02 February 2021

ਮੋਦੀ ਸਰਕਾਰ ਦੇ ਮਾਰੂ ਹੱਲਿਆਂ ਦੀ ਕੁਤਰ-ਤਰਾਸ਼ੀ ਖਾਤਰ ਘੁੰਮਣ ਲੱਗਿਆ ਸੁਖਬੀਰ ਦੀ ਓਰਬਿੱਟ ਦਾ ਪਹੀਆ

- ਤਖ਼ਤ ਦਮਦਮਾ ਸਾਹਿਬ, ਲੰਬੀ ਅਤੇ ਗੋਨਿਆਣਾ ਤੋਂ ਮੁੜ ਸ਼ੁਰੂ ਕੀਤੀ ਮੁਫ਼ਤ ਬੱਸ ਸੇਵਾ


ਇਕਬਾਲ ਸਿੰਘ ਸ਼ਾਂਤ

ਲੰਬੀ: ਕਿਸਾਨ ਪ੍ਰਤੀ ਮੋਦੀ ਸਰਕਾਰ ਦੇ ਮਾਰੂ ਹੱਲਿਆਂ ਦੀ ਕੁਤਰ-ਤਰਾਸ਼ੀ ਖਾਤਰ ਸ਼ੋ੍ਰਮਣੀ ਅਕਾਲੀ ਦਲ ਸਿਆਸਤ ਰਹਿਤ ਉਪਰਾਲਿਆਂ ’ਚ ਇਖ਼ਲਾਕੀ ਫਰਜ਼ਾਂ ਦੀ ਰਾਹ ’ਤੇ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਲਕੀ ਵਾਲੀ ਓਰਬਿੱਟ ਟਰਾਂਸਪੋਰਟ ਦੀਆਂ ਤਿੰਨ ਬੱਸਾਂ ਦਿੱਲੀ ਦੇ ਕਿਸਾਨੀ ਮੋਰਚੇ ’ਚ ਲਗਾਤਾਰ ਕਿਸਾਨੀ ਯੋਧਿਆਂ ਨੂੰ ਮੋਰਚੇ ’ਤੇ ਲਿਜਾਣ ਲਈ ਮੁੜ ਸੜਕਾਂ ’ਤੇ ਉੱਤਰ ਪਈਆਂ ਹਨ। ਗਣਤੰਤਰ ਦਿਵਸ ਕਾਰਨ 25 ਤੋਂ ਬੱਸ ਸੇਵਾ ਬੰਦ ਸੀ। ਬਠਿੰਡਾ ਲੋਕਸਭਾ ਵਿੱਚੋਂ ਟਿਕਰੀ ਬਾਰਡਰ ਮੋਰਚੇ ਲਈ ਤਿੰਨ ਬੱਸਾਂ ’ਤੇ ਆਧਾਰਤ ਮੁਫ਼ਤ ਸੇਵਾ ਅੱਜ ਤੋਂ ਮੁੜ ਆਰੰਭ ਦਿੱਤੀ ਗਈ ਹੈ। ਇਹ ਬੱਸਾਂ ਲੰਬੀ, ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਗੋਨਿਆਣਾ ਤੋਂ ਚੱਲਦੀਆਂ ਹਨ। ਲੰਬੀ ਬੱਸ ਅੱਡੇ ਤੋਂ ਇਹ ਬੱਸ ਰੋਜ਼ਾਨਾ ਦਿਨ ਸਮੇਂ ਸਾਢੇ 12 ਵਜੇ ਚੱਲਦੀ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸਵੇਰੇ ਦਸ ਵਜੇ ਵਾਇਆ ਮਾਨਸਾ ਚੌਕ ਤੋਂ ਜਾਂਦੀ ਹੈ। ਤੀਜੀ ਬੱਸ ਗੋਨਿਆਣਾ ਬੱਸ ਅੱਡੇ ਤੋਂ ਸਾਢੇ 9 ਵਜੇ ਚੱਲਦੀ ਹੈ। ਇਹ ਬੱਸਾਂ ਟਿਕਰੀ ਬਾਰਡਰ ਪਕੌੜਾ ਚੌਕ (ਦਿੱਲੀ) ਤੋਂ ਰੋਜ਼ਾਨਾ ਕਰੀਬ ਸਵੇਰੇ 7 ਵਜੇ ਵਾਪਸੀ ਰਵਾਨਾ ਹਨ। ਜ਼ਿਕਰਯੋਗ ਹੈ ਕਿ ਬੀਤੀ 13 ਜਨਵਰੀ ਕੱਖਾਂਵਾਲੀ ਦੇ ਕਿਸਾਨਾਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਹੀਦ ਚਾਨਣ ਸਿੰਘ ਦੇ ਪਰਿਵਾਰ ਨਾਲ ਸੋਗ ਕਰਨ ਮੌਕੇ ਦਿੱਲੀ ਸੰਘਰਸ਼ ਜਾਣ-ਆਉਣ ਦੀ ਸਮੱਸਿਆ ਤੋਂ ਜਾਣੂ ਕਰਵਾਇਆ ਸੀ। ਅਕਾਲੀ ਦਲ ਪ੍ਰਧਾਨ ਨੇ 15 ਜਨਵਰੀ ਤੋਂ ਲੰਬੀ ਬੱਸ ਤੋਂ ਓਰਬਿੱਟ ਬੱਸ ਸੇਵਾ ਸ਼ੁਰੂ ਕਰਵਾਈ ਸੀ। ਬਾਕੀ ਦੋਵੇਂ ਬੱਸ ਬਠਿੰਡਾ ਲੋਕਸਭਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਨੂੰ ਦਿੱਲੀ ਮੋਰਚੇ ਅਤੇ ਪਰਿਵਾਰਾਂ ਨਾਲ ਲਗਾਤਾਰ ਜੋੜੇ ਰੱਖਣ ਲਈ ਚਲਵਾਈਆਂ ਹਨ। ਅੱਜ ਲੰਬੀ ਤੋਂ ਤੁਰੀ ਬੱਸ ’ਚ 35 ਜਣੇ ਟਿਕਰੀ ਬਾਰਡਰ ਲਈ ਰਵਾਨਾ ਹੋਏ। ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਸਿਆਸਤ ਤੋਂ ਉੱਪਰ ਉੱਠ ਕੇ ਕਿਸਾਨ ਸੰਘਰਸ਼ ਦੀ ਸੇਵਾ ਵਜੋਂ ਇਹ ਬੱਸ ਸੇਵਾ ਹਰੇਕ ਪਾਰਟੀ ਅਤੇ ਹਰੇਕ ਵਰਗ ਦੇ ਲੋਕਾਂ ਲਈ ਚਲਾਈ ਹੈ। ਉਨਾਂ ਸਭ ਵਰਗਾਂ ਨੂੰ ਦੇਸ਼ ਦੇ ਚੰਗੇ ਭਵਿੱਖ ਲਈ ਕਿਸਾਨ ਸੰਘਰਸ਼ ਦਾ ਹਿੱਸਾ ਬਣਨ ਪ੍ਰੇਰਦੇ ਦਿੱਲੀ ਮੋਰਚੇ ’ਚ ਵਧ ਚੜ ਕੇ ਪੁੱਜਣ ਦੀ ਅਪੀਲ ਕੀਤੀ।

No comments:

Post a Comment