13 January 2017

1.39 ਅਰਬ ਦੇ ਵਾਰਸ ਕੋਲ ਸਿਰਫ਼ 37 ਹਜ਼ਾਰ ਦੀ ਜਾਇਦਾਦ

- ਪਿਊ ਨਾਲੋਂ ਸਾਢੇ ਛੇ ਗੁਣਾ ਤੇ ਪਤਨੀ ਹਰਸਿਮਰਤ ਤੋਂ ਸਾਢੇ ਤਿੰਨ ਗੁਣਾ ਅਮੀਰ ਸੁਖਬੀਰ
- ਪੋਤੇ ਅਨੰਤਵੀਰ ਨਾਲੋਂ ਦਾਦਾ ਬਾਦਲ ਅਮੀਰ, ਜੇਬ ’ਚ ਸਾਢੇ 52 ਹਜ਼ਾਰ ਰੁਪਏ
- ਨੰਨ੍ਹੀ ਛਾਂ ਦੀ ਧੀ ਗੁਰਲੀਨ ਕੌਰ ਕੋਲ ਨਹੀਂ ਚੱਲ-ਅਚੱਲ ਜਾਇਦਾਦ  

                                               ਇਕਬਾਲ ਸਿੰਘ ਸ਼ਾਂਤ
ਲੰਬੀ: ਪੰਜਾਬ ਦੇ ਰਾਜਭਾਗ ’ਤੇ 10 ਸਾਲਾਂ ਤੋਂ ਕਾਬਜ਼ ਮੁੱਖ ਮੰਤਰੀ ਬਾਦਲ ਪਰਿਵਾਰ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਸਭ ਤੋਂ ਅਮੀਰ ਹਨ। ਉਨ੍ਹਾਂ ਕੋਲ ਆਪਣੇ ਪਿਤਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲੋਂ ਸਾਢੇ ਛੇ ਗੁਣਾ ਅਤੇ ਪਤਨੀ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨਾਲੋਂ ਸਵਾ ਤਿੰਨ ਗੁਣਾ ਵੱਧ ਚੱਲ-ਅਚੱਲ ਜਾਇਦਾਦ ਹੈ। ਹੈਰਾਨੀ ਭਰਿਆ ਤੱਥ ਹੈ ਕਿ
ਲਗਪਗ 1 ਅਰਬ 39 ਕਰੋੜ ਰੁਪਏ ਦੀ ਜਾਇਦਾਦ ਵਾਲੇ ਦੇਸ਼ ਦੇ ਅਮੀਰ ਰਾਜਸੀ ਪਰਿਵਾਰਾਂ ’ਚ ਸ਼ੁਮਾਰ ਬਾਦਲ ਪਰਿਵਾਰ ਦਾ ਨੌਨਿਹਾਲ ਅਨੰਤਵੀਰ ਸਿੰਘ ਸਿਰਫ਼ 37 ਹਜ਼ਾਰ 372 ਰੁਪਏ ਦੀ ਚੱਲ ਜਾਇਦਾਦ ਦਾ ਮਾਲਕ ਹੈ। ਜਦੋਂਕਿ ਧੀਆਂ ਦੇ ਹੱਕਾਂ ਦੀ ਮੁਦਈ ‘ਨੰਨ੍ਹੀ ਛਾਂ’ ਹਰਸਿਮਰਤ ਕੌਰ ਦੀ ਸਪੁੱਤਰੀ ਗੁਰਲੀਨ ਕੌਰ ਦੇ ਕੋਲ ਚੱਲ-ਅਚੱਲ ਜਾਇਦਾਦ ਵਜੋਂ ਕੁਝ ਨਹੀਂ ਹੈ। 
           ਇਹ ਖੁਲਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਵੱਲੋਂ ਲੰਬੀ ਹਲਕੇ ਤੋਂ ਦਾਖਲ ਕੀਤੇ ਨਾਮਜ਼ਦਗੀ ਕਾਗਜ਼ਾਂ ’ਚ ਜਾਇਦਾਦ ਦੇ ਵੇਰਵਿਆਂ ਤੋਂ ਹੋਏ ਹਨ। ਜਿਨ੍ਹਾਂ ਮੁਤਾਬਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 14 ਕਰੋੜ 67 ਲੱਖ 19 ਹਜ਼ਾਰ 536 ਰੁਪਏ ਦੀ ਚੱਲ-ਅਚਲ ਜਇਦਾਦ ਦੇ ਮਾਲਕ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ 95 ਕਰੋੜ 84 ਲੱਖ 49 ਹਜ਼ਾਰ 113 ਰੁਪਏ ਦੀ ਚੱਲ-ਅਚੱਲ ਦੀ ਜਾਇਦਾਦ ਹੈ। ਜਿਸ ਵਿਚੋਂ ਉਨ੍ਹਾਂ ਦੀ ਚੱਲ ਜਾਇਦਾਦ 19 ਕਰੋੜ 25 ਲੱਖ 98 ਹਜ਼ਾਰ 875 ਰੁਪਏ ਹੈ। ਜਦੋਂ ਕਿ ਉਨ੍ਹਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਚੱਲ-ਅਚੱਲ ਜਾਇਦਾਦ 29 ਕਰੋੜ 68 ਲੱਖ 9 ਹਜ਼ਾਰ 457 ਰੁਪਏ ਦੀ ਹੈ।
       ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ਾਈ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਬਾਦਲ ਸਿਰ ਕੋਈ ਕਰਜ਼ਾ ਨਹੀਂ ਹੈ। ਸਗੋਂ ਉਨ੍ਹਾਂ 3.42 ਲੱਖ ਰੁਪਏ ਕਰਜ਼ਾ ਅਗਾਂਹ ਦਿੱਤਾ ਹੋਇਆ ਹੈ। ਜਦੋਂ ਕਿ ਉਨ੍ਹਾਂ ਦੇ ਐਮ.ਬੀ.ਏ. ਸਪੁੱਤਰ ਸੁਖਬੀਰ ਸਿੰਘ ਬਾਦਲ ਦੇ ਸਿਰ ਲਗਭਗ 39.70 ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਹਰਸਿਮਰਤ ਦੇ ਸਿਰ 5 ਲੱਖ ਰੁਪਏ ਦੀ ਬੈਂਕਾਂ ਵਗੈਰਾ ਦੀ ਦੇਣਦਾਰੀ ਹੈ। ਇਸਦੇ ਸੁਖਬੀਰ ਸਿੰਘ ਬਾਦਲ ਦੇ ਸਿਰ 11,35,479 ਦੀ ਸਰਕਾਰੀ ਦੇਣਦਾਰੀਆਂ ਵੀ ਹਨ। 
         ਉਮਰ ਦੇ ਲਿਹਾਜ਼ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਕੋਲ ਨਗਦ ਰਕਮ ਘੱਟ ਰੱਖਣ ਲੱਗੇ ਹਨ। ਮੌਜੂਦਾ ਸਮੇਂ ’ਚ ਸਾਢੇ 52 ਹਜ਼ਾਰ ਰੁਪਏ ਹਨ ਜਦੋਂ ਕਿ ਪੰਜ ਸਾਲ ਪਹਿਲਾਂ ਉਨ੍ਹਾਂ ਕੋਲ ਸਾਢੇ 4 ਲੱਖ ਰੁਪਏ ਨਗਦ ਸਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕੋਲ 25 ਹਜ਼ਾਰ ਰੁਪਏ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਦੇ ਬਟੂਏ ’ਚ ਸਿਰਫ਼ 5 ਹਜ਼ਾਰ ਰੁਪਏ ਨਗਦ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਕੈਸ਼ਲੈਸ ਜੀਵਨ ਨੂੰ ਤਰਜੀਹ ਦੇ ਰਹੇ ਹਨ। ਜਦੋਂ ਕਿ ਬੈਂਕਾਂ ’ਚ ਜਮ੍ਹਾ ਰਕਮ ਪੱਖੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਅਤੇ ਪਤਨੀ ਤੋਂ ਕਈ ਗੁਣਾ ਅਮੀਰ ਹਨ। ਸੁਖਬੀਰ ਦੇ ਬੈਂਕ ’ਚ ਲਗਪਗ 65.27 ਲੱਖ ਰੁਪਏ ਜਮ੍ਹਾ ਹਨ। ਪਿਛਲੇ ਵਿਧਾਨਸਭਾ ਚੋਣਾਂ ਸਮੇਂ ਦੇ ਮੁਕਾਬਲੇ ਵੱਡੇ ਬਾਦਲ ਦੇ ਬੈਂਕ ਖਾਤਿਆਂ ਦਾ ਵਜ਼ਨ ਵਧ ਕੇ 34 ਲੱਖ ਰੁਪਏ ਹੋ ਗਿਆ ਹੈ ਜੋ ਪਹਿਲਾਂ ਸਿਰਫ਼ 7.17 ਲੱਖ ਰੁਪਏ ਸੀ। ਹਰਸਿਮਰਤ ਕੌਰ ਦੇ 12.66 ਲੱਖ ਰੁਪਏ ਬੈਂਕ ਖਾਤਿਆਂ ’ਚ ਜਮ੍ਹਾ ਹਨ।
         ਪਿਛਲੇ 10 ਸਾਲਾਂ ’ਚ ਪੰਜਾਬ ਸਰਕਾਰ ਦੇ ਖਾਤਿਓਂ ਹਵਾਈ ਅਤੇ ਸੜਕੀ ਆਵਾਜਾਈ ’ਤੇ ਸੈਂਕੜੇ ਕਰੋੜ ਰੁਪਏ ਦੇ ਝੂਟੇ ਲੈ ਚੁੱਕੇ ਬਾਦਲ ਸਿਰਫ਼ ਖੇਤੀਬਾੜੀ ਦੇ ਕੰਮਕਾਜ਼ ਲਈ ਟੈਫ਼ੇ ਟਰੈਕਟਰ ਅਤੇ ਸੁਖਬੀਰ ਬਾਦਲ ਕੋਲ ਸਾਢੇ 5ਲੱਖ ਰੁਪਏ ਦੀ ਕੀਮਤ ਨਿਊ ਹਾਲੈਂਡ ਅਤੇ ਮੈਸੀ ਟਰੈਕਟਰ ਹੈ। ਜਦੋਂ ਕਿ ਹਰਸਿਮਰਤ ਕੌਰ ਬਾਦਲ ਕੋਲ ਵਹੀਕਲ ਦੇ ਨਾਂਅ ’ਤੇ ਸਵਾਰੀ ਨਹੀਂ ਹੈ।  ਪਾਰਲੀਮੈਂਟ ’ਚ ਅਮੀਰ ਅੌਰਤ ਸੰਸਦ ਮੈਂਬਰ ਵਿੱਚ ਸ਼ੁਮਾਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ 6 ਕਰੋੜ 2 ਲੱਖ 40 ਹਜ਼ਾਰ 8 ਸੌ ਰੁਪਏ ਦੇ ਸੋਨੇ-ਚਾਂਦੀ ਅਤੇ ਹੀਰੇ ਜਵਾਹਰਤ ਦੇ ਗਹਿਣੇ ਹਨ। ਜਦੋਂ ਕਿ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਕੋਲ 9 ਲੱਖ ਰੁਪਏ ਦਾ ਸੋਨਾ-ਚਾਂਦੀ ਹੈ। ਦੂਜੇ ਪਾਸੇ ਹੱਥ ਵਿੱਚ ਨਗ ਵਾਲੀ ਚਾਂਦੀ ਅੰਗੂਠੀ ਪਹਿਨੇ ਰੱਖਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸੋਨੇ-ਚਾਂਦੀ ਪ੍ਰਤੀ ਮੋਹ ਰੱਖਦੇ ਹਨ ਉਨ੍ਹਾਂ ਕੋਲ 3.42 ਲੱਖ ਰੁਪਏ ਦਾ ਸੋਨਾ ਚਾਂਦੀ ਹੈ।
            ਸੁਖਬੀਰ ਅਤੇ ਹਰਸਿਮਰਤ ਕੋਲ ਕ੍ਰਮਵਾਰ ਲਗਪਗ 14.29 ਲੱਖ ਅਤੇ 12.87 ਲੱਖ ਰੁਪਏ ਸ਼ੇਅਰ ਬਾਂਡਸ ਅਤੇ ਮੂਚੂਅਲ ਫੰਡ ਹਨ। ਜਦੋਂ ਕਿ ਮੁੱਖ ਮੰਤਰੀ ਸ਼ੇਅਰਾਂ ਤੋਂ ਮੂਚੂਅਲ ਫੰਡਾਂ ਦੀ ਖੇਡ ਦੀ ਦੂਰ ਹੀ ਹਨ। ਜਾਇਦਾਦ ਅਸਾਸਿਆਂ ਦੀ ਸੂਚੀ ਅਨੁਸਾਰ ਪੰਜ ਵਾਰ ਮੁੱਖ ਮੰਤਰੀ ਦਾ ਸੁੱਖ ਭੋਗ ਕੇ ਮਿਸਾਲ ਕਾਇਮ ਕਰ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਪਿੰਡ ਬਾਦਲ ’ਚ 2 ਕਰੋੜ ਰੁਪਏ ਦੀ 240 ਕਨਾਲ ਵਾਹੀਯੋਗ ਜ਼ਮੀਨ, ਚੱਕ-14 (ਸਾਦੁਲਸ਼ਹਿਰ) 1.891 ਹੈਕਟੇਅਰ ਜ਼ਮੀਨ, ਹਰਿਆਣਾ ਦੇ ਬਾਲਾਸਰ ’ਚ 266 ਕਨਾਲ 16 ਮਰਲੇ ਤੋਂ ਇਲਾਵਾ ਰਾਣੀਆਂ (ਸਿਰਸਾ) ਵਿਖੇ 26 ਕਨਾਲ 17 ਮਰਲੇ ਜ਼ਮੀਨ ਹੈ। ਵਾਹੀਯਸੋਗ ਸਮੁੱਚੀ ਜ਼ਮੀਨ ਦੀ ਕੀਮਤ ਸਾਢੇ 8 ਕਰੋੜ ਰੁਪਏ ਬਣਦੀ ਹੈ। ਇਸਦੇ ਗੈਰਵਾਹੀਯੋਗ ਜਾਇਦਾਦ ਪੱਖੋਂ ਮੁੱਖ ਮੰਤਰੀ ਬਾਦਲ ਕੋਲ ਮੰਡੀ ਕਿੱਲਿਆਂਵਾਲੀ ਵਿਖੇ 32 ਸੌ ਵਰਗ ਫੁੱਟ ਦਾ ਬਿਲਡਿੰਗ ਹੈ ਜਿਸਦੀ ਕੀਮਤ 27.82 ਹਜ਼ਾਰ ਰੁਪਏ ਹੈ। ਇਸਦੇ ਇਲਾਵਾ ਹਰਸਿਮਰਤ ਕੌਰ ਬਾਦਲ ਕੋਲ ਪਿੰਡ ਬਾਲਾਸਰ ’ਚ 5.59 ਲੱਖ ਰੁਪਏ ਦੀ 255 ਕਨਾਲ 12 ਮਰਲਾ
ਵਾਹੀਯੋਗ ਹੈ। ਜਦੋਂ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਪਿੰਡ ਬਾਦਲ ’ਚ 63 ਕਨਾਲ 5 ਮਰਲੇ ਜ਼ਮੀਨ ਹੈ। ਇਸੇ ਤਰ੍ਹਾਂ ਚੱਕ-14 (ਸਾਦੁਲਸ਼ਹਿਰ) ’ਚ 9.845 ਹੈਕਟੇਅਰ ਜ਼ਮੀਨ ਹੈ। ਜਦੋਂਕਿ ਰਾਣੀਆ ਸਿਰਸਾ ’ਚ 29 ਕਨਾਲ 11 ਮਰਲਾ ਜ਼ਮੀਨ, ਪਿੰਡ ਬਾਦਲ ’ਚ 63 ਕਨਾਲ 9 ਮਰਲੇ ਵਾਹੀਯੋਗ ਜ਼ਮੀਨ ਹੈ। ਜਦੋਂਕਿ ਗੈਰ ਵਾਹੀਯੋਗ ਰਕਬੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਰੁਪਾਣਾ ’ਚ ਲਗਪਗ20 ਲੱਖ ਰੁਪਏ ਦੀ 9 ਕਨਾਲ 10 ਜ਼ਮੀਨ ਹੈ। ਕਮਰਸ਼ੀਅਲ ਬਿਲਡਿੰਗ ਵਜੋਂ ਪਿੰਡ ਬਾਦਲ ’ਚ 24 ਵਰਗ ਫੁੱਟ ਦੀ ਪੰਜਾਬ ਐਂਡ ਸਿੰੰਧ ਬੈਂਕ ਨੂੰ ਕਿਰਾਏ ਦਿੱਤੀ ਹੋਈ ਇਮਾਰਤ ਹੈ। ਜਿਸਦੇ ਉੱਪਰ ਅਕਾਲੀ ਦਲ ਦਾ ਹਲਕਾ ਦਫ਼ਤਰ ਵੀ ਸਥਿਤ ਹੈ। ਪਿੰਡ ਬਾਦਲ ’ਚ ਇੱਕ ਪਟਰੋਲ ਪੰਪ, ਚੰਡੀਗੜ੍ਹ ਸੈਕਟਰ 9 ’ਚ ਐਸ.ਸੀ.ਓ. 54-55 ’ਚ 20 ਫ਼ੀਸਦੀ ਹਿੱਸਾ ਹੈ। ਲੁਧਿਆਣਾ ’ਚ ਮਿਨਰਵਾ ਕੰਪਲੈਕਸ ’ਚ 300 ਵਰਗ ਫੁੱਟ ਦੀ ਦੁਕਾਨ ਹੈ। ਇਸਦੇ ਇਲਾਵਾ ਕਰੀਬ 2.63 ਕੀਮਤ ਵਾਲਾ ਜਲੰਧਰ ਦੇ 135-185 ਰਣਜੀਤ ਨਗਰ ’ਚ 30 ਮਰਲੇ ਦਾ ਕਰਮਸ਼ੀਅਲ ਪਲਾਟ ਵਗੈਰਾ ਹੈ। ਲੁਧਿਆਣੇ ਦੇ ਸ਼ੇਰਪੁਰ ਕਲਾਂ ’ਚ 422.84 ਸਕੂਐਰ ਵਰਗ ਯਾਰਡ ਹੈ। ਜਿਨ੍ਹਾਂ ਦਾ ਕੁੱਲ ਕੀਮਤ 9.37 ਕਰੋੜ ਰੁਪਏ ਬਣਦੀ ਹੈ। ਰਿਹਾਇਸ਼ੀ ਜਾਇਦਾਦ ਵਜੋਂ ਚੰਡੀਗੜ੍ਹ ਸੈਕਟਰ 9-ਸੀ ’ਚ ਕੋਠੀ ਨੰਬਰ 256 460 ਕਰੋੜ ਰੁਪਏ ਦੀ ਮਾਲਕੀ ਵੀ ਸੁਖਬੀਰ ਕੋਲ ਹੈ।

                                    ਕਾਗਜ਼ਾਂ ’ਚ ਹਰਕੀਰਤ ਦਾ ਜ਼ਿਕਰ ਨਹੀਂ
ਕੇਂਦਰੀ ਮੰਤਰੀ ਹਰਸਿਮਰਤ ਕੌਰ ਵੱਲੋਂ ਦਾਖਲ ਨਾਮਜ਼ਦਗੀ ਕਾਗਜ਼ਾਂ ’ਚ ਆਪਣੀ ਧੀ ਹਰਕੀਰਤ ਕੌਰ ਬਾਦਲ ਦਾ ਕਿਧਰੇ ਵੀ ਜ਼ਿਕਰ ਨਹੀਂ ਕੀਤਾ ਗਿਆ। ਜਦੋਂ ਕਿ ਸਪੁੱਤਰ ਅਨੰਤਬੀਰ ਅਤੇ ਧੀ ਗੁਰਲੀਨ ਕੌਰ ਦਾ ਬਕਾਇਦਾ ਜ਼ਿਕਰ ਹੈ। ਇਹ ਗੱਲ ਦਿਨ ਭਰ ਚਰਚਾ ਦਾ ਵਿਸ਼ਾ ਰਹੀ। ਇਸ ਬਾਰੇ ਬੀਬੀ ਬਾਦਲ ਦੇ ਪੀ.ਏ. ਅਨਮੋਲ ਪ੍ਰੀਤ ਸਿੰਘ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੀ ਅਗਿਆਨਤਾ ਜਾਹਰ ਕੀਤੀ। ਇੱਕ ਅਕਾਲੀ ਆਗੂ ਨੇ ਆਖਿਆ ਕਿ ਸ਼ਾਇਦ ਵੱਡੀ ਬੇਟੀ ਦਾ ਨਾਂਅ ਬਾਲਗ ਹੋਣ ਕਰਕੇ ਨਾਂਅ ਸ਼ਾਮਲ ਨਹੀਂ ਕੀਤਾ ਹੋਣਾ।  98148-26100 / 93178-26100

No comments:

Post a Comment