03 May 2011

ਸੇਲਵਰਾਹ 'ਚ ਪੁਲਿਸ ਨੇ ਅੱਤਵਾਦ ਸਮੇਂ ਦਾ ਵਕਤ ਯਾਦ ਕਰਾਇਆ

                                   ਗੁਰਦੁਆਰੇ ਤੋਂ ਕੀਤਾ ਵਾਅਦਾ ਤੋੜ ਕੇ ਘਰਾਂ ਦੇ ਸਮਾਨ ਦੀ ਭੰਨਤੋੜ ਕੀਤੀ
                                 
  'ਰਾਜ ਨਹੀਂ ਸੇਵਾ' ਕਰਨ ਵਾਲੀ ਬਾਦਲ ਸਰਕਾਰ ਨੂੰ ਚੁਫੇਰਿਉਂ ਫਿਟਕਾਰਾਂ

ਸੇਲਵਰਾਹ (ਬਠਿੰਡਾ) : ਮਨੁੱਖ ਤਾਂ ਕੀ ਇਸ ਪਿੰਡ ਦੇ ਬੇਜੁਬਾਨ ਡੰਗਰ ਤੇ ਨਿਰਜਿੰਦ ਕੰਧਾਂ ਵੀ ਬੁਰ•ੀ ਤਰਾਂ ਸਹਿਮੀਆਂ ਪਈਆਂ ਹਨ, ਕਿਉਂਕਿ ਠੇਕਾ ਖੋਹਲਣ ਦਾ ਵਿਰੋਧ ਕਰ ਰਹੇ ਆਮ ਲੋਕਾਂ ਨੂੰ ਪਸਤ ਹਿੰਮਤ ਕਰਨ ਦੇ ਯਤਨ ਵਜੋਂ ਅੱਤਵਾਦ ਦੇ ਦਿਨਾਂ ਦੀ ਸਰਕਾਰੀ ਦਹਿਸ਼ਤ ਨੂੰ ਦੁਹਰਾਉਦਿਆਂ ਪੁਲਿਸ ਨੇ ਬੱਚਿਆਂ ਤੇ ਔਰਤਾਂ ਸਮੇਤ 250 ਤੋਂ ਵੀ ਵੱਧ ਵਿਅਕਤੀਆਂ ਨੂੰ ਹਿਰਾਸਤ ਵਿੱਚ ਹੀ ਨਹੀਂ ਲਿਆ, ਬਲਕਿ ਦਾਣਾ ਫੱਕਾ ਖਿਲਾਰਨ ਤੋਂ ਬਿਨ•ਾਂ ਹਰ ਵਸਤ ਨੂੰ ਬੇਰਹਿਮੀ ਨਾਲ ਇਸ ਕਦਰ ਭੰਨਤੋੜ ਦਿੱਤਾ, 'ਰਾਜ ਨਹੀਂ ਸੇਵਾ' ਕਰਨ ਵਾਲੀ ਬਾਦਲ ਸਰਕਾਰ ਨੂੰ ਚੁਫੇਰਿਉਂ ਫਿਟਕਾਰਾਂ ਪੈ ਰਹੀਆਂ ਹਨ।
          

          ਮਾਮਲਾ ਕੁਝ ਇਸ ਤਰ•ਾਂ ਹੈ ਕਿ ਦੋ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਇੱਥੋਂ ਦੇ ਲੋਕ ਪਿੰਡ ਦੀ ਅਬਾਦੀ ਵਿੱਚ ਸ਼ਰਾਬ ਦਾ ਠੇਕਾ ਖੋਹਲਣ ਦਾ ਵਿਰੋਧ ਕਰਦੇ ਆ ਰਹੇ ਹਨ, ਲੇਕਿਨ ਹਾਕਮ ਧਿਰ ਦੇ ਕੁਝ ਆਗੂਆਂ ਦੇ ਆਰਥਿਕ ਹਿਤਾਂ ਨੂੰ ਮੱਦੇਨਜਰ ਰਖਦਿਆਂ ਸਾਸਨ ਤੇ ਪ੍ਰਸਾਸਨ ਹਰ ਹੀਲੇ ਦਾਰੂ ਦੀਆਂ ਛਬੀਲਾਂ ਲਵਾਉਣ ਲਈ ਪੱਬਾਂ ਭਾਰ ਹੋਇਆ ਫਿਰਦੈ।  30 ਅਪਰੈਲ ਤੇ ਇੱਕ ਮਈ ਦੀ ਦਰਮਿਆਨੀ ਰਾਤ ਨੂੰ ਸਮੁੱਚੇ ਪਿੰਡ ਤੋਂ ਆਕੀ ਹੋਏ ਇੱਕ ਅਣਅਧਿਕਾਰਤ ਸਖ਼ਸ ਨੇ ਜਦ ਗੈਰਕਾਨੂੰਨੀ ਢੰਗ ਤਰੀਕਿਆਂ ਨਾਲ ਦਾਰੂ ਵੇਚਣ ਦਾ ਯਤਨ ਕੀਤਾ ਤਾਂ ਔਰਤਾਂ ਸਮੇਤ ਪਿੰਡ ਦੀ ਬਹੁਗਿਣਤੀ ਨੇ ਉਸਦਾ ਵਿਰੋਧ ਕਰਨਾ ਸੁਰੂ ਕਰ ਦਿੱਤਾ। ਉਸ ਵੱਲੋਂ ਬੁਲਾਈ ਪੁਲਿਸ ਤੇ ਆਮ ਲੋਕਾਂ ਦਰਮਿਆਨ ਟਕਰਾਅ ਹੋ ਗਿਆ, ਜਿਸਦੇ ਚਲਦਿਆਂ ਦੋਵਾਂ ਧਿਰਾਂ ਦੇ ਕੁਝ ਲੋਕ ਜਖਮੀ ਹੋ ਗਏ ਤੇ ਕਿਸੇ ਸਰਾਰਤੀ ਵੱਲੋਂ ਲਾਈ ਅੱਗ ਕਾਰਨ ਪੁਲਿਸ ਦੀ ਗੱਡੀ ਸੜ ਕੇ ਸੁਆਹ ਹੋ ਗਈ।
          ਇੱਕ ਮਈ ਦਾ ਦਿਨ ਤਾਂ ਭਾਵੇਂ ਸਾਂਤੀ ਨਾਲ ਬੀਤ ਗਿਆ, ਲੇਕਿਨ ਹਨੇਰਾ ਹੁੰਦਿਆਂ ਹੀ ਪੁਲਿਸ ਦੀਆਂ ਭਾਰੀ ਭਰਕਮ ਧਾੜਾਂ ਨੇ ਪਿੰਡ ਦੇ ਸਕੂਲ ਨੂੰ ਆਪਣੀ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਕੀਤੀ ਅਨਾਊਂਸਮੈਂਟ ਰਾਹੀਂ ਪੁਲਿਸ ਨੇ ਇਸ ਵਾਅਦੇ ਨਾਲ ਲੋਕਾਂ ਨੂੰ ਆਪੋ ਆਪਣੇ ਘਰਾਂ ਵਿੱਚ ਰਹਿਣ ਦੀ ਤਾਕੀਦ ਕਰ ਦਿੱਤੀ ਕਿ ਉਹਨਾਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਜਾਂ ਬੇਇਨਸਾਫੀ ਨਹੀਂ ਹੋਵੇਗੀ। ਠੇਕਾ ਵਿਰੋਧੀ ਅੰਦੋਲਨ ਦੇ ਅਹਿਮ ਸੰਚਾਲਕ ਤਾਂ ਭਾਵੇਂ ਪਹਿਲਾਂ ਹੀ ਰੂਪੋਸ ਹੋ ਚੁੱਕੇ ਸਨ, ਲੇਕਿਨ ਗੁਰੂ ਘਰ ਚੋਂ ਹੋਈ ਮੁਨਾਦੀ ਨੂੰ ਇਲਾਹੀ ਹੁਕਮ ਪ੍ਰਵਾਨ ਕਰਦਿਆਂ ਆਮ ਲੋਕ ਆਪੋ ਆਪਣੇ ਘਰਾਂ ਵਿੱਚ ਹੀ ਰਹੇ।
          

        ਪਿੰਡ ਦੀ ਮੁਕੰਮਲ ਘੇਰਾਬੰਦੀ ਕਰਦਿਆਂ ਮੂੰਹ ਹਨੇਰੇ ਹੀ ਪੁਲਿਸ ਨੇ ਹਰ ਘਰ ਵਿੱਚ ਛਾਪੇ ਮਾਰਨ ਦੀ ਕਾਰਵਾਈ ਸੁਰੂ ਕਰ ਦਿੱਤੀ। ਟੈਲੀਵੀਜਨ ਫਰਿੱਜ ਬਿਜਲੀ ਦੇ ਮੀਟਰ ਇੱਥੋਂ ਤੱਕ ਕਿ ਟੁੱਟਣ ਵਾਲੀ ਜੋ ਵੀ ਵਸਤ ਨਜਰ ਪਈ, ਉਸਨੂੰ ਬੁਰ•ੀ ਤਰਾਂ ਤੋੜਿਆ ਭੰਨਿਆਂ ਹੀ ਨਹੀਂ ਬਲਕਿ ਪੁਲਿਸ ਵਾਲਿਆਂ ਨੇ ਘਰਾਂ ਵਿੱਚ ਪਏ ਦਾਣੇ ਫੱਕੇ ਨੂੰ ਵੀ ਖਿਲਾਰ ਦਿੱਤਾ। ਰੱਸੇ ਸੰਗਲ ਖੋਹਲਦਿਆਂ ਡੰਗਰਾਂ ਨੂੰ ਘਰਾਂ ਚੋਂ ਭਜਾ ਦਿੱਤਾ, ਬਾਬੇਕਿਆਂ ਤੇ ਬਾਬਰ ਕੇ ਬਣ ਕੇ ਚੜ•ਣ ਵਾਲਿਆਂ ਨੇ ਬੱਚਿਆਂ ਤੇ ਔਰਤਾਂ ਸਮੇਤ ਢਾਈ ਸੌ ਤੋਂ ਵੀ ਵੱਧ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਫੂਲ ਭਗਤਾ ਦਿਆਲਪੁਰਾ ਆਦਿ ਥਾਨਿਆਂ ਵਿੱਚ ਡੱਕ ਦਿੱਤਾ। ਸਿਤਮ ਜਰੀਫੀ ਇਹ ਕਿ ਜਦ ਪਿੰਡ ਦੇ ਲੋਕ ਆਪਣੇ ਹਮਵਤਨਾਂ ਲਈ ਲੰਗਰ ਲੈ ਕੇ ਆਏ ਤਾਂ ਥਾਨਾ ਫੂਲ ਦੀ ਪੁਲਿਸ ਨੇ ਪਹਿਲਾਂ ਤਾਂ ਵਰਤਾਉਣ ਤੋਂ ਰੋਕ ਦਿੱਤਾ, ਲੇਕਿਨ ਵਾਰ ਵਾਰ ਕੀਤੇ ਤਰਲਿਆਂ ਤੋਂ ਬਾਅਦ ਹੀ ਇਜਾਜਤ ਦਿੱਤੀ।
        
        ਪਿੰਡ ਦਾ ਮਹੌਲ ਇਸ ਕਦਰ ਗਮਗੀਨ ਤੇ ਦਹਿਸ਼ਤਜਦਾ ਹੋ ਗਿਆ, ਕਿ ਅਖ਼ਬਾਰ ਜਾਂ ਟੀ ਵੀ ਚੈਨਲ ਵਿੱਚ ਨਾ ਆਉਣ ਦੀ ਵਜ•ਾ ਕਾਰਨ ਸੰਗੀਨ ਧਰਾਵਾਂ ਥੱਲੇ ਗਿਰਫਤਾਰੀ ਤੋਂ ਡਰਦਿਆਂ ਮੌਕੇ ਤੇ ਪੁੱਜੀ ਮੀਡੀਆ ਪ੍ਰਤੀਨਿਧਾਂ ਦੀ ਟੀਮ ਸਾਹਮਣੇ ਕਿਸੇ ਨੇ ਜੁਬਾਨ ਖੋਹਲਣੀ ਵੀ ਮੁਨਾਸਿਬ ਨਾ ਸਮਝੀ। ਅਫਸੋਸਨਾਕ ਪਹਿਲੂ ਇਹ ਹੈ ਕਿ ਜਦ ਇੱਕ ਪਿੰਡ ਵਿੱਚ ਅਜਿਹਾ ਤਾਂਡਵ ਨਾਚ ਨੱਚਿਆ ਜਾ ਰਿਹਾ ਸੀ ਤਾਂ ਸੱਭਿਆਚਾਰਕ ਸਰਗਰਮੀਆਂ ਦੇ ਮੋਹਰੀ ਜਸਦੇਵ ਸਿੰਘ ਜੱਸੋਵਾਲ ਜੋ ਸਾਬਕਾ ਵਿਧਾਇਕ ਵੀ ਹਨ ਤੇ ਡੀ ਆਈ ਜੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਕੇ ਬਣੇ ਸਮਾਜ ਸੁਧਾਰਕ ਸ੍ਰੀ ਹਰਿੰਦਰ ਸਿੰਘ ਚਾਹਲ ਤੋਂ ਇਲਾਵਾ ਕਿਸੇ ਵੀ ਸਿਆਸੀ ਜਾਂ ਜਨਤਕ ਆਗੂ ਨੇ ਲੋਕਾਂ ਦੀ ਸਾਰ ਲੈਣੀ ਮੁਨਾਸਿਬ ਨਾ ਸਮਝੀ।
       
         ਜੱਸੋਵਾਲ ਚਾਹਲ ਜੋੜੀ ਦੀ ਆਮਦ ਤੋਂ ਬਾਅਦ ਨਾਂ ਗੁਪਤ ਰੱਖਣ ਦੀ ਸਰਤ ਤੇ ਬਜੁਰਗ ਅਵਸਥਾ ਵਿੱਚ ਪੁੱਜ ਚੁੱਕੇ ਕੁਝ ਮਰਦਾਂ ਤੇ ਔਰਤਾਂ ਨੇ ਮੂੰਹ ਖੋਹਲਣ ਦੀ ਹਿੰਮਤ ਦਿਖਾਈ।  80ਵਿਆਂ ਨੂੰ ਢੁੱਕ ਚੁੱਕੇ ਇੱਕ ਬਾਬੇ ਬੋਲਣ ਸਮੇਂ ਹੰਝੂਆਂ ਨਾਲ ਜਿਸ ਦੀ ਸਫੈਦ ਦਾਹੜੀ ਭਿੱਜ ਚੁੱਕੀ ਸੀ, ਨੇ ਅੱਤਵਾਦ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਜਿਵੇਂ ਉਦੋਂ ਕਿਸੇ ਇੱਕ ਅੱਧ ਮੁੰੰਡੇ ਨੂੰ ਫੜਣ ਵਾਸਤੇ ਪੁਲਿਸ ਤੇ ਫੌਜਾਂ ਪਿੰਡਾਂ ਨੂੰ ਘੇਰਿਆ ਕਰਦੀਆਂ ਸਨ, ਉਹਨਾਂ ਨਾਲ ਵੀ ਅੱਜ ਉਸਤੋਂ ਕਿਤੇ ਵੱਧ ਧੱਕੇਸ਼ਾਹੀ ਹੋਈ ਹੈ। ਸਰਕਾਰਾਂ ਵੱਲੋਂ ਨਸ਼ਾ ਬੰਦੀ ਲਈ ਕੀਤੇ ਜਾ ਰਹੇ ਦਾਅਵਿਆਂ ਵੱਲ ਜਦ ਬਾਬੇ ਦਾ ਧਿਆਨ ਦਿਵਾਇਆ ਤਾਂ ਉਸਦਾ ਉੱਤਰ ਸੀ, ਇੱਥੇ ਤਾਂ ਰਾਜ ਭਾਗ ਦੇ ਮਾਲਕ ਹੀ ਡੰਡੇ ਦੇ ਜੋਰ ਨਾਲ ਜਹਿਰੀਲੀ ਦਾਰੂ ਵਿਕਵਾ ਰਹੇ ਹਨ, ਜੋ ਹੁਣ ਤੱਕ ਕਈਆਂ ਦੀ ਜਾਨ ਲੈ ਚੁੱਕੀ ਹੈ।
ਅਮ੍ਰਿਤਧਾਰੀ ਇੱਕ ਬੇਬੇ ਨੇ ਆਪਣੀਆਂ ਜਖ਼ਮੀ ਭਾਵਨਾਵਾਂ ਦਾ ਇਜ਼ਹਾਰ ਕਰਦਿਆਂ ਸੁਆਲ ਕੀਤਾ ਕਿ ਆਪਣੇ ਇਲਾਕੇ ਤੋਂ ਲੈ ਕੇ ਬਾਹਰਲੇ ਸ਼ਹਿਰਾਂ ਤੱਕ ਜਮੀਨਾਂ ਤੇ ਕਬਜੇ ਕਰਕੇ ਵੀ ਜੇ ਸਥਾਨਕ ਆਗੂਆਂ ਦੀ ਤਮਾਂ ਨਹੀਂ ਭਰੀ ਤਾਂ ਉਹ ਜਹਿਰੀਲੀ ਦਾਰੂ ਰਾਹੀਂ ਸਾਡੇ ਬੱਚਿਆਂ ਦੇ ਸਿਵੇ ਜਲਾ ਕੇ ਕਿਲ•ੇ ਨਹੀਂ ਉਸਾਰਨ ਲੱਗੇ। ਕ੍ਰਿਪਾਨ ਵਾਲੇ ਗਾਤਰੇ ਨੂੰ ਹੱਥ ਵਿੱਚ ਲੈਂਦਿਆਂ ਬੇਬੇ ਨੇ ਆਪਣੇ ਵਾਹਿਗੁਰੂ ਨੂੰ ਅਰਜੋਈ ਕੀਤੀ ਕਿ ਜਿਸ ਸਰਕਾਰ ਦੀ ਪੁਲਿਸ ਨੇ ਗੁਰੂ ਘਰ ਦੇ ਸਪੀਕਰ ਰਾਹੀਂ ਕੀਤਾ ਵਾਅਦਾ ਵੀ ਨਹੀਂ ਨਿਭਾਇਆ ਜੇ ਉਸ ਵਿੱਚ ਕੋਈ ਸਕਤੀ ਹੈ ਤਾਂ ਉਸਦਾ ਬੇੜਾ ਜਰੂਰ ਗਰਕ ਕਰ ਦੇਵੇ।

          
          ਪੱਤਰਕਾਰਾਂ ਦੀ ਟੀਮ ਜਦ ਥਾਨਾ ਫੂਲ ਪੁੱਜੀ ਤਾਂ ਉਹਨਾਂ ਦੀ ਸਨਾਖਤ ਤੋਂ ਅਣਜਾਣ ਤਾਕਤ ਦੇ ਨਸ਼ੇ ਵਿੱਚ ਭੂਤਰਿਆ ਇੱਕ ਥਾਨੇਦਾਰ ਆਪਣੇ ਸਾਥੀ ਨੂੰ ਬੜੇ ਫ਼ਖਰ ਨਾਲ ਇਹ ਦੱਸ ਰਿਹਾ ਸੀ, ਕਿ ਪੁਲਿਸ ਦੀ ਹੋਈ ਬੇਇਜਤੀ ਦਾ ਪਿੰਡ ਵਾਸੀਆਂ ਤੋਂ ਬਦਲਾ ਲੈਣ ਲਈ ਉਸਨੇ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਅਜਿਹੇ ਵਰਤਾਰੇ ਤੋਂ ਪੋਟਾ ਪੋਟਾ ਦੁਖੀ ਇੱਕ ਸਾਊ ਪੁਲਿਸ ਵਾਲਾ ਇਹ ਕਹਿੰਦਾ ਵੀ ਸੁਣਿਆ ਗਿਆ ਕਿ ਆਪਣੇ ਲੋਕਾਂ ਨਾਲ ਕੀਤੀਆਂ ਜਾਣ ਵਾਲੀਆਂ ਜਿਆਦਤੀਆਂ ਤੋਂ ਬਚਣ ਦਾ ਹੁਣ ਇੱਕੋ ਇੱਕ ਰਾਹ ਰਹਿ ਗਿਆ ਹੈ ਸਵੈਇਛੁਕ ਸੇਵਾ ਮੁਕਤੀ।
        
          ਇੱਕੀਵੀਂ ਸਦੀ ਅਤੇ ਸੂਚਨਾ ਤਕਨੀਕ ਦੇ ਇਸ ਯੁੱਗ ਵਿੱਚ ਹੋ ਰਹੀ ਅਜਿਹੀ ਹਨੇਰਗਰਦੀ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਮਨੁੱਖੀ ਅਧਿਕਾਰ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਵੇਦ ਪ੍ਰਕਾਸ ਗੁਪਤਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਅਪੀਲ ਕੀਤੀ ਕਿ ਉਹ ਰਾਮਪੁਰਾ ਫੂਲ ਇਲਾਕੇ ਵਿੱਚ ਹੋ ਰਹੀ ਸਰਕਾਰੀ ਦਹਿਸਤਗਰਦੀ ਦੀ ਆਪਣੇ ਤੌਰ ਤੇ ਪੜਤਾਲ ਕਰਵਾ ਕੇ ਲੋੜੀਂਦੀ ਕਾਰਵਾਈ ਕਰਨ। ਸੀ ਪੀ ਆਈ ਦੇ ਜਿਲ•ਾ ਸਕੱਤਰ ਕਾ: ਜਗਜੀਤ ਜੋਗਾ ਨੇ ਆਮ ਲੋਕਾਂ ਨਾਲ ਹੋਈ ਧੱਕੇਸ਼ਾਹੀ ਦੀ ਸਖਤ ਨਿਖੇਧੀ ਕਰਦਿਆਂ ਦੱਸਿਆ ਕਿ ਹਮਖਿਆਲ ਪਾਰਟੀਆਂ ਨਾਲ ਸਲਾਹ ਮਸਵਰਾ ਕਰਕੇ ਉਹ ਬਣਦੀ ਕਾਰਵਾਈ ਕਰਨਗੇ। ਦਿਹਾਤੀ ਮਜਦੂਰ ਸਭਾ ਦੇ ਪ੍ਰਮੁੱਖ ਆਗੂ ਕਾ: ਮਹੀਂਪਾਲ ਨੇ ਵੀ ਆਮ ਲੋਕਾਂ ਤੇ ਹੋਈ ਧੱਕੇਸ਼ਾਹੀ ਦੀ ਡਾਢੀ ਨਿੰਦਾ ਕੀਤੀ। 
-ਬੀ ਐਸ ਭੁੱਲਰ

No comments:

Post a Comment