23 January 2017

ਹਲਕਾ ਲੰਬੀ : ਦੋ ਮੁੱਖ ਮੰਤਰੀਆਂ ਦਾ ਵਕਾਰ, ਫੈਸਲਾ ਜਰਨੈਲ ਦੀਆਂ ਵੋਟਾਂ ’ਤੇ

*   ਚੋਣ ਮੁਹਾਜ਼ ਲੋਕ ਮੁੱਦਿਆਂ ਨਾਲੋਂ ਵੱਧ ਅਕਾਲੀ ਇੰਚਾਰਜ਼ ਆਗੂਆਂ ਦੀਆਂ ਆਪਹੁਦਰੀਆਂ ’ਤੇ ਕੇਂਦਰਿਤ
*   ਅਮਰਿੰਦਰ ਅਤੇ ਜਰਨੈਲ ਦੀ ਆਮਦ ਨਾਲ ਵੋਟਰਾਂ ਨੂੰ ਵਿਖਣ ਲੱਗਿਆ ਨਵਾਂ ‘ਆਪਸ਼ਨ’
*    ਕੈਪਟਨ ਦੀ ਆਮਦ ਨੇ ਕਾਂਗਰਸੀ ਆਗੂਆਂ ਵਿੱਚ ਭਰਿਆ ਨਵਾਂ ਜੋਸ਼
*    ਦਲਿਤ ਤੇ ਗ਼ਰੀਬ ਵਰਗ ਤੋਂ ‘ਆਪ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ


                                                              ਇਕਬਾਲ ਸਿੰਘ ਸ਼ਾਂਤ
      ਲੰਬੀ : ਰਵਾਇਤੀ ਵਿਰੋਧੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਹਮੋ-ਸਾਹਮਣੇ ਚੋਣ ਲੜਨ ਕਰਕੇ ਲੰਬੀ ਹਲਕੇ ਦੀ ਚੋਣ ਬੇਹੱਦ ਦਿਲਚਸਪ ਬਣ ਗਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਦੀ ਮੌਜੂਦਗੀ ਤਿਕੋਣੇ ਮੁਕਾਬਲੇ ਨੂੰ ‘ਤਿੱਖਾ ਤੜਕਾ’ ਲੱਗਾ ਰਹੀ ਹੈ। ਮਾਝਾ ਅਤੇ ਮਾਲਵਾ ਬੈਲਟ ਦੇ ਵੋਟਰਾਂ ’ਤੇ ਆਧਾਰਤ ਲੰਬੀ ਹਲਕੇ ’ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਕਬਜ਼ਾ ਪਿਛਲੀਆਂ ਚਾਰ ਵਿਧਾਨਸਭਾ ਚੋਣਾਂ ਤੋਂ
ਲਗਾਤਾਰ ਚੱਲਿਆ ਆ ਰਿਹਾ ਹੈ। ਉਹ ਹਰ ਵਾਰ ਫਸਵੇਂ ਮੁਕਾਬਲੇ ਵਿੱਚ ਆਖ਼ਰ ’ਤੇ ਹਰ ਵਾਰ ਵਧਵੇਂ ਫ਼ਰਕ ਨਾਲ ਜਿੱਤਦੇ ਆਏ ਹਨ। 2002 ਤੋਂ ਉਨ੍ਹਾਂ ਦੇ ਚਚੇਰੇ ਭਰਾ ਮਹੇਸ਼ਇੰਦਰ ਸਿੰਘ ਆਜ਼ਾਦ ਅਤੇ 2007 ਅਤੇ 2012 ’ਚ ਕਾਂਗਰਸ ਵੱਲੋਂ ਲਗਾਤਾਰ ਤਕੜੀ ਟੱਕਰ ਦਿੱਤੀ। 2012 ਵਿੱਚ ਲੰਬੀ ਹਲਕੇ ’ਚ ਤਿੰਨ ਬਾਦਲਾਂ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ (ਆਜ਼ਾਦ) ਅਤੇ ਮਹੇਸ਼ਇੰਦਰ ਸਿੰਘ ਬਾਦਲ (ਕਾਂਗਰਸ) ਨਾਲ ਗਹਿਗੱਚ ਅਤੇ ਰੌਚਿਕ ਮੁਕਾਬਲ ਹੋਇਆ ਸੀ। ਜਿਸ ਵਿੱਚ ਵੱਡੇ ਬਾਦਲ ਨੇ 24739 ਵੋਟਾਂ ਨਾਲ ਜਿੱਤ ਦਰਜ ਕੀਤੀ ਸੀ। ਮਹੇਸ਼ਇੰਦਰ ਸਿੰਘ ਬਾਦਲ ਨੂੰ 43260 ਵੋਟਾਂ ਮਿਲੀਆਂ ਅਤੇ ਗੁਰਦਾਸ ਬਾਦਲ ਸਿਰਫ਼ 5352 ਵੋਟਾਂ ਨਾਲ ਜਮਾਨਤ ਵੀ ਗੁਆ ਬੈਠੇ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਹਰ ਚੋਣ ਵਿੱੱਚ ਜਿੱਤ ਦਾ ਫ਼ਰਕ ਵਧਾਇਆ ਹੈ ਪਰ 2007 ’ਚ ਮਹੇਸ਼ਇੰਦਰ ਸਿੰਘ ਜਿੱਤ-ਹਾਰ ਦਾ ਫ਼ਰਕ ਘਟਾ ਕੇ 9187 ਵੋਟਾਂ ਤੱਕ ਲੈ ਗਏ ਸਨ। 71 ਪਿੰਡਾਂ ਅਤੇ 83 ਗਰਾਮ ਪੰਚਾਇਤਾਂ ’ਤੇ ਆਧਾਰਤ ਹਲਕੇ ’ਚ ਲੰਬੀ ਹਲਕੇ ਵਿੱਚ ਕੁੱਲ੍ਹ 155556 ਵੋਟਰ ਹਨ। ਜਿਨ੍ਹਾਂ ਪੁਰਸ਼  ਵੋਟਰ 81652 ਅਤੇ 73904 ਅੌਰਤ ਵੋਟਰ ਹਨ।
        ਇਸ ਵਾਰ ਲੰਬੀ ਦੀ ਸਿਆਸੀ ਜੰਗ ’ਚ ਨਵਾਂ ਮੁਕਾਬਲਾ ਅਤੇ ਨਵਾਂ ਮਾਹੌਲ ਹੋਣ ਕਰਕੇ ਹਾਲਾਤ ਕਾਫ਼ੀ ਜੁਦਾ ਬਣੇ ਹੋਏ ਹਨ। ਸਿਰਫ਼ ਮੁੱਖ ਮੰਤਰੀ ਚੁਣਨ ਲਈ ਵੋਟ ਪਾਉਣ ਦੇ ਆਦੀ ਲੰਬੀ ਦੇ ਵੀ.ਆਈ.ਪੀ. ਵੋਟਰ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਅਤੇ ਜਰਨੈਲ ਸਿੰਘ ਨੂੰ ਨਵੇਂ ਵਿਕਲਪ (ਬਦਲ) ਵਜੋਂ ਲੈ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਲਕੇ ਅੰਦਰ ਸਿਆਸੀ ਕੰਮਕਾਜ ਸੁਚੱਜਾ ਚਲਾਉਣ ਲਈ ਕਈ-ਕਈ ਪਿੰਡ ’ਤੇ ਆਧਾਰਤ ਇੰਚਾਰਜ਼ ਆਗੂ ਲਗਾਏ ਸਨ। ਹੁਣ ਇਹ ਵਿਉਂਤਬੰਦੀ ਅਕਾਲੀ ਦਲ ਦੀਆਂ ਜੜ੍ਹਾਂ ’ਚ ਬੈਠਣ ਲੱਗੀ ਹੈ। ਹਲਕੇ ਦੀ ਜਨਤਾ ਅਕਾਲੀ ਇੰਚਾਰਜ਼ਾਂ ਤੇ ਜਥੇਦਾਰਾਂ ਦੀਆਂ ਧੱਕੇਸ਼ਾਹੀਆਂ, ਗਰਾਂਟਾਂ/ਸਕੀਮਾਂ ’ਚ ਕਥਿਤ ਘਪਲੇਬਾਜ਼ੀ, ਬਾਂਦਰ-ਵੰਡ ਅਤੇ ਸਿਸਟਮ ’ਤੇ ਅਜਾਰੇਦਾਰੀ ਤੋਂ ਬਹੁਤ ਅੌਖੀ ਹੋ ਚੁੱਕੀ ਹੈ। ਅਕਾਲੀ ਇੰਚਾਰਜਾਂ ਜਰੀਏ ਪੈਦਾ ਧੜੇਬੰਦੀਆਂ ਅਤੇ ਆਪਹੁਦਰੀਆਂ ਖਿਲਾਫ਼ ਲੋਕ ਰੋਹ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਦੇ ਚੋਣ ਜਲਸਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਬਹੁਤ ਸਾਰੇ ਨਿਰਾਸ਼ ਟਕਸਾਲੀ ਅਕਾਲੀ ਘਰ ਬੈਠ ਗਏ ਜਾਂ ਦੂਜੀਆਂ ਪਾਰਟੀਆ ਦਾ ਪੱਲਾ ਫੜ ਰਹੇ ਹਨ। 
ਹਾਲਾਂਕਿ ਆਮ ਜਨਤਾ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਨਹੀਂ, ਪਰ ਅਕਾਲੀ ਇੰਚਾਰਜ਼ਾਂ ਦੀਆਂ ਮੰਦੀਆਂ ਕਾਰਗੁਜਾਰੀਆਂ ਬਾਰੇ ਉਨ੍ਹਾਂ ਦੀ ਚੁੱਪੀ ਬਾਰੇ ਅਕਾਲੀ ਵੋਟਰਾਂ ਵਿੱਚ ਵੱਡੀ ਨਾਰਾਜਗੀ ਵੇਖਣ ਨੂੰ ਮਿਲ ਰਹੀ ਹੈ। ਹਲਕੇ ਦੀ ਸਰਾਵਾਂ ਜੈਲ (ਮਾਝਾ ਬੈਲਟ) ’ਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਕਾਂਗਰਸ ਅਤੇ ਆਪ ਲਈ ਵੱਡਾ ਮੁੱਦਾ ਬਣੇ ਹੋਏ ਹਨ। ਇਸ ਵਾਰ ਲੰਬੀ ਹਲਕੇ ਦੀ ਸਮੁੱਚੀ ਸਿਆਸਤ ਲੋਕ ਮੁੱਦਿਆਂ ਨਾਲੋਂ ਵੱਧ ਅਕਾਲੀ ਇੰਚਾਰਜ਼ ਆਗੂਆਂ ਦੀਆਂ ਆਪਹੁਦਰੀਆਂ ’ਤੇ ਕੇਂਦਰਿਤ ਹੈ। ਜਿਸ ਨਾਲ ਸਿਆਸਤ ਦੇ ਸ਼ਾਹ-ਅਸਵਾਰ ਪ੍ਰਕਾਸ਼ ਸਿੰਘ ਬਾਦਲ ਲਈ ਮੁਸ਼ਕਿਲਾਂ ਕਾਫ਼ੀ ਵਧ ਗਈਆਂ ਹਨ ਅਤੇ ਆਪਣੇ ਰਵਾਇਤੀ ਗੜ੍ਹ ’ਚ ਘਿਰੇ ਜਾਪਦੇ ਹਨ। 
ਹਾਲਾਂਕਿ ਲੰਬੀ ਹਲਕੇ ਨੂੰ ਸੈਂਕੜੇ ਕਰੋੜ ਰੁਪਏ ਖਰਚ ਕੇ ਸੇਮ ਮੁਕਤ ਕਰਨ ਦਾ ਉਪਰਾਲਾ ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੇ ਸਿਰ ਜਾਂਦਾ ਹੈ। ਅਕਾਲੀ ਸਰਕਾਰ ਹਲਕੇ ਦੀ ਨੁਹਾਰ ਬਦਲਣ ਲਈ ਕਰੀਬ ਸਵਾ ਸੌ ਕਰੋੜ ਰੁਪਏ ਦੀ ਲਾਗਤ ਨਾਲ ਸੀਮਿੰਟਡ ਗਲੀਆਂ-ਨਾਲੀਆਂ ਦੇ ਇਲਾਵਾ ਸੋਲਰ ਸਟਰੀਟ ਲਾਈਟਾਂ, ਬੈਠਣ ਲਈ ਬੈਂਚ, ਲਿੰਕ ਸੜਕਾਂ ਅਤੇ ਪਖਾਨਿਆਂ ਨੂੰ ਬਹੁਪੱਖੀ ਵਿਕਾਸ ਵਜੋਂ ਪ੍ਰਚਾਰ ਰਹੀ ਹੈ। ਉਂਝ ਮਕਾਨ ਮੁਰੰਮਤ ਦੀ ਓਟ ਵਿੱਚ ਨਾਰਾਜ਼ਗੀ ਮੁਕਾਉਣ ਲਈ ਮਕਾਨ ਮੁਰੰਮਤ 15-15 ਹਜ਼ਾਰ ਰੁਪਏ ਦੇ ਚੈੱਕਾਂ ਵਜੋਂ ਵੰਡੇ 45 ਕਰੋੜ ’ਚ ਬਾਂਦਰਵੰਡ ਅਤੇ ਪਖਾਨਿਆਂ ਦੇ ਨਿਰਮਾਣ ’ਚ ਘਪਲੇਬਾਜ਼ੀ ਨੇ ਲੋਕਾਂ ਵਿੱਚ ਸੱਤਾ ਪੱਖ ਦੀ ਜਵਾਬਦੇਹੀ ਖੜ੍ਹੀ ਕਰ ਦਿੱਤੀ ਹੈ। 90 ਸਾਲਾ ਪ੍ਰਕਾਸ਼ ਸਿੰਘ ਬਾਦਲ ਨੇ ਚੋਣ ਪ੍ਰਚਾਰ ’ਚ ਲੰਬੀ ਹਲਕੇ ਦੀ ਗੈਰਤ ਅਤੇ ਅਣਖ਼ ਦੱਸ ਕੇ ‘ਆਪਣੇ’ ਅਤੇ ‘ਵਿਗਾਨੇ’ ਦਾ ਮੁੱਦਾ ਭਖਾਇਆ ਹੋਇਆ ਹੈ। 
         ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਦੇ ਕੁਰੂਕਸ਼ੇਤਰ ਵਿੱਚ ਆਉਣ ਨਾਲ ਬਾਦਲਾਂ ਦੇ ਹਲਕੇ ਵਿੱਚ ਕਾਂਗਰਸੀ ਧੜੇਬੰਦੀ ਦੀ ਸਮੱਸਿਆ ਨੂੰ ਇੱਕ ਵਾਰ ‘ਵਿਰਾਮ’ ਲੱਗ ਗਿਆ ਹੈ। ਮਹੇਸ਼ਇੰਦਰ-ਖੁੱਡੀਆਂ, ਗੁਰਦਾਸ ਬਾਦਲ ਅਤੇ ਅਬੁੱਲਖੁਰਾਣਾ ਧੜਿਆਂ ਦਾ ਸਾਂਝਾ ਪ੍ਰਚਾਰ ਕੈਪਟਨ ਅਮਰਿੰਦਰ ਸਿੰਘ ਲਈ ‘ਰਾਮਬਾਣ’ ਸਾਬਤ ਹੋ ਸਕਦਾ ਹੈ। ਮਹਾਰਾਜੇ ਵੱਲੋਂ ਬਾਦਲ ਨੂੰ ਵੰਗਾਰਨ ਕਰਕੇ ਡੇਢ ਦਹਾਕੇ ਤੋਂ ਰਵਾਇਤੀ ਅਕਾਲੀ ਗੜ੍ਹ ’ਚ ਆਰ-ਪਾਰ ਦੀ ਸਿਆਸੀ ਲੜਾਈ ਲੜਦੇ ਆ ਰਹੇ ਕਾਂਗਰਸੀਆਂ ਅੰਦਰ ਨਵਾਂ ਜੋਸ਼ ਵਿਖਾਈ ਦੇ ਰਿਹਾ ਹੈ। ਕੈਪਟਨ ਦੀ ਆਮਦ ਕਰਕੇ ਮੱਧ ਵਰਗੀ ਜੱਟ ਸਿੱਖ ਭਾਈਚਾਰਾ ਅਤੇ ਅਣਗੌਲੇ ਟਕਸਾਲੀ ਅਕਾਲੀ ਪਰਿਵਾਰ ਅਤੇ ਦਲਿਤ ਭਾਈਚਾਰਾ ਕਾਂਗਰਸ ਨਾਲ ਜੁੜਨ ਲੱਗਿਆ ਹੈ। 
       ਪੰਜਾਬ ’ਚ ਨਵੀਂ ਉੱਭਰ ਕੇ ਆਈ ਤੀਜੀ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਨੂੰ ਹਲਕੇ ਵਿੱਚ ਦਲਿਤ ਅਤੇ ਗਰੀਬ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਲਕੇ ਦਾ ਗਰੀਬ ਵਰਗ ਅਕਾਲੀ ਸਰਕਾਰ ਦੀ ਆਟਾ-ਦਾਲ ਸਕੀਮ, ਮੁਫ਼ਤ ਬਿਜਲੀ ਬਿੱਲਾਂ ਅਤੇ ਮਕਾਨ ਮੁਰੰਮਤ ਦੇ ਚੈੱਕਾਂ ਜਿਹੀਆਂ ਸਹੂਲਤਾਂ ਨੂੰ ਦਰਕਿਨਾਰ ਕਰਕੇ ਸਮਾਜਿਕ ਉਠਾਣ ਦੀ ਤਾਂਘ ਵਿੱਚ ‘ਆਪ-ਮੁਹਾਰੇ’ ਆਪ ਨਾਲ ਜੁੜਦਾ ਵਿਖਾਈ ਦੇ ਰਿਹਾ ਹੈ। ਜਰਨੈਲ ਸਿੰਘ ਅਕਾਲੀ ਦਲ ਨੂੰ 60-65 ਫ਼ੀਸਦੀ ਅਤੇ ਕਾਂਗਰਸ ਨੂੰ 15-16 ਫ਼ੀਸਦੀ ਤੱਕ ਨੁਕਸਾਨ ਪਹੁੰਚਾਉਂਦੇ ਵਿਖਾਈ ਦੇ ਰਹੇ ਹਨ। ‘ਆਪ’ ਲੰਬੀ ’ਚ ਸਾਢੇ 14 ਹਜ਼ਾਰ ਪਰਿਵਾਰਾਂ ਦੇ ਆਪਣੇ ਨਾਲ ਪੱਕੇ ਤੌਰ ’ਤੇ ਜੁੜੇ ਹੋਣ ਦਾ ਦਾਅਵਾ ਕਰਦੀ ਹੈ। ਆਪ ਨੂੰ ਵੱੱਧ ਵੋਟਾਂ ਮਿਲਣ ਦੇ ਹਾਲਾਤਾਂ ’ਚ ਕਾਂਗਰਸ ਨੂੰ ਫਾਇਦਾ ਹੋਣ ਦੇ ਆਸਾਰ ਹਨ। ਸੂਹੀਆ ਰਿਪੋਰਟਾਂ ਅਨੁਸਾਰ ਮੌਜੂਦਾ ਸਮੀਰਕਨਾਂ ’ਚ ਵੀ.ਆਈ.ਪੀ ਹਲਕੇ ’ਚ ਕਾਂਗਰਸ ਅਤੇ ਝਾੜੂ ਵਿਚਕਾਰ ਆਹਮੋ-ਸਾਹਮਣੇ ਦਾ ਮੁਕਾਬਲਾ ਵੀ ਹੋ ਸਕਦਾ ਹੈ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ 20 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤ ਦਾ ਦਾਅਵਾ ਕਰ ਰਹੇ ਹਨ। ਸਿਆਸੀ ਜੀਵਨ ’ਚ ਹਮੇਸ਼ਾਂ ਜੇਤੂ ਰਹੇ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੂੰ ਉਨ੍ਹਾਂ ਦੇ ਰਵਾਇਤੀ ਹਲਕੇ ਲੰਬੀ ਨੂੰ ਢਾਹੁਣਾ ਕਿਸੇ ‘ਕ੍ਰਿਸ਼ਮੇ’ ਤੋਂ ਘੱਟ ਨਹੀਂ ਹੋਵੇਗਾ। ਜੇਕਰ ਸ੍ਰੀ ਬਾਦਲ ਨੂੰ ਜੀਵਨ ਦੇ ਸਿਖ਼ਰਲੇ ਦੌਰ ’ਚ 11ਵੀਂ ਵਿਧਾਨਸਭਾ ਚੋਣ ’ਚ ਊਚ-ਨੀਚ ਝੱਲਣੀ ਪੈਂਦੀ ਹੈ ਤਾਂ ਉਸਦੇ ਲਈ ਪਿੰਡਾਂ ਦੇ ਅਕਾਲੀ ਇੰਚਾਰਜ਼ ਆਗੂਆਂ ਦੀਆਂ ਮਾੜੀਆਂ ਕਾਰਗੁਜਾਰੀਆਂ ਅਤੇ ਵੱਡੇ ਬਾਦਲ ਦੀ ਸ਼ਹਿ ਭਰੀ ਚੁੱਪੀ ਪੂਰੀ ਤਰ੍ਹਾਂ ਜੁੰਮੇਵਾਰ ਹੋਵੇਗੀ। ਪੰਜਾਬ ਦੀ ਸਿਆਸਤ ਵਿੱਚ ਦੋ ਸਿਆਸੀ ਸ਼ਾਹ ਅਸਵਾਰਾਂ ਦੇ ਸਿਆਸੀ ਭਵਿੱਖ ਦੀ ਨਵੀਂ ਇਬਾਰਤ ਲਿਖਣ ਜਾ ਰਹੇ ਲੰਬੀ ਹਲਕੇ ਦੇ ਚੋਣ ਨਤੀਜਿਆਂ ਵਿੱਚ ਆਪ ਉਮੀਦਵਾਰ ਜਰਨੈਲ ਸਿੰਘ ਦਾ ਅਹਿਮ ਰੋਲ ਹੋਵੇਗਾ। ਇਸ ਵਕਾਰੀ ਹਲਕੇ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਬਲਜਿੰਦਰ ਸਿੰਘ ਮੋਰਜੰਡ ਸਮੇਤ 6 ਉਮੀਦਵਾਰ ਚੋਣ ਮੈਦਾਨ ਵਿੱਚ ਹਨ। 98148-26100 / 93178-26100 

No comments:

Post a Comment