26 September 2020

ਸਲਾਹਾਂ ਤੇ ਮਿਹਣਿਆਂ ਨਾਲ ਕੀਤਾ ਅਮਰਿੰਦਰ ਦੀ ‘ਗੱਡੀ’ ਦਾ ਸਿਆਸੀ ਚੱਕਾ ਜਾਮ


- ਸੁਖਬੀਰ ਨੇ ਪੰਜਾਬ ਨੂੰ ਮੰਡੀ ਬਣਾਉਣ ਐਲਾਨਣ ਦੀ ਸਲਾਹ

- ਹਰਸਿਮਰਤ ਵੱਲੋਂ ਕੈਪਟਨ ਨੂੰ ਆਰਡੀਨੈਂਸ ਬਾਰੇ ਅਗਾਊਂ ਜਾਂਣਕਾਰੀ ਦੇ ਦੋਸ਼

-  ਸੁਖਬੀਰ ਤੇ ਹਰਸਿਮਰਤ ਦੀ ਟਰੈਕਟਰ ’ਤੇ ਆਮਦ, ਵਾਸਪੀ ਲਗਜ਼ਰੀ ਕਾਰ ’ਤੇ

- ਅਕਾਲੀ ਦਲ ਵੱਲੋਂ ਲੰਬੀ ’ਚ ਕੌਮੀ ਸੜਕ ’ਤੇ ਚੱਕਾ ਜਾਮ


ਇਕਬਾਲ ਸ਼ਾਂਤ

ਲੰਬੀ : ਬਾਦਲ ਪਤੀ-ਪਤਨੀ ਜੋੜੀ ਨੇ ਅੱਜ ਘੇਰਵੀਆਂ ਸਲਾਹਾਂ ਤੇ ਸਿੱੱਝਵੇਂ ਮਿਹਣਿਆਂ ਨਾਲ ਅਮਰਿੰਦਰ ਸਿੰਘ ਦੀ ਸੱਤਾਪੱਖੀ ਗੱਡੀ ਦਾ ਸਿਆਸੀ ਚੱਕਾ ਜਾਮ ਕਰ ਰੱਖਿਆ। ਲੰਬੀ ’ਚ ਚੱਕਾ ਜਾਮ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਬਿੱਲ ਨੂੰ ਪੰਜਾਬ ’ਚ ਨਾਕਾਬਿਲ ਬਣਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੂਬਾ ਸਰਕਾਰੀ ਮੰਡੀ ਐਲਾਨਣ ਕੇ ਆਰਡੀਨੈਂਸ ਜਾਰੀ ਕਰਨ ਦੀ ਸਲਾਹ ਦਿੱਤੀ। ਉਥੇ ਹਰਸਿਮਰਤ ਕੌਰ ਨੇ ਮੁੱਖ ਮੰਤਰੀ ਪੰਜਾਬ ਨੂੰ ਖੇਤੀ ਆਰਡੀਨੈਂਸਾਂ ਬਾਰੇ ਨੂੰ ਅਗਸਤ 2019 ਤੋਂ ਜਾਣਕਾਰੀ ਹੋਣ ਦਾ ਵੱਡਾ ਖੁਲਾਸਾ ਕਰਕੇ ਅਮਰਿੰਦਰ ਸਿੰਘ ਨੂੰ ਜਨਤਕ ਜਵਾਬਦੇਹੀ ’ਚ ਫਸਾ ਦਿੱਤਾ। ਹਰਸਿਮਰਤ ਨੇ ਧਰਨੇ ’ਚ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਭੇਜਿਆ ਪੱਤਰ ਵੀ ਵਿਖਾਇਆ। ਜ਼ਿਕਰਯੋਗ ਹੈ ਕਿ ਕੇਂਦਰੀ ਵਜ਼ੀਰੀ ਦੇ ਸਿਆਸੀ ਬੋਝ ਤੋਂ ਫਾਰਗੀ ਮਗਰੋਂ ਦੋਵੇਂ ਆਗੂ ਲਗਾਤਾਰ ਸੂਬਾਈ ਸਿਆਸਤ ਦਾ ਇੱਕਪਾਸੜ ਮਾਹੌਲ ਬਣਾਉਣ ਲਈ ਤਿੱਖੇ ਸੁਰਾਂ ਨਾਲ ਚਹੁੰਪਾਸੇ ‘ਬਾਗੀ’ ਨਿਸ਼ਾਨੇ ਲਗਾ ਰਹੇ ਹਨ। 

ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਟਰੈਕਟਰ ’ਤੇ ਸਵਾਰ ਹੋ ਕੇ ਲੰਬੀ ਨੇੜੇ ਚੱਕਾ ਜਾਮ-ਧਰਨੇ ’ਚ ਸ਼ਾਮਿਲ ਹੋਏ। ਦੋਵੇਂ ਆਗੂ ਪਿੰਡ ਬਾਦਲ ਰਿਹਾਇਸ਼ ਤੋਂ ਟਰੈਕਟਰਾਂ ਦੇ ਵੱਡੇ ਕਾਫਲੇ ਦੀ ਸ਼ਕਲ ’ਚ ਧਰਨੇ ਵਿੱਚ ਪੁੱਜੇ। ਜਦੋਂਕਿ ਧਰਨੇ ਤੋਂ ਬਾਅਦ ਦੋਵੇਂ ਆਗੂ ਲਗਜ਼ਰੀ ਗੱਡੀ ’ਤੇ ਵਾਪਸ ਗਏ। ਕਾਫ਼ਲੇ ’ਚ ਸ਼ਾਮਲ 35 ਟਰੈਕਟਰ ਅਕਾਲੀ ਦਲ ਜਸਮੇਲ ਸਿੰਘ ਮਿਠੜੀ ਦੀ ਤਰੱਦਦ ਸਦਕਾ ਮਿਠੜੀ ਪਿਡੋਂ ਆਏ ਸਨ। 

        ਲੰਬੀ ’ਚ ਕੌਮੀ ਸ਼ਾਹ ਰਾਹ ’ਤੇ ਅਕਾਲੀ ਵਰਕਰਾਂ ਦੇ ਵਿਸ਼ਾਲ ਧਰਨੇ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਬਨਿਟ ਮੀਟਿੰਗ ’ਚ ਸੂਬੇ ਨੂੰ ਬਤੌਰ ਸਰਕਾਰੀ ਮੰਡੀ ਐਲਾਨਣ ਅਤੇ ਬਾਅਦ ’ਚ ਵਿਧਾਨਸਭਾ ਦਾ ਇਜਲਾਸ ਸੱਦ ਕੇ ਆਰਡੀਨੈਂਸ ਲਈ ਬਿੱਲ ਪਾਸ ਕਰਕੇ ਕਾਨੂੰਨ ਬਣਾਇਆ ਜਾਵੇ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਇਹ ਫੈਸਲਾ ਕਾਂਗਰਸ ਸਰਕਾਰ ਨਹੀਂ ਕਰੇਗੀ ਤਾਂ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਗਾਮੀ ਪੀੜੀਆਂ ਦਾ ਭਵਿੱਖ ਪਹਿਲੇ ਹੱਲੇ ਕੀਤਾ ਜਾਵੇਗਾ। 

ਅਕਾਲੀ ਦਲ ਪ੍ਰਧਾਨ ਨੇ ਕੈਪਟਨ ਵੱਲੋਂ ਕਿਸਾਨਾਂ ਦੀ ਭਲਾਈ ਲਈ ਮਗਰਮੱਛ ਦੇ ਹੰਝੂ ਵਹਾਉਣ ਨੂੰ ਵੀ ਬੇਨਕਾਬ ਕੀਤਾ। ਉਨਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਅਨੁਸਾਰ ਸੂਬੇ ਦੇ ਏ.ਪੀ.ਐਮ.ਸੀ. ਐਕਟ ’ਚ ਸੋਧ ਕੀਤੀ ਤੇ ਨਿੱਜੀ ਮੰਡੀਆਂ, ਕਾਂਟਰੈਕਟ ਫਾਰਮਿੰਗ ਅਤੇ ਈ-ਟਰੇਡਿੰਗ ਸ਼ੁਰੂ ਕਰਵਾਈ। 

ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨਾਂ ਪੰਜਾਬ ਦੀ ਧੀ ਵਜੋਂ ਆਪਣਾ ਫਰਜ਼ ਨਿਭਾਇਆ ਹੈ। ਉਨਾਂ ਕੈਪਟਨ ’ਤੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਦੋਸ਼ ਲਗਾਉਂਦੇ ਕਿਹਾ ਕਿ ਅਮਰਿੰਦਰ ਸਿੰਘ ਨੂੰ ਪਿਛਲੇ ਅਗਸਤ ਤੋਂ ਹੀ ਪਤਾ ਸੀ ਕਿ ਅਜਿਹੇ ਆਰਡੀਨੈਂਸ ਆ ਰਹੇ ਹਨ। ਉਨਾਂ ਕਿਹਾ ਕਿ ਇਸਦਾ ਠੋਸ ਸਬੂਤ ਉਹ ਪੱਤਰ ਹੈ ਜੋ ਉਨਾਂ ਦੀ ਸਰਕਾਰ ਨੂੰ ਮਿਲਿਆ ਪਰ ਉਨਾਂ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਇਸ ਕਦਮ ਦਾ ਵਿਰੋਧ ਕਰਨ ਦੀ ਥਾਂ ਚੁੱਪੀ ਧਾਰੀ ਰੱਖੀ। ਉਨਾਂ ਕਿਹਾ ਕਿ ਦੂਜੇ ਪਾਸੇ ਜਦੋਂ ਮੈਨੂੰ ਮਹਿਸੂਸ ਹੋਇਆ ਕਿ ਕਿਸਾਨਾਂ ਦੇ ਖਦਸ਼ੇ ਦੂਰ ਨਹੀਂ ਕੀਤੇ ਜਾ ਰਹੇ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਚਮੁੱਚ ਕਿਸਾਨਾਂ ਦੀ ਚਿੰਤਾ ਹੈ ਤਾਂ ਫਿਰ ਉਨਾਂ ਨੂੰ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਮਿੱਡੂਖੇੜਾ ਨੇ ਕਿਹਾ ਕਿ ਕਾਂਗਰਸ ਪੱਚੀ ਵਿਅਕਤੀਆਂ ਨੇ ਮਹਿਣਾ ਅਤੇ ਆਧਨੀਆਂ ’ਚ ਸੜਕਾਂ ’ਤੇ ਨਿਗੁਣੇ ਇਕੱਠੇ ਵਾਲੇ ਧਰਨੇ ਲਗਾ ਕੇ ਅਕਾਲੀ ਵਰਕਰਾਂ ਨੂੰ ਲੰਬੀ ’ਚ ਅਕਾਲੀ ਦਲ ਦੇ ਚੱਕਾ ਜਾਮ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ। ਇਸਦੇ ਬਾਵਜੂਦ ਧਰਨੇ ’ਚ ਬੇਮਿਸਾਲ ਇਕੱਠ ਹੋਇਆ। ਇਸ ਮੌਕੇ ਲੰਬੀ ਹਲਕੇ ਵਿਚੋਂ ਵੱਡੀ ਗਿਣਤੀ ਅਕਾਲੀ ਕਾਰਕੁਨ ਸਮੇਤ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ, ਸਰਕਲ ਪ੍ਰਧਾਨ ਅਵਤਾਰ ਸਿੰਘ ਬਨਵਾਲਾ, ਗੁਰਬਖਸ਼ੀਸ਼ ਸਿੰਘ ਵਿੱਕੀ, ਪੱਪੀ ਤਰਮਾਲਾ, ਕਾਕਾ ਭਾਈਕੇਰਾ, ਬਲਕਰਨ ਸਿੰਘ ਓ.ਐਸ.ਡੀ, ਜਸਮੇਲ ਸਿੰਘ ਮਿਠੜੀ, ਪਵਿੱਤਰਜੋਤ ਲੁਹਾਰਾ, ਹਰਵੀ ਬਾਦਲ, ਅਕਾਸ਼ਦੀਪ ਮਿੱਡੂਖੇੜਾ, ਰਣਯੌਧ ਸਿੰਘ ਲੰਬੀ, ਕੁਲਵੰਤ ਸਿੰਘ ਘੁਮਿਆਰਾ, ਮਨਜੀਤ ਸਿੰਘ ਲਾਲਬਾਈ, ਗੁਰਮੇਲ ਸਿੰਘ ਭਾਟੀ, ਰਾਜਾ ਸਿੰਘ ਮਾਹੂਆਣਾ, ਹਰਮੇਸ਼ ਸਿੰਘ ਖੁੱਡੀਆਂ ਅਤੇ ਸੁਖਮੰਦਰ ਸਿੰਘ ਭਾਟੀ ਵੀ ਮੌਜੁਦ ਸਨ। 

  


   

No comments:

Post a Comment