21 March 2022

ਸੁਖਬੀਰ ਬਾਦਲ ਨੂੰ ਅਵਾਮ ਵੱਲੋਂ ਨਕਾਰਨ ਦੇ ਦਸਵੇਂ ਦਿਨ ਹੀ ਸਿਆਸੀ ਮੈਦਾਨ 'ਚ ਉੱਤਰੇ 'ਬਾਬਾ' ਬਾਦਲ


ਇਕਬਾਲ ਸਿੰਘ ਸ਼ਾਂਤ

ਲੰਬੀ: ਸੂਬਾਈ ਚੋਣਾਂ ਵਿਚ ਸੁਖਬੀਰ ਬਾਦਲ ਦੀ ਕਾਕਾ ਕਲਚਰ ਵਾਲੀ ਹਾਈ-ਪ੍ਰੋਫਾਈਲ ਅਗਵਾਈ ਅਵਾਮ ਵੱਲੋਂ ਮੁੱਢੋਂ ਨਕਾਰੇ ਜਾਣ ਬਾਅਦ ਅਕਾਲੀ ਦਲ ਦੀ ਅਣ-ਐਲਾਨੀ ਰਹਿਨੁਮਾਈ ਪ੍ਰਕਾਸ਼ ਸਿੰਘ ਵੱਡੇ ਬਾਦਲ ਦੀ ਸਿਆਸੀ ਮਜ਼ਬੂਰੀ ਬਣ ਗਈ ਹੈ। ਸਿਆਸੀ ਸਫ਼ਾਂ ਵਿੱਚ ਜ਼ਿੰਦਗੀ ਦੀ ਸਭ ਤੋਂ ਵੱਡੀ ਹਾਰ ਝੱਲਣ ਦੇ ਡੇਢ ਹਫਤੇ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਨਤਕ ਸਫ਼ਾਂ ਵਿੱਚ ਪਰਤ ਆਏ। ਅੱਜ ਉਨ੍ਹਾਂ ਲੰਬੀ ਹਲਕੇ ਦੇ ਪਿੰਡਾਂ ਵਿੱਚ ਧੰਨਵਾਦੀ ਦੌਰਾ ਸ਼ੁਰੂ ਕਰ ਦਿੱਤਾ।

ਸ੍ਰੀ ਬਾਦਲ ਰਵਾਇਤੀ ਹਲਕੇ ਲੰਬੀ ਵਿੱਚ ਬਦਲਾਅ ਦੇ ਲਹਿਰ ਵਿਚ 11361 ਵੋਟਾਂ ਦੇ ਫਰਕ ਨਾਲ ਸਿਆਸੀ ਪਟਕਣੀ ਖਾ ਗਏ ਸਨ। ਸੂਬੇ ਵਿਚ ਬੇਹੱਦ ਮਜ਼ਬੂਤ ਅਤੇ ਵੱਡਾ ਕਾਡਰ ਹੋਣ ਦੇ ਬਾਵਜੂਦ ਢਾਈ-ਤਿੰਨ ਸੀਟਾਂ ਤੱਕ ਸਮੇਟੇ ਜਾਣ ਨਾਲ ਅਕਾਲੀ ਦਲ ਦਾ 2017 ਤੋਂ ਕੰਧ 'ਤੇ ਲਿਖਿਆ ਭਵਿੱਖ 2022 ਵਿੱਚ ਹਕੀਕਤ ਬਣ ਗਿਆ। ਜ਼ਮੀਨੀ ਤੱਥ ਹਨ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਾਣਾ-ਬਾਣਾ ਪਿੰਡ ਬਾਦਲ ਵਿਖੇ ਹਲਕਾਵਾਰ ਲੀਡਰਸ਼ਿਪ ਨਾਲ ਵੱਡੀਆਂ ਮੀਟਿੰਗ ਅਤੇ ਸੁਖਬੀਰ ਦੇ ਆਲੇ-ਦੁਆਲੇ ਦੇ ਅੱਧੀ ਦਰਜਨ "ਨਿੱਕ ਨੇਮ" ਜੁੰਡਲੀ ਤੱਕ ਸੀਮਤ ਰਹਿ ਗਿਆ।

ਸੁਖਬੀਰ ਬਾਦਲ, ਜੁੰਡਲੀ ਦੇ ਵਿਖਾਏ ਜਲੌਅ ਵਿੱਚ ਸੁਫਨਿਆਂ ਵਿੱਚ ਅਗਾਮੀ ਮੁੱਖ ਮੰਤਰੀ ਸ਼ਿਪ ਦੇ ਖਵਾਬ ਮਾਣਦੇ ਰਹੇ, ਜਦਕਿ ਹਕੀਕਤ ਵਿਚ ਆਪ ਨੇ ਸੂਬੇ ਵਿਚ ਝਾੜੂ ਫੇਰ ਦਿੱਤਾ। ਅਕਾਲੀ ਦਲ ਵੱਡੀਆਂ ਰੈਲੀਆਂ ਅਤੇ ਧਰਨੇ ਮੁਜਾਹਰਿਆਂ ਦੇ ਬਾਵਜੂਦ ਲੋਕ ਮਨਾਂ ਨੂੰ ਛੂਹਣ ਵਿੱਚ ਅਸਫਲ ਰਿਹਾ। ਸੂਬੇ ਦੇ ਅਵਾਮ ਨੇ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਮੁੱਖ ਮੰਤਰੀ ਉਮੀਦਵਾਰ ਕਬੂਲ ਨਹੀਂ ਕੀਤਾ।

ਲੋਕ ਅਕਾਲੀ ਦਲ ਦੇ ਦਸ ਸਾਲਾ ਰਾਜਭਾਗ ਦੀਆਂ ਊਣਤਾਈਆਂ ਨੂੰ ਭੁਲਾ ਨਹੀਂ ਸਕੇ ਹਨ, ਇਹ ਚੋਣ ਨਤੀਜਿਆਂ ਨੇ ਸਾਬਿਤ ਕਰ ਦਿੱਤਾ। ਲੰਬੀ ਵਿਚ ਵੀ ਅਕਾਲੀ ਦਲ ਦੇ ਇੰਚਾਰਜ ਅਤੇ ਪੇਂਡੂ ਮਾਲਕੀ ਕਲਚਰ ਨੇ ਆਮ ਵੋਟਰਾ ਤਪਾ ਰੱਖੇ ਹਨ।ਬਾਦਲਾਂ ਨੂੰ ਮੁੱਢ ਕਦੀਮ ਤੋਂ 50 ਫੀਸਦੀ ਤੋਂ ਵੱਧ ਵੋਟਾਂ ਦੇ ਗੱਫੇ ਦੇਣ ਵਾਲੇ ਲੋਕਾਂ ਹੱਥੋਂ ਬਾਦਲ ਪਰਿਵਾਰ ਨੂੰ ਪੇਂਡੂ ਇੰਚਾਰਜਾਂ ਅਤੇ ਮੌਕਾਪ੍ਰਸਤਾਂ ਦੀ ਜੁੰਡਲੀ ਵਿੱਚ ਘਿਰੇ ਹੋਣ ਦਾ ਵੱਡਾ ਖਮਿਆਜ਼ਾ ਜੱਦੀ ਗੜ੍ਹ ਲੰਬੀ ਵਿੱਚ ਭੁਗਤਣਾ ਪਿਆ।

ਅਕਾਲੀ ਦਲ ਦੀ ਗੈਰਨੀਤੀਗਤ ਕਾਰਗੁਜਾਰੀ ਦੀ ਵਿਰੋਧਤਾ ਇਸ ਵਾਰ ਆਮ ਲੋਕਾਂ ਦੇ ਮੂੰਹਾਂ ਅਤੇ ਬੋਲ-ਬਾਣੀ ਤੋਂ ਝਲਕਣ ਲੱਗੀ ਸੀ। ਜਿਸਦੇ ਨਤੀਜੇ ਵਜੋਂ ਹਲਕੇ ਵਿਚ ਫੈਲੇ ਲੋਕ ਰੋਹ ਦਾ ਉਬਾਲਾ ਵੱਡੇ ਬਾਦਲ ਦੀ ਨਾਮੋਸ਼ੀਜਨਕ ਹਾਰ ਵਜੋਂ ਸਾਹਮਣੇ ਆਇਆ। ਉਪਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਾਬਜ਼ ਪਾਰਟੀ ਲੀਡਰਸ਼ਿਪ ਵੀ ਹੱਥ ਵਿਖਾ ਗਈ। ਬਠਿੰਡਾ ਵਿਚ ਅਕਾਲੀ ਆਗੂ ਅਤੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਬਾਦਲ ਪਰਿਵਾਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਪਾਰਟੀ ਨੂੰ ਅਲਵਿਦਾ ਆਖ ਦਿੱਤਾ।

ਇਨ੍ਹਾਂ ਸਭ ਹਾਲਾਤਾਂ ਨੂੰ ਝੱਲਣ ਅਤੇ ਵਾਚਣ ਦੇ ਬਾਵਜੂਦ 95 ਸਾਲਾ ਸਿਆਸਤਦਾਨ ਨਾਮੋਸ਼ੀਜਨਕ ਹਾਰ ਨੂੰ ਆਗਾਮੀ ਭਵਿੱਖ ਵਿੱਚ ਪੜਚੋਲਵੀਂ ਤਾਕਤ ਵਿੱਚ ਬਦਲਣ ਲਈ ਮੈਦਾਨ ਵਿੱਚ ਨਿਤਰ ਪਏ ਹਨ। ਵੱਡੇ ਬਾਦਲ ਸੂਬੇ ਵਿੱਚ ਇਤਿਹਾਸਕ ਬਹੁਮਤ ਵਾਲੀ ਭਗਵੰਤ ਮਾਨ ਸਰਕਾਰ ਦੇ ਵਜੂਦ ਵਿੱਚ ਆਉਣ ਦੇ ਨਾਲ ਹੀ ਵਿਧਾਨਸਭਾ ਦੇ ਬਾਹਰੋਂ ਹੀ ਸਿਆਸੀ ਟਾਕਰੇ ਲਈ ਡਟ ਗਏ ਹਨ।

ਅੱਜ ਧੰਨਵਾਦੀ ਦੌਰੇ ਦੇ ਮੌਕੇ ਅੱਧੀ ਦਰਜਨ ਪਿੰਡਾਂ ਵਿਚ ਲੋਕਾਂ ਦੇ ਮੁਖਾਤਿਬ ਹੁੰਦਿਆਂ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਹਾਰ-ਜਿੱਤ ਜ਼ਿੰਦਗੀ ਦਾ ਹਿੱਸਾ ਹੈ। ਐਮਰਜੈਂਸੀ ਬਾਅਦ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਚੋਣ ਹਾਰ ਗਈ ਸੀ। ਲੋਕਾਂ ਨੇ ਬਦਲਾਅ ਦੀ ਚਾਹਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦਿਆਂ ਵਾਲੀ ਕਾਂਗਰਸ ਸਰਕਾਰ ਵਾਂਗ ਆਪ ਸਰਕਾਰ ਵੀ ਜ਼ਿਆਦਾ ਵੱਡੇ ਵਾਅਦਿਆਂ ਨਾਲ ਵਜ਼ੂਦ ਵਿੱਚ ਆਈ ਹੈ। ਇਹ ਸਮਾਂ ਦੱਸੇਗਾ ਕਿ ਸਰਕਾਰ ਆਪਣੇ ਵਾਅਦਿਆਂ 'ਤੇ ਖਰੀ ਉੱਤਰਦੀ ਹੈ ਜਾਂ ਅਮਰਿੰਦਰ ਸਰਕਾਰ ਵਾਂਗ ਝੂਠ ਦਾ ਪੁਲੰਦਾ ਸਾਬਿਤ ਹੁੰਦੀ ਹੈ।

ਸਾਬਕਾ ਮੁੱਖ ਮੰਤਰੀ ਨੇ ਵਰਕਰਾਂ ਨੂੰ ਹੌਂਸਲਾ ਅਤੇ ਹਿੰਮਤ ਦਿੰਦੇ ਆਖਿਆ ਕਿ ਉਹ ਜ਼ਮੀਨ ਪੱਧਰ 'ਤੇ ਲੋਕ ਹਿੱਤਾਂ ਪ੍ਰਤੀ ਡਟੇ ਰਹਿਣ। ਉਹ ਖੁਦ ਪਿੰਡ ਬਾਦਲ ਵਿਖੇ ਬੈਠੇ ਹਨ ਅਤੇ ਪਹਿਲਾਂ ਵਾਂਗ ਵਰਕਰਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੇ ਹੱਲ ਕਰਿਆ ਕਰਨਗੇ। ਸ੍ਰੀ ਬਾਦਲ ਨੇ ਧੰਨਵਾਦੀ ਦੌਰਾ ਜੱਦੀ ਪਿੰਡ ਬਾਦਲ ਤੋਂ ਸ਼ੁਰੂ ਕੀਤਾ। ਉਹ ਅੱਜ ਗੱਗੜ, ਮਿੱਠੜੀ ਬੁੱਧਗਿਰ ਅਤੇ ਫਤੂਹੀਵਾਲਾ ਵਿਖੇ ਲੋਕਾਂ ਦਾ ਧੰਨਵਾਦ ਕਰਨ ਪੁੱਜੇ। ਇਸ ਮੌਕੇ ਸ੍ਰੀ ਬਾਦਲ ਦੇ ਕਈ ਚਚੇਰੇ ਭਾਈ-ਭਤੀਜੇ ਅਤੇ ਪਾਰਟੀ ਦੇ ਪੇਂਡੂ ਇੰਚਾਰਜ ਅਤੇ ਆਗੂ ਮੌਜੂਦ ਸਨ। 93178-26100

No comments:

Post a Comment