06 October 2018

ਕਾਂਗਰਸ ਰੈਲੀ ’ਚ ਬੜ੍ਹਕ ’ਤੇ ਨਿਰਭਰ ਹੋਵੇਗਾ ਕਾਂਗਰਸੀ ਆਗੂਆਂ ਦੀ ਸਿਆਸੀ ਮੜ੍ਹਕ ਦਾ ਫੈਸਲਾ

-  ਰੈਲੀ ਲਈ ਭੀੜ ਜੁਟਾਉਣ ਕਾਂਗਰਸੀਆਂ ਵਾਲਿਆਂ ’ਤੇ ਘੁੰਮ ਰਹੀ ਕੈਪਟਨ ਦੀ ਬਾਜ਼ ਅੱਖ
- ਸੂਹੀਆ ਅਤੇ ਸਾਦਾ ਵਰਦੀ ਖਾਕੀ ਕਰਮਚਾਰੀ ਕਰ ਰਹੇ ਗੁਪਤ ਰਿਪੋਰਟਾਂ ਤਿਆਰ


                                                         ਇਕਬਾਲ ਸਿੰਘ ਸ਼ਾਂਤ
ਲੰਬੀ ਹੁਣ ਪੰਜਾਬ ਵਿੱਚ ਸੱਤਾ ਧਿਰ ਕਾਂਗਰਸ ਦੇ ਆਗੂਆਂ ਦੀ ਸਿਆਸੀ ਮੜ੍ਹਕ ਦਾ ਫੈਸਲਾ ਕਾਂਗਰਸ ਰੈਲੀ ’ਚ ਉਨ੍ਹਾਂ ਦੀ ਭੀੜ ਜੁਟਾਊ ਬੜ੍ਹਕ ’ਤੇ ਨਿਰਭਰ ਹੋਵੇਗਾ। ਅਮਰਿੰਦਰ ਸਰਕਾਰ ਨੇ ਬਾਦਲਾਂ ਨਾਲ ਰੈਲੀ ਜੰਗ ’ਚ ਵੱਧ ਯੋਧੇ ਲਿਆਉਣ ਵਾਲੇ ਕਾਂਗਰਸ ਆਗੂਆਂ ਦੀ ਪਛਾਣ ਲਈ ਵੱਡਾ ਜਾਲ ਵਿਛਾਇਆ ਹੋਇਆ ਹੈ। ਅਮਰਿੰਦਰ ਸਰਕਾਰ ਦੀਆਂ ਬਾਜ਼ ਅੱਖਾਂ ਪਿੰਡ-ਪਿੰਡ ਅਤੇ ਸ਼ਹਿਰ-ਕਸਬਿਆਂ ’ਚ ਘੁੰਮ ਰਹੀਆਂ ਹਨ। ਹਲਕਾ ਵਾਈਜ਼, ਸ਼ਹਿਰ, ਕਸਬਾ, ਪਿੰਡ ਅਤੇ ਵਾਰਡ
ਪੱੱਧਰ ’ਤੇ ਰੈਲੀ ਦੀਆਂ ਤਿਆਰੀਆਂ ’ਚ ਜੁਟੇ ਵਿਧਾਇਕਾਂ, ਸਾਬਕਾ ਵਿਧਾਇਕ, ਹਾਰੇ ਉਮੀਦਵਾਰਾਂ ਅਤੇ ਚੌਧਰ ਦੇ ਚਾਹਵਾਨ ਆਗੂਆਂ ਦੀ ਕਾਰਗੁਜਾਰੀ ਦੇ ਪੂਰੇ ਵੇਰਵੇ ਤਿਆਰ ਹੋ ਰਹੇ ਹਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸੂਬਾ ਸਰਕਾਰ ਨੇ ਸੂਹੀਆ ਅਤੇ ਖਾਕੀ ਤੰਤਰ ਦੇ ਸਾਦਾ ਵਰਦੀ ਕਰਮਚਾਰੀ ਤਾਇਨਾਤ ਕੀਤੇ ਹਨ। ਪਤਾ ਲੱਗਿਆ ਹੈ ਕਿ ਇਹ ਨਜ਼ਰਸ਼ਾਨੀ ਪਿਛਲੇ ਹਫ਼ਤੇ ਤੋਂ ਗੁਪਤ ਢੰਗ ਨਾਲ ਚੱਲ ਰਹੀ ਹੈ। ਜਿਸ ਲਈ ਇੱਕ ਜ਼ਿਲ੍ਹੇ ਦੇ ਮੁਲਾਜਮਾਂ ਨੂੰ ਦੂਜੇ ਜ਼ਿਲ੍ਹਿਆਂ ’ਚ ਲਗਾਇਆ ਗਿਆ ਹੈ। ਤਾਂ ਜੋ ਮੁਲਾਮਜਾਂ ਦੀ ਕਾਂਗਰਸ ਆਗੂਆਂ ਨਾਲ ਨੇੜਤਾ ਗੁਪਤ ਰਿਪੋਰਟ ਨੂੰ ਪ੍ਰਭਾਵਤ ਨਾ ਕਰ ਜਾਵੇ।
          ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਵੱਡੀ ਗਿਣਤੀ ਆਗੂ ਸੂਬਾ ਅਤੇ ਕੇਂਦਰੀ ਪੱਧਰ ’ਤੇ ਚੈਅਰਮੈਨੀਆਂ ਅਤੇ ਸਰਕਾਰੀ ਚੌਧਰਾਂ ਲਈ ਵੱਡੇ-ਵੱਡੇ ਹੱਥ-ਪੈਰ ਮਾਰ ਰਹੇ ਹਨ। ਦਹਾਕੇ ਬਾਅਦ ਸੱਤਾ ’ਚ ਪਰਤੀ ਅਮਰਿੰਦਰ ਸਰਕਾਰ ਲਈ ਬਹੁਗਿਣਤੀ ਵਰਕਰਾਂ ਨੂੰ ਸੱਤਾ ਤੰਤਰ ਐਡਜਸਟ ਕਰਨਾ ਵੱਡੀ ਸਮੱਸਿਆ ਬਣਿਆ ਹੋਇਆ ਹੈ।
         ਅਜਿਹੇ ਵਿੱਚ ਮਹਾਰਾਜਾ ਅਮਰਿੰਦਰ ਸਿੰਘ ਦੀ ਅੰਦਰੂਨੀ ਸੁਪਰ ਸਕੇਲ ਟੀਮ ਨੇ ਚੌਧਰ ਦੇ ਚਾਹਵਾਨਾਂ ਵਿੱਚੋਂ ਫੋਕੀਆਂ ਟਾਹਰਾਂ ਵਾਲਿਆਂ ਦੀ ਛਾਂਟੀ ਕਰਨ ਲਈ ਇਹ ਜੁਗਤ ਭਿੜਾਈ ਹੈ। ਹਾਈਕਮਾਂਡ ਨੂੰ ਮਹਿਸੂਸ ਹੋ ਰਿਹਾ ਹੈ ਕਿ ਡਰਾਇੰਗ ਰੂਮ ਰਾਜਨੀਤੀ ਵਾਲੇ ਕਈ ਆਗੂ ਦਰਬਾਰੀ ਹਾਜ਼ਰੀਆਂ ਸਦਕਾ ਹੀ ਲੀਡਰਸ਼ਿਪ ਨੂੰ ਗੁੰਮਰਾਹ ਕਰਕੇ ਚੌਧਰਾਂ ਖੱਟ ਜਾਂਦੇ ਹਨ। ਜਿਸ ਨਾਲ ਪਾਰਟੀ ਕਾਡਰ ਅਤੇ ਜ਼ਮੀਨੀ ਆਗੂਆਂ ਦੇ ਮਨੋਬਲ ਨੂੰ ਠੇਸ ਪੁੱਜਦੀ ਹੈ।
     
  ਪਤਾ ਲੱਗਿਆ ਹੈ ਕਿ ਅਗਾਮੀ ਲੋਕਸਭਾ ਚੋਣਾਂ ’ਚ 13 ਸੀਟਾਂ ਜਿੱਤਣ ਲਈ ਅਮਰਿੰਦਰ ਸਰਕਾਰ ਅਗਲੇ ਕੁਝ ਮਹੀਨਿਆਂ ਵਿੱਚ ਨਵੀਂ ਤਕਨੀਕ ਅਤੇ ਬਿਹਤਰ ਕਾਰਗੁਜਾਰੀ ਨਾਲ ਸਾਹਮਣੇ ਆ ਸਕਦੀ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਮੋਤੀਆਂ ਵਾਲੀ ਸਰਕਾਰ ਦੇ ਸਿਆਸੀ ਵਿਹੜੇ ਕਿੱਲਿਆਂਵਾਲੀ ਰੈਲੀ ’ਚ ਵੱਧ ਭੀੜ ਜੁਟਾਉਣ ਵਾਲੇ ਕਾਂਗਰਸ ਆਗੂਆਂ ਦਾ ਸਿਆਸੀ ਭਵਿੱਖ ਹੀ ਚੜ੍ਹਦੀ ਸਵੇਰ ਵੱਲ ਵਧੇਗਾ।
       ਕੈਪਟਨ ਸਰਕਾਰ ਦੇ ਨਾਲ ਕਾਂਗਰਸ ਤੰਤਰ ਵੱਲੋਂ ਕਾਰਪੋਰੇਟ ਸਟਾਈਲ ਵਿੱਚ ਰੈਲੀ ਸਬੰਧੀ ਅੰਕੜੇ ਜੁਟਾ ਰਿਹਾ ਹੈ। ਜਿਸ ਤਹਿਤ ਰੈਲੀ ’ਚ ਆਉਣ ਵਾਲੀ ਇੱਕ-ਇੱਕ ਬੱਸ ਅਤੇ ਹਰੇਕ ਵਹੀਕਲ ਦੇ ਡਰਾਈਵਰ ਜਾਂ ਉਸ ’ਚ ਆਉਣ ਵਾਲੇ ਕਾਂਗਰਸ ਵਰਕਰਾਂ ਦੇ ਮੋਬਾਇਲ ਨੰਬਰਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਜ਼ਰੂਰਤ ਪੈਣ ਉਸ ਵਹੀਕਲਾਂ ਦੀ ਲੋਕੇਸ਼ਨ ਅਤੇ ਵਹੀਕਲ ’ਚ ਸਵਾਰ ਵਿਅਕਤੀਆਂ ਦੀ ਗਿਣਤੀ ਬਾਰੇ ਪਤਾ ਕੀਤਾ ਜਾ ਸਕੇ। ਕਾਂਗਰਸ ਹਾਈਕਮਾਂਡ ਰੈਲੀ ’ਚ ਪੁੱਜਣ ਵਾਲੇ ਹਰ ਵਿਅਕਤੀ ਦੇ ਪੰਡਾਲ ’ਚ ਪਹੁੰਚਣ ਨੂੰ ਯਕੀਨੀ ਬਣਾਉਣ ’ਚ ਜੁਟੀ ਹੋਈ ਹੈ। ਅਜਿਹੇ ਵਿੱਚ ਹੁਣ ਤੱਕ ਕਰੀਜਦਾਰ ਕੁਰਤੇ ਪਜਾਮੇ ਵਾਲੀ ਸਿਆਸਤ ਦੇ ਧਾਰਨੀ ਆਗੂਆਂ ਲਈ ਸਿਆਸੀ ਰੁਤਬਿਆਂ ਦੇ ਘਰ ਦੂਰ ਹੋ ਸਕਦੇ ਹਨ।

No comments:

Post a Comment