31 March 2011

ਬਾਦਲਾਂ ਦੇ ਹਲਕੇ 'ਚ ਪੱਕੇ ਮਕਾਨਾਂ ਦੀ ਉਸਾਰੀ ਤੇ ਮੁਰੰਮਤ ਦੀ ਗਰਾਂਟ ਦੀ ਬਾਂਦਰਵੰਡ

-ਇਕਬਾਲ ਸਿੰਘ ਸ਼ਾਂਤ-
-ਇੱਕੋ ਪਰਿਵਾਰ ਦੇ ਚਾਰ-ਚਾਰ ਜੀਆਂ ਨੂੰ ਦਿੱਤੇ ਗਰਾਟਾਂ ਦੇ ਗੱਫੇ- -ਇੱਕ ਵਿਅਕਤੀ ਨੂੰ ਪੱਕੇ ਮਕਾਨ ਦੀ ਨਵੀਂ ਉਸਾਰੀ ਦੇ ਨਾਲ ਮੁਰੰਮਤ ਦਾ ਚੈੱਕ ਵੀ ਦਿੱਤਾ -

ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਪਿੰਡ ਖੁੱਡੀਆਂ ਮਹਾਂ ਸਿੰਘ ਵਿਖੇ (ਬਿਨ੍ਹਾਂ ਬੀ. ਪੀ. ਐਲ.) ਲੋਕਾਂ ਲਈ ਪੱਕੇ ਮਕਾਨਾਂ ਅਤੇ ਮਕਾਨਾਂ ਦੀ ਮੁਰੰਮਤ ਲਈ ਆਈ ਗਰਾਂਟ ਦੀ ਵੱਡੇ ਪੱਧਰ 'ਤੇ ਬਾਂਦਰਵੰਡ ਅਤੇ ਬੇਨਿਯਮੀਆਂ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸਰਕਾਰ ਵੱਲੋਂ ਸੀ. ਡੀ. 2.32 ਸਕੀਮ ਦੇ ਤਹਿਤ ਪਿੰਡ ਖੁੱਡੀਆਂ ਮਹਾਂ ਸਿੰਘ ਵਿਖੇ 30 ਵਿਅਕਤੀਆਂ ਨੂੰ ਪੱਕੇ ਮਕਾਨਾਂ ਲਈ ਅਤੇ 59 ਜਣਿਆਂ ਨੂੰ ਮਕਾਨਾਂ ਦੀ ਮੁਰੰਮਤ ਲਈ ਗਰਾਂਟ ਭੇਜੀ ਗਈ ਹੈ। ਮੁੱਖ ਮੰਤਰੀ ਦੇ ਸੰਗਤ ਦਰਸ਼ਨ ਦੇ ਤਹਿਤ ਸੀ.ਡੀ.2.32. ਸਕੀਮ ਅਧੀਨ ਜਾਰੀ ਇਸ ਗਰਾਂਟ 'ਚ ਜਿੱਥੇ ਬਹੁਤ ਸਾਰੇ ਅਜਿਹੇ ਵਿਅਕਤੀਆਂ ਨੂੰ ਵੀ ਪੱਕੇ ਮਕਾਨਾਂ ਲਈ ਗਰਾਂਟ ਵਿਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਕੋਲ ਪਹਿਲਾਂ ਤੋਂ ਪੱਕੇ ਮਕਾਨ ਹਨ, ਉਥੇ ਕਈ ਪਰਿਵਾਰਾਂ ਦੇ ਕਈ-ਕਈ ਮੈਂਬਰਾਂ ਨੂੰ ਦੋਵੇਂ ਸਕੀਮਾਂ ਵਿਚ ਸ਼ਾਮਲ ਕਰਕੇ ਸਿਆਸੀ ਗੱਫੇ ਦਿੱਤੇ ਗਏ ਹਨ। ਜਦੋਂਕਿ ਪਿੰਡ ਦੇ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਨੂੰ ਕਥਿਤ ਸਿਆਸੀ ਬਦਲਾਖੋਰੀ ਦੇ ਤਹਿਤ ਇਸ ਸਕੀਮ ਤੋਂ ਵਾਂਝਾ ਰੱਖਿਆ ਗਿਆ ਹੈ। ਪਿੰਡ ਖੁੱਡੀਆਂ ਮਹਾਂ ਸਿੰਘ ਦੇ ਵਸਨੀਕ ਅਰਵਿੰਦਰ ਸਿੰਘ ਬੱਬੀ ਖੁੱਡੀਆਂ, ਜਗਸੀਰ ਸਿੰਘ, ਮਲਕੀਤ ਸਿੰਘ, ਬਿੱਟੂ ਸਿੰਘ, ਦਰਸ਼ਨ ਸਿੰਘ ਮੈਂਬਰ ਪੰਚਾਇਤ, ਲਾਲਾ ਸਿੰਘ, ਮੰਦਰ ਸਿੰਘ ਅਤੇ ਮੋਟਾ ਸਿੰਘ ਸਮੇਤ ਦਰਜਨਾਂ ਲੋਕਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਵਿਚ ਪੱਕੇ ਮਕਾਨਾਂ ਦੀ ਉਸਾਰੀ ਅਤੇ ਮੁਰੰਮਤ ਲਈ ਆਈ ਗਰਾਂਟ ਦੀ ਵੰਡ ਵਿਚ ਸਿੱਧੇ ਤੌਰ 'ਤੇ ਵਿਤਕਰਾ ਕੀਤਾ ਗਿਆ ਹੈ ਤੇ ਹੁਣੇ ਤੋਂ ਵਿਧਾਨਸਭਾ ਵੋਟਾਂ ਦੀ ਵਿਛਾਈ ਜਾ ਰਹੀ ਬਿਸਾਤ ਵਿਚ ਸਮੁੱਚੇ ਕਾਇਦੇ-ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਵੋਟਾਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਥੇ ਸਿਆਸੀ ਹਨ੍ਹੇਰਗਰਦੀ ਦਾ ਨਤੀਜਾ ਹੈ ਕਿ ਸੱਤਾ ਪੱਖ ਨਾਲ ਸਬੰਧਤ ਇੱਕ ਔਰਤ ਪੰਚ ਦੇ ਪਤੀ ਦਾਤਾ ਰਾਮ ਪੁੱਤਰ ਨੰਦੂ ਰਾਮ ਨੂੰ ਪੱਕੇ ਮਕਾਨ ਦੀ ਗਰਾਂਟ ਦਿੱਤੀ ਗਈ ਹੈ। ਜਦਕਿ ਉਸਦੇ ਕੁਆਰੇ ਪੁੱਤਰ ਵਿੱਕੀ ਨੂੰ ਮਕਾਨ ਦੀ ਮੁਰੰਮਤ ਲਈ ਮਾਇਕ ਮੱਦਦ ਦੇ ਕੇ ਸਰਕਾਰਾਂ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ। ਜਦੋਂਕਿ ਤਕਰੀਬਨ 20-21 ਸਾਲਾ ਵਿੱਕੀ ਆਪਣੇ ਮਾਤਾ-ਪਿਤਾ ਨਾਲ ਇੱਕੋ ਮਕਾਨ ਵਿਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੀ ਹਾਲਤ ਇਹ ਹੈ ਕਿ ਪਿੰਡ ਦੇ ਇੱਕ ਵਸਨੀਕ ਜਤਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਨੂੰ ਜਿੱਥੇ ਨਵੇਂ ਮਕਾਨ ਦੀ ਗਰਾਂਟ 'ਚ ਸ਼ਾਮਲ ਕੀਤਾ ਗਿਆ ਹੈ, ਉਥੇ ਉਸਨੂੰ ਨਾਲ ਦੀ ਨਾਲ ਮਕਾਨ ਦੀ ਮੁਰੰਮਤ ਲਈ ਵੀ 15 ਹਜ਼ਾਰ ਰੁਪਏ ਦੀ ਗਰਾਂਟ ਦਿਵਾ ਦਿੱਤੀ ਗਈ। ਇੱਥੇ ਹੀ ਸਬਰ ਨਹੀਂ ਹੋਇਆ ਉੱਪਰੋਂ ਉਸਦੇ ਪਿਤਾ ਗੁਰਮੇਲ ਸਿੰਘ ਪੁੱਤਰ ਦਾਨਾ ਸਿੰਘ ਨੂੰ ਵੀ ਮਕਾਨ ਦੀ ਮੁਰੰਮਤ ਲਈ 15 ਹਜ਼ਾਰ ਰੁਪਏ ਦਾ ਗੱਫਾ ਦੇ ਦਿੱਤਾ ਗਿਆ। ਜਦੋਂਕਿ ਹਕੀਕੀ ਤੌਰ 'ਤੇ ਇਹ ਪਿਊ-ਪੁੱਤਰ ਇੱਕੋ ਮਕਾਨ ਵਿਚ ਵਸੋਂ ਕਰਦੇ ਹਨ, ਜੋ ਕਿ ਪੱਕਾ ਬਣਿਆ ਹੋਇਆ ਹੈ। ਅਰਵਿੰਦਰ ਸਿੰਘ ਬੱਬੀ ਖੁੱਡੀਆਂ, ਜਗਸੀਰ ਸਿੰਘ ਵਗੈਰਾ ਨੇ ਕਿਹਾ ਕਿ ਲੋੜਵੰਦ ਨੂੰ ਮੱਦਦ ਮੁਹੱਈਆ ਕਰਵਾਉਣ ਦੀ ਬਜਾਏ ਇੱਕ ਗਿਣੀ ਮਿੱਥੀ ਵਿਉਂਤਬੰਦੀ ਦੇ ਤਹਿਤ ਗਰਾਂਟ ਦਾ ਕਾਫ਼ੀ ਹਿੱਸਾ ਨਿਯਮਾਂ ਨੂੰ ਦਰਕਿਨਾਰ ਕਰਕੇ ਪੰਚਾਇਤ ਅਤੇ ਸੱਤਾ ਪੱਖ ਦੇ ਚਹੇਤਿਆਂ ਨੂੰ ਵੰਡਿਆ ਗਿਆ। ਉਨ੍ਹਾਂ ਦੱਸਿਆ ਵੀਰਾ ਸਿੰਘ ਪੁੱਤਰ ਛੋਟਾ ਸਿੰਘ ਨੂੰ ਮਕਾਨ ਦੀ ਮੁਰੰਮਤ ਲਈ ਗਰਾਂਟ ਦਿੱਤੀ ਗਈ ਹੈ, ਉਥੇ ਉਸਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਪੱਕੇ ਮਕਾਨਾਂ ਦੀ ਸੂਚੀ ਵਿਚ ਰੱਖਿਆ ਗਿਆ ਹੈ। ਇਸੇ ਤਰ੍ਹਾਂ ਜਸਵਿੰਦਰ ਸਿੰਘ ਨਾਂਅ ਦੇ ਇੱਕ ਵਿਅਕਤੀ ਦੇ ਕੁਆਰੇ ਪੁੱਤਰ ਸੁਖਪਾਲ ਸਿੰਘ ਨੂੰ ਪੱਕੇ ਮਕਾਨ ਤੇ ਉਸਦੀ ਪਤਨੀ ਅਮਨਦੀਪ ਕੌਰ ਨੂੰ ਮਕਾਨ ਦੀ ਮੁਰੰਮਤ ਲਈ ਗਰਾਂਟ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ। ਜਦਕਿ ਦੂਜੇ ਪਾਸੇ ਅੱਖਾਂ ਦਾਨ ਲੈ ਕੇ ਇਸ ਰੰਗ ਬਿਰੰਗੇ ਜੱਗ ਨੂੰ ਵੇਖਣ ਵਾਲੇ ਮਲਕੀਤ ਸਿੰਘ ਨੇ ਕਿਹਾ ਕਿ ਉਹ ਬੜੀ ਗਰੀਬੀ 'ਚ ਵੇਲਾ ਲੰਘਾ ਰਿਹਾ ਹੈ ਤੇ ਉਸਨੂੰ ਅੱਖਾਂ ਤੋਂ ਕਾਫ਼ੀ ਘੱਟ ਵਿਖਾਈ ਦਿੰਦੀ ਹੈ। ਉਸਦੇ ਮਕਾਨ ਨੂੰ ਮੁਰਮੰਤ ਦੀ ਜ਼ਰੂਰਤ ਹੈ ਪਰ ਪੰਚਾਇਤ ਨੇ ਉਸਦੀ ਕੋਈ ਸਾਰ ਨਹੀਂ ਲਈ। ਇਸੇ ਤਰ੍ਹਾਂ ਬੁਢਾਪੇ ਵਿਚ ਲੋਕਾਂ ਦੇ ਘਰਾਂ ਵਿਚ ਸਾਫ਼-ਸਫ਼ਾਈ ਕਰਕੇ ਧੀ-ਜਵਾਈ ਦੇ ਸਹਾਰੇ ਵੇਲਾ ਲੰਘਾਉਂਦੀ ਬਜ਼ੁਰਗ ਔਰਤ ਅੰਗਰੇਜ਼ ਕੌਰ ਨੇ ਕਿਹਾ ਕਿ ਬੁਢਾਪੇ ਵਿੱਚ ਕੱਚੇ-ਪਿੱਲੇ ਘਰ ਵਿਚ ਗੁਜਾਰਾ ਚਲਾਉਂਦੀ ਹੈ ਪਰ ਉਸ ਵੱਲੋਂ ਵਾਰ-ਵਾਰ ਗੁਹਾਰ ਲਾਉਣ ਦੇ ਬਾਵਜੂਦ ਗਰਾਂਟ ਨਹੀਂ ਦਿੱਤੀ ਗਈ ਜਦੋਂਕਿ ਰੱਜਿਆਂ-ਪੁੱਜਿਆਂ ਦੇ ਢਿੱਡ ਹੋਰ ਭਰ ਦਿੱਤੇ ਗਏ। ਇਸੇ ਤਰ੍ਹਾਂ ਅੰਮ੍ਰਿਤਪਾਲ ਉਰਫ਼ 'ਨਿਕੜਿਆ' ਦੀ ਦਾਸਤਾਨ ਵੀ ਹੋਰਾਂ ਵਾਂਗ ਮੰਦੀ ਹੈ ਤੇ ਉਹ ਵੀ ਇੱਕ ਕਮਰੇ ਦੇ ਮਕਾਨ ਨੂੰ ਪੱਕਾ ਕਰਵਾਉਣ ਲਈ ਸਰਕਾਰੀ ਗਰਾਂਟ ਲਈ ਤੱਕ ਰਿਹਾ ਹੈ। ਪੰਜਾਬ ਲੋਕ ਜਨ ਸ਼ਕਤੀ ਪਾਰਟੀ ਦੀ ਸੂਬਾਈ ਆਗੂ ਛਿੰਦਰ ਕਲਾਂ ਪਤਨੀ ਭਾਗੀਰਥ ਨੇ ਆਖਿਆ ਕਿ ਸਰਕਾਰ ਵੱਲੋਂ ਭੇਜੀ ਉਕਤ ਗਰਾਂਟ ਦੀ ਕਥਿਤ ਤੌਰ 'ਤੇ ਗਲਤ ਵੰਡ ਤੋਂ ਦੁਖੀ ਹੋ ਕੇ ਉਸਨੇ ਪੱਕੇ ਮਕਾਨ ਲਈ ਆਈ ਗਰਾਂਟ ਦਾ ਚੈੱਕ ਪੰਚਾਇਤ ਨੂੰ ਵਾਪਸ ਕਰ ਦਿੱਤਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੋਟੇ ਦੀ ਸਕੀਮ ਸੀ. ਡੀ. 2.32 ਤਹਿਤ ਨੂੰ ਪੱਕੇ ਮਕਾਨ ਲਈ 35 ਹਜ਼ਾਰ ਰੁਪਏ ਦੀ ਗਰਾਂਟ ਵਿਚੋਂ ਲਾਭਪਾਤਰੀ (ਨਾਨ ਬੀ.ਪੀ.ਐਲ.) ਨੂੰ ਪਹਿਲੀ ਕਿਸ਼ਤ ਵਜੋਂ 5 ਹਜ਼ਾਰ ਰੁਪਏ ਨਗਦ, 55 ਸੌ ਇੱਟ ਤੇ 20 ਥੈਲੇ ਸੀਮੇਂਟ ਦਿੱਤੀ ਜਾਂਦਾ ਹੈ। ਜਦਕਿ ਬਾਕੀ 4-5 ਹਜ਼ਾਰ ਰੁਪਏ ਦੀ ਰਕਮ ਉਸਾਰੀ ਦੇ ਆਖ਼ਰ ਵਿਚ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਮਕਾਨ ਦੀ ਮੁਰੰਮਤ ਲਈ ਲਾਭਪਾਤਰੀਆਂ ਨੂੰ ਇੱਕ ਮੁਸ਼ਤ 15 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਪਿੰਡ ਖੁੱਡੀਆਂ ਮਹਾਂ ਸਿੰਘ ਦੇ ਸਾਬਕਾ ਸਰਪੰਚ ਰਛਪਾਲ ਸਿੰਘ ਮਾਨ, ਬੱਬੀ ਖੁੱਡੀਆਂ, ਹਰਪਾਲ ਸਿੰਘ ਚਹਿਲ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਤ ਲੋੜਵੰਦਾਂ ਲਈ ਬਣਾਈ ਉਕਤ ਸਕੀਮ ਨੂੰ ਪਿੰਡ ਖੁੱੱਡੀਆਂ ਮਹਾਂ ਸਿੰਘ ਵਿਖੇ ਨਿਯਮਾਂ ਨੂੰ ਛਿੱਕੇ ਟੰਗ ਕੇ ਸਰਕਾਰੀ ਫੰਡਾਂ ਨੂੰ ਬੇਲੋੜੇ ਲੋਕਾਂ ਵਿਚ ਵੰਡਿਆ ਗਿਆ ਹੈ ਜਿਸਦੀ ਉੱਚ ਪੱਧਰ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਹਾਈਕੋਰਟ ਤੱਕ ਵੀ ਲਿਜਾਇਆ ਜਾਵੇਗਾ। Ñਲੰਬੀ ਦੇ Ñਬਲਾਕ ਅਤੇ ਪੰਚਾਇਤ ਅਧਿਕਾਰੀ ਸ੍ਰੀ ਨਵਲ ਰਾਮ ਨੇ ਦੱਸਿਆ ਕਿ ਪਿੰਡ ਖੁੱਡੀਆਂ ਮਹਾਂ ਸਿੰਘ ਵਿਖੇ 59 ਪੱਕੇ ਮਕਾਨਾਂ ਅਤੇ 30 ਮਕਾਨਾਂ ਦੀ ਮੁਰੰਮਤ ਲਈ ਚੈੱਕ ਜਾਰੀ ਕੀਤੇ ਗਏ ਸਨ। ਜਿਨ੍ਹਾਂ ਬਾਰੇ ਮੁੱਖ ਮੰਤਰੀ ਦਫ਼ਤਰ ਵਿਚੋਂ ਅਜੇ ਤੱਕ ਮਨਜੂਰੀ ਸਬੰਧੀ ਕੋਈ ਲਿਖਤੀ ਸੂਚਨਾ ਨਾ ਹੋਣ ਕਰਕੇ ਬੈਂਕ ਨੂੰ ਜਾਰੀ ਚੈੱਕਾਂ ਦੀ ਅਦਾਇਗੀ ਨਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਗਰਾਂਟਾਂ ਦੀ ਵੰਡ ਵਿਚ ਪੱਖਪਾਤ ਜਾਂ ਵਿਤਕਰੇਬਾਜ਼ੀ ਬਾਰੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ।
'ਹਨ੍ਹੇਰਗਰਦੀ-ਚੌਪਟ ਰਾਜਾ'

ਇਸ ਪੂਰੇ ਮਾਮਲੇ ਵਿਚ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਪਿੰਡ ਲਈ ਉਕਤ ਸਕੀਮ ਤਹਿਤ ਪਿਛਲੇ ਦੋ ਦਿਨਾਂ ਤੱਕ ਰਕਮ ਜਾਰੀ ਕਰਨ ਸਬੰਧੀ ਦਿਸ਼ਾ ਨਿਰਦੇਸ਼ ਨਹੀਂ ਭੇਜੇ ਗਏ ਸਨ। ਇਸਦੇ ਬਾਵਜੂਦ ਬਲਾਕ ਅਤੇ ਪੰਚਾਇਤ ਦਫ਼ਤਰ ਲੰਬੀ ਵੱਲੋਂ ਪਿੰਡ ਖੁੱਡੀਆਂ ਮਹਾਂ ਸਿੰਘ ਦੀ ਸੱਤਾ ਦੇ ਬਲਬੂਤੇ 'ਤੇ ਪੰਚਾਇਤ ਨੂੰ ਲਗਭਗ 10 ਲੱਖ ਰੁਪਏ ਦੀ ਗਰਾਂਟਾਂ ਦੇ 30 ਅਤੇ 50 ਚੈੱਕ ਜਾਰੀ ਕਰ ਦਿੱਤੇ ਗਏ। ਜਿਨ੍ਹਾਂ ਬਾਰੇ ਸੋਝੀ ਆਉਣ 'ਤੇ ਸਬੰਧਤ ਬੈਂਕ ਨੂੰ ਚੈੱਕਾਂ ਦੀ ਅਦਾਇਗੀ ਰੋਕਣ ਲਈ ਕਿਹਾ ਗਿਆ। ਦੂਜੇ ਪਾਸੇ ਪਿੰਡ ਦੇ ਲਾਭਪਾਤੀ ਲੋਕ ਚੈੱਕ ਲੈ ਕੇ ਬੈਂਕ ਦੇ ਗੇੜੇ ਮਾਰ ਰਹੇ ਹਨ।

No comments:

Post a Comment