26 November 2021

ਵਜੂਦੀ ਸਿਆਸਤ: ਸਵੇਰੇ ਟਿਕਟ 'ਤੇ ਦਾਅਵੇਦਾਰੀ ਠੋਕੀ, ਸ਼ਾਮ ਨੂੰ ਡਿਪਟੀ ਸੀ.ਐਮ. ਮੁਲਾਕਾਤ ਨੂੰ ਘਰ ਪੁੱਜ ਗਏ



ਲੰਬੀ 2022: ਕਾਂਗਰਸ ਦੇ ਕੇਂਦਰੀ ਆਬਜ਼ਰਵਰ ਨੇ ਕਾਡਰ ਤੋਂ ਲੰਬੀ ਦੇ ਟਿਕਟ ਚਾਹਵਾਨਾਂ ਦਾ ਜ਼ਮੀਨੀ ਵਜ਼ਨ-ਵਜੂਦ ਪਰਖਿਆ


ਇਕਬਾਲ ਸਿੰਘ ਸ਼ਾਂਤ

ਲੰਬੀ, 26 ਨਵੰਬਰ

ਲਾਲਸਾ ਰਹਿਤ ਰਾਜਨੀਤੀ ਦੇ ਧਾਰਨੀ ਸੀਨੀਅਰ ਕਾਂਗਰਸੀ ਆਗੂ ਮਹੇਸ਼ਇੰਦਰ ਸਿੰਘ ਬਾਦਲ ਦੀ ਵਜੂਦੀ ਰਾਜਨੀਤੀ ਦੇ ਆਪਣੇ ਰੰਗ ਹਨ। ਜਿਸਦਾ ਵਜ਼ਨ ਕਾਂਗਰਸ ਹਾਈਕਮਾਂਡ ਵੀ ਬਾਖੂਬੀ ਮਹਿਸੂਸ ਕਰਦੀ ਹੈ। ਸ਼ੁੱਕਰਵਾਰ ਸਵੇਰੇ ਮਹੇਸ਼ਇੰਦਰ ਸਿੰਘ ਦੇ ਇੱਕਲੌਤੇ ਸਪੁੱਤਰ ਫਤਿਹ ਸਿੰਘ ਬਾਦਲ ਨੇ ਕਾਂਗਰਸ ਦੇ ਕੌਮੀ ਸਕੱਤਰ ਅਤੇ ਕੇਂਦਰੀ ਚੋਣ ਆਬਜਰਵਰ ਹਰਸ਼ਵਰਧਨ ਕੋਲ ਲੰਬੀ ਹਲਕੇ ਤੋਂ ਕਾਂਗਰਸ ਟਿਕਟ ਲਈ ਦਾਅਵੇਦਾਰੀ ਜਤਾਈ। ਦੇਰ ਸ਼ਾਮ ਨੂੰ ਪੰਜਾਬ ਦੇ ਡਿਪਟੀ ਸੀ.ਐਮ. ਕਮ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਿੰਡ ਬਾਦਲ ਵਿਖੇ ਉਨ੍ਹਾਂ ਨਾਲ ਮੁਲਾਕਾਤ ਲਈ ਪੁੱਜ ਗਏ। ਜਾਣਕਾਰੀ ਅਨੁਸਾਰ ਰੰਧਾਵਾ ਨੇ ਮਹੇਸ਼ਇੰਦਰ ਬਾਦਲ ਅਤੇ ਫਤਿਹ ਬਾਦਲ ਨਾਲ ਲੰਮੀ ਕਮਰਾ-ਬੰਦ ਮੀਟਿੰਗ ਕੀਤੀ। ਸੂਤਰ ਦੱਸਦੇ ਹਨ ਕਿ ਚੰਨੀ ਸਰਕਾਰ ਅਤੇ ਕਾਂਗਰਸ ਹਾਈਕਮਾਂਡ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਧਿਰ ਨੂੰ ਲੰਬੀ ਹਲਕੇ ਵਿਚ ਘੇਰਨ ਖਾਤਿਰ ਮਹੇਸ਼ਇੰਦਰ ਸਿੰਘ ਬਾਦਲ 'ਤੇ ਨਿਰਭਰਤਾ ਵਿਖਾ ਰਹੀ ਹੈ। ਜ਼ਿਕਰਯੋਗ ਹੈ ਕਿ ਮਹੇਸ਼ਇੰਦਰ ਸਿੰਘ ਬਾਦਲ 2002 ਤੋਂ ਹੁਣ ਤੱਕ ਤਿੰਨ ਵਾਰ ਉਨ੍ਹਾਂ ਵੱਡੇ ਚਚੇਰੇ ਭਰਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਚੋਣ ਲੜ ਚੁੱਕੇ ਹਨ। ਹਲਕਾ ਲੰਬੀ 'ਚ ਕਾਂਗਰਸ ਪਾਰਟੀ ਕਦੇ ਵੀ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਆਭਾ ਮੰਡਲ 'ਤੇ ਭਾਰੂ ਨਹੀਂ ਪੈ ਸਕੀ। 2017 ਵਿੱਚ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਲੰਬੀ ਤੋਂ ਵੱਡੇ ਬਾਦਲ ਮੂਹਰੇ ਵੱਡੀ ਹਾਰ ਝੱਲ ਚੁੱਕੇ ਹਨ। ਇਹ ਵੀ ਹਕੀਕਤ ਹੈ ਕਿ ਬਾਦਲਾਂ ਦੇ ਗੜ੍ਹ ਹੋਣ ਅਤੇ ਕਾਂਗਰਸ ਹਾਈਕਮਾਂਡ ਵਲੋਂ ਗੈਰ ਸੁਣਵਾਈ ਦੇ ਬਾਵਜੂਦ ਦੋ ਦਹਾਕੇ ਤੋਂ ਮਹੇਸ਼ਇੰਦਰ ਸਿੰਘ ਬਾਦਲ ਦੇ ਸਿਆਸੀ ਵਜੂਦ ਅਤੇ ਜ਼ਮੀਨ ਪੱਧਰ 'ਤੇ ਡੂੰਘੀਆਂ ਜੜ੍ਹਾਂ ਕਾਰਨ ਲੰਬੀ ਹਲਕੇ ਵਿਚ ਕਾਂਗਰਸ ਦਾ ਵੋਟ ਬੈਂਕ 40 ਤੋਂ 43 ਹਜ਼ਾਰ 'ਤੇ ਟਿਕਿਆ ਆ ਰਿਹਾ ਹੈ। ਇਸ ਵਾਰ ਉਨ੍ਹਾਂ ਦੇ ਫ਼ਰਜ਼ੰਦ ਫਤਿਹ ਸਿੰਘ ਬਾਦਲ ਇਥੋਂ ਬਤੌਰ ਦਾਅਵੇਦਾਰ ਜ਼ਮੀਨੀ ਸਫ਼ਾਂ ਵਿੱਚ ਵਿਚਰ ਰਹੇ ਹਨ। ਇਸੇ ਵਿਚਕਾਰ ਆਲ ਇੰਡੀਆ ਕਾਂਗਰਸ ਦੇ ਸਕੱਤਰ ਹਰਸ਼ਵਰਧਨ ਵੀ ਅੱਜ 2022 ਦੀਆਂ ਪੰਜਾਬ ਚੋਣਾਂ ਲਈ ਜ਼ਮੀਨ ਪੱਧਰ 'ਤੇ ਟਿਕਟਾਂ ਦੇ ਚਾਹਵਾਨ ਉਮੀਦਵਾਰਾਂ ਦੇ ਅਸਰ ਰਸੂਖ਼ ਪਰਖਦੇ ਨਜ਼ਰ ਆਏ। ਉਨ੍ਹਾਂ ਲੰਬੀ ਹਲਕੇ ਦੀਆਂ ਜ਼ਮੀਨੀ ਕਾਂਗਰਸੀ ਰਮਜ਼ਾਂ ਨੂੰ ਵੀ ਵਾਚਿਆ। ਲੰਬੀ ਤੋਂ ਕਾਂਗਰਸ ਦੀ ਟਿਕਟ ਲਈ ਅਬਜ਼ਰਵਰ ਦੇ ਸਨਮੁੱਖ ਤਿੰਨ ਕਾਂਗਰਸੀ ਆਗੂਆਂ ਮਹੇਸ਼ਇੰਦਰ ਸਿੰਘ ਬਾਦਲ ਦੇ ਸਪੁੱਤਰ ਫਤਿਹ ਸਿੰਘ ਬਾਦਲ, ਜਗਪਾਲ ਸਿੰਘ ਅਬੁਲਖੁਰਾਣਾ ਅਤੇ ਸ਼ਿਵਕੰਵਰ ਸਿੰਘ ਸੰਧੂ ਨੇ ਦਾਅਵੇਦਾਰੀ ਪੇਸ਼ ਕੀਤੀ। ਆਬਜਰਵਰ ਨੇ ਅੱਜ ਮਲੋਟ ਵਿਖੇ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਵਰਕਰਾਂ ਤੋਂ ਇਕੱਲਿਆਂ ਬੰਦ ਕਮਰਾ ਗੱਲਬਾਤ ਕਰਕੇ ਜੇਤੂ ਅਤੇ ਜ਼ਮੀਨੀ ਵਜੂਦ ਵਾਲੇ ਉਮੀਦਵਾਰਾਂ ਬਾਰੇ ਜਾਇਜ਼ਾ ਲਿਆ। ਲੰਬੀ ਹਲਕੇ ਦਾ ਇਤਿਹਾਸ ਗਵਾਹ ਹੈ ਕਿ ਟਿਕਟ ਭਾਵੇਂ ਕਿਸੇ ਨੂੰ ਮਿਲੇ ਪਰ ਮਹੇਸ਼ਇੰਦਰ ਸਿੰਘ ਬਾਦਲ ਦੀ ਛਤਰਛਾਇਆ ਵਗੈਰ ਚੋਣ ਪਿੜ ਵਿੱਚ ਵਜੂਦ ਦਰਸਾਉਣਾ ਸੰਭਵ ਨਹੀਂ ਹੋ ਸਕਿਆ। ਆਬਜ਼ਰਵਰ ਦੀ ਆਮਦ ਅਤੇ ਡਿਪਟੀ ਸੀ.ਐਮ. ਦੀ ਉਕਤ ਫੇਰੀ ਨਾਲ ਆਗਾਮੀ ਦਿਨਾਂ ਵਿੱਚ ਹਲਕੇ ਵਿਚ ਕਾਂਗਰਸੀ ਕਾਡਰ ਦੀਆਂ ਸਰਗਰਮੀਆਂ ਵਿਚ ਹੋਰ ਤੇਜ਼ੀ ਫੜਨ ਦੇ ਆਸਾਰ ਹਨ।


ਅਹੁਦੇਦਾਰ ਹੋਣ ਕਰਕੇ ਪਾਰਟੀ ਅਹੁਦੇਦਾਰਾਂ ਨੂੰ ਮਿਲ ਰਿਹਾਂ: ਹਰਸ਼ਵਰਧਨ

ਆਲ ਇੰਡੀਆ ਕਾਂਗਰਸ ਪਾਰਟੀ ਦੀ ਕੌਮੀ ਸਕੱਤਰ ਅਤੇ ਚੋਣ ਆਬਜ਼ਰਵਰ ਹਰਸ਼ਵਰਧਨ ਨੇ ਆਖਿਆ ਕਿ ਉਹ ਰੁਟੀਨ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਹਿੱਤ ਸੰਗਠਨ ਦੇ ਕਾਡਰ ਨਾਲ ਮਿਲ ਰਹੇ ਹਨ। ਉਨ੍ਹਾਂ ਨੂੰ ਜਦੋਂ ਉਕਤ ਮਿਲਣੀਆਂ ਨੂੰ ਟਿਕਟ ਸਰਵੇ ਦਾ ਹਿੱਸਾ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹਰ ਕਿਸੇ ਦਾ ਆਪਣਾ ਤਰੀਕਾ ਹੁੰਦਾ ਹੈ। ਉਹ ਵੀ ਪਾਰਟੀ ਅਹੁਦੇਦਾਰ ਹਨ ਅਤੇ ਪਾਰਟੀ ਦੇ ਜ਼ਮੀਨ ਪੱਧਰ ਦੇ ਅਹੁਦੇਦਾਰਾਂ ਨੂੰ ਮਿਲ ਰਹੇ ਹਨ।





No comments:

Post a Comment