12 March 2021

ਹਾਈ-ਪੋ੍ਰਫਾਈਲ ਤਿਆਰੀਆਂ: ਸੁਖਬੀਰ ਦੇ ਲੰਬੀ ਅਤੇ ਬਾਦਲ ਦੇ ਗਿੱਦੜਬਾਹਾ ਚੋਣ ਲੜਨ ਦੇ ਸੰਕੇਤ


ਇਕਬਾਲ ਸਿੰਘ ਸ਼ਾਂਤ

ਲੰਬੀ: ਪੰਜਾਬ ਵਿੱਚ ਸੂਬਾਈ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੀਆਂ ਸਿਆਸੀ ਕਣਸੋਆਂ ਨੇ ਸਿਆਸੀ ਪੱਤਿਆਂ ਦੀ ਵਿਉਂਤਬੰਦੀ ਸ਼ੁਰੂ ਕਰਵਾ ਦਿੱਤੀ ਹੈ। ਅਕਾਲੀ ਦਲ ਦੀਆਂ ਹਾਈ-ਪੋ੍ਰਫਾਈਲ ਤਿਆਰੀਆਂ ਦੇ ਅੰਦਾਜ਼ ਤੋਂ ਲੰਬੀ ਸੀਟ ਤੋਂ ਇਸ ਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਲੜਨ ਦੇ ਸੰਕੇਤ ਮਿਲਦੇ ਹਨ। ਪਾਰਟੀ ਦੀ ਰਣਨੀਤੀ ਤਹਿਤ ਪਿੰਡਾਂ ਚ ਹਰੇਕ ਇੱਕ ਸੌ ਵੋਟ ਤੇ ਇੱਕ ਇੰਚਾਰਜ਼ ਥਾਪਿਆ ਹੈ। ਸੌ ਵੋਟਾਂ ਵਿੱਚੋਂ ਘਟਣ-ਵਧਣ ਲਈ ਇੰਚਾਰਜ਼ ਜੁੰਮੇਵਾਰ ਹੋਵੇਗਾ। ਜਿੱਤ ਦਾ ਅੰਤਰ ਦੁੱਗਣਾ ਕਰਨ ਲਈ ਹੁਣ ਖੁਦ ਸੁਖਬੀਰ ਸਿੰਘ ਬਾਦਲ ਸਰਗਰਮੀ ਨਾਲ ਜਥੇਬੰਦਕ ਹਾਲਾਤਾਂ ਚ ਨਵਾਂ ਸ਼ਕਤੀ ਸੰਚਾਰ ਚ ਜੁਟੇ ਹੋਏ ਹਨ। ਉਨਾਂ ਅੱਜ ਬਾਦਲ ਪਿੰਡ ਰਿਹਾਇਸ਼ ਤੇ ਹਲਕੇ ਦੇ 22 ਪਿੰਡਾਂ ਦੀਆਂ ਚੋਣ ਬੂਥ ਕਮੇਟੀਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਸੁਖਬੀਰ ਸਿੰਘ ਦੇ ਜਲਾਲਾਬਾਦ ਦੀ ਬਜਾਇ ਲੰਬੀ ਤੋਂ ਮੈਦਾਨ ਚ ਉੱਤਰਨ ਦੀ ਸੂਰਤ ਵਿੱਚ 93 ਸਾਲਾ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗਿੱਦੜਬਾਹਾ ਹਲਕੇ ਤੋਂ ਚੋਣ ਲੜਨ ਦੇ ਕਿਆਸ ਲਗਾਏ ਜਾ ਰਹੇ ਹਨ। ਪਿੱਛੇ ਜਿਹੇ ਅਕਾਲੀ ਦਲ ਪ੍ਰਧਾਨ ਨੇ ਵੀ ਅਗਾਮੀ ਸੂਬਾਈ ਚੋਣਾਂ ਪ੍ਰਕਾਸ਼ ਸਿੰਘ ਬਾਦਲ ਦੇ ਅਗਵਾਈ ਲੜਨ ਦੀ ਗੱਲ ਆਖੀ ਸੀ।

ਦੱਸਿਆ ਜਾ ਰਿਹਾ ਕਿ ਗਿੱਦੜਬਾਹਾ ਚ ਪ੍ਰਕਾਸ਼ ਸਿੰਘ ਬਾਦਲ ਦੀ ਸੱਤ-ਅੱਠ ਵਾਰ ਦੀ ਵਿਧਾਇਕੀ ਵਾਲਾ ਪ੍ਰਭਾਵ ਅਤੇ ਸਨੇਹ ਫੈਕਟਰ ਚੋਣ ਮਾਹੌਲ ਨੂੰ ਨਵੀਂ ਰੰਗਤ ਦੇ ਸਕਦਾ ਹੈ। ਸੁਖਬੀਰ ਸਿੰਘ ਬਾਦਲ ਦੇ ਲੰਬੀ ਤੋਂ ਚੋਣ ਲੜਨ ਨਾਲ ਉਨਾਂ ਨੂੰ ਸੂਬੇ ਚ ਪ੍ਰਚਾਰ ਕਰਨ ਲਈ ਜ਼ਿਆਦਾ ਸਮਾਂ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸੂਬਾਈ ਚੋਣਾਂ ਮੌਕੇ ਪੰਜਾਬ ਦੇ ਇਤਿਹਾਸ ਚ ਸਭ ਤੋਂ ਵਕਾਰੀ ਚੋਣ ਚ ਮੌਜੂਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲੰਬੀ ਹਲਕੇ ਚ ਪ੍ਰਕਾਸ਼ ਸਿੰਘ ਬਾਦਲ ਮੂਹਰੇ 22770 ਵੋਟਾਂ ਦੇ ਨਾਮੋਸ਼ੀ ਭਰੀ ਹਾਰ ਝੱਲਣੀ ਪਈ ਸੀ। ਪਿਛਲੇ ਚਾਰ ਸਾਲਾਂ ਚ ਅਮਰਿੰਦਰ ਸਿੰਘ ਦਾ ਚੋਣ ਹਲਕਾ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਅਤੇ ਹਾਈਕਮਾਂਡ ਦੀ ਲੰਬੀ ਹਲਕੇ ਦੇ ਕਾਂਗਰਸੀ ਕਾਡਰ ਪ੍ਰਤੀ ਸਪੱਸ਼ਟ ਬੇਰੁੱਖੀ ਝਲਕਦੀ ਰਹੀ। ਲੰਬੀ ਹਲਕੇ ਚ ਸੀਨੀਅਰ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ ਦੀ ਸਿਆਸਤ ਵਿੱਚੋਂ ਚੁੱਪੀ ਕਾਰਨ ਕਾਂਗਰਸੀ ਸੋਚ ਵਾਲੀ ਸੁਚੱਜੀ ਲੀਡਰਸ਼ਿਪ ਦੀ ਥੁੜ ਨੇ ਕਾਂਗਰਸ ਵਰਕਰਾਂ ਦੇ ਮਨ ਬੁਝਾਏ ਹੋਏ ਹਨ। ਜਿਸਦਾ ਸੌ ਫ਼ੀਸਦੀ ਲਾਹਾ ਅਕਾਲੀ ਦਲ ਦੀ ਵਿਉਂਤਬੱਧ ਰਣਨੀਤੀ ਨੂੰ ਮਿਲਣਾ ਯਕੀਨੀ ਜਾਪਦਾ ਹੈ। ਪਿਛਲੇ ਤਿੰਨ ਹਫ਼ਤਿਆਂ ਤੋਂ ਲੰਬੀ ਦੇ ਵਿਧਾਇਕ-ਕਮ-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸਨੇਹੀਆਂ ਅਤੇ ਪਾਰਟੀ ਆਗੂਆਂ ਨਾਲ ਖੁਸ਼ੀ-ਗਮੀ ਦੀਆਂ ਸਾਂਝਾਂ ਨਿਭਾਉਣ ਲਈ ਪਹੁੰਚਣ ਲੱਗੇ ਹਨ। ਸੁਖਬੀਰ ਬਾਦਲ ਬੀਤੇ ਚਾਰ ਮਹੀਨਿਆਂ ਚ ਯੂਥ ਅਕਾਲੀ ਦਲ ਹਲਕਾ ਲੰਬੀ ਦੇ ਕਾਡਰ ਨਾਲ ਤਿੰਨ ਮੀਟਿੰਗਾਂ ਕਰ ਚੁੱਕੇ ਹਨ। ਯੂਥ ਅਕਾਲੀ ਦਲ ਦੇ ਪੰਜਾਹ-ਪੰਜਾਹ ਸਰਗਰਮ ਯੂਥ ਵਿੰਗ ਵਰਕਰਾਂ ਦੇ 19 ਜੋਨ ਬਣ ਹਲਕੇ ਭਰ 950 ਕਾਰਕੁੰਨ ਦਾ ਜ਼ਥੇਬੰਦਕ ਜਾਲ ਵਿਛਾ ਦਿੱਤਾ ਹੈ। ਜਦੋਂਕਿ ਵੱਡੀ ਕਾਂਗਰਸ ਦੇ ਨਾਲ ਯੂਥ ਕਾਂਗਰਸ ਵੀ ਲਗਭਗ ਚ ਠੰਡੇ ਬਸਤੇ ਪਈ ਹੋਈ ਵਿਖਾਈ ਦਿੰਦੀ ਹੈ। ਸੂਤਰਾਂ ਅਨੁਸਾਰ ਲੰਬੀ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਮਹੇਸ਼ਇੰਦਰ ਸਿੰਘ ਬਾਦਲ ਦੇ ਫਰਜੰਦ ਫਤਿਹ ਸਿੰਘ ਬਾਦਲ ਦੇ ਚੋਣ ਮੈਦਾਨ ਚ ਉੱਤਰਨ ਦੀ ਤਿਆਰੀ ਜਾਪਦੀ ਹੈ। ਅਕਾਲੀ ਦਲ ਦੇ ਸੂਤਰਾਂ ਅਨੁਸਾਰ ਸੁਖਬੀਰ ਵੱਲੋਂ ਲੰਬੀ ਹਲਕੇ ਦੀਆਂ ਬੂਥ ਕਮੇਟੀਆਂ ਨਾਲ ਮੀਟਿੰਗ ਦਾ ਦੌਰ ਦੋ ਦਿਨ ਹੋਰ ਚੱਲੇਗਾ। ਇਨਾਂ ਮੀਟਿੰਗਾਂ 15 ਤੋਂ 35 ਤੱਕ ਵਰਕਰ ਹੁੰਦੇ ਹਨ। ਇਸ ਮੌਕੇ ਅਕਾਲੀ ਦਲ ਦੇ ਮੁਖੀ ਇਕੱਲੇ-ਇਕੱਲੇ ਵਰਕਰ ਨਾਲ ਫੋਟੋਆਂ ਖਿਚਵਾ ਉਨਾਂ ਦੇ ਜੋਸ਼ ਨੂੰ ਦੁੱਗਣਾ ਕਰ ਰਹੇ ਹਨ। ਜਾਣਕਾਰੀ ਅਨੁਸਾਰ ਇਹ ਫੋਟੋਆਂ ਫਰੇਮ ਚ ਜੜਾਅ ਕੇ ਜਥੇਬੰਦਕ ਢਾਂਚੇ ਵੱਲੋਂ ਵਰਕਰਾਂ ਨੂੰ ਗਿਫ਼ਟ ਕੀਤੀਆਂ ਜਾਣਗੀਆਂ । 

Mobile : 93178-26100

No comments:

Post a Comment