28 April 2012

ਸ੍ਰ: ਬਾਦਲ ਦੇ ਲੱਛੇਦਾਰ ਭਾਸਣ ਨੂੰ ਪ੍ਰਧਾਨ ਮੰਤਰੀ ਨੇ ਬੂਰ ਨਾ ਪੈਣ ਦਿੱਤਾ

                     -ਰਾਸਟਰੀ ਪ੍ਰੋਜੈਕਟ ਨੂੰ ਲੱਗਾ ਸਿਆਸੀ ਗ੍ਰਹਿਣ-
    ਸਰਕਾਰੀ ਇਸਤਿਹਾਰ 'ਚ ਬਾਦਲ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਤਸਵੀਰਾਂ
                                   -ਇਸਤਿਹਾਰ ਚੋਂ ਕਾਂਗਰਸੀ ਮੰਤਰੀਆਂ ਦੀਆਂ ਤਸਵੀਰਾਂ ਗਾਇਬ-

                       
                                                   ਬਠਿੰਡਾ/28 ਅਪਰੈਲ/ ਬੀ ਐਸ ਭੁੱਲਰ
ਲੱਛੇਦਾਰ ਤੇ ਪਰਚਾਓ ਸਬਦਾਵਲੀ ਦੇ ਮਾਧਿਅਮ ਰਾਹੀਂ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਨੇ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਦੇ ਸਮਾਗਮ ਨੂੰ ਆਪਣੀ ਪਾਰਟੀ ਦੇ ਰਾਜਸੀ ਤੇ ਚੋਣ ਹਿਤ ਸਾਧਣ ਵਾਸਤੇ ਕੋਈ ਕਸਰ ਬਾਕੀ ਨਹੀਂ ਸੀ ਛੱਡੀ, ਪਰੰਤੂ ਸਾਊ ਸੁਭਾਅ ਦੇ ਮਾਲਕ ਵਜੋਂ ਜਾਣੇ ਜਾਂਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਸਿਆਸਤ ਦੇ ਸ਼ਾਹਸਵਾਰ ਦੇ ਅਜਿਹੇ ਯਤਨਾਂ ਨੂੰ ਬੂਰ ਨਾ ਪੈਣ ਦਿੱਤਾ।
                  ਡਾ: ਮਨਮੋਹਨ ਸਿੰਘ ਨੂੰ ਦੇਸ ਦੇ ਮਹਾਨ ਨੇਤਾ, ਹਰਮਨ ਪਿਆਰੇ ਪ੍ਰਧਾਨ ਮੰਤਰੀ, ਡਾ: ਸਰਦਾਰ, ਰਿਫਾਇਨਰੀ ਦੇ ਰਾਹ ਵਿੱਚ ਆਈਆਂ ਰੁਕਾਵਟਾਂ ਨੂੰ ਦੂਰ ਕਰਨ ਵਾਲਾ, ਦੀਵੇ ਦੇ ਮੁਕਾਬਲੇ ਉਹਨਾਂ ਦੀ ਤੁਲਨਾ ਸੂਰਜ ਵਜੋਂ ਕਰਨ ਆਦਿ ਦੇ ਵਿਸੇਸ਼ਣਾਂ ਦੇ ਸੰਬੋਧਨ ਨਾਲ ਦਿਲ ਦੀਆਂ ਗਹਿਰਾਈਆਂ ਚੋਂ ਉਹਨਾਂ ਦਾ ਸੁਆਗਤ ਕਰਦਿਆਂ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਦਾ ਵੀ ਇਹ ਕਹਿ ਕੇ ਧੰਨਵਾਦ ਕੀਤਾ ਕਿ ਇਸ ਪ੍ਰੋਜੈਕਟ ਨੂੰ ਪ੍ਰਵਾਨਗੀ ਉਹਨਾਂ ਨੇ ਹੀ ਦਿੱਤੀ ਸੀ।
                    ਆਪਣੀ ਇਸ ਕਲਾਬਾਜੀ ਰਾਹੀਂ ਸ੍ਰ: ਬਾਦਲ ਜਿੱਥੇ ਆਪਣੇ ਇਸ ਦਾਅਵੇ ਨੂੰ ਪੁਖਤਾ ਕਰਨ ਦਾ ਯਤਨ ਕਰ ਰਹੇ ਸਨ, ਕਿ ਕੇਂਦਰ ਵਿੱਚ ਐਨ ਡੀ ਏ ਅਤੇ ਪੰਜਾਬ 'ਚ ਉਹਨਾਂ ਦੀ ਅਗਵਾਈ ਹੇਠਲੀ ਸਰਕਾਰ ਦੇ ਦੌਰ ਵਿੱਚ ਹੀ ਰਿਫਾਇਨਰੀ ਨੂੰ ਪ੍ਰਵਾਨਗੀ ਮਿਲੀ ਸੀ, ਉੱਥੇ ਟੇਢੇ ਢੰਗ ਨਾਲ ਇਹ ਵੀ ਸਾਬਤ ਕਰਨਾ ਚਾਹੁੰਦੇ ਸਨ, ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸੀ ਸਰਕਾਰ ਨੇ ਇਸ ਪ੍ਰੋਜੈਕਟ ਦਾ ਭੋਗ ਹੀ ਪਾ ਦਿੱਤਾ ਸੀ।
                     ਪਰੰਤੂ ਬਿਜਲਈ ਬਟਨ ਦਬਾਅ ਕੇ ਇਸ ਪ੍ਰੋਜੈਕਟ ਨੂੰ ਰਾਸਟਰ ਦੇ ਸਪੁਰਦ ਕਰਨ ਉਪਰੰਤ ਜਿਉਂ ਹੀ ਡਾ: ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਨਾ ਸੁਰੂ ਕੀਤਾ ਤਾਂ 42 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਤਿਆਰ ਹੋਣ ਵਾਲੇ ਤੇਲ ਸੋਧਕ ਕਾਰਖਾਨੇ ਸਬੰਧੀ ਉਚੇਚ ਨਾਲ ਇਹ ਜਿਕਰ ਕਰਕੇ ਉਹਨਾਂ ਸ੍ਰ: ਬਾਦਲ ਦੇ ਦਾਅਵੇ ਦੀ ਫੂਕ ਕੱਢ ਦਿੱਤੀ ਕਿ ਇਹ ਪ੍ਰੋਜੈਕਟ ਉਹਨਾਂ ਦੀ ਅਗਵਾਈ ਹੇਠਲੀ ਯੂ ਪੀ ਏ ਸਰਕਾਰ ਦੇ ਦੌਰ ਵਿੱਚ 2004 ਵਿੱਚ ਸੁਰੂ ਹੋਇਆ ਸੀ। ਇੱਥੇ ਇਹ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਰਿਫਾਇਨਰੀ ਦੀ ਤਜਵੀਜ ਨਰ ਸਿਮਹਾ ਰਾਓ ਦੀ ਅਗਵਾਈ ਹੇਠਲੀ ਕਾਂਗਰਸੀ ਸਰਕਾਰ ਸਮੇਂ ਤਿਆਰ ਹੋਈ ਸੀ, ਜਿਸ ਵਾਸਤੇ ਜਮੀਨ ਇਕੁਆਇਰ ਕਰਨ ਦਾ ਅਮਲ 1996 'ਚ ਉਦੋਂ ਸੁਰੂ ਹੋਇਆ ਜਦ ਪੰਜਾਬ ਵਿੱਚ ਹਰਚਰਨ ਸਿੰਘ ਬਰਾੜ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੀ ਅਤੇ ਮੁਕੰਮਲ 1997 ਵਿੱਚ ਬਣੀ ਬਾਦਲ ਸਰਕਾਰ ਵੇਲੇ ਹੋਇਆ।
ਰੁਕਾਵਟ ਉਦੋਂ ਪੈਦਾ ਹੋਈ ਜਦ ਕੈਪਟਨ ਸਰਕਾਰ ਨੇ ਬਾਦਲ ਸਰਕਾਰ ਵੱਲੋਂ ਰਿਫਾਇਨਰੀ ਨੂੰ ਲਗਾਤਾਰ ਪੰਦਰਾਂ ਸਾਲ ਲਈ ਸਰਕਾਰ ਵੱਲੋਂ ਉਗਰਾਹੇ ਜਾਣ ਵਾਲੇ ਹਜਾਰਾਂ ਕਰੋੜ ਰੁਪਏ ਦੇ ਟੈਕਸਾਂ ਵਿੱਚ ਦਿੱਤੀ ਛੋਟ ਵਾਪਸ ਲੈ ਲਈ ਸੀ। ਬਾਅਦ ਵਿੱਚ ਲੰਬੇ ਵਿਚਾਰ ਵਟਾਂਦਰੇ ਉਪਰੰਤ ਜਦ ਇਹ ਰਿਆਇਤ ਘਟ ਕੇ ਸਾਢੇ 1200 ਕਰੋੜ ਰੁਪਏ ਤੱਕ ਸੀਮਤ ਹੋ ਗਈ ਤਾਂ ਪੈਟਰੋਲੀਅਮ ਮੰਤਰੀ ਵਜੋਂ ਮਨੀ ਸੰਕਰ ਆਇਰ ਨੇ ਹੀ 2004 ਵਿੱਚ ਰਿਫਾਇਨਰੀ ਨੂੰ ਰੀਲਾਂਚ ਕਰ ਦਿੱਤਾ।
                   ਅਜਾਦੀ ਦੀ ਜੰਗ 'ਚ ਪਾਏ ਅਹਿਮ ਯੋਗਦਾਨ, ਅਨਾਜ ਪੱਖੋਂ ਦੇਸ ਨੂੰ ਆਤਮ ਨਿਰਭਰ ਬਣਾਉਂਦਿਆਂ ਧਰਤੀ ਹੇਠਲੇ ਪਾਣੀ ਤੇ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਬਰਬਾਦ ਕਰਵਾਉਣ ਅਤੇ ਸਰਹੱਦਾਂ ਦੇ ਰਾਖਿਆਂ ਵਜੋਂ ਪੰਜਾਬੀਆਂ ਦੇ ਹਵਾਲੇ ਰਾਹੀਂ ਇੱਥੋਂ ਦੀ ਕਿਸਾਨੀ ਸਿਰ ਚੜ•ੇ 30 ਹਜਾਰ ਕਰੋੜ ਰੁਪਏ ਦੇ ਕਰਜ਼ੇ ਦੀ ਮੁਆਫੀ ਤੋਂ ਬਿਨਾਂ ਸਵਾਮੀ ਨਾਥਨ ਕਮਿਸਨ ਦੀਆਂ ਸਿਫਾਰਸਾਂ ਨੂੰ ਲਾਗੂ ਕਰਨ ਦੀ ਮੰਗ ਕਰਦਿਆਂ ਸ੍ਰ: ਬਾਦਲ ਪ੍ਰਧਾਨ ਮੰਤਰੀ ਨੂੰ ਇੱਥੋਂ ਤੱਕ ਵੀ ਕਹਿ ਗਏ ਕਿ ਕੁਝ ਸੂਬੇ ਉਹਨਾਂ ਤੋਂ ਡਰਾ ਧਮਕਾ ਕੇ ਮਾਲੀ ਮੱਦਦ ਲੈ ਜਾਂਦੇ ਹਨ, ਜਦ ਕਿ ਪੰਜਾਬ ਆਪਣਾ ਬਣਦਾ ਹਿੱਸਾ ਹੀ ਮੰਗ ਰਿਹੈ।
                   ਕੈਂਸਰ ਤੋਂ ਪੀੜ•ਤ ਮਾਲਵਾ ਖਿੱਤੇ ਵਿੱਚ ਏਮਜ ਜਾਂ ਪੀ ਜੀ ਆਈ ਦੀ ਤਰਜ ਤੇ ਕੋਈ ਵੱਡਾ ਹਸਪਤਾਲ ਖੋਹਲਣ ਦੀ ਮੰਗ ਕਰਦਿਆਂ ਸ੍ਰ: ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਪੰਜਾਬੀ ਮਾਂ ਦਾ ਦੁੱਧ ਪੀਣ ਵਾਲਾ ਜੇ ਉਹ ਪੰਜਾਬ ਦਾ ਭਲਾ ਨਾ ਕਰ ਸਕਿਆ ਤਾਂ ਹੋਰ ਕਿਸੇ ਨੇ ਕਰਨਾ ਵੀ ਨਹੀਂ। ਸ੍ਰ: ਬਾਦਲ ਦੀਆਂ ਆਰਥਿਕ ਮੰਗਾਂ ਪ੍ਰਤੀ ਕਿਸੇ ਕਿਸਮ ਦਾ ਹੁੰਗਾਰਾ ਭਰੇ ਤੋਂ ਬਿਨਾਂ ਹੀ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਬਠਿੰਡਾ ਵਿਖੇ ਅਡਵਾਂਸਡ ਕੈਂਸਰ ਡਾਇਆਗਨੋਸਟਿਕ ਐਂਡ ਰਿਸਚਰਚ ਸੈਂਟਰ ਦੀ ਕੀਤੀ ਮੰਗ ਦੇ ਸੰਦਰਭ ਵਿੱਚ ਆਟੋਮਿਕ ਅਨਰਜੀ ਬੋਰਡ ਨੇ 3 ਚੋਂ ਦੋ ਪ੍ਰੋਜੈਕਟਾਂ ਨੂੰ ਦਿੱਤੀ ਪ੍ਰਵਾਨਗੀ ਤੇ ਇੱਕ ਦੇ ਵਿਚਾਰ ਅਧੀਨ ਹੋਣ ਦਾ ਜਿਕਰ ਕਰਕੇ ਪ੍ਰਧਾਨ ਮੰਤਰੀ ਨੇ ਇਹ ਸਾਬਤ ਕਰ ਦਿੱਤਾ ਕਿ ਲਿਖਤ ਰੂਪ ਵਿੱਚ ਰਾਜ ਸਰਕਾਰ ਦੀ ਤਜਵੀਜ ਕੋਈ ਹੋਰ ਹੁੰਦੀ ਹੈ ਜਦ ਕਿ ਭਾਸ਼ਣਬਾਜੀ ਸਮੇਂ ਹੋਰ। ਡਾ: ਸਿੰਘ ਨੇ ਇਹ ਵੀ ਸਪਸਟ ਕਰ ਦਿੱਤਾ ਕਿ ਹੁਸਿਆਰਪੁਰ ਅਤੇ ਮਾਨਸਾ ਜਿਲਿ•ਆਂ ਤੋਂ ਇਲਾਵਾ ਬਠਿੰਡਾ ਨੂੰ ਵੀ ਕੈਂਸਰ ਤੇ ਦੂਜੇ ਰੋਗਾਂ ਤੋਂ ਬਚਾਅ ਦੇ ਇਲਾਜ ਵਾਲੇ ਰਾਸਟਰੀ ਪ੍ਰੋਗਰਾਮ 'ਚ ਸਾਮਲ ਕਰ ਲਿਆ ਹੈ।
ਕੇਂਦਰ ਸਰਕਾਰ ਦੀ ਭਾਈਵਾਲੀ ਵਾਲਾ ਇਹ ਰਾਸਟਰੀ ਪ੍ਰੋਜੈਕਟ ਸਿਆਸੀ ਗ੍ਰਹਿਣ ਤੋਂ ਵੀ ਬਚ ਨਹੀਂ ਸਕਿਆ, ਕਿਉਂਕਿ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਦੀ ਮੈਨੇਜਮੈਂਟ ਵੱਲੋਂ ਦਿੱਤੇ ਸੱਦਾ ਪੱਤਰ ਅਤੇ ਅਖਬਾਰੀ ਇਸਤਿਹਾਰਾਂ ਵਿੱਚ ਤਾਂ ਤਲਵੰਡੀ ਸਾਬੋ ਤੋਂ ਕਾਂਗਰਸੀ ਵਿਧਾਇਕ ਦੇ ਨਾਂ ਦਾ ਜਿਕਰ ਕੀਤਾ ਹੋਇਐ, ਲੇਕਿਨ ਰਾਜ ਸਰਕਾਰ ਦੇ ਇਸਤਿਹਾਰਾਂ ਚੋਂ ਉਹਨਾਂ ਦਾ ਨਾਂ ਗਾਇਬ ਹੈ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਪੰਜਾਬ ਤੋਂ ਕੇਂਦਰ ਦੇ ਕਾਂਗਰਸੀ ਮੰਤਰੀਆਂ ਸ੍ਰੀ ਅਸਵਨੀ ਕੁਮਾਰ, ਸ੍ਰੀਮਤੀ ਅੰਬਿਕਾ ਸੋਨੀ ਤੇ ਸ੍ਰੀਮਤੀ ਪ੍ਰਨੀਤ ਕੌਰ ਦੇ ਨਾਂ ਤਾਂ ਰਾਜ ਸਰਕਾਰ ਦੇ ਇਸਤਿਹਾਰਾਂ ਵਿੱਚ ਦਰਜ ਹਨ, ਜਦ ਕਿ ਤਸਵੀਰਾਂ ਗਾਇਬ। ਦੂਜੇ ਪਾਸੇ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਤੇ ਸਥਾਨਕ ਸਰਕਾਰਾਂ ਸਬੰਧੀ ਮੰਤਰੀ ਭਗਤ ਚੁੰਨੀ ਲਾਲ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀਆਂ ਤਸਵੀਰਾਂ ਪੂਰੇ ਉਚੇਚ ਨਾਲ ਦਿੱਤੀਆਂ ਗਈਆਂ ਹਨ।

23 April 2012

ਲੰਬੀ ਹਲਕੇ 'ਚ ਜਥੇਦਾਰ ਵੇਦਾਂਤੀ ਦੀ ਅਗਵਾਈ 'ਚ ਵਕਫ਼ ਬੋਰਡ ਜ਼ਮੀਨ 'ਤੇ 100 ਫੁੱਟ ਉੱਚਾ ਨਿਸ਼ਾਨ ਸਾਹਿਬ ਪੁੱਟਿਆ

                                                             ਇਕਬਾਲ ਸਿੰਘ ਸ਼ਾਂਤ
              ਲੰਬੀ, 22 ਅਪਰੈਲ-ਅੱਜ ਦਾ ਦਿਹਾੜਾ ਪੰਥਕ ਸਫ਼ਾ ਵਿਚ ਉਸ ਸਮੇਂ ਨਾਮੋਸ਼ੀ ਭਰਿਆ ਹੋ ਨਿੱਬੜਿਆ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਆਪਣੇ ਕੁਝ ਹਮਾਇਤੀਆਂ ਸਮੇਤ ਮੁੱਖ ਮੰਤਰੀ ਦੇ ਹਲਕੇ ਲੰਬੀ ਦੇ ਪਿੰਡ  ਕੱਟਿਆਂਵਾਲੀ ਦੇ ਨੇੜੇ ਵਕਫ਼ ਬੋਰੜ ਦੀ ਲਗਭਗ 23 ਏਕੜ ਜ਼ਮੀਨ 'ਤੇ ਸਥਾਪਿਤ ਤਕਰੀਬਨ 100 ਫੁੱਟ ਉੱਚੇ ਸ੍ਰੀ ਨਸ਼ਾਨ ਸਾਹਿਬ ਨੂੰ ਜੜੋਂ ਪੁੱਟ ਸੁੱਟਿਆ। ਜਿਸਦੇ ਰੋਹ ਵਜੋਂ ਸੰਗਤਾਂ ਦੀ ਭੀੜ ਉਕਤ ਕਾਰਗੁਜਾਰੀ ਨੂੰ ਕਥਿਤ ਤੌਰ 'ਤੇ ਬਹੁਕਰੋੜੀ ਜ਼ਮੀਨ 'ਤੇ ਕਬਜ਼ਾ ਕਰਨ ਦਿੰਦਿਆਂ ਜਥੇਦਾਰ ਅਤੇ ਹੋਰਾਂ ਨੂੰ ਕਬਰਵਾਲਾ ਥਾਣੇ ਲੈ ਪੁੱਜੀ।
                ਸਾਬਕਾ ਜਥੇਦਾਰ ਦੀ ਅਗਵਾਈ ਹੇਠ ਵਾਪਰੀ ਉਕਤ ਕਾਰਗੁਜਾਰੀ ਬਾਰੇ ਪਤਾ ਲੱਗਣ 'ਤੇ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਸਿੱਖ ਸੰਗਤਾ ਮੌਕੇ 'ਤੇ ਪੁੱਜ ਗਈਆਂ। ਜਿਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਵੇਖਿਆ ਕਿ ਲਾਲ ਬੱਤੀ ਵਾਲੀ ਕਾਰ ਨੰਬਰ ਐਚ.ਆਰ.07ਐਲ/4508, ਇਕ ਪਜੈਰੋ ਅਤੇ ਕੈਂਟਰ ਖੜ੍ਹਾ ਸੀ। ਜਦੋਕਿ ਕੁਝ ਲੋਕ ਵੱਲੋਂ ਗੈਸ ਵੈਲਡਿੰਗ ਦੀ ਮਦਦ ਨਾਲ ਨਿਸ਼ਾਨ ਸਾਹਿਬ ਨੂੰ ਤਿੰਨ ਟੁਕੜਿਆਂ ਵਿਚ ਤਬਦੀਲ ਕਰ ਦਿੱਤਾ ਸੀ। ਜਦੋਂਕਿ ਨਿਸ਼ਾਨ ਸਾਹਿਰਬ ਦੇ ਉੱਪਰਲਾ 'ਖੰਡਾ' ਗਾਇਬ ਸੀ। ਜਿਸਨੂੰ ਬਾਅਦ ਵਿਚ ਇਕੱਠੀ ਹੋਈਆਂ ਸਿੱਖ ਸੰਗਤਾਂ ਨੇ ਖੰਡੇ ਸਮੇਤ ਫ਼ਰਾਰ ਹੋਏ ਵਿਅਕਤੀਆਂ ਨੂੰ ਕਾਬੂ ਕਰ ਲਿਆ। ਉਕਤ ਮਾਮਲੇ ਦੀ ਸੂਚਨਾ ਮਿਲਣ 'ਤੇ ਥਾਣਾ ਕਬਰਵਾਲਾ ਦੀ ਪੁਲਿਸ ਅਤੇ ਮਲੋਟ ਦੇ ਡੀ.ਐਸ.ਪੀ. ਮੁਖਵਿੰਦਰ ਸਿੰਘ ਭੁੱਲਰ ਸਮੇਤ ਸੁਮੱਚਾ ਪ੍ਰਸ਼ਾਸਨਿਕ ਅਮਲਾ ਵੀ ਮੌਕੇ 'ਤੇ ਪੁੱਜ ਗਿਆ।
             ਇਸ ਮੌਕੇ ਖੇਤਰ ਦੇ ਵੱਖ-ਵੰਖ ਪਿੰਡਾਂ ਵਿਚੋਂ ਸਰਪੰਚ ਬੀਰਇੰਦਰ ਸਿੰਘ ਹਨੀ, ਜਥੇਦਾਰ ਗੁਰਚਰਨ ਸਿੰਘ, ਕਾਬਲ ਸਿੰਘ, ਜਸਦੇਵ ਸਿੰਘ, ਬਲਰਾਜ ਸਿੰਘ ਸੰਧੂ, ਗੁਰਬਚਨ ਸਿੰਘ, ਬਲਦੇਵ ਸਿੰਘ, ਬੋਹੜ ਸਿੰਘ, ਕੁਲਵਿੰਦਰ ਸਿੰਘ ਅਤੇ ਮੇਜਰ ਸਿੰਘ ਸੰਧੂ ਸਮੇਤ ਵੱਖ-ਵੱਖ ਧਾਰਮਿਕ ਜਥੇਬਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ। ਜਿਨ੍ਹਾਂ ਦੀ ਅਗਵਾਈ ਵਿਚ ਨਿਸ਼ਾਨ ਸਹਿਬ ਪੁੱਟਣ ਤੋਂ ਰੋਹ ਵਿਚ ਆਈਆਂ ਸਿੱਖ ਸੰਗਤਾਂ ਵੱਲੋਂ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਥਾਣਾ ਕਬਰਵਾਲਾ ਵਿਖੇ ਲਿਆਂਦਾ ਗਿਆ।
ਪਿੰਡ ਸਰਾਵਾਂ ਬੋਦਲਾ ਦੇ ਮਹਿੰਦਰ ਸਿੰਘ ਅਤੇ ਗੁਰਮੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਉਕਤ ਵਕਫ਼ ਬੋਰਡ ਦੀ ਵਿਵਾਦਤ 23 ਏਕੜ 5 ਕਨਾਲ ਜਮੀਨ ਲੱਗਦੀ ਹੈ। ਜਿਸ 'ਤੇ ਪੁਰਾਣੇ ਸਮੇਂ ਕਬਰਸਤਾਨ ਸੀ ਅਤੇ ਆਮ ਲੋਕ ਇੱਧਰ ਦੀ ਲੰਘਣ ਤੋਂ ਖੌਫ਼ਜਦਾ ਸਨ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਅਪੀਲ 'ਤੇ ਬਾਬਾ ਕੁੰਦਨ ਸਿੰਘ ਦੇ ਨਿਹੰਗ ਜਥੇ ਵੱਲੋਂ ਉਕਤ ਜਗ੍ਹਾ 'ਤੇ ਅਖੰਡ ਪਾਠ ਕਰਵਾ ਕੇ 100 ਫੁੱਟ ਦੇ ਕਰੀਬ ਉੱਚਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ। ਜਿਸਦੀ ਸਾਂਭ-ਸੰਭਾਲ ਦੀ ਜੁੰਮੇਵਾਰੀ ਪਿੰਡ ਵਾਸੀਆਂ ਨੂੰ ਸੌਂਪੀ।
            ਉਨ੍ਹਾਂ ਦੱਸਿਆ ਕਿ ਬਾਅਦ ਵਿਚ ਕਈ ਜਣਿਆਂ ਨੇ ਉਕਤ ਜ਼ਮੀਨ ਨੂੰ ਵਾਹੁਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਰੱਬੀ-ਸਬੱਬੀ ਇਹ ਜਗ੍ਹਾ ਰਾਸ ਨਾ ਆਈ। ਉਨ੍ਹਾਂ ਆਖਿਆ ਕਿ ਹੁਣ ਕੁਝ ਸਮੇਂ ਤੋਂ ਜੋਗਿੰਦਰ ਸਿੰਘ ਵੱਲੋਂ ਕਥਿਤ ਤੌਰ 'ਤੇ ਵਾਹੀ ਕੀਤੀ ਗਈ ਉਸਨੂੰ ਵੀ ਇੱਥੋਂ ਮਿੱਟੀ ਰਾਸ ਨਾ ਆਈ। ਦੋਵੇਂ ਜਣਿਆਂ ਨੇ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੂੰ ਨਾਲ ਲੈ ਕੇ ਅੱਜ ਜੋਗਿੰਦਰ ਸਿੰਘ ਕਥਿਤ ਤੌਰ 'ਤੇ ਨਿਹੰਗ ਸਿੰਘਾਂ ਵੱਲੋਂ ਸਥਾਪਿਤ ਨਿਸ਼ਾਨ ਸਾਹਿਬ ਨੂੰ ਪੁੱਟਣ ਕਰਨ ਲਈ ਪੁੱਜ ਗਿਆ।
            ਕਬਰਵਾਲਾ ਥਾਣੇ ਵਿਖੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਫ਼ਾਈ ਪੇਸ਼ ਕਰਦਿਆਂ ਆਖਿਆ ਕਿ ਉਹ ਤਾਂ ਇਸ ਜਗ੍ਹਾ 'ਤੇ ਕਮਰਾ ਪੁਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਉਣ ਲਈ ਪੁੱਜੇ ਸਨ। ਕਿਉਂਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਉਕਤ ਜਗ੍ਹਾ 'ਤੇ ਇਕੱਲਾ ਨਿਸ਼ਾਬ ਸਾਹਿਬ ਲੱਗਿਆ ਹੋਇਆ ਹੈ ਅਤੇ ਆਲੇ-ਦੁਆਲੇ ਕੋਈ ਕਮਰਾ ਨਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਵ ਤਾਂ ਖਾਲੀ ਥਾਂ 'ਚ ਸਥਾਪਿਤ ਨਿਸ਼ਾਨ ਸਾਹਿਬ ਦੀ ਬੇਅਦਬੀ ਨੂੰ ਰੋਕਣ ਲਈ ਜੋਗਿੰਦਰ ਸਿੰਘ ਦੇ ਨਾਲ ਆਏ ਹਨ। ਗੁਰੂ ਘਰ ਲਈ ਕਮਰਾ ਪਾਉਣ ਦੇ ਵਿਚਕਾਰ ਨਿਸ਼ਾਨ ਸਾਹਿਬ ਨੂੰ ਪੁੱਟਣ ਬਾਰੇ ਪੁੱਛੇ ਜਾਣ 'ਤੇ ਕੌਮ ਨੂੰ ਸੇਧ ਦੇਣ ਵਾਲਾ ਜਥੇਦਾਰ ਵੇਦਾਂਤੀ ਲਈ ਕੋਈ ਸੰਤੁਸ਼ਟੀਜਨਕ ਅਤੇ ਢੁਕਵਾਂ ਜਵਾਬ ਨਾ ਦੇ ਸਕੇ।
             ਦੇਰ ਸ਼ਾਮ ਤੱਕ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਅਤੇ  ਜੋਗਿੰਦਰ ਸਿੰਘ ਵਗੈਰਾ ਤੋਂ ਥਾਣਾ ਕਬਰਵਾਲਾ ਵਿਖੇ ਪੁਲਿਸ ਵੱਲੋਂ ਵਿਵਾਦਤ ਜ਼ਮੀਨ ਬਾਰੇ ਤਫਤੀਸ਼ ਜਾਰੀ ਸੀ। ਇਸੇ ਦੌਰਾਨ ਸੰਪਰਕ ਕਰਨ 'ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਸ੍ਰੀ ਇੰਦਰਮੋਹਣ ਸਿੰਘ ਨੇ ਦੱਸਿਆ ਕਿ ਗੱਲਬਾਤ ਉਪਰੰਤ ਮਾਮਲੇ ਦਾ ਹੱਲ ਕਰਵਾ ਦਿੱਤਾ ਗਿਆ ਹੈ ਅਤੇ ਕੱਲ੍ਹ ਸਵੇਰੇ ਉਸ ਜਗ੍ਹਾ 'ਤੇ ਮੁੜ ਤੋਂ ਨਿਸ਼ਾਨ ਸਹਿਬ ਦੀ ਸਥਾਪਤੀ ਕਰਵਾ ਦਿੱਤੀ ਜਾਵੇਗੀ।
             ਅੱਜ ਖੇਤਰ ਵਿਚ ਸਿੱਖ ਪੰਥ ਦੇ ਸਿਰਮੌਰ ਅਹੁਦੇ 'ਤੇ ਵਿਰਾਜਮਾਨ ਰਹੇ ਵਿਅਕਤੀ ਦੀ ਕਥਿਤ ਅਗਵਾਈ ਹੇਠ ਪੰਥ ਦੀ ਮਰਿਆਦਤ ਚਿੰਨ੍ਹ ਨਿਸ਼ਾਨ ਸਾਹਿਬ ਦੀ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਹਾਲਾਂਕਿ ਮੁੱਖ ਮੰਤਰੀ ਦੇ ਹਲਕੇ ਵਿਚ ਅਕਾਲੀ ਸਰਕਾਰ ਲਈ ਨਵੀਂ ਮੁਸੀਬਤ ਬਣਨ ਵਾਲੇ ਇਸ ਨਵੇਂ ਧਾਰਮਿਕ ਵਿਵਾਦ ਦੇ ਲਗਭਗ 5 ਕੁ ਘੰਟਿਆਂ  ਦੀ ਨਿੱਬੜਣ ਨਾਲ ਪੰਜਾਬ ਸਕੱਤਰੇਤ ਤੱਕ ਰਾਹਤ ਦਾ ਮਾਹੌਲ ਹੈ।

28 March 2012

ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਮੁੱਖ ਮੰਤਰੀ ਦੇ ਘਰ 'ਤੇ ਵੀ ਝੂਲੇ ਕੇਸਰੀ ਝੰਡੇ

         ਪਿੰਡ ਬਾਦਲ 'ਚ ਨਾ ਮਿਲਿਆ 'ਪੰਜਾਬ ਬੰਦ' ਨੂੰ ਪੂਰਾ ਸਮਰਥਨ- 64 ਫ਼ੀਸਦੀ ਦੁਕਾਨਾਂ ਖੁੱਲ੍ਹੀਆਂ
                                                             ਇਕਬਾਲ ਸਿੰਘ ਸ਼ਾਂਤ

        ਲੰਬੀ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਭਾਈ ਬਲੰਵਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੇ ਵਿਰੋਧ ' ਰੋਸ ਪ੍ਰਗਟਾਉਣ ਲਈ ਦਿੱਤੇ ਬੰਦ ਦੇ ਸੱਦੇ ਅਤੇ ਘਰਾਂ 'ਤੇ ਕੇਸਰੀ ਝੰਡੇ ਲਹਿਰਾਉਣ ਦੇ ਹੁਕਮਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਉਪ ਮੁੱਖ ਮੰਤਰੀ ਫਰਜੰਦ ਸੁਖਬੀਰ ਸਿੰਘ ਬਾਦਲ ਦੇ ਪਿੰਡ ਬਾਦਲ ਵਿਚਲੇ ਕਿਲ੍ਹਾਨੁਮਾ ਘਰ 'ਤੇ ਅੱਜ ਦਰਜਨਾਂ ਕੇਸਰੀ ਝੰਡੇ ਝੂਲਦੇ ਵੇਖਣ ਨੂੰ ਮਿਲੇ। ਜਦੋਂਕਿ ਮੁੱਖ ਮੰਤਰੀ ਦੇ ਜਦੀ (ਪੁਰਾਣੇ) ਘਰ 'ਤੇ ਕੋਈ ਵੀ ਕੇਸਰੀ ਝੰਡਾ ਵੇਖਣ ਨੂੰ ਨਾ ਮਿਲਿਆ। ਹਾਲਾਂਕਿ ਪਿੰਡ ਬਾਦਲ ' ਬੰਦ ਨੂੰ ਬਹੁਤਾ ਸਮਰਥਨ ਨਾ ਮਿਲ ਸਕਿਆ
         ਬਾਦਲ ਪਰਿਵਾਰ ਦੇ ਇਸ ਕਦਮ ਨੇ ਪਿਛਲੇ ਕੁਝ ਸਮੇਂ ਤੋਂ ਪੰਥਕ ਏਜੰਡੇ ਨੂੰ ਤਿਆਗ ਕੇ ਪੰਜਾਬੀਅਤ ਦੇ ਏਜੰਡੇ ਨੂੰ ਗਲ ਲਾਉਣ ਵਾਲੇ ਇਸ ਘਾਗ ਸਿਆਸਤਦਾਨ ਨੇ ਮੁੜ ਤੋਂ ਸਮੇਂ ਦੀ ਨਬਜ਼ ਨੂੰ ਪਛਾਣਨ ਦੇ ਸੰਕੇਤ ਵੀ ਦੇ ਦਿੱਤੇ ਹਨ।
ਹਾਲਾਂਕਿ ਸ੍ਰੀ ਬਾਦਲ ਨੂੰ ਦੇਸ਼ ਭਰ ਦੇ ਸਾਊ ਅਤੇ ਨਰਮ ਸਿਆਸਤ ਦੇ ਧਾਰਨੀ ਆਗੂਆਂ ਵਿਚੋਂ ਮੋਹਰੀ ਆਗੂ ਮੰਨਿਆ ਜਾਂਦਾ ਹੈ, ਪਰ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੇ ਮਾਮਲੇ ' ਸ੍ਰੀ ਬਾਦਲ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਤੋਂ ਪਾਸੇ ਹਟ ਕੇ ਆਪਣੇ ਸਾਬਕਾ ਹਮਰੁਤਬਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ਾਂ ਵਿਚ ਸਜ਼ਾ ਯਾਫ਼ਤਾ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੇ ਐਲਾਨ ਨੂੰ ਗੈਰ ਵਾਜਬ ਦੇ ਕੇ ਜਿੱਥੇ ਖੁਦ 'ਤੇ ਪੰਥਕ ਏਜੰਡੇ ਤੋਂ ਮੁਨਕਰ ਹੋਣ ਦੇ ਲੱਗਦੇ ਦੋਸ਼ਾਂ ਹਵਾ ਕੱਢ ਕੇ ਰੱਖ ਦਿੱਤੀ ਹੈ, ਉਥੇ ਬਾਦਲ ਵਿਰੋਧੀ ਪੰਥਕ ਜਥੇਬੰਦੀਆਂ ਨੂੰ ਇੱਕ ਵਾਰ ਮੁੜ ਤੋਂ ਆਪਣੇ ਘਾਗਪੁਣੇ ਤੋਂ ਵਧੇਰੇ ਜਾਣੂ ਕਰਵਾ ਦਿੱਤਾ। ਪੰਜਾਬ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਨੂੰ ਕਰਾਰੀ ਮਾਤ ਦੇ ਕੇ ਮੁੜ ਤੋਂ ਸਿਆਸੀ ਜੰਗ ਵਿਚ ਫਤਿਹ ਹਾਸਲ ਕਰਨ ਵਾਲੇ ਬਾਦਲ ਪਿਉ-ਪੁੱਤ ਨੇ ਅਕਾਲ ਤਖ਼ਤ ਦੇ ਹੁਕਮਾਂ 'ਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਰੱਦ ਕਰਵਾਉਣ ਲਈ ਰਾਸ਼ਟਰਪਤੀ ਤੱਕ ਬੜੀ ਗੰਭੀਰਤਾ ਨਾਲ ਚਾਰਾਜੋਈ ਰਾਹੀਂ ਪੰਥਕ ਏਜੰਡੇ 'ਤੇ  ਵੀ ਵਿਰੋਧੀਆਂ ਨੂੰ ਮਾਤ ਪਾਉਣ ਵੱਲ ਬੜੀ ਮਜ਼ਬੂਤੀ ਕਦਮ ਪੁੱਟਿਆ ਹੈ।
            ਅੱਜ ਮੁੱਖ ਮੰਤਰੀ ਬਾਦਲ ਦੀ ਕਿਲ੍ਹਾਨੁਮਾ ਰਿਹਾਇਸ਼ ਦੇ ਮੁੱਖ ਦਰਵਾਜੇ ਦੇ ਇਲਾਵਾ ਬਾਹਰੀ ਕੰਧਾਂ 'ਤੇ ਚਹੁੰ ਪਾਸੇ ਲੱਗੇ ਦਰਜਨਾਂ ਝੰਡੇ ਆਮ ਪਿੰਡ ਵਾਸੀਆਂ ਅਤੇ ਰਾਹਗੀਰਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ। ਹਾਲਾਂਕਿ ਸਮੁੱਚੇ ਪੰਜਾਬ ਵਿਚ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਦੇ ਐਲਾਨ ਦੇ ਉਪਰੰਤ ਪਿਛਲੇ ਕਈ ਦਿਨ੍ਹਾਂ ਤੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਕੇਸਰੀ ਝੰਡੇ ਲੋਕਾਂ ਦੇ ਘਰਾਂ ਵਿਚ ਆਮ ਝੂਲਦੇ ਨਜ਼ਰ ਰਹੇ ਹਨ, ਪਰ ਫਖ਼ਰ--ਕੌਮ ਦੇ ਖਿਤਾਬ ਨਾਲ ਨਿਵਾਜੇ ਗਏ ਮੁੱਖ ਮੰਤਰੀ ਬਾਦਲ ਦੀ ਜੱਦੀ ਰਿਹਾਇਸ਼ 'ਤੇ ਕੇਸਰੀ ਝੰਡੇ ਅੱਜ ਸਵੇਰੇ 11 ਕੁ ਵਜੇ ਝੁਲਾਏ ਗਏ। ਜਦੋਂਕਿ ਪਿੰਡ ਬਾਦਲ ਵਿਖੇ ਸਥਿਤ ਅਕਾਲੀ ਦਲ ਦਾ ਦਫ਼ਤਰ ਅਜੇ ਵੀ ਕੇਸਰੀ ਝੰਡਿਆਂ ਤੋਂ ਸੱਖਣਾ ਵਿਖਾਈ ਦੇ ਰਿਹਾ ਸੀ। ਜਿੱਥੇ ਕੇਸਰੀ ਝੰਡਿਆਂ ਦਾ ਨਾਮੋ-ਨਿਸ਼ਾਨ ਤੱਕ ਨਹੀਂ ਸੀ। ਇਸੇ ਤਰ੍ਹਾਂ ਮੁੱਖ ਮੰਤਰੀ ਬਾਦਲ ਦੀ ਪੁਰਾਣੀ ਰਿਹਾਇਸ਼ 'ਤੇ ਵੀ ਝੰਡਾ ਵੇਖਣ ਨੂੰ ਨਹੀਂ ਮਿਲਿਆ। ਜਦੋਂਕਿ ਪਿੰਡ ਬਾਦਲ ਵਿਚ ਘਰਾਂ ਅਤੇ ਦੁਕਾਨਾਂ 'ਤੇ ਕੇਸਰੀ ਝੰਡਿਆਂ ਲਾਉਣ ਦਾ ਬਹੁਤਾ ਰੁਝਾਨ ਨਹੀਂ ਵਿਖਾਈ ਦੇ ਰਿਹਾ। ਅੱਜ ਮੁੱਖ ਮੰਤਰੀ ਦੇ ਘਰ ਤੋਂ ਇਲਾਵਾ ਪਿੰਡ ਦੇ ਬਮੁਸ਼ਕਿਲ ਅੱਧੀ ਦਰਜਨਾਂ ਤੋਂ ਵੀ ਘੱਟ ਘਰਾਂ 'ਤੇ ਕੇਸਰੀ ਝੰਡੇ ਝੁਲਦੇ ਵਿਖਾਈ ਦਿੱਤੇ। ਇਸੇ ਤਰ੍ਹਾਂ ਹਲਕੇ ਦੇ ਹੋਰਨਾਂ ਪਿੰਡਾਂ ਲੰਬੀ, ਖਿਉਵਾਲੀ, ਮਹਿਣਾ, ਮੰਡੀ ਕਿੱਲਿਆਂਵਾਲੀ ਸਮੇਤ ਵੱਖ-ਵੱਖ ਪਿੰਡਾਂ ਵਿਚ ਗਿਣਤੀ ਦੇ ਘਰਾਂ 'ਤੇ ਝੰਡੇ ਲੱਗੇ ਵਿਖਾਈ ਦਿੱਤੇ।
          ਇਸੇ ਤਰ੍ਹਾਂ ਪੰਜਾਬ ਬੰਦ ਦੇ ਸੱਦੇ ਦੇ ਤਹਿਤ ਪਿੰਡ ਬਾਦਲ ' ਕੋਈ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਿਆ। ਪਿੰਡ ਬਾਦਲ ਵਿਚ ਬਠਿੰਡਾ ਰੋਡ 'ਤੇ ਇਕਲੌਤੇ ਬਾਜ਼ਾਰ ਵਿਚ ਲਗਭਗ 65 ਫ਼ੀਸਦੀ ਦੁਕਾਨਦਾਰਾਂ ਨੇ ਆਮ ਦਿਨਾਂ ਵਾਂਗ ਦੁਕਾਨਾਂ ਖੋਲ੍ਹੀਆਂ। ਜਿਨ੍ਹਾਂ ਨੂੰ ਬਾਅਦ ਦੁਪਹਿਰ ਪੱਤਰਕਾਰਾਂ ਵੱਲੋਂ ਪਿੰਡ ਵਿਚ ਖੁੱਲ੍ਹੀਆਂ ਦੁਕਾਨਾਂ ਦੀਆਂ ਫੋਟੋਆਂ ਖਿੱਚਣ 'ਤੇ ਬੰਦ ਕਰਵਾ ਦਿੱਤਾ ਗਿਆ।
            ਇਸਦੇ ਇਲਾਵਾ ਲੰਬੀ ਹਲਕੇ ਦੇ ਮੁੱਖ ਕਸਬੇ ਲੰਬੀ ਅਤੇ ਮੰਡੀ ਕਿੱਲਿਆਂਵਾਲੀ ਵਿਖੇ ਪੰਜਾਬ ਬੰਦ ਦੇ ਸੱਦੇ 'ਤੇ ਕਾਰੋਬਾਰ ਬਿਲਕੁੱਲ ਬੰਦ ਰਹੇ। ਜਦੋਂਕਿ ਮੰਡੀ ਕਿੱਲਿਆਂਵਾਲੀ ਦੇ ਬੱਸ ਅੱਡੇ ਵਿਚ ਬੱਸਾਂ ਦੀ ਆਵਾਜਾਈ ਬੰਦ ਰਹਿਣ ਕਰਕੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

15 March 2012

ਨਿੱਕੇ ਨੂੰ ਫਾਂਸੀ ਦੀ ਸਜ਼ਾ ਹੋਣ 'ਤੇ ਉਸਦੇ ਪਰਿਵਾਰ 'ਚ ਮਾਤਮ ਛਾਇਆ

 -ਮ੍ਰਿਤਕਾ ਗੁਰਦੇਵ ਕੌਰ ਦੇ ਪਰਿਵਾਰ ਨੇ ਅਦਾਲਤੀ ਫੈਸਲੇ ਨੂੰ ਦਿੱਤਾ ਸੌ ਫ਼ੀਸਦੀ ਦਰੁੱਸਤ ਕਰਾਰ-
 -ਮੁਦਈ ਅਤੇ ਮੁਜਰਿਮ ਸਾਂਵਤਖੇੜਾ ਦੇ ਹੋਣ ਕਰਕੇ ਪਿੰਡ ਦੇ ਲੋਕ ਕੁਝ ਕਹਿਣੋਂ ਮੁਨਕਰ-
                                                           ਇਕਬਾਲ ਸਿੰਘ ਸ਼ਾਂਤ
              ਡੱਬਵਾਲੀ- ਪਿੰਡ ਸਾਵੰਤਖੇੜਾ ਵਿਚ ਬਜ਼ੁਰਗ ਔਰਤ ਗੁਰਦੇਵ ਕੌਰ ਦੀ ਹੱਤਿਆ ਦੇ ਮਾਮਲੇ ਵਿਚ ਜ਼ਿਲ੍ਹਾ ਸ਼ੈਸ਼ਨ ਅਦਾਲਤ ਵੱਲੋਂ 22 ਸਾਲਾ ਨਿੱਕਾ ਸਿੰਘ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਨਾਲ ਉਸਦੇ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ, ਦੂਸਰੇ ਪਾਸੇ ਮ੍ਰਿਤਕ ਔਰਤ ਦਾ ਪਰਿਵਾਰ ਇਸਨੂੰ ਅਦਾਲਤ ਦਾ ਸਹੀ ਇਨਸਾਫ ਕਰਾਰ ਦੇ ਰਿਹਾ ਹੈ। ਹਾਲਾਂਕਿ ਪਿੰਡ ਵਿਚ ਨਿੱਕਾ ਸਿੰਘ ਨੂੰ ਫਾਂਸੀ ਦੀ ਸਜ਼ਾ ਮਿਲਣ ਬਾਰੇ ਚਰਚਾ ਤਾਂ ਜ਼ਰੂਰ ਹੈ ਪਰ ਇਸ 'ਤੇ ਕੋਈ ਪ੍ਰਤੀਕਰਮ ਦੇਣ ਨੂੰ ਤਿਆਰ ਨਹੀਂ।
ਬੀਤੇ ਕੱਲ੍ਹ ਸਿਰਸਾ ਦੀ ਜ਼ਿਲ੍ਹਾ ਐਡੀਸ਼ਨ ਸ਼ੈਸ਼ਨ ਜੱਜ ਨੀਲਿਮਾ ਸਾਂਗਲਾ ਵੱਲੋਂ 11 ਫਰਵਰੀ 2011 ਨੂੰ ਦੁਪਿਹਰ ਬਾਅਦ ਘੁੰਮਣ ਜਾ ਰਹੀ 75 ਸਾਲਾ ਬਜ਼ੁਰਗ ਔਰਤ ਗੁਰਦੇਵ ਕੌਰ ਨਾਲ ਜ਼ਬਰਦਸਤੀ ਉਪਰੰਤ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਪਿੰਡ ਸਾਂਵਤਖੇੜਾ ਦੇ ਹੀ ਨਿੱਕਾ ਸਿੰਘ ਪੁੱਤਰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦਿੱਤੇ ਜਾਣ ਦੇ ਹੁਕਮ ਤੋਂ ਬਾਅਦ ਨਿੱਕਾ ਸਿੰਘ ਦੇ ਘਰ 'ਤੇ ਮਾਤਮ ਛਾਇਆ ਹੋਇਆਹੈ। ਪਰਿਵਾਰ ਵਾਲੇ ਅਦਾਲਤ ਦੇ ਇਸ ਫੈਸਲੇ ਨਾਲ ਸਦਮੇ ਵਿਚ ਹਨ।
             ਅੱਜ ਪੱਤਰਕਾਰਾਂ ਦੀ ਟੀਮ ਜਦੋਂ ਪਿੰਡ ਸਾਵੰਤਖੇੜਾ ਵਿਖੇ ਨਿੱਕਾ ਸਿੰਘ ਦੇ ਘਰ ਪੁੱਜੀ ਤਾਂ ਨਿੱਕਾ ਸਿੰਘ ਦੀ ਮਾਤਾ ਤੇਜ ਕੌਰ ਘਰ ਦੇ ਇਕ ਕੋਨੇ ਵਿਚ ਮੰਜੇ 'ਤੇ ਪਈ ਪੁੱਤਰ ਨੂੰ ਫਾਂਸੀ ਦੀ ਸਜ਼ਾ ਹੋਣ 'ਤੇ ਅੰਖਾਂ ਵਿਚ ਹੰਝੂ ਕੇਰ ਰਹੀ ਸੀ। ਕੁਝ ਇਸੇ ਤਰ੍ਹਾਂ ਦਾ ਹਾਲ ਉਸਦੇ ਭਰਾ ਜੱਗਾ ਸਿੰਘ, ਚਚੇਰੀ ਭੈਣ ਰਾਣੀ ਅਤੇ ਪਿੰਡ ਦੇ ਚੌਂਕੀਦਾਰ ਅਤੇ ਤਾਇਆ ਹੰਸਰਾਜ ਦਾ ਹੈ। ਜਿਹੜੇ ਕਿ ਨਿੱਕਾ ਸਿੰਘ ਨੂੰ ਫਾਂਸੀ ਸਜ਼ਾ ਹੋਣ ਕਰਕੇ ਬੇਹੱਦ ਨਾਮੋਸ਼ੀ ਵਿਚ ਹਨ।
             ਨਿੱਕਾ ਮਾਤਾ ਤੇਜ਼ ਕੌਰ ਨੇ ਅੱਖਾਂ ਵਿਚੋਂ ਵਗਦੇ ਹੰਝੂਆਂ ਨੂੰ ਕਾਬੂ ਪਾਉਂਦਿਆਂ ਕਿਹਾ ਉਸਦੇ ਪੁੱਤ ਨੂੰ ਸਾਜਿਸ਼ ਦੇ ਤਹਿਤ ਕਤਲ ਦੇ ਮਾਮਲੇ ਵਿਚ ਫਸਾ ਕੇ ਫਾਂਸੀ ਦੇ ਇਲਜਾਮ ਤੱਕ ਪਹੁੰਚਾਇਆ ਗਿਆ ਹੈ। ਉਸਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਨਾ ਤਾਂ ਗੁਰਦੇਵ ਕੌਰ ਦੇ ਪਰਿਵਾਰ ਨਾਲ ਕੋਈ ਦੁਸ਼ਮਣੀ ਸੀ ਅਤੇ ਨਾ ਹੀ ਕੋਈ ਰੰਜ਼ਿਸ਼। ਬਲਕਿ ਉਸਨੇ ਤਾਂ ਗੁਰਦੇਵ ਕੌਰ ਦੇ ਪਰਿਵਾਰ ਵਿਚ ਮਿਹਨਤ-ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ ਹੈ। ਉਸਨੇ ਕਿਹਾ ਕਿ ਸਾਨੂੰ ਗਰੀਬਾਂ ਨੂੰ ਦੋ ਜੂਨ ਦੀ ਰੋਟੀ ਵਾਸਤੇ ਲਾਲੇ ਪਏ ਰਹਿੰਦੇ ਹਨ। ਇਸ ਘਟਨਾ ਨੂੰ ਉਸਦੇ ਪਰਿਵਾਰ ਨੂੰ ਖਲਿਆਰ ਕੇ ਰੱਖ ਦਿੱਤਾ ਹੈ। ਨਿੱਕਾ ਸਿੰਘ ਦੀ ਪਤਨੀ ਹਰਜਿੰਦਰ ਕੌਰ ਘਟਨਾ ਦੇ ਦੋ ਮਹੀਨੇ ਬਾਅਦ ਆਪਣੇ ਪੇਕੇ ਸੰਗਰੀਆ (ਰਾਜਸਥਾਨ) ਚਲੀ ਗਈ। ਇਸੇ ਦੌਰਾਨ ਨਿੱਕੇ ਦੇ ਭਰਾ ਜੱਗਾ ਸਿੰਘ ਨੇ ਭਰੀਆਂ ਅੱਖਾਂ ਨਾਲ ਕਿਹਾ ਕਿ ਇਨਸਾਫ਼ ਤਾਂ ਕੁਦਰਤ ਕਰੇਗੀ ਪਰ ਉਹ ਆਪਣੇ ਭਰਾ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਹਾਈਕੋਰਟ ਵਿਚ ਅਪੀਲ ਕਰਨਗੇ।
             ਦੂਜੇ ਪਾਸੇ ਮ੍ਰਿਤਕਾ ਗੁਰਦੇਵ ਕੌਰ ਦੇ ਪਰਿਵਾਰ ਵਿਚ ਜ਼ਿਲ੍ਹਾ ਸ਼ੈਸ਼ਨ ਅਦਾਲਤ ਵੱਲੋਂ ਸਿਰਫ਼ 395 ਦਿਨਾਂ ਦੇ ਛੋਟੇ ਜਿਹੇ ਵਕਫ਼ੇ ਵਿਚ ਸੁਣਾਏ ਹੱਤਿਆਕਾਂਡ ਦੇ ਇਤਿਹਾਸਕ ਫੈਸਲੇ ਨਾਲ ਸੰਤੁਸ਼ਟੀ ਦਾ ਮਾਹੌਲ ਹੈ। ਅੱਜ ਆਪਣੇ ਘਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕਾ ਦੇ ਭਰਾ ਅਜੈਬ ਸਿੰਘ ਨੇ ਦੱਸਿਆ ਕਿ ਮਾਣਯੋਗ ਅਦਾਲਤ ਨੇ ਉਨ੍ਹਾਂ ਦੀ ਵੱਡੀ ਭੈਣ ਦੀ ਹੱਤਿਆ ਦੇ ਮਾਮਲੇ ਵਿਚ ਜਿਹੜੀ ਤੇਜ਼ੀ ਨਾਲ ਸੌ ਫ਼ੀਸਦੀ ਇਨਸਾਫ਼ ਦੇ ਕੇ ਅਪਰਾਧੀਆਂ ਨੂੰ ਸਬਕ ਸਿਖਾਇਆ ਹੈ। ਇਸ ਨਾਲ ਭਵਿੱਖ 'ਚ ਗੈਰ ਸਮਾਜਿਕ ਕੰਮਾਂ ਨੂੰ ਅੰਜਾਮ ਦੋਣ ਤੋਂ ਪਹਿਲਾਂ ਜਰਾਇਮਪੇਸ਼ਾ ਲੋਕ ਅਦਾਲਤ ਦਾ ਇਹ ਫੈਸਲਾ ਚੇਤੇ ਕਰਨਗੇ। ਉਨ੍ਹਾਂ ਕਿਹਾ ਕਿ ਨਿੱਕਾ ਸਿੰਘ ਮੰਦੀਆਂ ਆਦਤਾਂ ਦਾ ਸ਼ਿਕਾਰ ਵਿਅਕਤੀ ਸੀ। ਜਿਸਨੇ ਪਹਿਲਾਂ ਵੀ ਹੋਰਨਾਂ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਥੇ ਹੀ ਅਜੈਬ ਸਿੰਘ ਦੇ ਭਤੀਜੇ ਸ਼ਿਵਰਾਜ ਸਿੰਘ ਨੇ ਆਪਣੀ ਮ੍ਰਿਤਕਾ ਭੂਆ ਦੀ ਤਸਵੀਰ ਹੱਥਾਂ ਵਿਚ ਲੈ ਕੇ ਉਸਨੂੰ ਆਪਣੇ ਪਰਿਵਾਰ ਦੀ ਪ੍ਰੇਰਣਾ ਸ੍ਰੋਤ ਅਤੇ ਵੱਡੀ ਬਜ਼ੁਰਗ ਦੱਸਦੇ ਹੋਏ ਕਿਹਾ ਕਿ ਪੂਰੇ ਪਰਿਵਾਰ ਨੂੰ ਭੂਆ ਦੀ ਕਮੀ ਮਹਿਸੂਸ ਹੁੰਦੀ ਹੈ ਪਰ ਅਦਾਲਤ ਦੇ ਫੈਸਲੇ ਨਾਲ ਉਨ੍ਹਾਂ ਨੂੰ ਕੁਝ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਨਿਆਂ ਪ੍ਰਣਾਲੀ ਵਿਚ ਵਿਸ਼ਵਾਸ ਹੋਰ ਗੂੜ੍ਹਾ ਹੋਇਆ ਹੈ।
           ਉਸਦੇ ਪਿੰਡ ਦੇ ਆਮ ਲੋਕ ਨਿੱਕਾ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਣ ਦੀ ਜਾਣਕਾਰੀ ਹੋਣ ਦੇ ਬਾਵਜੂਦ ਮੁਦਈ ਅਤੇ ਮੁਜ਼ਰਿਮ ਇਸੇ ਹੀ ਪਿੰਡ ਦੇ ਹੋਣ ਕਾਰਨ ਕੋਈ ਪ੍ਰਤੀਕਿਰਿਆ ਪ੍ਰਗਟ ਕਰਨ ਤੋਂ ਬਚਦੇ ਰਹੇ। ਜ਼ਿਕਰਯੋਗ ਹੈ ਕਿ ਨਿੱਕਾ ਸਿੰਘ ਨੂੰ ਸੈਂਟਰਲ ਜੇਲ੍ਹ ਅੰਬਾਲਾ ਵਿਖੇ ਫਾਂਸੀ ਦਿੱਤੀ ਜਾਣੀ ਹੈ।

05 March 2012

ਚੋਣਾਂ ਦੀ ਗਿਣਤੀ ਦੇ ਡੇਢ ਦਿਨ ਪਹਿਲਾਂ ਤੱਕ ਖਾਮੋਸ਼ ਹੈ ਪਿੰਡ ਬਾਦਲ

                             -ਬਾਦਲ ਪਿੰਡ ਦੇ ਹਲਵਾਈ ਬਿਨਾਂ ਆਰਡਰ ਤੋਂ ਬਣਾਉਣ ਲੱਗੇ ਲੱਡੂ-
      ਪਿੰਡ ਦੇ ਬਜ਼ੁਰਗਾਂ ਦੇ ਕਥਨ : ਕਿਹਦੇ ਲਈ ਕੁਝ ਕਹੀਏ, ਜਿੱਤਣਾ ਵੀ ਪਿੰਡ ਬਾਦਲ ਨੇ ਹੈ ਤੇ ਹਾਰਨਾ ਵੀ
                                                            ਇਕਬਾਲ ਸਿੰਘ ਸ਼ਾਂਤ
        ਕਈ ਦਹਾਕਿਆਂ ਤੋਂ ਸੂਬੇ ਦੀ ਸਿਆਸਤ 'ਤੇ ਆਪਣੀ ਗਹਿਰੀ ਛਾਪ ਰੱਖਦੀ ਪਿੰਡ ਬਾਦਲ ਦੀ ਸਰਜਮੀਂ ਆਪਣੇ ਤਿੰਨ ਬਾਦਲ ਪੁੱਤਾਂ ਪਾਸ਼, ਦਾਸ ਅਤੇ ਮਹੇਸ਼ਇੰਦਰ ਵਿਚਕਾਰ ਹੋਈ ਚੋਣ ਜੰਗ ਦੇ ਨਤੀਜਿਆਂ ਦੇ ਡੇਢ ਦਿਨ ਪਹਿਲਾਂ ਤੱਕ ਵੀ ਬਿਲਕੁੱਲ ਖਾਮੋਸ਼ ਹੈ, ਕਿਉਂਕਿ ਚੋਣਾਂ ਦੇ ਨਤੀਜਿਆਂ ਉਪਰੰਤ ਜਿੱਤੇਗਾ ਵੀ ਪਿੰਡ ਬਾਦਲ ਅਤੇ ਹਾਰੇਗਾ ਵੀ ਪਿੰਡ ਬਾਦਲ। ਅਜਿਹੇ ਵਿਚ ਨਤੀਜੇ ਆਉਣ 'ਤੇ ਜਿੱਤ ਅਤੇ ਹਾਰ ਨੂੰ ਇੱਕੋ ਸਮੇਂ ਸਾਹਮਣੇ ਵੇਖ ਇੱਥੋਂ ਦੇ ਆਮ ਬਾਸ਼ਿੰਦੇ ਵੀ ਖੁੱਲ੍ਹ ਕੇ ਕੁਝ ਕਹਿਣੋਂ ਗੁਰੇਜ਼ ਕਰ ਰਹੇ ਹਨ। ਹਰ ਹਾਲਤ ਵਿਚ ਲੰਬੀ ਹਲਕੇ ਤੋਂ ਜਿੱਤ ਬਾਦਲ ਪਿੰਡ ਦੀ ਹੀ ਹੋਣ ਕਰਕੇ ਇੱਥੋਂ ਦੇ ਹਲਵਾਈਆਂ ਵੱਲੋਂ ਆਪਣੀਆਂ ਦੁਕਾਨਾਂ 'ਤੇ ਵੱਡੀ ਗਿਣਤੀ ਲੱਡੂ ਬਣਾਉਣ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਉਨ੍ਹਾਂ ਨੂੰ ਕਿਸੇ ਵੀ ਧਿਰ ਵੱਲੋਂ ਅਗਾਊਂ ਆਰਡਰ ਨਹੀਂ ਮਿਲਿਆ।
               ਪਰਸੋਂ 6 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਿਆਂ ਵਿਚ ਪਾਸ, ਦਾਸ ਅਤੇ ਮਹੇਸ਼ਇੰਦਰ ਦੇ ਧੜੇ ਆਪੋ-ਆਪਣੀ ਜਿੱਤ ਨੂੰ ਲੈ ਕੇ ਕਾਫ਼ੀ ਆਸਵੰਦ ਹਨ, ਪਰ ਉਥੇ ਸਰੀਕਾਂ ਹੱਥੋਂ ਹਾਰ ਦਾ ਡਰ ਵੀ ਕਿਸੇ ਕੋਨੇ ਵਿਚੋਂ ਝਲਕਾਰੇ ਮਾਰ ਰਿਹਾ ਹੈ। ਸ਼ਾਇਦ ਇਸੇ ਕਰਕੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਿਖੇ ਰਿਹਾਇਸ਼ 'ਤੇ ਬੀਤੀ 1 ਮਾਰਚ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਟ ਪਾਠ ਚੱਲ ਰਹੇ ਹਨ। ਜਿਸ ਦਾ ਭੋਗ ਵੋਟਾਂ ਦੀ ਗਿਣਤੀ ਵਾਲੇ ਦਿਨ 6 ਮਾਰਚ ਨੂੰ ਪੈਣਾ ਹੈ। ਜਿਸ ਦੀ ਸੇਵਾ ਨਾਨਕਸਰ ਟਕਸਾਲ (ਜਗਰਾਓਂ) ਦੇ ਗ੍ਰੰਥੀ ਸਿੰਘਾਂ ਵੱਲੋਂ ਨਿਭਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਬਾਦਲ ਦੀ ਸੰਸਦ ਮੈਂਬਰ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਸੰਪਟ ਪਾਠ ਦੇ ਪ੍ਰਕਾਸ਼ ਵਾਲੇ ਦਿਨ ਤੋਂ ਪਿੰਡ ਬਾਦਲ ਵਿਖੇ ਰਿਹਾਇਸ਼ 'ਤੇ ਹਨ।
              ਵਿਧਾਨਸਭਾ ਚੋਣਾਂ ਦੇ ਨਤੀਜੇ ਆਉਣ ' ਮਹਿਜ਼ ਡੇਢ ਕੁ ਦਿਨ ਬਾਕੀ ਰਹਿਣ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਸਵੇਰੇ 11 ਵਜੇ ਪਿੰਡ ਬਾਦਲ ਵਿਖੇ ਪੁੱਜ ਗਏ। ਜਦੋਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਦੇਰ ਬਾਦਲ ਪਿੰਡ ਪੁੱਜ ਰਹੇ ਹਨ। ਇਸਤੋਂ ਇਲਾਵਾ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ ਰੋਜ਼ਾਨਾ ਵਾਂਗ ਆਪਣੀ ਜੱਦੀ ਰਿਹਾਇਸ਼ 'ਤੇ ਵਰਕਰਾਂ ਨੂੰ ਮਿਲ ਰਹੇ ਹਨ। ਪੀ.ਪੀ.ਪੀ. ਦੇ ਉਮੀਦਵਾਰ ਗੁਰਦਾਸ ਸਿੰਘ ਬਾਦਲ ਹੁਰਾਂ ਦੀ ਦਿਨ ਚਰਿਆ ਵੀ ਆਮ ਵਾਂਗ ਹੀ ਹੈ।

                  ਪਿੰਡ ਬੱਸ ਅੱਡੇ ਕੋਲ ਖੜ੍ਹੇ ਖੁੰਡ ਚਰਚਾ ਕਰ ਰਹੇ ਬਜ਼ੁਰਗਾਂ ਨੇ ਚੋਣ ਨਤੀਜਿਆਂ ਬਾਰੇ ਪੁੱਛਣ 'ਤੇ ਚੁੱਪੀ ਵੱਟਦਿਆਂ ਪਹਿਲਾਂ ਤਾਂ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਪੁੱਛਣ 'ਤੇ ਗੁਰਦੇਵ ਸਿੰਘ ਨਾਂਅ ਦੇ ਇੱਕ ਬਜ਼ੁਰਗ ਨੇ ਕਿਹਾ ਕਿ ਤਿਕੋਣਾ ਮੁਕਾਬਲਾ ਹੈ ਕੁਝ ਕਿਹਾ ਨਹੀਂ ਜਾ ਸਕਦਾ ਹੈ। ਸਾਡੇ ਲਈ ਤਿੰਨੋ ਇੱਕੋ ਜਿਹੇ ਹਨ। ਉਥੇ ਹੀ ਕੋਲ ਖੜ੍ਹੇ ਇੱਕ ਹੋਰ ਬਜ਼ੁਰਗ ਨੇ ਕਿਹਾ ਕਿ ਅਸਲ ਮੁਕਾਬਲਾ ਤਾਂ ਦੋ ਭਰਾਵਾਂ ਵਿਚਕਾਰ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਹਦੇ ਲਈ ਕੁਝ ਕਹੀਏ, ਜਿੱਤਣਾ ਵੀ ਪਿੰਡ ਬਾਦਲ ਨੇ ਹੈ ਤੇ ਹਾਰਨਾ ਵੀ ਇਸੇ ਪਿੰਡ ਦੀ ਕਿਸਮਤ ਵਿਚ ਹੈ।
              ਉਥੋਂ ਮਹਿਜ਼ ਸੌ ਕੁ ਫੁੱਟ ਦੂਰੀ 'ਤੇ ਸਥਿਤ ਹਲਵਾਈ ਦੀਆਂ ਦੁਕਾਨਾਂ 'ਤੇ ਵੱਟੇ ਜਾ ਰਹੇ ਲੱਡੂਆਂ ਅਤੇ ਬਣਾਈ ਜਾ ਲੱਡੂਆਂ ਲਈ ਬੂੰਦੀ ਬਾਰੇ ਪੁੱਛੇ ਜਾਣ 'ਤੇ ਹਲਵਾਈਆਂ ਨੇ ਪੁੱਛੇ ਜਾਣ 'ਤੇ ਜਿੱਤ ਹਾਰ ਦੇ ਮਸਲੇ ਤੋਂ ਖੁਦ ਨੂੰ ਦੂਰ ਕਰਦਿਆਂ ਕਿਹਾ ਕਿ ਵਿਆਹਾਂ ਦਾ ਸੀਜਨ ਹੈ ਇਸ ਲਈ ਬਣਾ ਰਹੇ ਹਾਂ। ਜਦੋਂ ਦੁਕਾਨ ਵਿਚ ਬੇਸਨ ਨਾਲ ਭਰੀਆਂ ਬੋਰੀਆਂ ਬਾਰੇ ਪੁੱਛੇ ਜਾਣ 'ਤੇ ਹਲਵਾਈ ਨੇ ਕਿਹਾ ਤੁਹਾਡੀ ਖ਼ਬਰ ਰਹਿ ਜਾਣੀ ਹੈ ਅਤੇ ਸਾਡੇ ਕੁਝ ਵੱਟਿਆ ਨਹੀਂ ਜਾਣਾ।
               ਬਾਅਦ ਕੁਝ ਮਿੰਟਾਂ ਦੀ ਗੱਲਬਾਤ ਦੌਰਾਨ ਹਲਵਾਈਆਂ ਨੇ ਮੰਨਦਿਆਂ ਕਿਹਾ ਕਿ ਉਨ੍ਹਾਂ ਕੋਲ ਅਜੇ ਤੱਕ ਲੱਡੂਆਂ ਬਣਾਉਣ ਦਾ ਆਰਡਰ ਕਿਸੇ ਧਿਰ ਵੱਲੋਂ ਨਹੀਂ ਆਇਆ ਪਰ ਚੋਣ ਨਤੀਜਿਆਂ ਨੂੰ ਲੈ ਕੇ 13-14 ਕੁਇੰਟਲ ਬੇਸਨ ਮੰਗਵਾਇਆ ਗਿਆ ਹੈ। ਜਦੋਂ ਕਿ ਉਸਦੇ ਗੁਆਂਢੀ ਹਲਵਾਈ ਨੇ ਕਿਹਾ ਕਿ ਵੱਡੀ ਗਿਣਤੀ ਲੱਡੂ ਤਾਂ ਲੰਬੀ ਕਸਬੇ ਵਿਚ ਬਣ ਰਹੇ ਹਨ। ਇਸੇ ਦੌਰਾਨ ਸੜਕ ਤੋਂ ਲੰਘ ਰਹੇ ਇੱਕ ਦਲਿਤ ਬਜ਼ੁਰਗ ਨੂੰ ਜਦੋਂ ਚੋਣ ਨਤੀਜਿਆਂ ਬਾਰੇ ਪੁੱਛਿਆ ਗਿਆ ਤਾਂ ਉਸਨੇ ਤਲਖੀ ਭਰੇ ਲਹਿਜੇ ਵਿਚ ਕਿਹਾ ਕਿ 5 ਵਰ੍ਹਿਆਂ ' ਤਾਂ ਕੁਝ ਮਿਲਿਆ ਹੁਣ ਸਾਨੂੰ ਕੀ ਮਿਲ ਜਾਣਾ

04 March 2012

ਅਨਸਾਰ ਬਰਨੀ ਤੇ ਰੂਬੀ ਢੱਲਾ ਦੀ ਪੰਜਾਬ ’ਚ ਹੋਈ ਸਭ ਤੋਂ ਵੱਧ ਖਾਤਿਰਦਾਰੀ

ਬਰਨੀ ਦੀ ਆਗਰਾ ਤੇ ਅਜਮੇਰ ਫੇਰੀ ਦਾ ਖਰਚਾ ਵੀ ਰਾਜ ਸਰਕਾਰ ਨੇ ਅਦਾ ਕੀਤਾ

                                                    ਚਰਨਜੀਤ ਭੁੱਲਰ ਪੰਜਾਬ ਦੀ ਮਹਿਮਾਨਨਿਵਾਜ਼ੀ ਦਾ ਮੌਜ ਮੇਲਾ ਅਨਸਾਰ ਬਰਨੀ ਤੇ ਰੂਬੀ ਢੱਲਾ ਨੇ ਲੁੱਟ ਲਿਆ। ਪਿਛਲੇ ਪੌਣੇ ਪੰਜ ਵਰ੍ਹਿਆਂ ਦੌਰਾਨ ਪੰਜਾਬ ’ਚ ਅਜਿਹੇ ਮਹਿਮਾਨਾਂ ਵੱਲੋਂ 110 ਗੇੜੇ ਲਾਏ ਗਏ ਜਿਨ੍ਹਾਂ ਨੂੰ ‘ਸਟੇਟ ਗੈਸਟ’ ਦਾ ਰੁਤਬਾ ਦਿੱਤਾ ਗਿਆ ਸੀ। ਵਿਦੇਸ਼ੀ ਮਹਿਮਾਨ ਵਫਦਾਂ ਦੇ ਰੂਪ ਵਿੱਚ ਵੀ ਆਏ ਅਤੇ ਇਕੱਲੇ ਇਕੱਲੇ ਵੀ ਪੰਜਾਬ ਪੁੱਜੇ। ਸਭਨਾਂ ਵਿਦੇਸ਼ੀ ਮਹਿਮਾਨਾਂ ’ਚੋਂ ਜੋ ਟਹਿਲ ਸੇਵਾ ਪਾਕਿਸਤਾਨ ਦੇ ਸਾਬਕਾ ਕੇਂਦਰੀ ਮੰਤਰੀ ਅਨਸਾਰ ਬਰਨੀ ਅਤੇ ਕੈਨੇਡਾ ਦੀ ਸੰਸਦ ਮੈਂਬਰ ਰੂਬੀ ਢੱਲਾ ਦੀ ਹੋਈ ਹੈ, ਉਸ ਦਾ ਲੁਤਫ਼ ਹੋਰਨਾਂ ਵਿਦੇਸ਼ੀ ਮਹਿਮਾਨਾਂ ਦੇ ਹਿੱਸੇ ਨਹੀਂ ਆਇਆ। ਅਕਾਲੀ-ਭਾਜਪਾ ਸਰਕਾਰ ਵੱਲੋਂ ਇਨ੍ਹਾਂ ਮਹਿਮਾਨਾਂ ਲਈ ਪੰਜ ਤਾਰਾ ਹੋਟਲਾਂ ’ਚ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਇੰਤਜ਼ਾਮ ਕੀਤਾ ਗਿਆ। ਲੰਮੀਆਂ ਗੱਡੀਆਂ ਕਿਰਾਏ ’ਤੇ ਘੁੰਮਣ ਫਿਰਨ ਲਈ ਦਿੱਤੀਆਂ ਗਈਆਂ। ਫੁੱਲਾਂ ਨਾਲ ਸਵਾਗਤ ਅਤੇ ਮਹਿੰਗੇ ਤੋਹਫੇ ਵੀ ਇਨ੍ਹਾਂ ਮਹਿਮਾਨਾਂ ਨੂੰ ਸਰਕਾਰ ਵੱਲੋਂ ਭੇਟ ਕੀਤੇ ਗਏ। ਪੌਣੇ ਪੰਜ ਵਰ੍ਹਿਆਂ ਦੌਰਾਨ ਇਨ੍ਹਾਂ ਵਿਦੇਸ਼ੀ ਮਹਿਮਾਨਾਂ ਦੀ ਟਹਿਲ ਸੇਵਾ ’ਤੇ ਕਰੀਬ 45 ਲੱਖ ਰੁਪਏ ਅਤੇ ਫੁੱਲਾਂ ਅਤੇ ਤੋਹਫਿਆਂ ’ਤੇ 7.26 ਲੱਖ ਰੁਪਏ ਖਰਚੇ ਗਏ। ਵਿਅਕਤੀਗਤ ਰੂਪ ਵਿੱਚ ਸਭ ਤੋਂ ਜ਼ਿਆਦਾ ਖਰਚਾ ਅਨਸਾਰ ਬਰਨੀ ’ਤੇ ਆਇਆ। ਇਹ ਰਕਮ 9.91 ਲੱਖ ਰੁਪਏ ਬਣਦੀ ਹੈ ਜਦੋਂ ਕਿ ਦੂਸਰੇ ਨੰਬਰ ’ਤੇ ਰੂਬੀ ਢੱਲਾ ਹੈ ਜਿਸ ਦਾ 4.83 ਲੱਖ ਰੁਪਏ ਬਣਿਆ।
                   ਪ੍ਰਾਹੁਣਚਾਰੀ ਵਿਭਾਗ ਪੰਜਾਬ ਵੱਲੋਂ ਸੂਚਨਾ ਅਧਿਕਾਰ ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਮੁਤਾਬਕ ਪਾਕਿਸਤਾਨੀ ਵਫ਼ਦਾਂ ਅਤੇ ਪ੍ਰਾਹੁਣਿਆਂ ਵੱਲੋਂ ਪੰਜਾਬ ਦੇ 31 ਗੇੜੇ ਲਾਏ ਗਏ ਹਨ। ਪਾਕਿਸਤਾਨੀ ਮਹਿਮਾਨਾਂ ’ਤੇ ਸਰਕਾਰ ਵੱਲੋਂ 15,08,904 ਰੁਪਏ ਦਾ ਖਰਚ  ਕੀਤਾ ਗਿਆ ਹੈ। ਸਭ ਤੋਂ ਮਹਿੰਗਾ ਦੌਰਾ ਅਨਸਾਰ ਬਰਨੀ ਦਾ 6 ਅਪਰੈਲ, 2008 ਤੋਂ 17 ਅਪਰੈਲ 2008 ਤਕ ਦਾ ਰਿਹਾ ਹੈ। ਉਹ 9 ਤੋਂ 11 ਅਪਰੈਲ ਤਕ ਆਗਰਾ ਅਤੇ ਰਾਜਸਥਾਨ ਗਏ ਅਤੇ ਉੱਥੋਂ ਦੇ ਖਾਣ-ਪੀਣ ਦਾ ਖਰਚਾ 11054 ਰੁਪਏ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ। ਬਰਨੀ ਦੀ ਟਰਾਂਸਪੋਰਟ ਦਾ ਖਰਚਾ ਦੋ ਲੱਖ ਰੁਪਏ ਆਇਆ। ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਤਿੰਨ ਦਿਨਾ ਦੌਰੇ ਦਾ ਖਰਚਾ 4,64,609 ਰੁਪਏ ਰਿਹਾ। ਤੋਹਫਿਆਂ ਦੀ ਗੱਲ ਕਰੀਏ ਤਾਂ ਬਰਨੀ ਨੂੰ ਸਰਕਾਰ ਤਰਫੋਂ 12,179 ਰੁਪਏ ਦਾ ਸਿਲਵਰ ਮੋਮੈਂਟੋ ਦਿੱਤਾ ਗਿਆ। ਫਰੇਮਾਂ ਸਮੇਤ 13 ਪੋਰਟਰੇਟ ਵੀ ਤੋਹਫੇ ਵਜੋਂ ਦਿੱਤੇ ਗਏ ਜਿਨ੍ਹਾਂ ’ਤੇ 63,700 ਰੁਪਏ ਖਰਚ ਆਏ। ਏਨੀ ਟਹਿਲ ਸੇਵਾ ਕਿਸੇ ਹੋਰ ਵਿਦੇਸ਼ੀ ਮਹਿਮਾਨ ਦੀ ਵਿਅਕਤੀਗਤ ਰੂਪ ਵਿੱਚ ਨਹੀਂ ਹੋਈ।
ਰੂਬੀ ਢੱਲਾ ’ਤੇ ਸਰਕਾਰੀ ਖਰਚਾ 4,83,436 ਰੁਪਏ ਹੋਇਆ। ਢੱਲਾ 16 ਜਨਵਰੀ, 2008 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਸੀ। ਮੁੱਖ ਮੰਤਰੀ ਵੱਲੋਂ ਰੂਬੀ ਨੂੰ 4200 ਰੁਪਏ ਦੀ ਕੀਮਤ ਦੇ ਦੋ ਦੁਪੱਟੇ ਤੋਹਫੇ ਵਜੋਂ ਦਿੱਤੇ ਗਏ ਅਤੇ ਦਰਬਾਰ ਸਾਹਿਬ ਦੀ 6090 ਰੁਪਏ ਦੀ  ਤਸਵੀਰ ਵੀ ਤੋਹਫੇ ਵਜੋਂ ਭੇਟ ਕੀਤੀ ਗਈ। ਉਸ ਤੋਂ ਪਹਿਲਾਂ ਰੂਬੀ ਢੱਲਾ 3 ਤੋਂ 4 ਜਨਵਰੀ 2008 ਤਕ ਅੰਮ੍ਰਿਤਸਰ ਦੇ ਮੋਹਨ ਇੰਟਰਨੈਸ਼ਨਲ ਹੋਟਲ ਵਿੱਚ ਠਹਿਰੀ ਜਿੱਥੋਂ ਦੇ ਖਾਣੇ ਆਦਿ ਦਾ ਖਰਚਾ 16893 ਰੁਪਏ ਪੰਜਾਬ ਸਰਕਾਰ ਤਰਫੋਂ ਦਿੱਤਾ ਗਿਆ। ਉਸ ਮਗਰੋਂ ਰੂਬੀ ਢੱਲਾ ਫਿਰ ਆਪਣੇ ਪਰਿਵਾਰ ਸਮੇਤ 6 ਜਨਵਰੀ, 2011 ਨੂੰ ਪੰਜਾਬ ਆਈ। ਉਹ ਕਾਫੀ ਸਮਾਂ ਪੰਜਾਬ ਰਹੀ। ਇਸ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਟਰਾਂਸਪੋਰਟ ਦਾ ਖਰਚਾ 3,00,656 ਰੁਪਏ ਤਾਰਿਆ ਗਿਆ। ਇਸ ਤੋਂ ਇਲਾਵਾ 1,55,597 ਰੁਪਏ ਦਾ ਵੱਖਰਾ ਬਿੱਲ ਤਾਰਿਆ ਗਿਆ। ਇਵੇਂ ਹੀ ਕੈਨੇਡਾ ਦੇ ਐਮ.ਪੀ. ਗੁਰਬਖਸ਼ ਸਿੰਘ ਮੱਲ੍ਹੀ ਦੀ ਟਹਿਲ ਸੇਵਾ ’ਤੇ ਸਰਕਾਰ ਨੇ 1,53,236 ਰੁਪਏ ਖਰਚ ਕੀਤੇ। ਉਨ੍ਹਾਂ ਨੂੰ ਡੈਲੀਗੇਸ਼ਨ ਸਮੇਤ ਚੰਡੀਗੜ੍ਹ ਦੇ ਤਾਜ ਹੋਟਲ ਵਿੱਚ ਠਹਿਰਾਇਆ ਗਿਆ ਜਿਸ ਦਾ ਖਰਚਾ 82908 ਰੁਪਏ ਆਇਆ। ਪੰਜਾਬ ਸਰਕਾਰ ਨੂੰ ਸਭ ਤੋਂ ਸਸਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਮੁੱਖ ਮੰਤਰੀ ਉੱਜਲ ਦੁਸਾਂਝ ਅਤੇ ਟਿੱਮ ਉੱਪਲ ਪਏ। ਦੁਸਾਂਝ ਦੇ ਪੰਜਾਬ ਦੇ ਦੋ ਗੇੜਿਆਂ ’ਤੇ ਸਿਰਫ 20,488 ਰੁਪਏ ਖਰਚ ਆਏ ਜਦੋਂ ਕਿ ਟਿੱਮ ਉੱਪਲ ਦੇ ਦੌਰੇ ’ਤੇ ਸਿਰਫ 1218 ਰੁਪਏ ਹੀ ਖਰਚ ਕਰਨੇ ਪਏ। ਡੈਲੀਗੇਸ਼ਨ ਦੇ ਰੂਪ ਵਿੱਚ ਸਭ ਤੋਂ ਜ਼ਿਆਦਾ ਖਰਚਾ ਅਮਰੀਕੀ ਵਫ਼ਦ ’ਤੇ ਆਇਆ ਹੈ ਜੋ ਕਿ 10 ਅਕਤੂਬਰ, 2007 ਨੂੰ ਪੰਜਾਬ ਆਇਆ ਸੀ। ਇਸ ਵਫ਼ਦ ’ਤੇ ਸਰਕਾਰ ਵੱਲੋਂ 8,63,609 ਰੁਪਏ ਖਰਚ ਕੀਤੇ ਗਏ।

29 February 2012

ਪਛਚਾਤਾਪ ਸਮਾਗਮ 'ਚ ਹੋਏ ਜਥੇਦਾਰ ਨੰਦਗੜ੍ਹ ਅਤੇ ਸੰਤ ਦਾਦੂਵਾਲ ਆਹਮੋ-ਸਾਹਮਣੇ

       -ਧਾਰਮਿਕ ਇਸ਼ਤਿਹਾਰ ' 'ਦਾਦੂ ਸਾਹਿਬ' ਲਿਖਣ ਦਾ ਵਿਵਾਦ ਭਖਿਆ-
                                                            ਇਕਬਾਲ ਸਿੰਘ ਸ਼ਾਂਤ
      ਡੱਬਵਾਲੀ, 29 ਫਰਵਰੀ : ਸਿੱਖਾਂ ਵਾਲੀ ਢਾਣੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਸਿੱਖ ਭਾਈਚਾਰੇ ਵੱਲੋਂ ਕਰਵਾਇਆ ਪਛਚਾਤਾਪ ਸਮਾਗਮ ਸਿੱਖ ਕੌਮ ਦੇ ਧਾਰਮਿਕ ਆਗੂਆਂ ਦੇ ਆਪਸੀ ਵਿਵਾਦ ਦੀ ਭੇਂਟ ਚੜ੍ਹ ਗਿਆ।
        ਸਮਾਗਮ ਵਿਚ ਮਾਹੌਲ ਉਸ ਸਮੇਂ ਤਲਖੀ ਭਰਪੂਰ ਹੋ ਗਿਆ ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਬਲਵੰਤ ਸਿੰਘ ਨੰਦਗੜ੍ਹ ਨੇ ਸ੍ਰੀ ਅਕਾਲ ਤਖ਼ਤ ਸਾਹਿਰ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ ਦੀ ਮੌਜੂਦਗੀ ਵਿਚ ਸੰਤ ਬਲਜੀਤ ਸਿੰਘ ਦਾਦੂ ਵਾਲੇ ਵੱਲੋਂ ਇਕ ਧਾਰਮਿਕ ਸਮਾਗਮ ਦੇ ਇਸ਼ਤਿਹਾਰ ਵਿਚ ਤਖ਼ਤ ਦਮਦਮਾ ਸਾਹਿਬ ਲਿਖਣ ਦੀ ਬਜਾਏ ਮਹਿਜ ਤਲਵੰਡੀ ਸਾਬੋ ਲਿਖਣ ਅਤੇ ਆਪਣੇ ਗੁਰਦੁਆਰੇ ਨਾਲ ਸਬੰਧਤ ਪਿੰਡ ਦਾਦੂ ਨੂੰ ਦਾਦੂ ਸਾਹਿਬ ਲਿਖਣ 'ਤੇ ਸਖ਼ਤ ਸਟੈਂਡ ਲੈਂਦੇ ਹੋਏ ਜਥੇਦਾਰ ਗਿਆਨ ਗੁਰਬਚਨ ਸਿੰਘ ਨੂੰ ਸੰਤ ਦਾਦੂਵਾਲ ਨੂੰ ਅਕਾਲ ਤਖਤ 'ਤੇ ਤਲਬ ਕਰਨ ਦੀ ਮੰਗ ਕੀਤੀ। ਪਛਚਾਤਾਪ ਸਮਾਰੋਹ ਵਿਚ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਸੰਬੋਧਨ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਜਿਸ ਤੋਂ ਰੋਹ ਵਿਚ ਸੰਤ ਦਾਦੂਵਾਲ ਆਪਣੇ ਸਮਰਥਕਾਂ ਸਮੇਤ ਸਟੇਜ ਤੋਂ ਚਲੇ ਗਏ।
       ਸਮਾਗਮ ਵਿਚ ਜਥੇਦਾਰ ਨੰਦਗੜ੍ਹ ਨੇ ਸੰਗਤਾਂ ਨੂੰ ਸੰਤ ਦਾਦੂਵਾਲ ਵੱਲੋਂ ਇਸ਼ਤਿਹਾਰ ਵਿਖਾਉਂਦਿਆਂ ਸਰਵ ਉੱਚ ਧਾਰਮਿਕ ਸਥਾਨ 'ਤੇ ਸਾਹਿਬ ਲਗਾਉਣ ਦਾ ਪਾਠ ਪੜ੍ਹਾਉਂਦੇ ਹੋਏ ਕਿਹਾ ਕਿ ਬਲਜੀਤ ਸਿੰਘ ਦਾਦੂ ਵੱਲੋਂ ਜਾਰੀ ਇਸ਼ਤਿਹਾਰ ਵਿਚ ਸਿੱਖਾਂ ਦੇ ਪੰਜਵੇਂ ਤਖਤ ਸ੍ਰੀ ਦਮਦਮਾ ਸਾਹਿਬ ਦੀ ਨਜ਼ਰਅੰਦਾਜ਼ ਕਰਕੇ ਉਨ੍ਹਾਂ ਨੂੰ ਮਹਿਜ ਤਲਵੰਡੀ ਸਾਬੋ ਲਿਖਿਆ ਹੈ। ਜਦੋਂਕਿ ਆਪਣੇ ਸਰਪ੍ਰਸਤੀ ਵਾਲੇ ਗੁਰਦੁਆਰਾ ਦੇ ਪਿੰਡ ਨੂੰ ਦਾਦੂ ਸਾਹਿਬ ਲਿਖਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਧਾਰਮਿਕ ਸਥਾਨ ਬਰਾਬਰ ਹਨ ਪਰ ਤਖਤ ਸ਼੍ਰੀ ਦਮਦਮਾ ਸਾਹਿਬ ਉਹ ਪਵਿੱਤਰ ਸਥਾਨ ਹੈ ਜਿਥੇ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਦਾ ਮਹੱਤਵਪੂਰਨ ਸਮਾਂ ਬਿਤਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਵੀ ਇਸੇ ਪਵਿੱਤਰ ਸਥਾਨ 'ਤੇ ਹੋਈ। ਉਨ੍ਹਾਂ ਕਿਹਾ ਕਿ ਅਜਿਹੇ ਸਥਾਪਿਤ ਪਵਿੱਤਰ ਸਥਾਨ ਦਾ ਰੁਤਬਾ ਘੱਟ ਕਰਕੇ ਦਾਦੂਵਾਲ ਨੇ ਆਪਣੇ ਆਪ ਨੂੰ ਵੱਡਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।
             ਇਸੇ ਦੌਰਾਨ ਸਮਾਗਮ ਤੋਂ ਰਵਾਨਗੀ ਕਰ ਚੁੱਕੇ ਸੰਤ ਦਾਦੂਵਾਲ ਆਪਣੇ ਸਮਰਥਕਾਂ ਸਮੇਤ ਪੰਡਾਲ ਵਿਚ ਪਹੁੰਚ ਗਏ ਅਤੇ ਉਨ੍ਹਾਂ ਨੇ ਜਥੇਦਾਰ ਨੰਦਗੜ੍ਹ 'ਤੇ ਨਿੱਜੀ ਰੰਜਿਸ਼ ਰੱਖਣ ਦੋਸ਼ ਲਗਾਉਂਦਿਆਂ ਹੋਏ ਕਿਹਾ ਕਿ ਊਨ੍ਹਾਂ ਨੇ ਆਪਣੇ ਨਾਂਅ ਦੇ ਪਿੱਛੇ ਨਹੀਂ ਬਲਕਿ ਗੁਰਦੁਆਰਾ ਦੇ ਪਿੱਛੇ ਸਾਹਿਬ ਲਗਾਇਆ ਹੈ ਅਤੇ ਦੇਸ਼ ਭਰ ਵਿਚ ਹੋਰਨਾਂ ਗੁਰਦੁਆਰਿਆਂ ਦੇ ਪਿੱਛੇ ਵੀ ਸਾਹਿਬ ਲੱਗਿਆ ਹੋਇਆ ਹੈ। ਜੇਕਰ ਕੋਈ ਸ਼ਿਕਾਇਤ ਸੀ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ 'ਤੇ ਤਲਬ ਕਰਕੇ ਜਵਾਬ ਮੰਗਣਾ ਚਾਹੀਦਾ ਸੀ ਨਾ ਕਿ ਸਟੇਜ ਤੋਂ ਇਸ ਤਰ੍ਹਾਂ ਬਿਆਨਬਾਜ਼ੀ ਹੋਣੀ ਚਾਹੀਦੀ ਸੀ।
             ਦੋਹਾਂ ਧਿਰਾਂ ਦੇ ਤਲਖ ਵਤੀਰੇ ਕਾਰਨ ਧਾਰਮਿਕ ਸਮਾਗਮ ਦੌਰਾਨ ਵਿਵਾਦ ਕਾਫੀ ਭਖ ਗਿਆ ਅਤੇ ਦੋਨਾਂ ਧਿਰਾਂ ਦੇ ਸਮਰਥਕ ਆਹਮਣੇ ਸਾਹਮਣੇ ਡਟ ਗਏ। ਮਾਮਲੇ ਨੂੰ ਵਧਦਾ ਦੇਖ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੋਨਾਂ ਧਿਰਾਂ ਤੋਂ ਮਾਫ਼ੀ ਮੰਗਦਿਆਂ ਦੋਹਾਂ ਧਿਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਅਜਿਹੇ ਮਾਮਲਿਆਂ ਖੁੱਲ੍ਹੀ ਸਟੇਜ 'ਤੇ ਲਿਆਉਣ ਦੀ ਬਜਾਏ ਬੰਦ ਕਮਰੇ ਵਿਚ ਬੈਠ ਕੇ ਨਿਪਟਾਉਣਾ ਚਾਹੀਦਾ ਹੈ।
               ਸੰਤ ਦਾਦੂਵਾਲ ਨੂੰ ਅਕਾਲ ਤਖਤ 'ਤੇ ਬੁਲਾਏ ਜਾਣ ਦੀ ਮੰਗ 'ਤੇ ਉਨ੍ਹਾਂ ਕਿਹਾ ਕਿ ਇਹ ਸਮਾਂ ਆਪਣੀ ਲੜਾਈ ਦਾ ਨਹੀਂ ਬਲਕਿ ਸਮਾਜ ਅਤੇ ਪੰਥ ਦੀ ਚੜ੍ਹਦੀ ਕਲਾ ਨੂੰ ਕਾਇਮ ਰੱਖਣ ਦਾ ਹੈ। ਉਨ੍ਹਾਂ ਨੇ ਸੰਤ ਬਲਜੀਤ ਸਿੰਘ ਨੂੰ ਮਰਿਆਦਾ ਦਾ ਧਿਆਨ ਰੱਖਣ ਲਈ ਕਿਹਾ। ਅੱਧੇ ਘੰਟੇ ਤੱਕ ਚੱਲੇ ਇਸ ਤਖਤ ਮਾਹੌਲ ਵਿਚ ਸ਼ਾਂਤ ਕਰਨ ਲਈ ਪ੍ਰਬੰਧਕਾਂ ਵੱਲੋਂ ਸ੍ਰੀ ਆਨੰਦ ਸਾਹਿਬ ਦਾ ਪਾਠ ਕਰਕੇ ਸਮਾਰੋਹ ਨੂੰ ਸੰਪੂਰਨ ਕਰਨ ਦਾ ਯਤਨ ਕਰਦੇ ਹੋਏ ਮਾਈਕ ਹਟਾ ਦਿੱਤਾ, ਪਰ ਸਟੇਜ ਖਾਲੀ ਹੋਣ ਤੋਂ ਬਾਅਦ ਦਾਦੂਵਾਲ ਪੰਡਾਲ ਵਿਚ ਆਪਣੇ ਸਮਰਥਕਾਂ ਨਾਲ ਜੰਮੇ ਰਹੇ ਅਤੇ ਮੰਚ ਤੋਂ ਆਪਣੀ ਗੱਡੀ 'ਤੇ ਲੱਗੇ ਸਪੀਕਰ ਨਾਲ ਮੌਕੇ 'ਤੇ ਜਮ੍ਹਾ ਸੰਗਤ ਨੂੰ ਆਪਣੀ ਪੰਥਕ ਲਹਿਰ ਦੀ ਜਾਣਕਾਰੀ ਦਿੱਤੀ ਅਤੇ ਡੇਰਾ ਸਿੱਖ ਵਿਵਾਦ ਵਿਚ ਉਨ੍ਹਾਂ ਵੱਲੋਂ ਨਿਭਾਈ ਗਈ ਭੂਮਿਕਾ ਦੇ ਕਾਰਨ ਉਨ੍ਹਾਂ ਤੇ ਦਰਜ ਹੋਏ ਮਾਮਲਿਆਂ ਦਾ ਵੇਰਵਾ ਦੇ ਕੇ ਆਪਣੀ ਭੜਾਸ ਕੱਢੀ।
              ਇਸ ਵਿਵਾਦ ਦੇ ਭਖਣ ਨਾਲ ਮੌਜੂਦ ਸਿੱਖ ਸੰਗਤ ਨਾਮੋਸ਼ੀ ਦੇ ਰੌਂਅ ਵਿਚ ਵੇਖੀ ਗਈ। ਜਿਸ ਵੱਲੋਂ ਸਿੱਖ ਆਗੂਆਂ ਦੇ ਆਪਸੀ ਕਾਟੋ-ਕਲੇਸ਼ ਨੂੰ ਸਿੱਖ ਕੌਮ ਲਈ ਮੰਦਭਾਗਾ ਕਰਾਰ ਦਿੰਦਿਆਂ ਕੌਮ ਦੇ ਭਵਿੱਖੀ ਵਿਕਾਸ ਲਈ ਬੇਹੱਦ ਮਾੜਾ ਵਰਤਾਰਾ ਦੱਸਿਆ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ ਨੇ ਉਕਤ ਘਟਨਾ ਨੂੰ ਪੰਥਕ ਮਰਿਆਦਾ ਲਈ ਮੰਦਭਾਗਾ ਦੱਸਦਿਆਂ ਕਿਹਾ ਕਿ ਭਵਿੱਖ ਵਿਚ ਅਜਿਹੇ ਵਰਤਾਰੇ ਦੇ ਦੁਹਰਾਅ ਨੂੰ ਰੋਕਣ ਲਈ ਕਦਮ ਚੁੱਕੇ ਜਾਣਗੇ।


 ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖ਼ਤ 

      ਕਾਨੂੰਨ ਬਣਾਇਆ ਜਾਵੇ : ਜਥੇਦਾਰ ਗੁਰਬਚਨ ਸਿੰਘ
ਡੱਬਵਾਲੀ, 29 ਫਰਵਰੀ  : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਗੁਰਚਰਨ ਸਿੰਘ ਨੇ ਕਿਹਾ ਕਿ ਦੇਸ਼ ਵਿਚ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ।
ਉਹ ਅੱਜ ਢਾਣੀ ਸਿੱਖਾਂ ਵਾਲੀ ਵਿਚ ਸਿੱਖ ਸੰਗਤਾਂ ਵੱਲੋਂ ਕਰਵਾਏ ਪਛਚਾਤਾਪ ਸਮਾਗਮ ਵਿਚ ਸੰਬੋਧਨ ਕਰਦਿਆਂਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥ ਸਤਿਕਾਰ ਯੋਗ ਅਤੇ ਸਮੁੱਚੇ ਮਨੁੱਖੀ ਸਮਾਜ ਦਾ ਆਧਾਰ ਹੈ ਪਰ ਪਿਛਲੇ ਕੁਝ ਸਮੇਂ ਤੋਂ ਦੇਸ਼ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਧਾਰਮਿਕ ਉਲੰਘਣਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।
       ਜਥੇਦਾਰ ਗੁਰਬਚਨ ਸਿੰਘ ਨੇ ਹਰਿਆਣਾ ਪੁਲਿਸ ਵੱਲੋਂ ਢਾਣੀ ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਦੋਸ਼ੀਆਂ ਖਿਲਾਫ਼ ਕੀਤੀ ਕਾਰਵਾਈ 'ਤੇ ਸੰਤੁਸ਼ਟੀ ਜਾਹਰ ਕਰਦਿਆਂ ਹੋਏ ਦੇਸ਼ ਵਿਚ ਧਾਰਮਿਕ ਭਾਈਚਾਰੇ ਨੂੰ ਕਾਇਮ ਰੱਖਣ ਲਈ ਅਸਮਾਜਿਕ ਤੱਤਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵੱਖਰਾ ਸਖ਼ਤ ਕਾਨੂੰਨ ਬਣਾਉਣਾ ਜਾਣਾ ਸਮੇਂ ਦੀ ਜ਼ਰੂਰਤ ਹੈ।
               ਉਨ੍ਹਾਂ ਕਿਹਾ ਕਿ ­ਸਖ਼ਤ ਕਾਨੂੰਨ ਦੀ ਘਾਟ ਵਿਚ ਦੋਸ਼ੀ ਵਿਅਕਤੀ ਬਿਨ੍ਹਾ ਉਚਿਤ ਸਜ਼ਾ ਪਾਏ ਕਾਨੂੰਨ ਦੀ ਪਕੜ 'ਚੋਂ ਨਿੱਕਲ ਜਾਂਦਾ ਹੈ ਜਿਸ ਨਾਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਭੜਕ ਜਾਂਦੀਆਂ ਹਨ ਅਤੇ ਉਹ ਕਾਨੂੰਨ ਨੂੰ ਹੱਥ ਵਿਚ ਲੈ ਕੇ ਖੁਦ ਉਸਨੂੰ ਸਜ਼ਾ ਦੇਣ ਲੱਗ ਜਾਂਦੇ ਹਨ।
                    ਜਥੇਦਾਰ ਹੁਰਾਂ ਨੇ ਦੱਸਿਆ ਕਿ ਦੇਸ਼ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਅਤੇ ਸਤਿਕਾਰ ਬਣਾਏ ਰੱਖਣ ਲਈ ਕਮੇਟੀ ਗਠਿਤ ਕੀਤੀ ਜਾਵੇਗੀ। ਜਿਸਦੇ ਵੱਲੋਂ ਗੁਰਦੁਆਰਿਆਂ ਅਤੇ ਡੇਰਿਆਂ ਨੂੰ ਸੂਚੀਬੱਧ ਕਰਕੇ ਉਨ੍ਹਾਂ ਨਿਰੀਖਣ ਕੀਤਾ ਜਾਵੇਗਾ। ਜਿਹੜੇ ਵਿਚ ਸਥਾਨਾਂ 'ਤੇ ਮਰਿਆਦਾ ਦਾ ਪਾਲਣ ਨਹੀਂ ਹੋਵੇਗਾ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਆਪਣੀ ਪ੍ਰਤੀਬੱਧਤਾ ਜਾਹਿਰ ਕਰਦਿਆਂ ਕਿਹਾ ਕਿ ਨਸ਼ੇ ਦਾ ਸੇਵਨ ਕਰਨ ਵਾਲੇ ਪਰਿਵਾਰਾਂ ਨੂੰ ਆਪਣੇ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
                  ਇਸਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਆਪਣੇ ਸੰਬੋਧਨ ਵਿਚ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣ ਅਤੇ ਪੰਥ ਦੇ ਨਾਂਅ ਚੱਲ ਰਹੀ ਦੁਕਾਨਦਾਰੀਆਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸੱਚੇ ਗੁਰੂ ਹਨ। ਧਰਮ ਦੇ ਨਾਂਅ ਕੀਤੇ ਜਾ ਰਹੇ ਧਾਗੇ-ਤਬੀਜ਼ ਲੁੱਟ ਦਾ ਕੇਂਦਰ ਹਨ। ਇਸ ਮੌਕੇ 'ਤੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਸੱਦਾ ਦਿੰਦਿਆਂ ਕਿਹਾ ਕਿ ਇਕਜੁੱਟ ਹੋ ਕੇ ਗੁਰੂ ਗ੍ਰੰਥ ਦੀ ਮਰਿਆਦਾ ਨੂੰ ਕਾਇਮ ਰੱਖਣ 'ਤੇ ਜ਼ੋਰ ਦਿੱਤਾ।
                    ਇਸ ਮੌਕੇ 'ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਸੁਖਿਵੰਦਰ ਸਿੰਘ ਖਾਲਸਾ, ਸ਼੍ਰੋਮਣੀ ਕਮੇਟੀ ਮੈਂਬਰ ਸੰਤ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਜਗਸੀਰ ਸਿੰਘ, ਬਲਜਿੰਦਰ ਸਿੰਘ ਸਰਦੂਲਗੜ੍ਹ, ਬਾਬਾ ਪ੍ਰੀਤਮ ਸਿੰਘ, ਮਲਕੀਤ ਕੌਰ ਹਨੂੰਮਾਨਗੜ੍ਹ , ਬਾਬਾ ਨਿਰਵੈਰ ਸਿੰਘ, ਬਾਬਾ ਅਮ੍ਰਿਤਪਾਲ ਸਿੰਘ ਗੋਲੂਵਾਲੇ ਅਤੇ  ਅਮਰਜੀਤ ਸਿੰਘ ਮਰਿਆਦਾ ਨੇ ਸੰਬੋਧਨ ਕੀਤਾ।