02 October 2021

ਬੇਵਜਾ ਮੰਗੇ ਦੋ ਲੱਖ ਰੁਪਏ ਨਾ ਦੇਣ ’ਤੇ ਦਰਖ਼ਾਸਤ ਤਹਿਤ ਚੌਕੀ ਬੁਲਵਾਇਆ, ਵਾਪਸੀ ’ਤੇ ਕੁੱਟ-ਕੁੱਟ ਕੇ ਕੀਤਾ ਜਖ਼ਮੀ


- ਡੱਬਵਾਲੀ ਦੇ ਕਾਂਗਰਸੀ ਪਰਿਵਾਰ ਦੇ ਨੌਨਿਹਾਲ ਅਤੇ ਚਾਰ ਹੋਰਨਾਂ ’ਤੇ ਮੁਕੱਦਮਾ

- ਪੀੜਤ ਵੱਲੋਂ ਪੁਲਿਸ ’ਤੇ ਮੁਲਜਮਾਂ ਦੀ ਗਿ੍ਰਫ਼ਤਾਰੀ ਨਾ ਕਰਨ ਦੇ ਦੋਸ਼

ਲੰਬੀ : ਡੱਬਵਾਲੀ ਦੇ ਕਾਂਗਰਸੀ ਪਰਿਵਾਰ ਦੇ ਆਚਾਰ ਵਪਾਰੀ ਤੋਂ ਕਥਿਤ ਦੋ ਲੱਖ ਰੁਪਏ ਮੰਗਣ, ਮਾਰ-ਕੁੱਟ ਦੀ ਦਰਖਾਸਤ ’ਤੇ ਉਲਝਾਉਣ ਦੇ ਬਾਅਦ ਉਸਨੂੰ ਘੇਰ ਕੇ ਜਖ਼ਮੀ ਕਰਨ ਵਾਲੇ ਪਹੁੰਚ ਵਾਲੇ ਮੁਲਜਮਾਂ ਦੀ ਗਿ੍ਰਫ਼ਤਾਰ ਨਹੀਂ ਹੋ ਰਹੀ। ਲੰਬੀ ਪੁਲਿਸ ਨੇ ਡੱਬਵਾਲੀ ਦੇ ਇੱਕ ਨਾਮੀ ਕਾਂਗਰਸੀ ਪਰਿਵਾਰ ਦੇ ਇੱਕ ਨੌਜਵਾਨ ਸਮੇਤ ਚਾਰਾਂ ਖਿਲਾਫ਼ ਮੁਕੱਦਮਾ ਕੀਤਾ ਹੋਇਆ ਹੈ। ਪੀੜਤ ਕਈ ਦਿਨ ਸਿਵਲ ਹਸਪਤਾਲ ਬਠਿੰਡਾ ’ਚ ਜ਼ੇਰੇ ਇਲਾਜ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦਾ ਆਪਸ ਰੁਪਇਆਂ ਦਾ ਲੈਣ-ਦੇਣ ਦਾ ਮਸਲਾ ਹੈ। 

ਡੱਬਵਾਲੀ ਵਾਸੀ ਧੀਰਜ ਕੁਮਾਰ ਨੇ ਕਿਹਾ ਕਿਹਾ ਕਿ ਉਹ ਆਚਾਰ ਬਣਾਉਣ ਦਾ ਕੰਮ ਕਰਦਾ ਹੈ। ਬੀਤੇ ਦਿਨੀਂ ਉਸਨੂੰ ਪੱਪੂ ਬਰਾੜ ਦੇ ਨੰਬਰ ਤੋਂ ਇੱਕ ਵਟੱਸਐਪ ਕਾਲ ਆਈ। ਜਿਸ ਵਿੱਚ ਉਸ ਤੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਗਈ। ਜਦੋਂ ਉਸਨੇ ਡੱਬਵਾਲੀ ਦੇ ਕਾਂਗਰਸ ਆਗੂ ਵਗੈਰਾ ਤੋਂ ਬੇਵਜਾ ਮੰਗੇ ਦੋ ਲੱਖ ਰੁਪਏ ਦੇਣ ਤੋਂ ਨਾਂਹ ਕਰ ਦਿੱਤੀ। ਜਿਸ ’ਤੇ ਉਸਨੂੰ ਉਲਝਾਉਣ ਖਾਤਰ ਦੂਜੀ ਧਿਰ ਨੇ ਕਿੱਲਿਆਂਵਾਲੀ ਚੌਕੀ ਦੇ 21 ਸਤੰਬਰ ਨੂੰ ਬਾਲ ਮੰਦਰ ਸਕੂਲ ਨੇੜੇ ਮਾਰ-ਕੁੱਟ ਦੀ ਝੂਠੀ ਦਰਖਾਤ ਦੇ ਦਿੱਤੀ। ਧੀਰਜ ਨੇ ਕਿਹਾ ਕਿ ਉਹ 21 ਸਤੰਬਰ ਨੂੰ ਉਸਦੇ ਚਾਚਾ ਪਵਨ ਕੁਮਾਰ ਨੂੰ ਗੁਰਦੇ ਦੀ ਦਵਾਈ ਦਿਵਾਉਣ ਜਲੰਧਰ ਗਿਆ ਹੋਇਆ ਸੀ। ਧੀਰਜ ਅਨੁਸਾਰ ਪੁਲਿਸ ਵੱਲੋਂ ਸ਼ਿਕਾਇਤ ਬਾਰੇ ਤਲਬ ਕਰਨ ’ਤੇ ਉਹ 24 ਸਤੰਬਰ ਨੂੰ ਕਿੱਲਿਆਂਵਾਲੀ ’ਚ ਗਿਆ, ਉਥੇ ਪੜਤਾਲ ਤਹਿਤ ਆਪਣੀ ਸਫ਼ਾਈ ਦੇ ਕੇ ਪਰਤ ਰਿਹਾ ਸੀ ਤਾਂ ਕਾਂਗਰਸ ਆਗੂ ਦੇ ਭਤੀਜੇ ਸੰਮਨ ਬਰਾੜ ਅਤੇ ਅਣਪਛਾਤੇ ਚਾਰ ਜਣਿਆਂ ਨੇ ਕਾਰ ’ਤੇ ਪੁੱਜ ਕੇ ਉਸਨੂੰ ਘੇਰ ਲਿਆ ਅਤੇ ਉਸਦੀ ਬੇਰਹਿਮੀ ਨਾਲ ਮਾਰ-ਕੁੱਟ ਕੀਤੀ। ਧੀਰਾ ਨੇ ਕਿਹਾ ਕਿ ਮੁਲਜਮ ਧਿਰ ਸਿਆਸਤ ਨਾਲ ਸਬੰਧਤ ਹੋਣ ਕਰਕੇ ਲੰਬੀ ਅਤੇ ਘੁੱਦਾ ਦੇ ਸਰਕਾਰੀ ਹਸਪਤਾਲਾਂ ਦੇ ਅਮਲੇ ਨੇ ਉਸਦੇ ਇਲਾਜ ਤੱਕ ਪੈਰ ਨਹੀਂ ਲਗਾਏ। ਕਈ ਘੰਟੇ ਖੱਜਲ ਹੋਣ ਮਗਰੋਂ ਉਸਨੇ ਸਿਵਲ ਹਸਪਤਾਲ ਬਠਿੰਡਾ ’ਚ ਦਾਖ਼ਲ ਹੋ ਕੇ ਇਲਾਜ ਕਰਵਾਇਆ। ਧੀਰਜ ਕੁਮਾਰ ਨੇ ਕਿਹਾ ਕਿ ਉਸਦੀ ਜਾਨ ਨੂੰ ਖ਼ਤਰਾ ਹੈ ਅਤੇ ਪੁਲਿਸ ਮੁਲਜਮਾਂ ਨੂੰ ਫੜਨ ਤੋਂ ਪਾਸਾ ਵੱਟ ਰਹੀ ਹੈ। 

ਕਿੱਲਿਆਂਵਾਲੀ ਚੌਕੀ ਦੇ ਏ.ਐਸ.ਆਈ. ਤੇਜਿੰਦਰ ਸਿੰਘ ਦਾ ਕਹਿਣਾ ਸੀ ਕਿ ਧੀਰਜ ਕੁਮਾਰ ਦੀ ਸ਼ਿਕਾਇਤ ’ਤੇ ਸੰਮਨ ਬਰਾੜ ਵਾਸੀ ਚੌਟਾਲਾ ਰੋਡ, ਡੱਬਵਾਲੀ ਅਤੇ ਚਾਰ ਹੋਰਨਾਂ ’ਤੇ ਧਾਰਾ 341, 323, 427, 148 ਅਤੇ 149 ਤਹਿਤ ਮੁਕੱਦਮਾ ਦਰਜ ਹੈ। ਉਨਾਂ ਕਿਹਾ ਕਿ ਦੂਜੀ ਧਿਰ ਵੱਲੋਂ ਵੀ ਧੀਰਜ ਕੁਮਾਰ ’ਤੇ 21 ਸਤੰਬਰ ਦੀ ਮਾਰ-ਕੁੱਟ ਦੀ ਸ਼ਿਕਾਇਤ ਆਈ ਹੋਈ ਹੈ ਅਤੇ ਉਸ ਵਿੱਚ ਡੱਬਵਾਲੀ ਦੇ ਹਸਪਤਾਲ ਦੀ ਐਮ.ਐਲ.ਆਰ ਹੈ। ਜ਼ਿਕਰਯੋਗ ਹੈ ਕਿ ਡੱਬਵਾਲੀ ਸ਼ਹਿਰ ’ਚ ਲੋਕਾਂ ਦੇ ਆਪਸੀ ਝਗੜਿਆਂ ਨੂੰ ਕਾਨੂੰਨੀ ਦਾਅ-ਪੇਚਾਂ ਨਾਲ ਪੰਜਾਬ ਦੀ ਸਰਹੱਦੀ ਚੌਕੀ ਕਿੱਲਿਆਂਵਾਲੀ ਤੱਕ ਪਹੁੰਚਾ ਕੇ ਖੇਡਣ ਦੀ ਪੁਰਾਣੀ ਰਵਾਇਤ ਚੱਲੀ ਆ ਰਹੀ ਹੈ। ਇਸਦੇ ਇਲਾਵਾ ਸਰਹੱਦੀ ਖੇਤਰ ਵਿੱਚ ਬਹੁਤ ਸਾਰੇ ਸ਼ਰੀਫ਼ ਚਿਹਰੇ ਵਾਲੇ ਸਫ਼ੈਦਪੋਸ਼ ਲੋਕਾਂ ਦੇ ਅੰਦਰੂਨੀ ਗੈਂਗ ਵੀ ਬਣੇ ਹੋਏ ਹਨ। ਜਿਹੜੇ ਭੂ-ਮਾਫ਼ੀਆ, ਜੂਆ-ਸੱਟਾ, ਕਿ੍ਰਕਟ ਬੁੱਕੀ, ਟੈਕਸ ਚੋਰੀ ਅਤੇ ਨਸ਼ਾ ਤਸਕਰੀ ਅਤੇ ਹੋਰਨਾਂ ਸਾਰੇ ਚੰਗੇ ਮਾੜੇ ਕਾਰਿਆਂ ਨਾਲ ਪੂਰੇ ਬਣਦੇ ਫਰਜ਼ ਅਤੇ ਅਖ਼ਤਿਆਰ ਨਿਭਾਉਂਦੇ ਹਨ। ਮਾਰ-ਕੁੱਟ ਦੇ ਇਸ ਮਾਮਲੇ ਵਿੱਚ ਜੂਏਬਾਜ਼ੀ ਦੀਆਂ ਕਥਿਤ ਤਾਰਾਂ ਜੁੜੀਆਂ ਦੱਸੀਆਂ ਜਾਂਦੀ ਹਨ।   

No comments:

Post a Comment