪੁੱਜ ਗਿਆ। ਜਿਸ ’ਤੇ ਪਹਿਲਾਂ ਤੋਂ ਸੱਭਿਆਚਾਰਕ ਪ੍ਰੋਗਰਾਮ ’ਤੇ ਬਰੇਕਾਂ ਲੱਗਣ ਤੋਂ ਤ੍ਰਭਕੇ ਕਾਫ਼ੀ ਗਿਣਤੀ ਦਰਸ਼ਕ ਉੱਚੀ ਚੀਕਾਂ ਮਾਰ-ਮਾਰ ਕੇ ਸੁਖਬੀਰ ਨੂੰ ਆਖਣ ਲੱਗੇ ਕਿ ‘ਤੁਸੀਂ ਆਪਣਾ ਭਾਸ਼ਨ ਬੰਦ ਕਰ ਦਿਓ ਅਤੇ ਅਸੀਂ ਲਾਭ ਹੀਰਾ ਨੂੰ ਸੁਣਨ ਆਏ ਹਾਂ।’ ਅਚਨਚੇਤ ਪੈਦਾ ਹੋਏ ਅਣਕਿਆਸੇ ਹਾਲਾਤਾਂ ’ਚ ਸੁਖਬੀਰ ਸਿੰਘ ਬਾਦਲ ਨੇ ਮਾਹੌਲ ਦਾ ਰੁੱਖ ਬਦਲਣ ਲਈ ਆਖਿਆ ਕਿ ‘ਮੈਂ ਵੀ ਤੁਹਾਡੇ ਵਾਂਗ ਇੱਥੇ ਗਾਣੇ ਸੁਣਨ ਹੀ ਆਇਆ ਹਾਂ। ਲਗਪਗ ਢਾਈ ਮਿੰਟਾਂ ਦੇ ਭਾਸ਼ਨ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਟਿਕਾਉਣ ਦੇ ਲਹਿਜ਼ੇ ’ਚ ਕਿਹਾ ਕਿ ਛੇਤੀ ਪਿੰਡ ਬਾਦਲ ’ਚ ਮੇਲਾ ਕਰਵਾ ਸਾਰੇ ਗਾਇਕਾਂ ਨੂੰ ਬੁਲਾ ਕੇ ਤੁਹਾਨੂੰ ਖੁਸ਼ ਕਰ ਦਿਆਂਗੇ ਪਰ ਨੌਜਵਾਨਾਂ ਦੇ ਲਾਭ ਹੀਰਾ ਪ੍ਰਤੀ ਖਿੱਚ ਮੂਹਰੇ ਉਪ ਮੁੱਖ ਮੰਤਰੀ ਅਗਲੇ ਚਾਰ-ਮਹੀਨਿਆਂ ’ਚ 200 ਕਰੋੜ ਰੁਪਏ ’ਚ ਹਲਕੇ ਦੇ ਸਾਰੇ ਪਿੰਡਾਂ ਦਾ ਵਿਕਾਸ ਕਰਵਾ ਕੇ ਦੀ ਨਕਸ਼-ਨੁਹਾਰ ਬਦਲਣ ਦੀ ਗੱਲ ਆਖ ਕੇ ਆਪਣੇ ਸ਼ਬਦਾਂ ਨੂੰ ਵਿਰਾਮ ਦੇ ਗਏ। ਸੁਖਬੀਰ ਦੇ ਭਾਸ਼ਨ ਦੌਰਾਨ ਅਵਤਾਰ ਸਿੰਘ
ਵਣਵਾਲਾ ਅਤੇ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਨੌਜਵਾਨਾਂ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ। ਮੇਲੇ ’ਚ ਲਾਭ ਹੀਰਾ ਸਮੇਤ ਹੋਰਨਾਂ ਗਾਇਕਾਂ ਨੂੰ ਸੁਣਨ ਲਈ ਸੰਗਰੂਰ ਤੋਂ ਟਰੱਕ ਭਰ ਕੇ ਲੋਕ ਆਏ ਸਨ। ਸਮਾਗਮ ’ਚ ਸੁਖਬੀਰ ਨਾਲ ਸਟੇਜ ’ਤੇ ਚੜ੍ਹਨ ਦੀ ਸੂਚੀ ’ਚ ਸੂਚੀ ਨਾ ਸ਼ਾਮਲ ਹੋਣ ਕਰਕੇ ਸਾਬਕਾ ਅਕਾਲੀ ਸਰਪੰਚ ਦੀ ਸੁਖਬੀਰ ਦੇ ਸੁਰੱਖਿਆ ਅਮਲੇ ਨਾਲ ਕਾਫ਼ੀ ਦੇਰ ਤੱਕ ਕਸ਼ਮਕਸ਼ ਚੱਲੀ। ਜਿਸਨੂੰ ਮੇਲੇ ’ਚ ਮੌਜੂਦ ਸਮੁੱਚੀ ਭੀੜ ਨੇ ਅੱਖੀ ਵਾਚਿਆ।  ਇਸ ਨੌਵੇਂ ਸਭਿਆਚਾਰਕ ਮੇਲੇ ਵਿਚ ਸਭ ਤੋਂ ਪਹਿਲਾਂ ਡਾ. ਕੁਲਦੀਪ ਸਿੰਘ ਦੀਪ ਦਾ ਲਿਖਿਆ ਤੇ ਨਿਰਦੇਸ਼ਤ ਨਾਟਕ ‘ਗਿਰਝਾਂ’ ਸ਼ਹੀਦ ਭਗਤ ਸਿੰਘ ਕਲਾ ਕੇਂਦਰ ਬੋਹਾ ਵੱਲੋਂ ਪੇਸ਼ ਕੀਤਾ ਗਿਆ, ਜੋ ਵੱਖ-ਵੱਖ ਸਮਾਜਿਕ ਬੁਰਾਈਆਂ ਪ੍ਰਤੀ ਲੋਕਾਂ ਨੂੰ ਚੇਤਨ ਕਰਦਾ ਹੈ। ਨਾਟਕ ਤੋਂ ਬਾਅਦ ਸਿਕੰਦਰ ਸਲੀਮ, ਅਨਮੋਲ ਗਗਨ ਮਾਨ ਅਤੇ ਲਾਭ ਹੀਰਾ ਨੇ ਆਪਣੀ ਗਾਇਕੀ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਮੇਲੇ ਦੇ ਮੁੱਖ ਪ੍ਰਬੰਧਕ ਅਤੇ ਮਾਲਵਾ ਸਾਹਿਤ ਸਭਿਆਚਾਰ ਸੋਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਡਾ. ਗੁਰਸੇਵਕ ਸਿੰਘ ਲੰਬੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸੁਸਾਇਟੀ ਦੀ ਸਲਾਨਾ ਰਿਪੋਰਟ ਪੇਸ਼ ਕੀਤੀ। - 98148-26100
 

No comments:

Post a Comment