06 November 2021

ਖੂਨ ਸਫੈਦ : ਕਹੀ ਨਾਲ ਮਾਰ ਕੇ ਸਕਾ ਭਰਾ ਖੇਤ ’ਚ ਦੱਬਿਆ



ਇਕਬਾਲ ਸਿੰਘ ਸ਼ਾਂਤ

ਲੰਬੀ: ਇੱਕ ਵਿਗਾਨੀ ਔਰਤ ਨਾਲ ਨਜਾਇਜ਼ ਸੰਬੰਧਾਂ ’ਚ ਗ੍ਰਸੇ ਇੱਕ ਕਿਸਾਨ ਨੇ ਪਿੰਡ ਧੋਲਾ ਵਿਖੇ ਉਸਦੇ ਛੋਟੇ ਭਰਾ-ਕਮ-ਸਾਂਢੂ ਨੂੰ ਕਹੀ ਮਾਰ ਕੇ ਕਤਲ ਦਿੱਤਾ ਅਤੇ ਲਾਸ਼ ਨੂੰ ਪੱਲੀ ’ਚ ਬੰਨ ਕੇ ਖੇਤ ਦੀ ਜ਼ਮੀਨ ’ਚ ਦੱਬ ਦਿੱਤਾ। ਛੋਟੇ ਭਰਾ ਗੁਰਮੀਤ ਸਿੰਘ ਉਰਫ਼ ਪੀਤ ਦਾ ਕਸੂਰ ਇਤਨਾ ਸੀ ਕਿ ਉਹ ਵੱਡੇ ਭਰਾ ਗੁਰਜੀਤ ਸਿੰਘ ਨੂੰ ਨਜਾਇਜ਼ ਸਬੰਧਾਂ ਤੋਂ ਵਰਜਦਾ ਸੀ। ਗੁਰਜੀਤ ਸਿੰਘ ਦੇ ਪਿੰਡ ਦੀ ਇੱਕ ਔਰਤ ਨਾਲ ਨਜਾਇਜ਼ ਸੰਬੰਧ ਸਨ। ਜਿਸਨੂੰ ਲੈ ਕੇ ਘਰ ’ਚ ਤਕਰਾਰ ਰਹਿੰਦੀ ਸੀ। ਜਾਣਕਾਰੀ ਅਨੁਸਾਰ ਦੋਵੇਂ ਭਰਾ ਆਪਸ ’ਚ ਸਾਂਢੂ ਵੀ ਸਨ ਅਤੇ ਖਿਉਵਾਲੀ ’ਚ ਵਿਆਹੇ ਹੋਏ ਹਨ। ਉਨਾਂ ਕੋਲ ਵੀਹ ਏਕੜ ਜ਼ਮੀਨ ਹੈ ਅਤੇ ਸਾਰਾ ਕਾਰ-ਵਿਹਾਰ ਸਾਂਝੇ ਖਾਤੇ ਹੀ ਚੱਲਦਾ ਹੈ। ਮਿ੍ਰਤਕ ਦੇ ਵਿਆਹ ਨੂੰ ਚਾਰ ਸਾਲ ਹੋਏ ਹਨ। ਅਤੇ ਉਸਦੀ ਢਾਈ ਸਾਲ ਦੀ ਬੱਚੀ ਹੈ। ਘਟਨਾ ਮੁਤਾਬਕ ਬੀਤੀ 2 ਨਵੰਬਰ ਨੂੰ ਗੁਰਜੀਤ ਸਿੰਘ ਅਤੇ ਉਸਦਾ ਛੋਟਾ ਗੁਰਮੀਤ ਸਿੰਘ ਉਰਫ਼ ਪੀਤ ਉਨਾਂ ਦੇ ਖੇਤ ਕਣਕ ਬੀਜਣ ਗਏ ਸਨ। ਦੇਰ ਸ਼ਾਮ ਤੱਕ ਗੁਰਮੀਤ ਸਿੰਘ ਵਾਪਸ ਨਹੀਂ ਪਰਤਿਆ।  ਗੁਰਮੀਤ ਸਿੰਘ ਦੀ ਪਤਨੀ ਸੁਖਪਾਲ ਕੌਰ ਨੇ ਫ਼ਿਕਰ ਹੋਇਆ। ਪਤੀ ਦਾ ਫੋਨ ਵੀ ਬੰਦ ਆ ਰਿਹਾ ਸੀ। ਗੁਰਜੀਤ ਸਿੰਘ ਉਰਫ਼ ਜੀਤ ਨੇ ਫੋਨ ’ਤੇ ਦੱਸਿਆ ਕਿ ਪੀਤ ਪਤਾ ਨਹੀਂ ਕਿੱਥੇ ਚਲਾ ਗਿਆ। ਮੇਰਾ ਟਰੈਕਟਰ ਖ਼ਰਾਬ ਹੋ ਗਿਆ ਹੈ। ਸੁਖਪਾਲ ਕੌਰ ਨੂੰ ਗੁਰਜੀਤ ਦੀਆਂ ਗੱਲਾਂ ਤੋਂ ਪਤੀ ਗੁਰਮੀਤ ਸਿੰਘ ਨਾਲ ਕਿਸੇ ਅਨਹੋਣੀ ਦਾ ਖਦਸ਼ਾ ਜਾਗ ਉੱਠਿਆ। ਸੁਖਪਾਲ ਕੌਰ ਨੇ ਲੰਬੀ ਪੁਲਿਸ ਕੋਲ ਪਤੀ ਦੀ ਗੁੰਮਸ਼ੁਦਗੀ ’ਚ ਜੇਠ ਦੀ ਸ਼ਮੂਲੀਅਤ ਦਾ ਸ਼ੱਕ ਜਤਾਇਆ। 

ਥਾਣਾ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਗੁਰਮੀਤ ਦੀ ਪਤਨੀ ਸੁਖਪਾਲ ਕੌਰ ਦੀ ਸ਼ਿਕਾਇਤ ’ਤੇ ਗੁਰਜੀਤ ਸਿੰਘ ਉਰਫ਼ ਜੀਤ ਤੋਂ ਪੁੱਛਗਿੱਛ ਕੀਤੀ ਗਈ। ਮੁਲਜਮ ਗੁਰਜੀਤ ਸਿੰਘ ਨੇ ਪੁੱਛਗਿੱਛ ’ਚ ਕਬੂਲ ਕੀਤਾ ਕਿ ਗੁਰਮੀਤ ਉਸਨੂੰ ਨਜਾਇਜ਼ ਸਬੰਧਾਂ ਤੋਂ ਰੋਕਦਾ ਸੀ, ਇਸੇ ਰੰਜਿਸ਼ ਨੇ ਉਸਨੇ ਛੋਟੇ ਭਰਾ ਗੁਰਮੀਤ ਦੀ ਕਹੀਂ ਨਾਲ ਵੱਢ ਕੇ ਹੱਤਿਆ ਕਰ ਦਿੱਤੀ। ਹੱਤਿਆ ਮਗਰੋਂ ਲਾਸ਼ ਨੂੰ ਇੱਕ ਪੱਲੀ ’ਚ ਬੰਨ ਕੇ ਖੇਤ ’ਚ ਪਾਈਪ ਲੀਕ ਹੋਣ ਕਰਕੇ ਬਣੇ ਟੋਏ ’ਚ ਨੱਪ ਦਿੱਤਾ। ਦੋਵੇਂ ਵੱਖੋ-ਵੱਖਰੇ ਟਰੈਕਟਰ ’ਤੇ ਖੇਤ ਗਏ ਸਨ। ਮੁਲਜਮ ਨੇ ਉਸਦਾ ਟਰੈਕਟਰ ਦੀ ਬੈਲਟ ਟੁੱਟਣ ਦਾ ਬਹਾਨਾ ਘੜਿਆ ਅਤੇ ਗੁਰਮੀਤ ਨੂੰ ਟਰੈਕਟਰ ਟੋਚਨ ਕਰਨ ਲਈ ਆਖਿਆ। ਜਦੋਂ ਉਹ ਟੋਚਨ ਕਰਨ ਲੱਗਿਆ ਤਾਂ ਗੁਰਜੀਤ ਨੇ ਕਹੀ ਨਾਲ ਵਾਰ ਕਰ ਦਿੱਤਾ। ਜਿਸ ਨਾਲ ਗੁਰਮੀਤ ਸਿੰਘ ਮੌਕੇ ’ਤੇ ਮੌਤ ਹੋ ਗਈ। ਮੁਲਜਮ ਨੇ ਘਟਨਾ ਨੂੰ ਸ਼ਾਮ ਕਰੀਬ ਸੱਤ ਵਜੇ ਅੰਜਾਮ ਦਿੱਤਾ।

 ਸਬ ਇੰਸਪੈਕਟਰ ਸੁਖਦੇਵ ਸਿੰਘ ਢਿੱਲੋਂ ਮੁਤਾਬਕ ਮੁਲਜਮ ਗੁਰਜੀਤ ਸਿੰਘ ਵੀ ਦੂਸਰੇ ਦਿਨ ਭਰਾ ਗੁੰਮਸ਼ੁਦਗੀ ਦੀ ਸ਼ਿਕਾਇਤ ਕਰਨ ਵਾਲਿਆਂ ’ਚ ਸ਼ਾਮਲ ਸੀ। ਬਾਅਦ ਦਿਨ ਪੁਲਿਸ ਦੀ ਮੁੱਢਲੀ ਪੁੱਛਗਿੱਛ ਮੂਹਰੇ ਪਲ ਭਰ ਨਾ ਟਿਕ ਸਕਿਆ। ਪੁਲਿਸ ਨੇ ਸੁਖਪਾਲ ਕੌਰ ਦੇ ਬਿਆਨਾਂ ’ਤੇ ਹੱਤਿਆ ਦਾ ਮੁਕੱਦਮਾ ਕਰ ਲਿਆ। ਮੁਲਜਮ ਦੀ ਨਿਸ਼ਾਨਦੇਹੀ ’ਤੇ ਡੀ.ਐਸ.ਪੀ. ਜਸਪਾਲ ਸਿੰਘ ਅਤੇ ਨਾਇਬ ਤਹਿਸੀਲਦਾਰ ਅੰਜੂ ਰਾਣੀ ਦੀ ਮੌਜੂਦਗੀ ’ਚ ਮਿ੍ਰਤਕ ਗੁਰਮੀਤ ਸਿੰਘ ਦੀ ਲਾਸ਼ ਨੂੰ ਖੇਤ ਵਿੱਚੋਂ ਬਰਾਮਦ ਕਰ ਲਿਆ। ਪੁਲੀਸ ਨੇ ਅੱਜ ਮੁਲਜਮ ਨੂੰ ਮਲੋਟ ’ਚ ਜੱਜ ਕੰਵਲਜੀਤ ਸਿੰਘ ਦੀ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਉਸਨੂੰ ਤਿੰਨ ਦਿਨਾ ਪੁਲਿੀਸ ਰਿਮਾਂਡ ’ਤੇ ਭੇਜ ਦਿੱਤਾ। 


ਡਿਊਟੀ ਮਜਿਸਟਰੇਟ ਨਾ ਮਿਲਣ ਕਰਕੇ ਲਾਸ਼ ਬਰਾਮਦਗੀ ’ਚ ਦੇਰੀ! 

ਦੀਵਾਲੀ ਦੇ ਤਿਉਹਾਰ ਕਰਕੇ ਡਿਊਟੀ ਮਜਿਸਟਰੇਟ ਮੁਹੱਈਆ ਨਾ ਹੋਣ ਕਰਕੇ ਮਿ੍ਰਤਕ ਦੀ ਲਾਸ਼ ਕਾਗਜ਼ੀ ਪੱਤਰੀਂ ਇੱਕ ਦਿਨ ਦੇਰੀ ਨਾਲ ਬਰਾਮਦ ਕੀਤੇ ਜਾਣ ਦੇ ਚਰਚੇ ਹਨ। ਸੂਤਰਾਂ ਮੁਤਾਬਕ ਵਾਕੇ ਦਾ ਖੁਲਾਸਾ ਤਿੰਨ ਨਵੰਬਰ ਨੂੰ ਹੋ ਗਿਆ ਸੀ। ਖਾਕੀ ਤੰਤਰ ਨੂੰ ਡਿਊਟੀ ਮਜਿਸਟਰੇਟ ਸਮੇਂ ਸਿਰ ਮੁਹੱਈਆ ਨਹੀਂ ਹੋਇਆ। ਜਿਸ ਕਰਕੇ ਲਾਸ਼ ਕੱਲ ਚਾਰ ਨਵੰਬਰ ਨੂੰ ਕਢਵਾਈ ਗਈ। ਵਾਕੇ ਵਾਲੀ ਜਗਾ ਇੱਕ ਦਿਨ ਤੋਂ ਵੱਧ ਸਮਾਂ ਪੁਲਿਸ ਪਹਿਰੇ ਹੇਠ ਰਹੀ। ਪਿੰਡ ਧੌਲਾ, ਹਲਕੇ ਪੱਖੋਂ ਲੰਬੀ ਅਧੀਨ ਹੈ। ਰੈਵਿਨਿਊ ਤੇ ਪ੍ਰਸ਼ਾਸਨਿਕ ਖਾਤਿਆਂ ’ਚ ਉਸਦੀ ਤਕਦੀਰ ਗਿੱਦੜਬਾਹ ਨਾਲ ਜੁੜੀ ਹੈ। ਦੂਜੇ ਪਾਸੇ ਡੀ.ਐਸ.ਪੀ. ਜਸਪਾਲ ਸਿੰਘ ਨੇ ਕਿਹਾ ਕਿ ਕੋਈ ਦੇਰੀ ਨਹੀਂ ਹੋਈ। ਖੁਲਾਸਾ ਹੋਣ ਦੇ ਤੁਰੰਤ ਬਾਅਦ ਸਮੁੱਚੀ ਕਾਰਵਾਈ ਸਮਾਂਬੱਧ ਹੋਈ। 


No comments:

Post a Comment