24 January 2017

ਬਾਦਲਾਂ ਦਾ ਸਰਕਾਰੀ ਫੰਡ ਨਾਲ ਸੇਵਾ-ਪੁੰਨ: ਲਾਂਗਰੀ ਦੇ ਭਰਾ ਨੂੰ ਦਾਨ ਕੀਤਾ ਸੇਵਾ ਕੇਂਦਰ

* ਸੇਵਾ ਕੇਂਦਰ ਭੇਜਿਆ ਪੰਚਾਇਤ ਘਰ ’ਚ
* ਪੰਚਾਇਤ ਲਈ 15.5 ਲੱਖ ਰੁਪਏ ਨਾਲ ਨਵੇਂ ਹਾਲ ਦੀ ਉਸਾਰੀ 
* ਸਰਕਾਰੀ ਖਜ਼ਾਨੇ ਨੂੰ ਡੇਢ ਗੁਣਾ ਵੱਡੀ ਚਪੇੜ

                                                  ਇਕਬਾਲ ਸਿੰਘ ਸ਼ਾਂਤ
ਲੰਬੀ : ਪੰਜਾਬ ਦੀ ‘ਸੇਵਾ’ ’ਚ ਜੁਟਿਆ ਮੁੱਖ ਮੰਤਰੀ ਬਾਦਲ ਪਰਿਵਾਰ ਸੂਬੇ ਦੇ ਸਰਕਾਰੀ ਖਜ਼ਾਨੇ ਅਤੇ ਜਾਇਦਾਦਾਂ ਨੂੰ ਨਿੱਜੀ ਜਗੀਰ ਸਮਝਦਾ ਹੈ। ਇਸ ਰਾਜਸੀ ਪਰਿਵਾਰ ਨੇ ਆਪਣੀ ਹੈੱਡ ਲਾਂਗਰੀ ‘ਸ਼ੈਫ਼’ ਬੀਬੀ ਸੀਤੋ ਦੇ ਭਰਾ ਭਿੰਦਰ ਖ਼ਾਨ ਨੂੰ ਪਿੰਡ ਬਾਦਲ ’ਚ ਆਪਣੀ ਰਿਹਾਇਸ਼ ਨਾਲ ਸਰਕਾਰੀ ਫੰਡਾਂ ਨਾਲ ਬਣਿਆ ਨਵਾਂ ਨਕੋਰ ‘ਸੇਵਾ ਕੇਂਦਰ’ ਹੀ ਦਾਨ ਕਰ ਦਿੱਤਾ। ਬਾਦਲਾਂ
ਦੀ ਰਹਿਮਤ ਸਦਕਾ ਹੁਣ ਭਿੰਦਰ ਖ਼ਾਨ ਪਰਿਵਾਰ ਸਮੇਤ ‘ਸੇਵਾ ਕੇਂਦਰ ਵਿਲਾ’ ’ਚ ਵਸ ਰਿਹਾ ਹੈ। ਭਿੰਦਰ ਖ਼ਾਨ ਬਾਦਲ ਕਾਲਜ ’ਚ ਬਤੌਰ ਮਾਲੀ ਨੌਕਰੀ ਕਰਦਾ ਹੈ। ਦੱਸਣਯੋਗ ਹੈ ਕਿ ਬਾਦਲ ਪਰਿਵਾਰ ਬੀਬੀ ਸੀਤੋ ਪਰਿਵਾਰ ’ਤੇ ਖੂਬ ਮਿਹਰਬਾਨ ਦੱਸਿਆ ਜਾਂਦਾ ਹੈ। ਦਾਨ ਕੀਤੇ ਸੇਵਾ ਕੇਂਦਰ ਦੀ ਉਸਾਰੀ ’ਤੇ ਕਰੀਬ 9.5 ਲੱਖ ਰੁਪਏ ਖਰਚ ਆਏ ਸੀ। ਸੇਵਾ ਕੇਂਦਰ ਨੂੰ ਪੰਚਾਇਤ ਘਰ ਬਾਦਲ ’ਚ ਤਬਦੀਲ ਕਰ ਦਿੱਤਾ ਗਿਆ। ਹੁਣ ਗਰਾਮ ਪੰਚਾਇਤ ਲਈ ਕਰੀਬ 15.5 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤ ਘਰ ਦੀ ਪਹਿਲੀ ਮੰਜਲ ’ਤੇ ਹਾਲ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਦੋ-ਦੋ ਵਾਰ ਇਮਾਰਤ ਉਸਾਰੀ ’ਚ ਸਰਕਾਰੀ ਖਜ਼ਾਨੇ ਨੂੰ ਡੇਢ ਗੁਣਾ ਵੱਧ ਚਪੇੜ ਵੱਜੀ ਹੈ। ਦੇਸ਼ ਦੇ ਅਮੀਰ-ਤਰੀਨ ਸਿਆਸੀ ਪਰਿਵਾਰ ਨਾਲ ਸਾਂਝੀ ਕੰਧ ਹੋਣ ਕਰਕੇ ‘ਸੇਵਾ ਕੇਂਦਰ’ ਵਾਲੇ ਸਰਕਾਰੀ ਪਸ਼ੂ ਹਸਪਤਾਲ ਦੀ ਮਾਲਕੀ ਵਾਲੇ ਦੋ ਮਰਲੇ ਟੁਕੜੇ ਦੀ ਕੀਮਤ ਲੱਖਾਂ ਵਿੱਚ ਹੈ। ਪ੍ਰਸ਼ਾਸਨਕ ਸੂਤਰਾਂ ਅਨੁਸਾਰ ਸੇਵਾ ਕੇਂਦਰ ਨੂੰ ਸੁਰੱਖਿਆ ਕਾਰਨਾਂ ਕਰਕੇ ਬਾਦਲਾਂ ਦੀ ਰਿਹਾਇਸ਼ ਤੋਂ ਦੂਰ ਭੇਜਿਆ ਗਿਆ। ਸੋਚਣ ਦਾ ਵਿਸ਼ਾ ਹੈ ਕਿ ਪ੍ਰਸ਼ਾਸਨ ਨੂੰ 9.5 ਲੱਖ ਖਰਚ ਕਰਨ ਮਗਰੋਂ ਬਾਦਲਾਂ ਦੀ ਸੁਰੱਖਿਆ ਚੇਤੇ ਆਈ। ਸੇਵਾ ਕੇਂਦਰ ਨੂੰ ਪੰਚਾਇਤ ਘਰ ਵਿੱਚ ਤਬਦੀਲ ਕੀਤੇ ਜਾਣ ਨਾਲ ਪੰਚਾਇਤ ਘਰ ਦੀ ਸੁੰਦਰਤਾ ਵਿਗੜ ਗਈ ਹੈ ਇਸਦੀ ਇੱਕ ਦੁਕਾਨ ’ਚ ਪਹਿਲਾਂ ਗ੍ਰਾਮ ਸੁਵਿਧਾ ਕੇਂਦਰ ਚੱਲ ਰਿਹਾ ਹੈ। ਹੁਣ ਸੇਵਾ ਕੇਂਦਰ ਨੂੰ ਲਿਆਉਣ ਕਰਕੇ ਪਿੰਡ ਵਾਸੀਆਂ ’ਚ ਡੂੰਘਾ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਬਾਦਲਾਂ ਦੀ ਸੁਰੱਖਿਆ ਪ੍ਰਤੀ ਇੰਨਾ ਫ਼ਿਕਰਮੰਦ ਹੈ ਤਾਂ ਬਾਦਲਾਂ ਦੀ ਰਿਹਾਇਸ਼ ਮੂਹਰੋਂ ਲੰਘਦੇ ਬਠਿੰਡਾ-ਖਿਉਵਾਲੀ ਨੈਸ਼ਨਲ ਹਾਈਵੇ ਦਾ ਵੀ ਰਾਹ ਬਦਲ ਕੇ ਪਾਸਿਓਂ ਕੱਢ ਦਿਤਾ ਜਾਵੇ। ‘ਸੇਵਾ ਕੇਂਦਰ ਵਿਲਾ’ ’ਚ ਵਸਦੇ ਭਿੰਦਰ
ਖ਼ਾਨ ਦੀ ਪਤਨੀ ਕਿਰਨਾ ਨੇ ਦੱਸਿਆ ਕਿ ‘‘ਇਹ ਮਕਾਨ ਉਸਦੀ ਨਨਾਣ ਬੀਬੀ ਸੀਤੋ ਨੇ ‘ਕਾਕਾ ਜੀ’ ਨੂੰ ਆਖ ਕੇ ਦਿਵਾਇਆ ਹੈ। ਉਸਨੇ ਕਿਹਾ ਕਿ ਘਰ ਦਾ ਫਰਸ਼, ਦਰਵਾਜ਼ਾ ਅਤੇ ਬਿਜਲੀ ਫਿਟਿੰਗ ਦਾ ਕੰਮ ਉਨ੍ਹਾਂ ਖੁਦ ਕਰਵਾਇਆ ਹੈ। ਬਾਅਦ ਵਿੱਚ ਬਾਦਲ ਪਰਿਵਾਰ ਦੀ ਹੈੱਡ ਲਾਂਗਰੀ ਬੀਬੀ ਸੀਤੋ ਨੇ ਇਸ ਪੱਤਰਕਾਰ ਨਾਲ ਰਾਬਤਾ ਕਰਕੇ ਦੱਸਿਆ ਕਿ ਉਸਦੇ ਭਰਾ ਭਿੰਦਰ ਖ਼ਾਨ ਦੀ ਐਕਸੀਡੈਂਟ ’ਚ ਲੱਤ ’ਤੇ ਸੱਟ ਵੱਜੀ ਹੋਈ ਹੈ। ਉਸਨੇ ‘ਕਾਕਾ ਸੁਖਬੀਰ’ ਅਤੇ ‘ਸਾਬ੍ਹ’ (ਪ੍ਰਕਾਸ਼ ਸਿੰਘ ਬਾਦਲ) ਨੂੰ ਆਖ ਕੇ ਰਹਿਣ ਲਈ ਸੇਵਾ ਕੇਂਦਰ ਦਿਵਾਇਆ ਹੈ। ਬੀਬੀ ਸੀਤੋ ਅਨੁਸਾਰ ਉਸਨੂੰ ਇਲਾਜ ਲਈ ਕਰੀਬ 50 ਹਜ਼ਾਰ ਰੁਪਏ ਦੀ ਮੱਦਦ ਦਿਵਾਈ ਅਤੇ ਭਿੰਦਰ ਖ਼ਾਨ ਦੀਆਂ ਬੱਚੀਆਂ ਦੀ ਫੀਸ ਵੀ ਸਾਬ੍ਹ ਭਰਦੇ ਹਨ। 


ਕੋਈ ਅਜਿਹਾ ਨਹੀਂ ਕਰ ਸਕਦਾ : ਡੀ.ਸੀ.
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਨੇ ਕਿਹਾ ਕਿ ਸੁਵਿਧਾ ਕੇਂਦਰ ਦੀ ਇਮਾਰਤ ਨੂੰ ਦਾਨ ਦੇਣ ਜਾਂ ਰਹਿਣ ਲਈ ਦੇਣ ਬਾਰੇ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਪਰ ਫਿਰ ਵੀ ਕੋਈ ਅਜਿਹਾ ਨਹੀਂ ਕਰ ਸਕਦਾ। 

No comments:

Post a Comment