02 October 2018

ਖੁਦਗਰਜ਼ੀ ਅਤੇ ਖੂਨ ਹੀ ਸਫ਼ੈਦ ਨਹੀਂ, ਆਰਥਿਕ ਤੰਗੀ ਤੇ ਇਕਲਾਪਾ ਵੀ ਬਣ ਰਿਹਾ ਬੋਝ

*  ਚੌ: ਦੇਵੀ ਲਾਲ ਟਰੱਸਟ ਦਾ ਬਿਰਧ ਆਸ਼ਰਮ ਬਾਦਲ ਬੇਸਹਾਰਾ ਬਜ਼ੁਰਗਾਂ ਨੂੰ ਦੇ ਰਿਹਾ ਵੀ.ਆਈ.ਪੀ ਆਸਰਾ

                                                                 ਇਕਬਾਲ ਸਿੰਘ ਸ਼ਾਂਤ
ਲੰਬੀ: ਮਾੜੀਆਂ ਫੈਸ਼ਨਪ੍ਰਸਤ ਸਮਾਜਕ ਅਲਾਮਤਾਂ ਦੇ ਵਲੇਵਿਆਂ ਨੇ ਕਿਸਮਤ ਦੀ ਕਿਤਾਬ ’ਚ ਅਣਗੌਲੇ ਬਦਕਿਸਮਤ ਬੁਢਾਪੇ ਵਿਚੋਂ ਪਰਿਵਾਰਕ ਤੰਦਾਂ ਵਾਲਾ ਸੁੱਖ ਖੋਹ ਲਿਆ ਹੈ। ਬਲਦ ਬਣ ਕੇ ਸਾਰੀ ਘਰ-ਪਰਿਵਾਰ ਦਾ ਭਾਰ ਢੋਹੰਦੇ ਵਾਲੇ ਬਹੁਤੇ ਬੁਜ਼ਰਗਾਂ ਲਈ ਹੁਣ ਬਿਰਧ ਆਸ਼ਰਮਾਂ ਦੀ ਦਹਿਲੀਜ਼ ਆਖ਼ਰੀ ਸਹਾਰਾ ਬਣ ਰਹੀ ਹੈ। ਬੁਢਾਪੇ ਦਾ ਸੰਤਾਪ ਸਿਰਫ਼ ਢਿੱਡੋਂ ਜੰਮੇ ਅਤੇ ਹੱਥੀਂ ਪਾਲੇ-ਪੋਸਿਆਂ ਤੋਂ ਪੀੜਤ ਨਹੀਂ ਹੈ, ਖੁਦਗਰਜ਼ ਅਤੇ ਸਫ਼ੈਦ ਹੋਏ ਖੂਨ ਦੇ ਇਲਾਕੇ ਆਰਥਿਕ ਤੰਗੀ ਅਤੇ ਇਕਲਾਪਾ ਵੀ ਵੱਡੀ ਉਮਰ ’ਤੇ ਬੋਝ ਬਣ ਰਿਹਾ ਹੈ। ਅਜਿਹੇ ਸਮਾਜਕ ਹਾਸ਼ੀਏ ’ਤੇ ਖੜ੍ਹੇ ਪੰਜਾਬ ਦੇ ਬਜ਼ੁਰਗਾਂ ਲਈ ਚੌਧਰੀ ਦੇਵੀ ਮੈਮੋਰੀਅਲ ਟਰੱਸਟ ਦਾ ਬਹੁਪੱਖੀ ਬਿਰਧ ਆਸ਼ਰਮ ਪਿੰਡ ਬਾਦਲ ਰੱਬ ਜਿਹਾ ਸਹਾਰਾ ਬਣ ਕੇ ਉੱਭਰਿਆ ਹੈ। ਮੌਜੂਦਾ ਸਮੇਂ ’ਚ ਇੱਥੇ ਰਹਿੰਦੇ ਕੁੱਲ 9 ਬਜ਼ੁਰਗਾਂ ’ਚ 7 ਪੁਰਸ਼ ਅਤੇ ਦੋ ਅੌਰਤਾਂ ਹਨ। 
      ਉਮਰ ਦੇ 91ਵੇਂ ਪੜਾਅ ’ਚੋਂ ਲੰਘ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਜੋਕੇ ਬੁਢਾਪੇ ਦੇ ਦਰਪੇਸ਼ ਦਿੱਕਤਾਂ ਦੇ ਹੱਲ ਲਈ ਇਸ ਬਿਰਧ ਦਾ ਨਿਰਮਾਣ ਕਰਵਾਇਆ ਹੈ। ਜਿੱਥੇ ਜ਼ਿੰਦਗੀ ’ਚ ਬਣੇ ਬੁਰੇ ਹਾਲਾਤਾਂ ਕਰਕੇ ਬੇਅਸਾਰਾ ਹੋਏ ਬਜ਼ੁਰਗਾਂ ਨੂੰ ਸਿਰਫ਼ ਛੱਤ ਦਾ ਆਸਰਾ ਨਹੀਂ, ਬਲਕਿ ਚੰਗਾ ਖਾਣ-ਪਾਣ, ਸੁਚੱਜੀ ਸਾਂਭ-ਸੰਭਾਲ, ਹਰਿਆ-ਭਰਿਆ ਵਾਤਾਵਰਨ ਅਤੇ ਉੱਚ ਪੱਧਰੀ ਸਿਹਤ ਸਹੂਲਤਾਂ ਅਤੇ ਭਜਨ-ਬੰਦਗੀ ਲਈ ਗੁਰਦੁਆਰਾ ਹੈ। ਇੱਕ ਆਵਾਜ਼ ’ਤੇ ਬਜ਼ੁਰਗਾਂ ਦੀ ਜਾਇਜ਼ ਜ਼ਰੂਰਤ ਨੂੰ ਪੂਰਾ ਕਰਨ ਲਈ ਦਰਜਨ ਤੋਂ ਵੱਧ ਸਟਾਫ਼ ਹੈ। ਬਿਰਧ ਆਸ਼ਰਮ ਦਾ ਉਦਘਾਟਨ 18 ਨਵੰਬਰ 2005 ਨੂੰ ਤਤਕਾਲੀ ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਨੇ ਕੀਤਾ ਸੀ। ਉਦੋਂ ਇੱਥੇ 9 ਬੇਸਹਾਰਾ ਬੱਚਿਆਂ ਸਮੇਤ 27 ਬਜ਼ੁਰਗ ਸਨ। ਜਿਨ੍ਹਾਂ ਵਿੱਚੋਂ ਕੁਝ ਸਵਰਗ ਸਿਧਾਰ ਗਏ ਅਤੇ ਕੁਝ ਨੂੰ ਅੌਲਾਦ ਵਾਪਸ ਲੈ ਗਈ। ਬਿਰਧ ਆਸ਼ਰਮ ’ਚ ਸਟਾਫ਼ ਅਤੇ ਬਜ਼ੁਰਗਾਂ ਲਈ ਕੁੱਲ 28 ਕਮਰੇ ਹਨ। ਜਿਨ੍ਹਾਂ ਕੋਲ ਬੁਢਾਪਾ ਲੰਘਾਉਣ ਲਈ ਇੱਥੇ ਬਿਹਤਰ ਤੋਂ ਬਿਹਤਰੀਨ ਸਹੂਲਤਾਂ ਹਨ। ਸਿਰ ’ਤੇ ਪ੍ਰਕਾਸ਼ ਸਿੰਘ ਬਾਦਲ ਜਿਹੇ ਤਾਕਤਵਰ ਸਿਆਸਤਦਾਨ ਦਾ ਹੱਥ ਹੈ। ਇਸ ਸਭ ਦੇ ਬਾਵਜੂਦ ਇਨ੍ਹਾਂ ਬਜ਼ੁਰਗਾਂ ਨੂੰ ਕਿਸਮਤ ਦੀ ਹੋਣੀ ’ਤੇ ਬਹੁਤ ਵੱਡਾ ਰੋਸਾ ਹੈ। ਪਰ ਕਰਮਾਂ ਦਾ ਕਰਨੀ ਅਤੇ ਕਥਨੀ ਦਾ ਸਰੀਰਕ ਪੱਖੋਂ ਵੇਲਾ ਵਿਹਾਅ ਬਜ਼ੁਰਗ ਬੇਵੱਸ ਹਨ। ਢਿੱਡੋਂ ਜੰਮੇ ਅਤੇ ਹੱਥੀਂ ਪਾਲੇ ਪੁੱੱਤਾਂ-ਧੀਆਂ ਅਤੇ ਭੈਣ ਭਰਾਵਾਂ ਦੀ ਯਾਦ ਪਲ-ਪਲ ਕਲੇਜਾ ਚੀਰ ਕੇ ਲੈ ਜਾਂਦੀ ਹੈ। ਚਿੱਟੀਆਂ ਕੰਧਾਂ ਅਤੇ ਕਾਲੀਆਂ ਨਿਛੋਹ ਰਾਤਾਂ ਵਿੱਚ ਇਕਲਾਪਾ ਦਿਓ ਵਾਂਗ ਖਾਣ ਨੂੰ ਆਉਂਦਾ ਹੈ। ਬਜ਼ੁਰਗਾਂ ਦਾ ਇਕਲਾਪਾ ਦੂਰ ਕਰਨ ਲਈ ਟਰੱਸਟ ਨੇ ਨਾਲ ਖਹਿੰਦੇ ਮਾਤਾ ਜਸਵੰਤ ਕੌਰ ਸਕੂਲ ਦੇ ਬੱਚਿਆਂ ਦੇ ਦੁਪਿਹਰ ਦਾ ਭੋਜਣ ਆਸ਼ਰਮ ਦੀ ਕੰਟੀਨ ਨਾਲ ਜੋੜ ਦਿੱਤਾ। ਜਿਸ ਕਰਕੇ ਸੈਂਕੜੇ ਬੱਚਿਆਂ ਦੀ ਚਹਿਲ-ਪਹਿਲ ਦੇਖ ਬਜ਼ੁਰਗਾਂ ਦਾ ਮਨ ਬਹਿਲ ਜਾਂਦਾ ਹੈ। 
       
  ਜੇਕਰ ਸਹੂਲਤਾਂ ਪੱਖੋਂ ਵੇਖਿਆ ਜਾਵੇ ਤਾਂ ਇਹ ਨੌਜਵਾਨਾਂ ਨੂੰ ਵੀ ਛੇਤੀ ਬਜ਼ੁਰਗ ਹੋਣ ਨੂੰ ਟੁੰਭਦੀਆਂ ਹਨ। ਇਸ ਬਿਰਧ ਆਸ਼ਰਮ ਵਿੱਚ ਪੰਜਾਬੀਅਤ ਲਈ ਆਪਣੇ ਸਿਆਸੀ ਜੀਵਨ ਦਾ ਵੱਡਾ ਹਿੱਸਾ ਲਗਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਲਈ ਵੀ ਬਕਾਇਦਾ ਕਮਰੇ ਬਣਾਏ ਗਏ ਹਨ। ਜਿੱਥੇ ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਆ ਕੇ ਰੁਕੇ ਹਨ। ਉਹ ਸਿਆਸੀ ਰੁਝੇਂਵਿਆਂ ਵਿਚੋਂ ਸਮਾਂ ਮਿਲਣ ’ਤੇ ਕਦੇ-ਕਦਾਈਂ ਗੇੜਾ ਮਾਰ ਕੇ ਬਜ਼ੁਰਗਾਂ ਨਾਲ ਗੱਲਬਾਤ ਵੀ ਕਰਦੇ ਹਨ। ਸਮਾਜਕ ਪੱਖ ਮਾੜਾ ਇਹ ਵੀ ਸਾਹਮਣੇ ਆਇਆ ਕਿ ਕਈ ਵਾਰ ਲੋਕ ਆਪਣੇ ਬਿਮਾਰ ਮਾਪਿਆਂ ਨੂੰ ਬੇਸਹਾਰਾ ਦੱਸ ਕੇ ਭੇਜ ਦਿੰਦੇ ਹਨ। ਇਲਾਜ ਬਕਾਇਆ ਹੋਣ ਤੱਕ ਉਸਦੀ ਬਾਤ ਨਹੀਂ ਪੁੱਛਦੇ। ਲੱਖਾਂ ਰੁਪਏ ਦਾ ਇਲਾਜ ਹੋਣ ਮਗਰੋਂ ਉਸਨੂੰ ਲੈ ਜਾਂਦੇ ਹਨ। ਪਿੱਛੇ ਜਿਹੇ ਸਿਰਸਾ ਜ਼ਿਲ੍ਹੇ ਦਾ ਇੱਕ ਪਰਿਵਾਰ ਆਪਣੀ ਮਾਤਾ ਦੀ ਐਂਜਿਓਪਲਾਸਟੀ ਹੋਣ ਮਗਰੋਂ ਤੁਰੰਤ ਘਰ ਲੈ ਗਿਆ। ਇੱਥੇ ਰਹਿੰਦੇ ਹਰੇਕ ਬਜ਼ੁਰਗ ਦੀ ਆਪਣੀ ਵੱਖਰੀ ਹੱਡ ਬੀਤੀ ਹੈ।
       ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਤ 80 ਸਾਲਾ ਬਜ਼ੁਰਗ ਦਰਸ਼ਨਾ ਦੇਵੀ ਕਦੇ ਸਰਦੇ-ਪੁੱਜਦੇ ਪਰਿਵਾਰ ਦੀ ਮਾਲਕਣ ਸੀ। ਉਸਦੇ ਪਤੀ ਦਾ ਸਪੈਲਰ ਅਤੇ ਚੱਕੀ ਦਾ ਕਾਰੋਬਾਰ ਸੀ। ਸਮੇਂ ਨੇ ਅਜਿਹਾ ਚੱਕਰ ਚਲਾਇਆ ਕਿ ਧੀਆਂ ਅਤੇ ਇੱਕ ਪੁੱਤ ਦੀ ਮਾਂ ਨੂੰ ਬਿਰਧ ਆਸ਼ਰਮ ’ਚ ਜ਼ਿੰਦਗੀ ਗੁਜਾਰਨੀ ਪੈ ਰਹੀ। ਉਸਨੇ ਆਖਿਆ ਕਿ ਪੁੱਤਰ ਨਸ਼ਿਆਂ ਦੇ ਕਲਾਵੇ ’ਚ ਫਸ ਗਿਆ। ਕਾਰੋਬਾਰ ਖ਼ਤਮ ਹੋ ਗਿਆ। ਨੂੰਹ ਪੁੱਤਰ ਨੂੰ ਛੱਡ ਕੇ ਚਲੀ ਗਈ। ਹੁਣ ਗਰੀਬੀ ’ਚ ਇਧਰ-ਉੱਧਰ ਭਟਕ ਸਮਾਂ ਗੁਜਾਰ ਰਿਹਾ ਪੁੱਤਰ ਮਹੀਨਾ-ਮੱਸਿਆ ਮਾਂ ਕੋਲ ਆਉਂਦਾ ਰਹਿੰਦਾ ਹੈ। 
        ਜਵਾਨੀ ’ਚ ਵਿਦੇਸ਼ਾਂ ’ਚ ਹੱਡ ਭੰਨਵੀ ਮਿਹਨਤ ਕਰਕੇ ਕਮਾਈ ਕਰਨ ਵਾਲੇ ਤਕਨੀਕੀ ਮਕੈਨਿਕ ਹਰਦੇਵ ਸਿੰਘ ਵਾਸੀ ਜਲੰਧਰ ਕੋਲ ਸਭ ਕੁਝ ਹੈ ਪਰ ਉਹ ਇਕਲਾਪਾ ਦੂਰ ਕਰਨ ਲਈ ਬਿਰਧ ਆਸ਼ਰਮ ਬਾਦਲ ਵਿੱਚ ਆ ਗਿਆ। ਪਤਨੀ ਧੀ ਕੋਲ ਟੋਰਾਂਟੋ ਰਹਿੰਦੀ ਹੈ ਅਤੇ ਲੜਕਾ ਆਸਟ੍ਰੇਲੀਆਂ ’ਚ ਵਸਦਾ ਹਨ। ਉਹ ਆਖਦੇ ਹਨ ਕਿ ਘਰੇ ਇਕੱਲਾਪਨ ਖਾਣ ਨੂੰ ਆਉਂਦਾ ਸੀ। ਪਤਨੀ ਬੱਚਿਆਂ ਨਾਲ ਰਹਿ ਕੇ ਖੁਸ਼ ਹੈ। ਪਿਛਲੇ ਤਿੰਨ ਮਹੀਨੇ ਤੋਂ ਇੱਥੇ ਉਹ ਮਾਨਸਿਕ ਤੌਰ ’ਤੇ ਸੌਖਾ ਮਹਿਸੂਸ ਕਰ ਰਿਹਾ ਹੈ ਅਤੇ ਖੁਦ ਨੂੰ ਵਿਅਸਤ ਰੱਖਦਾ ਹੈ। 
        ਮਾਨਸਾ ਨਾਲ ਸੰਬਧਤ 52 ਸਾਲਾ ਪ੍ਰਵੀਨ ਰਾਣੀ, ਚਾਰ ਭਰਾਵਾਂ ਦੀ ਭੈਣ ਪਿਛਲੇ ਦਹਾਕੇ ਤੋਂ ਬਿਰਧ ਆਰਸ਼ਮ ’ਚ ਜੀਵਨ ਗੁਜਾਰ ਰਹੀ ਹੈ। ਬਿਮਾਰ ਰਹਿਣ ਕਰਕੇ ਉਸਦੀ ਸ਼ਾਦੀ ਨਹੀਂ ਹੋ ਸਕੀ। ਉਹ ਚੰਗੇ ਵਸਦੇ ਰਸਦੇ ਪਰਿਵਾਰ ਨਾਲ ਸਬੰਧਤ ਹੈ। ਪਰ ਪਰਿਵਾਰਕ ਤੰਦਾਂ ਵੱਲੋਂ ਉਸਦਾ ਬੋਝਾ ਨਾ ਝੱਲਣ ਕਰਕੇ ਹੁਣ ਬਿਰਧ ਆਸ਼ਰਮ ਉਸਦਾ ਘਰ-ਪਰਿਵਾਰ ਹੈ ਅਤੇ ਨਾਲ ਰਹਿੰਦੇ ਬਜ਼ੁਰਗ ਉਸਦੇ ਭੈਣ-ਭਰਾ। ਉਂਝ ਪ੍ਰਵੀਣ ਰਾਣੀ ਦੇ ਅਮੀਰ ਭਰਾ ਸਾਲ ਛਿਮਾਹੀ ਕਾਫ਼ੀ ਸਮਾਨ ਅਤੇ ਕੱਪੜੇ ਵਗੈਰਾ ਲੈ ਕੇ ਮਿਲਣ ਆਉਂਦੇ ਹਨ। 
       ਆਜ਼ਾਦੀ ਘੁਲਾਟੀਏ ਦਾ 72 ਸਾਲਾ ਪੁੱਤਰ ਭੁਪਿੰਦਰ ਸਿੰਘ (ਅੰਬਾਲਾ) ਕਦੇ ਮਾਰਕਫੱੈਡ ’ਚ ਕੱਚਾ ਮੁਲਾਜਮ ਹੁੰਦਾ ਸੀ। ਗਰੀਬੀ ਕਰਕੇ ਵਿਆਹ ਨਾ ਹੋਣ ਕਾਰਨ ਵਧਦੀ ਉਮਰੇ ਜ਼ਿੰਦਗੀ ਬੇਜਾਰ ਹੋ ਗਈ। ਅੱਧਰੰਗ ਹੋਣ ਅਤੇ ਅੱਖਾਂ ਦੀ ਰੌਸ਼ਨੀ ਜਾਣ ਨਾਲ ਉਸਦਾ ਬੁਢਾਪਾ ਦਿੱਕਤਾਂ ਦਾ ਸ਼ਿਕਾਰ ਹੋ ਗਿਆ। ਉਸਦਾ ਕਹਿਣਾ ਹੈ ਕਿ ਸਮਾਜ ’ਚ ਸੌ ਫ਼ੀਸਦੀ ਬੱਚੇ ਗਲਤ ਨਹੀਂ ਹੁੰਦੇ। ਕਾਫ਼ੀ ਹੱਦ ਤੱਕ ਬਜ਼ੁਰਗਾਂ ਦਾ ਸੁਭਾਅ ਵੀ ਉਨ੍ਹਾਂ ਦੀ ਬੱਚਿਆਂ ਨਾਲ ਦੂਰੀਆਂ ਦਾ ਕਾਰਨ ਬਣਦਾ ਹੈ। ਪਿੰਡ ਮਾਨ ਦੇ ਜੋਗਿੰਦਰ ਸਿੰਘ ਲਈ ਆਪਣੀ 30 ਏਕੜ ਜ਼ਮੀਨ ਆਪਣੇ ਪੁੱਤ ਅਤੇ ਨੂੰਹ ਦੇ ਨਾਂਅ ਕਰਵਾਉਣੀ ਮਹਿੰਗੀ ਪੈ ਗਈ। ਉਸਨੂੰ ਘਰੋਂ ਕੱਢ ਦਿੱਤਾ ਗਿਆ। ਉਹ ਪੰਜ-ਛੇ ਸਾਲਾਂ ਤੋਂ ਬਿਰਧ ਆਸ਼ਰਮ ’ਚ ਰਹਿੰਦਾ ਹੈ। ਉਸਦੇ ਅਨੁਸਾਰ ਪੁੱਤਾਂ ਨਾਲੋਂ ਧੀਆਂ ਬੁਢਾਪੇ ’ਚ ਮਾਪਿਆਂ ਦਾ ਵੱਧ ਸਹਾਰਾ ਬਣਦੀਆਂ ਹਨ। 
       
ਸੰਗੂਧੌਣ ਦੇ 80 ਸਾਲਾ ਬਿੰਦਰ ਸਿੰਘ ਨੇ ਆਖਿਆ ਕਿ ਉਹ ਆਪਣੀ ਚਾਰ ਕਨਾਲ ਜ਼ਮੀਨ ’ਤੇ ਜ਼ਿੰਦਗੀ ਦੀ ਗੱਡੀ ਰੋੜ੍ਹ ਰਿਹਾ ਸੀ। ਪੁੱਤਰ ਵੀ ਚੰਗੀਗੜ੍ਹ ’ਚ ਮਜ਼ਦੂਰੀ ਕਰਕੇ ਵੇਲਾ ਲੰਘਾਉਂਦਾ ਹੈ। ਬੁਢਾਪੇ ’ਚ ਗੁਜਰ-ਬਸਰ ਅੌਖਾ ਹੋ ਗਿਆ। ਪਤਨੀ ਨੇ ਬਿਰਧ ਆਸ਼ਰਮ ’ਚ ਆਉਣਾ ਚੰਗਾ ਨਾ ਸਮਝਿਆ। ਉਹ ਪਿੰਡ ’ਚ ਮਿਹਨਤ ਕਰਕੇ ਡੰਗ ਟਪਾਉਂਦੀ ਹੈ।
       ਬੀਦੋਵਾਲੀ ਦਾ 71 ਸਾਲਾ ਬਜ਼ੁਰਗ ਕੌਰ ਸਿੰਘ ਦੇ ਜ਼ਿਕਰ ਵਗੈਰ ਇਹ ਲੇਖ ਅਧੂਰਾ ਰਹੇਗਾ। 13 ਸਾਲ ਤੋਂ ਇੱਥੇ ਰਹਿੰਦਾ ਹੈ। ਉਸਦੇ ਘਰ ’ਚ ਪਤਨੀ, ਪੁੱਤਰ-ਨੂੰਹ ਅਤੇ ਪੋਤੇ-ਪੋਤੀਆਂ ਹਨ। ਕੌਰ ਸਿੰਘ ਦਾ ਕਈ ਬਿਮਾਰੀਆਂ ਦੀ ਮਾਰ ਹੇਠਲਾ ਸਰੀਰ ਜਿੱਥੇ ਬਿਰਧ ਆਸ਼ਰਮ ਦੇ ਪ੍ਰਬੰਧਕਾਂ ਨੂੰ ਨਿੱਤ ਭਾਜੜ ਪਾਈ ਰੱਖਦਾ ਹੈ। ਇੱਥੇ ਕੌਰ ਸਿੰਘ ਇਕਲੌਤਾ ਅਜਿਹਾ ਸ਼ਖਸ ਹੈ, ਜੋ ਪਿੰਡ ਬਾਦਲ ਦੇ ਚੱਪੇ-ਚੱਪੇ ਤੋਂ ਵਾਕਫ਼ ਹੈ। ਸਾਰਾ ਪਿੰਡ ਕੌਰ ਸਿੰਘ ਦੇ ਅੰਗਰੇਜ਼ੀ ਬੋਲਣ ਦੇ ਰੌਣਕੀ ਸੁਭਾਅ ਤੋਂ ਜਾਣੂ ਹੈ। ਉਹ ਪਲ ’ਚ ਬਿਮਾਰ ਹੋ ਜਾਂਦਾ ਹੈ ਅਤੇ ਥੋੜ੍ਹੀ ਦੇਰ ਬਾਅਦ ਪਤਾ ਨਹੀ ਸਾਇਕਲ ’ਤੇ ਕਿਹੜੇ ਗਲੀ ਚੌਰਾਹੇ ’ਤੇ ਬਾਦਲ ਪਿੰਡ ਦੀ ਫੇਰੀ ਲਾਉਂਦਾ ਟੱਕਰ ਜਾਵੇ। ਉਸਤੋਂ ਜ਼ਮੀਨ ਲੈ ਕੇ ਘਰੋਂ ਕੱਢਣ ਲਈ ਨੂੰਹ-ਪੁੱਤ ਅਤੇ ਪਤਨੀ ’ਤੇ ਗੁੱਸਾ ਕੱਢਦਾ ਹੈ। ਕੌਰ ਸਿੰਘ ਨੂੰ ਮਿਲਣ ਪੁੱਜੀਆਂ ਉਸ ਦੀਆਂ ਦੋਵੇਂ ਭੈਣਾਂ ਵੀ ਭਰਾ ਦੀ ਹਾਲਤ ’ਤੇ ਹੰਝੂ ਵਹਾ ਰਹੀਆਂ ਸਨ। 
       ਬਿਰਧ ਆਸ਼ਰਮ ਦੇ ਇੰਚਾਰਜ਼ ਪ੍ਰਿੰਸੀਪਲ ਡਾ. ਆਨੰਦ ਪਾਲ ਦਾ ਕਹਿਣਾ ਸੀ ਕਿ ਬਿਰਧ ਆਸ਼ਰਮ ’ਚ ਬਜ਼ੁਰਗਾਂ ਦੀ ਮੁਫ਼ਤ ਸਾਂਭ-ਸੰਭਾਲ ’ਤੇ ਕਰੀਬ ਢਾਈ ਲੱਖ ਰੁਪਏ ਪ੍ਰਤੀ ਮਹੀਨਾ ਖਰਚਾ ਆਉਂਦਾ ਹੈ। ਸਮੁੱਚਾ ਆਰਥਿਕ ਵਹਿਣ ਚੌਧਰੀ ਦੇਵੀ ਲਾਲ ਮੈਮੋਰੀਅਲ ਟਰੱਸਟ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਦੇ ਪੱਧਰ ’ਤੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਿਰਧ ਆਸ਼ਰਮ  ਨੌਂ ਬੱਚਿਆਂ ਦੀ ਪੜ੍ਹਾਈ ਲਿਖਾਈ ਦੀ ਖਰਚਾ ਝੱਲਦਾ ਹੈ, ਜੋ ਕਿ ਪਹਿਲਾਂ ਇੱਥੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਹਰ ਹਫ਼ਤੇ ਦੋ ਡਾਕਟਰ ਮੁਫ਼ਤ ਸੇਵਾਵਾਂ ਵਜੋਂ ਬਜ਼ੁਰਗਾਂ ਦੀ ਜਾਂਚ ਲਈ ਆਉਂਦੇ ਹਨ। ਜਦੋਂਕਿ ਇੱਕ ਮੈਡੀਕਲ ਪ੍ਰੈਕਟੀਸ਼ਨਰ ਰੋਜ਼ਾਨਾ ਸ਼ਾਮ ਨੂੰ ਜਾਂਚ ਲਈ ਪੁੱਜਦਾ ਹੈ। ਉਨ੍ਹਾਂ ਕਿਹਾ ਕਿ ਬਿਰਧ ਆਸ਼ਰਾਮ ’ਚ ਰਹਿੰਦੇ ਬਜ਼ੁਰਗਾਂ ਦਾ ਇਲਾਜ਼ ਉੱਚ ਪੱਧਰੀ ਹਸਪਤਾਲਾ ’ਚ ਹੁੰਦਾ ਹੈ। 

ਬਿਰਧ ਆਸ਼ਰਮ ਸਮਾਜ ਦੀ ਜ਼ਰੂਰਤ ਨਹੀਂ ਬਲਕਿ ਦੁਖਾਂਤ
ਚੌ: ਦੇਵੀ ਲਾਲ ਟਰੱਸਟ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਬਿਰਧ ਆਸ਼ਰਮ ਸਮਾਜ ਦੇ ਨਿਘਰਦੇ ਮਾਹੌਲ ਕਾਰਨ ਬਜ਼ੁਰਗਾਂ ਦਾ ਮਾਣ-ਸਤਿਕਾਰ ਬਰਕਰਾਰ ਰੱਖਣ ਲਈ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਨਵੀਂ ਪੀੜ੍ਹੀਂ ਨੂੰ ਆਪਣੇ ਬੁਜ਼ਰਗ ਮਾਪਿਆਂ ਦੀ ਸਾਂਭ-ਸੰਭਾਲ ਬੱਚਿਆਂ ਵਾਂਗ ਕਰਨੀ ਚਾਹੀਦੀ ਹੈ। ਮਾਪਿਆਂ ਦੀ ਸਾਂਭ-ਸੰਭਾਲ ਸਭ ਤੋਂ ਵੱਡਾ ਧਰਮ ਅਤੇ ਸੇਵਾ ਹੈ। ਬਿਰਧ ਆਸ਼ਰਮ ਸਮਾਜ ਦੀ ਜ਼ਰੂਰਤ ਨਹੀਂ ਬਲਕਿ ਦੁਖਾਂਤ ਹੈ। 

No comments:

Post a Comment