26 September 2021

ਭਾਰਤ ਬੰਦ: ਲਾਮਬੰਦੀ ਲਈ ਭਾਕਿਯੂ ਏਕਤਾ ਉਗਰਾਹਾਂ ਵੱਲੋਂ 33 ਪਿੰਡਾਂ ’ਚ ਵਿਸ਼ਾਲ ਮੋਟਰ ਸਾਈਕਲ ਮਾਰਚ

ਮੰਡੀ ਕਿੱਲਿਆਂਵਾਲੀ ਵਿਖੇ ਦਾਣਾ ਮੰਡੀ ’ਚ ਮੋਟਰ ਸਾਇਕਲ ਦੀ ਰਵਾਨਗੀ ਮੌਕੇ ਸੰਬੋਧਨ ਕਰਦੇ ਭਾਕਿਯੂ
ਆਗੂ ਗੁਰਪਾਸ਼ ਸਿੰਘਅਤੇ ਨਾਲ ਭੁਪਿੰਦਰ ਸਿੰਘ ਚੰਨੂ ਅਤੇ ਹੋਰ ਆਗੂ।

* 27 ਨੂੰ ਬਲਾਕ ਪੱਧਰੀ ਸਮਾਗਮ ’ਚ ਕਿਸਾਨ ਅਤੇ ਆਮ ਲੋਕ ਵੱਡੀ ਤਾਦਾਦ ’ਚ ਸ਼ਾਮਲ ਹੋਣ: ਗੁਰਪਾਸ਼ ਸਿੰਘੇਵਾਲਾ

* ਕਾਲੇ ਖੇਤੀ ਕਾਨੂੰਨਾਂ ਨੇ ਹਰੇਕ ਵਿਅਕਤੀ ਦੇ ਜੀਵਨ ’ਤੇ ਆਰਥਿਕ ਅਸਰ ਪਾਉਣਾ ਹੈ: ਭੁਪਿੰਦਰ ਚੰਨੂ


ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ

ਲੰਬੀ: ਭਾਕਿਯੂ ਏਕਤਾ ਉਗਰਾਹਾਂ ਵੱਲੋਂ ਪਰਸੋਂ 27 ਸਤੰਬਰ ਦੇ ‘ਭਾਰਤ ਬੰਦ’ ਦੇ ਕੌਮੀ ਸੱਦੇ ਪ੍ਰਤੀ ਜਾਗਰੂਕਤਾ ਅਤੇ ਜਨਤਕ ਲਾਮਬੰਦੀ ਖਾਤਰ ਲਈ ਅੱਜ ਮੰਡੀ ਕਿੱਲਿਆਂਵਾਲੀ ਤੋਂ ਵਿਸ਼ਾਲ ਮੋਟਰਸਾਇਕਲ ਮਾਰਚ ਕੱਢਿਆ ਗਿਆ। ਸੈਂਕੜੇ ਨੌਜਵਾਨ ਅਤੇ ਕਿਸਾਨਾਂ ’ਤੇ ਆਧਾਰਤ ਮਾਰਚ ਬਲਾਕ ਦੇ 33 ਪਿੰਡਾਂ ਵਿੱਚੋਂ ਲੰਘਿਆ। ਮਾਰਚ ਦੀ ਰਵਾਨਗੀ ਸਮੇਂ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰੰਘੇਵਾਲਾ ਨੇ ਕਿਹਾ ਕਿ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨ ਪਿਛਲੇ ਸਾਲ ਤੋਂ ਦਿੱਲੀ ਮੋਰਚੇ ਨੇ ਦੇਸ਼ ਵਿੱਚ ਸਰਕਾਰ ਦੇ ਬਲਬੂਤੇ ’ਤੇ ਕਾਰਪੋਰੇਟ ਘਰਾਨਿਆਂ ਦੀਆਂ ਲੁੱਟਾਂ ਖਿਲਾਫ਼ ਅਲਖ਼ ਜਗਾਈ ਹੈ। ਬੇਹੱਦ ਮੰਦਭਾਗੀ ਗੱਲ ਹੈ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਆਮ ਲੋਕਾਂ ਦੀ ਬਜਾਇ ਪੂੰਜੀਪਤੀਆਂ ਨੂੰ ਮਜ਼ਬੂਤ ਕਰਨ ਦੀ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਸੰਘਰਸ਼ ਨੇ ਦੁਨੀਆਂ ਪੱਧਰ ’ਤੇ ਇਤਿਹਾਸ ਰਚਿਆ ਹੈ। ਉਨਾਂ ਸਭਨਾਂ ਨੂੰ ਭਾਰਤ ਬੰਦ ਦੇ ਸੱਦੇ ਤਹਿਤ 27 ਸਤੰਬਰ ਨੂੰ ਲੰਬੀ ਬੱਸ ਅੱਡੇ ’ਤੇ ਬਲਾਕ ਪੱਧਰੀ ਸਮਾਗਮ ’ਚ ਪੁੱਜਣ ਦਾ ਸੱਦਾ ਦਿੱਤਾ।

 ਜ਼ਿਲਾ ਪੱਧਰੀ ਕਿਸਾਨ ਆਗੂ ਭੁਪਿੰਦਰ ਸਿੰਘ ਚੰਨੂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੇ ਹਰੇਕ ਵਿਅਕਤੀ ਦੇ ਜੀਵਨ ’ਤੇ ਆਰਥਿਕ ਅਸਰ ਪਾਉਣਾ ਹੈ, ਇਸ ਲਈ ਆਮ ਲੋਕਾਂ ਨੂੰ ਵੀ ਕਿਸਾਨ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਡਾ. ਹਰਪਾਲ ਸਿੰਘ ਕਿੱਲਿਆਂਵਾਲੀ, ਜਗਸੀਰ ਗੱਗੜ, ਮਨੋਹਰ ਸਿੰਘ ਸਿੱਖੇਵਾਲਾ ਅਤੇ ਨੌਜਵਾਨ ਆਗੂ ਜਗਦੀਪ ਖੁੱਡੀਆਂ ਨੇ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮ ਦਿਨ ਦਿਹਾੜੇ ’ਤੇ ਇਨਕਲਾਬ ਦੇ ਸੂਹੇ ਰੰਗ ਨੂੰ ਹੋਰ ਉੱਚਾ ਚੁੱਕਣ ਲਈ 28 ਸਤੰਬਰ ਨੂੰ ਬਰਨਾਲਾ ਵਿਖੇ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ। ਮੋਟਰ ਸਾਇਕਲ ਮਾਰਚ ਲਈ ਪਿੰਡ ਕਿੱਲਿਆਂਵਾਲੀ, ਖੁੱਡੀਆਂ, ਹਾਕੂਵਾਲਾ ਅਤੇ ਹੋਰਨਾਂ ਪਿੰਡਾਂ ਕਿਸਾਨਾਂ ਲਈ ਵੱਖ-ਵੱਖ ਲੰਗਰ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਕਿਯੂ ਆਗੂ ਦਲਜੀਤ ਸਿੰਘ ਮਿਠੜੀ, ਗੁਰਤੇਜ ਖੁੱਡੀਆਂ, ਦਵਿੰਦਰ ਸਿੰਘ ਮਾਨਾ, ਗੁਰਦੇਵ ਰੋੜਾਂਵਾਲੀ, ਕਾਲਾ ਸਹਿਣਾਖੇੜਾ ਵੀ ਮੌਜੂਦ ਸਨ। 

No comments:

Post a Comment