04 November 2021

ਚੰਨੀ ਦੇ ਕਾਹਲੇ ਖਾਕੀ ‘ਚੰਨਾਂ’ ਨੇ ਕਾਰੋਬਾਰੀਆਂ ਨੂੰ ਵਿਖਾਏ ਦਿਨੇ 'ਤਾਰੇ'




* ਦੁਕਾਨਦਾਰਾਂ ਨੂੰ ਖੱਡ ਵਾਲੇ ਰੇਟ ’ਤੇ 9 ਰੁਪਏ ਵਰਗ ਫੁੱਟ ਰੇਤਾ ਵੇਚਣ ਦੇ ਸੁਣਾਏ ਹੁਕਮ

* ਛਪੇ ਸੂਚਨਾ ਪੱਤਰ ਦੁਕਾਨਾਂ 'ਤੇ ਲਾਉਣ ਦੀ ਤਾਕੀਦ ਨਾ ਮੰਨਣ ’ਤੇ ਆਖੀ ਕਾਰਵਾਈ ਦੀ ਗੱਲ


ਇਕਬਾਲ ਸਿੰਘ ਸ਼ਾਂਤ

ਲੰਬੀ: ਰੇਤਾ ਵਿਕਰੀ ਬਾਰੇ ਚੰਨੀ ਸਰਕਾਰ ਦੇ ਹੁਕਮਾਂ ਬਾਰੇ ਅਧੂਰੀ ਜਾਣਕਾਰੀ ਵਾਲੇ ਕਾਹਲੇ ਖਾਕੀ ‘ਚੰਨਾਂ’ ਨੇ ਰੇਤਾ ਕਾਰੋਬਾਰੀਆਂ ਨੂੰ ਦਿਨੇ ‘ਤਾਰੇ’ ਵਿਖਾ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਖੱਡਾਂ ਤੋਂ 9 ਪ੍ਰਤੀ ਵਰਗ ਫੁੱਟ ਰੇਤਾ ਵੇਚੇ ਜਾਣ ਦਾ ਐਲਾਨ ਹੈ। ਸਰਕਾਰੀ ਹੁਕਮਾਂ ਨੂੰ ਇੰਨ ਬਿੰਨ ਲਾਗੂ ਕਰਵਾਉਣ ਲਈ ਉਤਾਵਲੀ ਲੰਬੀ ਹਲਕੇ ਦੀ ਕਿੱਲਿਆਂਵਾਲੀ ਪੁਲਿਸ ਨੇ ਅੱਜ ਦੁਕਾਨਦਾਰਾਂ ਨੂੰ ਬੁਲਾ ਕੇ ਦੁਕਾਨਾਂ ’ਤੇ 9 ਰੁਪਏ ਪ੍ਰਤੀ ਵਰਗ ਫੁੱਟ ਰੇਤਾ ਵੇਚਣ ਦਾ ਫੁਰਮਾਨ ਸੁਣਾਇਆ ਅਤੇ ਛਪੇ ਸੂਚਨਾ ਪੱਤਰ ਦੇ ਕੇ ਉਨ੍ਹਾਂ ਨੂੰ ਦੁਕਾਨਾਂ 'ਤੇ ਲਗਾਉਣ ਲਈ ਆਖਿਆ। ਦੁਕਾਨਦਾਰਾਂ ਮੁਤਾਬਿਕ ਰੇਤਾ ਵੱਧ ਕੀਮਤ ’ਤੇ ਵੇਚਣ 'ਤੇ ਕਾਨੂੰਨੀ ਕਾਰਵਾਈ ਦੀ ਗੱਲ ਆਖੀ ਗਈ ਹੈ।  

ਦੀਵਾਲੀ ਮੌਕੇ ਨਿਯਮਾਂ ਨੂੰ ਵਗੈਰ ਘੋਖੇ-ਸਮਝੇ ਦਿੱਤੇ ਇਸ ‘ਤੋਹਫ਼ੇ’ ਨੇ ਰੇਤਾ ਦੁਕਾਨਦਾਰਾਂ ਦੇ ਮਨਾਂ ਦੇ ਦੀਵੇ ਬੁਝਾ ਦਿੱਤੇ ਹਨ। ਸਰਹੱਦੀ ਕਸਬੇ ਵਿਚ ਮੰਡੀ ਕਿੱਲਿਆਂਵਾਲੀ ’ਚ ਰੋਜ਼ਾਨਾ ਕਰੀਬ ਇੱਕ ਹਜ਼ਾਰ ਕੁਇੰਟਲ ਰੇਤੇ ਦੀ ਵਿਕਰੀ ਹੁੰਦੀ ਹੈ। ਜਾਣਕਾਰੀ ਮੁਤਾਬਿਕ ਚੋਕੀ ਮੁੱਖੀ ਵੱਲੋਂ ਦੁਕਾਨਦਾਰਾਂ ਦੀ ਚੌਕੀ ਮੀਟਿੰਗ ਸੱਦ ਕੇ 9 ਰੁਪਏ ਫੁੱਟ ਵੇਚਣ ਲਈ ਆਖਿਆ ਗਿਆ। 

ਪਹਿਲੀ ਗੱਲ ਪੰਜਾਬ-ਹਰਿਆਣਾ ਦੀ ਸਰਹੱਦੀ ਵਪਾਰਕ ਮੰਡੀ ਕਿੱਲਿਆਂਵਾਲੀ ’ਚ ਕਾਫ਼ੀ ਸਮੇਂ ਤੋਂ ਪੰਜਾਬ ਦਾ ਰੇਤਾ ਨਹੀਂ ਆਉਂਦਾ, ਇੱਥੇ ਸਿਰਫ਼ ਹਰਿਆਣਾ ਦਾ ਕਰਨਾਲ ਦਾ ਰੇਤਾ ਆਉਂਦਾ ਹੈ। ਜਿਹੜਾ ਟਰੱਕ ਭਾੜਾ, ਅਨਲੋਡਿੰਗ-ਲੋਡਿੰਗ ਅਤੇ ਸੋਖੇ ਸਮੇਤ ਸਾਰੇ ਖਰਚੇ ਵਗੈਰਾ ਜੋੜ ਕੇ 30 ਰੁਪਏ ਪ੍ਰਤੀ ਵਰਗ ਫੁੱਟ ( ਕਰੀਬ 83 ਰੁਪਏ ਕੁਇੰਟਲ) ਦੁਕਾਨ ’ਤੇ ਪਹੁੰਚ ਪੈਂਦਾ ਹੈ। 

ਤੀਜਾ ਇਹ ਘੋਖ ਦਾ ਵਿਸ਼ਾ ਹੈ ਕਿ ਪੁਲਿਸ ਚੌਕੀ ਤੱਕ ਕਿਹੜੇ ਉੱਚ ਪੱਧਰੀ ਰੁਤਬੇ ਵੱਲੋਂ ਇਹ ਨਿਰਦੇਸ਼ ਭੇਜੇ ਗਏ। ਜਿਨਾਂ ਨੇ ਪੰਜਾਬ ਸਰਕਾਰ ਦੀ ਮਾਈਨਿੰਗ ਨੀਤੀ ਨੂੰ ਵਗੈਰ ਘੋਖੇ ਜ਼ਮੀਨ ਪੱੱਧਰ ’ਤੇ ਆਦੇਸ਼ ਜਨਤਕ ਕਰਵਾ ਦਿੱਤੇ। 

ਪੰਜਾਬ ਮਾਈਨਿੰਗ ਨੀਤੀ ’ਚ ਖੱਡਾਂ ’ਤੇ ਰੇਤਾਂ ਰੇਟਾਂ ਦੇ ਇਲਾਵਾ ਰੇਤਾ, ਬਜਰੀ, ਸੁਆਹ, ਕੰਕਰੀਟ ਤੇ ਹੋਰਨਾਂ ਵਸਤੂਆਂ ਲਈ ਢੋਆ-ਢੁਆਈ ਲਈ ਟਰਾਂਸਪੋਰਟ ਭਾੜਾ ਵੀ 5 ਕਿਲੋਮੀਟਰ ਤੋਂ ਤਿੰਨ ਸੌ ਕਿਲੋਮੀਟਰ ਤੱਕ ਵੱਖ-ਵੱਖ ਸਲੈਬ ਦਰ ਨਾਲ ਪੂਰੀ ਸਪੱਸ਼ਟਤਾ ਤੈਅ ਕੀਤਾ ਹੋਇਆ ਹੈ। ਉੱਚ ਪੱਧਰੀ ਸੂਤਰਾਂ ਮੁਤਾਬਕ ਜ਼ਮੀਨ ਪੱਧਰ 'ਤੇ ਕੀਮਤਾਂ ਦੇ ਭੰਬਲਭੂਸੇ ਬਾਰੇ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਹੈ। 


ਰੇਤਾ-ਸੀਮਿੰਟ ਯੂਨੀਅਨ ਦੇ ਪ੍ਰਧਾਨ ਵਿਪਨ ਕੁਮਾਰ ਦਾ ਕਹਿਣਾ ਸੀ ਕਿ ਜਿਹੜੀ ਚੀਜ਼ ਉਨਾਂ ਨੂੰ 30 ਰੁਪਏ ਵਰਗ ਫੁੱਟ ਪੈ ਰਹੀ ਹੈ, ਉਹ 9 ਰੁਪਏ ਵਰਗ ਫੁੱਟ ਕਿਵੇਂ ਵੇਚ ਸਕਦੇ ਹਨ। ਅਜਿਹੇ ’ਚ ਉਹ ਰੇਤੇ ਦਾ ਉਹ ਕੰਮ ਬੰਦ ਕਰ ਦੇਣਗੇ। ਉਨਾਂ ਕਿਹਾ ਕਿ ਪੁਲੀਸ ਵੱਲੋਂ ਜਾਰੀ ਹੁਕਮਾਂ ਮੁਤਾਬਕ ਰੇਤਾ ਭਾਵੇਂ ਹਰਿਆਣਾ ਦਾ ਹੋਵੇ, ਉਹ 9 ਰੁਪਏ ਵਰਗ ਫੁੱਟ ਤੋਂ ਵੱਧ ਨਹੀਂ ਵੇਚ ਸਕਣਗੇ। ਵਿਪਨ ਕੁਮਾਰ ਮੁਤਾਬਕ ਦੁਕਾਨਾਂ ’ਤੇ ਪਏ ਰੇਤੇ ਦੇ ਮੌਜੂਦਾ ਢੇਰ ਵੇਚਣ ਦੀ ਛੋਟ ਮਿਲੀ ਹੈ। 

ਚੌਕੀ ਕਿੱਲਿਆਂਵਾਲੀ ਦੇ ਮੁਖੀ ਪਿ੍ਰਤਪਾਲ ਸਿੰਘ ਨੇ ਉਨਾਂ ਨੂੰ ਥਾਣਾ ਮੁਖੀ ਵੱਲੋਂ ਜਿਹੜੇ ਨਿਰਦੇਸ਼ ਆਏ ਸਨ। ਉਨਾਂ ਦੁਕਾਨਦਾਰਾਂ ਨੂੰ ਦੱਸ ਦਿੱਤੇ। ਤੁਸੀਂ ਥਾਣਾ ਮੁਖੀ ਨੂੰ ਪੁੱਛ ਲਵੋ। 

ਲੰਬੀ ਦੇ ਥਾਣਾ ਅਮਨਦੀਪ ਸਿੰਘ ਦਾ ਕਹਿਣਾ ਸੀ ਕਿ ਸਾਨੂੰ ਉੱਪਰੋਂ ਹਦਾਇਤਾਂ ਲੂਆਈਆਂ ਸਨ ਉਨਾਂ ਬਾਰੇ ਦੁਕਾਨਦਾਰਾਂ ਨੂੰ ਦੱਸ ਦਿੱਤਾ ਗਿਆ ਹੈ। ਮਲੋਟ ਦੇ ਡੀ.ਐਸ.ਪੀ. ਜਸਪਾਲ ਸਿੰਘ ਨੇ ਕਿਹਾ ਕਿ ਹੁਣ ਮਸਲੇ ਨੂੰ ਪੜਤਾਲਦੇ ਹਨ। 

ਦੂਜੇ ਪਾਸੇ ਮਾਈਨਿੰਗ ਵਿਭਾਗ ਦੇ ਚੀਫ਼ ਇੰਜੀਨੀਅਰ ਬੀ.ਪੀ. ਸਿੰਘ ਦਾ ਕਹਿਣਾ ਸੀ ਕਿ ਰੇਤੇ ਕੱਢੇ ਜਾਣ ਵਾਲੀ ਜਗਾ ਤੋਂ 9 ਰੁਪਏ ਵਰਗ ਫੁੱਟ ਦੇ ਸਰਕਾਰੀ ਨਿਰਦੇਸ਼ ਹਨ। ਜਿਸ ’ਤੇ ਪ੍ਰਤੀ ਕਿਲੋਮੀਟਰ ਮੁਤਾਬਕ ਟਰਾਂਸਪੋਰਟ ਭਾੜਾ ਵੱਖਰਾ ਤੈਅ ਕੀਤਾ ਹੋਇਆ ਹੈ। ਉਨਾਂ ਜ਼ਮੀਨ ਪੱਧਰ ’ਤੇ ਕੁੱਝ ਭੰਬਲਭੂਸਾ ਸੁਣਨ ਵਿੱਚ ਆ ਰਿਹਾ ਹੈ। ਵਿਭਾਗੀ ਵੈਬਸਾਈਟ ’ਚ ਸਭ  ਸਪੱਸ਼ਟ ਦਰਜ ਹੈ। ਜੇਕਰ ਕੋਈ ਟਰਾਂਸੋਪੋਰਟ ਤੈਅ ਪ੍ਰਤੀ ਕਿਲੋਮੀਟਰ ਤੋਂ ਵੱਧ ਰੇਟ ਵਸੂਲ ਰਿਹਾ ਤਾਂ ਉਹ ਵੀ ਕਾਰਵਾਈ ਅਧੀਨ ਆਉਂਦਾ ਹੈ। 

No comments:

Post a Comment