23 October 2018

ਉਮਰ ਲੰਘ ਗਈ ਭਟਕਦੇ-ਭਟਕਦੇ

                                                     ਇਕਬਾਲ ਸਿੰਘ ਸ਼ਾਂਤ
ਲੰਬੀ: ਪਿਛਲੇ ਸਾਢੇ ਗਿਆਰਾਂ ਸਾਲਾਂ ’ਚ ਸਰਕਾਰੀ ਨੌਕਰੀ ਨੂੰ ਉਡੀਕਦੇ-ਉਡੀਕਦੇ ਲਗਪਗ 38 ਹਜ਼ਾਰ ਤੋਂ ਵੱਧ ਪੰਜਾਬੀ ਨੌਜਵਾਨ ਉਮਰ ਦਰਾਜ ਹੋ ਗਏ। ਸਰਕਾਰੀ ਨੌਕਰੀ ਲਈ ਭਟਕਦੇ-ਭਟਕਦੇ ਪੜ੍ਹੇ ਲਿਖੇ ਨੌਜਵਾਨਾਂ ਦਾ ਜਵਾਨੀ ਵਾਲਾ ਜੁੱਸਾ ਬੁਢਾਪੇ ਵਾਲੇ ਰਾਹ ਪੈ ਗਿਆ। ਸਿਫ਼ਾਰਸ਼ਾਂ ਅਤੇ ਟੈਸਟਾਂ ’ਚ ਕਿਸਮਤ ਹੱਥੋਂ ਹਾਰਨ ਵਾਲੇ ਹੱਥਾਂ ਦੀਆਂ ਲਕੀਰਾਂ ਕੱਚੇ-ਪੱਕੇ ਰਜ਼ੁਗਾਰਾਂ ’ਤੇ ਨਿਰਭਰ ਹੋ ਗਈਆਂ। ਪੰਜਾਬ ’ਚ ਸਰਕਾਰੀ ਨੌਕਰੀ ਦੀ ਹੱਦ 37 ਸਾਲ ਹੈ। ਜਦਕਿ ਗੁਆਂਢੀ ਸੂਬੇ ਹਰਿਆਣੇ
’ਚ ਸਰਕਾਰੀ ਨੌਕਰੀ ਲਈ ਉਮਰ ਹੱਦ 42 ਸਾਲ ਤੱਕ ਹੈ। ਪਿਛਲੇ ਸਾਢੇ 11 ਸਾਲਾਂ ’ਚ ਜ਼ਿਲ੍ਹਾ ਜਲੰਧਰ ’ਚ ਸਭ ਤੋਂ ਵੱਧ 5200 ਸੌ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ’ਚ ਸਭ ਤੋਂ ਘੱਟ 167 ਬੇਰੁਜ਼ਗਾਰ ਨੌਜਵਾਨ ਸਰਕਾਰੀ ਨੌਕਰੀ ਉਡੀਕਦੇ ਹੋਏ 37 ਸਾਲਾਂ ਦੀ ਉਮਰ ਹੱਦ ਪਾਰ ਕਰ ਗਏ। ਸੂਬੇ ’ਚ ਨੌਕਰੀ ਦਾ ਮੁੱਖ ਆਧਾਰ ਅਖਵਾਉਂਦੇ ਰੁਜ਼ਗਾਰ ਜਨਰੇਸ਼ਨ ਵਿਭਾਗ ਕੋਲ ਪਿਛਲੇ ਦਹਾਕੇ ਦੌਰਾਨ ਕਰੀਬ 2.56 ਲੱਖ ਨੌਜਵਾਨ ਮੁੰਡੇ-ਕੁੜੀਆਂ ਹੀ ਰਜਿਸਟਰਡ ਹੋਏ ਹਨ।
ਉਮਰ ਦਰਾਜ ਹੋਏ ਬੇਰੁਜ਼ਗਾਰਾਂ ਦੀਆਂ ਉਮੀਦਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ 2016 ਵਿੱਚ ਤਲਵੰਡੀ ਸਾਬੋ ਵਿਖੇ ਵਿਸਾਖੀ ਕਾਨਫਰੰਸ ਮੌਕੇ ਕੀਤੇ ਉਸ ਵਾਅਦੇ ’ਤੇ ਟਿਕੀਆਂ ਹਨ, ਜਿਸ ’ਚ ਉਨ੍ਹਾਂ ਕਾਂਗਰਸ ਸਰਕਾਰ ਬਣਨ ’ਤੇ ਸਰਕਾਰੀ ਨੌਕਰੀ ਦੀ ਉਮਰ ਹੱਦ ਹਰਿਆਣਾ ਪੈਟਰਨ ’ਤੇ ਕਰਨ ਦਾ ਐਲਾਨ ਕੀਤਾ ਸੀ। ਉਮਰ ਦਰਾਜ ਬੇਰੁਜ਼ਗਾਰਾਂ ਸੰਬੰਧੀ ਅੰਕੜੇ ਪੰਜਾਬ ਰੁਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਵਿਭਾਗ ਦੀ ਸੂਚਨਾ ’ਤੇ ਆਧਾਰਤ ਹਨ। ਹਾਲਾਂਕਿ ਕਈ ਜ਼ਿਲ੍ਹੇ ਅੰਕੜਿਆਂ ਪੱਖੋਂ ਪੂਰੇ ਨਾ ਹੋਣ ਕਰਕੇ ਸੂਚੀ ਕਾਫ਼ੀ ਵੱਧ ਹੋਣ ਦੀ ਉਮੀਦ ਹੈ। 
ਪਿਛਲੇ ਦਹਾਕੇ ’ਚ ਅਕਾਲੀ ਸਰਕਾਰ ਸਮੇਂ ਪੰਜਾਬ ’ਚ ਹਜ਼ਾਰਾਂ ਗਿਣਤੀ ਪੜ੍ਹੇ-ਲਿਖੇ ਅਧਿਆਪਕ, ਫੂਡ ਸਪਲਾਈ, ਨਹਿਰੀ ਪਟਵਾਰੀ, ਪੁਲਿਸ ਸਮੇਤ ਹੋਰਨਾਂ ਵਿਭਾਗਾਂ ’ਚ ਕੱਚੀਆਂ-ਪੱਕੀਆਂ ਸਰਕਾਰੀ ਨੌਕਰੀਆਂ ’ਤੇ ਲੱਗਣ ਦੀਆਂ ਰਿਪੋਰਟਾਂ ਹਨ। ਘਰ-ਘਰ ਨੌਕਰੀ ਦੇਣ ਦੇ ਵਾਅਵੇ ਤਹਿਤ ਸੱਤਾ ’ਚ ਕਾਬਜ਼ ਹੋਈ ਕਾਂਗਰਸ ਸਰਕਾਰ ਨੇ ਪਿਛਲੇ 18 ਮਹੀਨਿਆਂ ਦੌਰਾਨ 3,93,320 ਨੌਜਵਾਨਾਂ ਨੂੰ ਨੌਕਰੀਆਂ/ਸਵੈ-ਰੋਜ਼ਗਾਰ ਦੇਣ ਦਾ ਦਾਅਵਾ ਕੀਤਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਅਨੁਸਾਰ ਪੰਜਾਬ ਵਿੱਚ ਰੋਜ਼ਾਨਾ ਅੱਠ ਸੌ ਨੌਕਰੀਆਂ/ਸਵੈ-ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਸੂਬੇ ’ਚ ਜ਼ਿਲ੍ਹਾ ਵਾਰ ਅੰਕੜਿਆਂ ’ਚ ਉਮਰ ਦਰਾਜ ਹੋਏ ਬੇਰੁਜ਼ਗਾਰਾਂ ਦੇ ਅੰਕੜਿਆਂ ਮੁਤਾਬਕ ਜ਼ਿਲ੍ਹਾ ਪਠਾਨਕੋਟ ’ਚ 4063, ਜ਼ਿਲ੍ਹਾ ਮੁਹਾਲੀ ’ਚ 4049, ਰੂਪ ਨਗਰ ’ਚ 3679, ਜ਼ਿਲ੍ਹਾ ਲੁਧਿਆਣਾ ’ਚ 3535, ਫਿਰੋਜ਼ਪੁਰ ’ਚ 3195, ਅੰਮ੍ਰਿਤਸਰ ’ਚ ਕਰੀਬ 3000, ਫਰੀਦਕੋਟ ’ਚ 1851, ਹੁਸ਼ਿਆਰਪੁਰ 1822, ਫਤਿਹਗੜ੍ਹ ਸਾਹਿਬ ’ਚ 1560, ਤਰਨਤਾਰਨ ’ਚ ਲਗਪਗ 1543,  ਕਪੂਰਥਲਾ ’ਚ ਕਰੀਬ 1200, ਬਰਨਾਲਾ 1081, ਬਠਿੰਡਾ ’ਚ 1018, ਮਾਨਸਾ ’ਚ 542, ਜ਼ਿਲ੍ਹਾ ਮੋਗਾ ’ਚ 340 ਅਤੇ ਸਾਬਕਾ ਵੀ.ਆਈ.ਪੀ. ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ’ਚ 200 ਨੌਜਵਾਨ ਸ਼ਾਮਲ ਹਨ।  
ਪੰਜਾਬ ਦਾ ਦੁਖਾਂਤ ਹੈ ਕਿ ਸਰਕਾਰੀ ਨੌਕਰੀ ਅਤੇ ਰੁਜ਼ਗਾਰ ਦੇ ਸੁਚੱਜੇ ਵਸੀਲੇ ਨਾ ਹੋਣ ਕਾਰਨ ਪੰਜਾਬ ਦਾ ਕਿਰਤੀ ਅਤੇ ਪੜ੍ਹਿਆ-ਲਿਖਿਆ ਜੁੱਸਾ ਲੱਖਾਂ ਨੌਜਵਾਨ ਦੀ ਸ਼ਕਲ ’ਚ ਵਿਦੇਸ਼ਾਂ ਨੂੰ ਉਡਾਰੀ ਮਾਰ ਚੁੱਕਿਆ ਹੈ। ਇਹ ਰੁਝਾਨ ਲਗਾਤਾਰ ਜਾਰੀ ਹੈ। ਸਰਕਾਰੀ ਨੌਕਰੀ ਦੀ ਤਾਂਘ ਵਿੱਚ ਵਰ੍ਹਿਆਂ ਤੱਕ ਧੱਕੇ ਖਾਣ ਵਾਲਾ ਬੀ.ਏ., ਬੀ.ਐੱਡ ਅਤੇ ਐਮ.ਏ ਪਾਸ ਗੁਰਮੇਲ ਸਿੰਘ ਵਾਸੀ ਗੋਬਿੰਦਪੁਰਾ ਨੇ ਪਟਵਾਰੀ ਦੇ ਪੀ.ਏ. ਵਜੋਂ ਕੰਮ ਕਰਕੇ ਵੇਲਾ ਲੰਘਾ ਰਿਹਾ ਹੈ। ਜਦੋਂਕਿ ਸਰਕਾਰੀ ਨੌਕਰੀ ਨਾ ਮਿਲਣ ਕਰਕੇ ਬੀ.ਏ, ਬੀ.ਐੱਡ ਅਤੇ ਡਬਲ ਐਮ.ਏ ਪਾਸ ਕਰਮਜੀਤ ਕੌਰ ਵਾਸੀ ਕੋਠਾ ਗੁਰੂਕਾ ਵੀ ਬਤੌਰ ਨਿੱਜੀ ਅਧਿਆਪਕ ਨਿਗੁਣੀ ਤਨਖ਼ਾਹ ’ਤੇ ਨੌਕਰੀ ਕਰ ਰਹੀ ਹੈ। ਜਮ੍ਹਾ ਦੋ ਪਾਸ ਮਨਪ੍ਰੀਤ ਸਿੰਘ ਪਿੰਡ ਮਲੋਟ ਵੀ ਉਮਰ ਹੱਦ ਲੰਘਣ ਬਾਅਦ ਪ੍ਰਾਈਵੇਟ ਰੁਜ਼ਗਾਰ ਰਾਹੀਂ ਆਪਣਾ ਵੇਲਾ ਲੰਘਾ ਰਿਹਾ ਹੈ। ਪੰਜਾਬ ਵਿੱਚ ਉਮਰ ਦਰਾਜ ਹੋਏ ਬੇਰੁਜ਼ਗਾਰਾਂ ਦਾ ਕਹਿਣਾ ਹੈ ਕਿ ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਸਰਕਾਰ ਹਰਿਆਣਾ ਪੈਟਰਨ ’ਤੇ ਉਮਰ ਹੱਦ ਵਧਾਉਣ ਦਾ ਫੈਸਲਾ ਕਰਦੀ ਹੈ ਤਾਂ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ’ਚ ਰੋਜ਼ੀ-ਰੋਟੀ ਵਾਲੀ ਬਹਾਰ ਆ ਸਕਦੀ ਹੈ ਅਤੇ ਉਨ੍ਹਾਂ ਦੇ ਘਰਾਂ ’ਚ ‘ਆਰਥਿਕ ਸੁੱਖ’ ਵਾਲੇ ਚੁੱਲ੍ਹੇ ਵਲ ਸਕਦੇ ਹਨ। 

No comments:

Post a Comment