10 June 2011

… ਤੇ ਜਦੋਂ ਕੰਢੇ-ਕੰਢੇ ਤੁਰੀ ਜ਼ਿੰਦਗੀ

                                            -ਜਸਪਾਲ ਸਿੰਘ ਸਿੱਧੂ-

ਫੌਜੀ ਜਵਾਨ ਨੇ ਸਟੇਨਗੰਨ ਮੇਰੀ ਛਾਤੀ ਉੱਤੇ ਲਾਈ ਹੋਈ ਸੀ; ਦੋ ਹੋਰ ਫੌਜੀ ਮੇਰੇ ਸੱਜੇ-ਖੱਬੇ ਆਪਣੀਆਂ ਗੰਨਾਂ ਮੇਰੇ ਵੱਲ ਸਿੱਧੀਆਂ ਕਰੀ ਖੜ੍ਹੇ ਸਨ, ਜਦੋਂ ਸਾਹਮਣੇ ਖੜ੍ਹੇ ਫੌਜੀ ਅਫਸਰ ਨੇ ਹੁਕਮਰਾਨਾ ਲਹਿਜੇ ਵਿਚ ਕਿਹਾ, ‘‘ਤੁਹਾਡੇ ਕੋਲ ਹਥਿਆਰ ਹਨ, ਨਾਲੇ ਪਾਕਿਸਤਾਨ ਨਾਲ ਜੁੜਿਆ ਵਾਇਰਲੈਸ ਸੈੱਟ, ਦੋਵੇਂ ਤੁਰੰਤ ਸਾਡੇ ਹਵਾਲੇ ਕਰ ਦਿਓ…ਜੇ ‘ਸਰਚ’ (ਪੜਤਾਲ) ਤੋਂ ਬਾਅਦ ਕੋਈ ਵੀ ਚੀਜ਼ ਮਿਲ ਗਈ, ਅਸੀਂ ਗੋਲੀ ਮਾਰ ਦਿਆਂਗੇ।’’

ਜਸਪਾਸਿੰਘ ਸਿੱਧੂ
ਜੂਨ 1984 ਦੇ ਪਹਿਲੇ ਹਫਤੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਕਾਰਵਾਈ ਖਤਮ ਹੁੰਦਿਆਂ ਹੀ ਅੰਮ੍ਰਿਤਸਰ ਸ਼ਹਿਰ ਵਿਚ ਕਈ ਥਾਵਾਂ ਉੱਤੇ ਫੌਜ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸਨ। 13 ਜੂਨ ਨੂੰ ਸਵੇਰੇ ਚਾਰ-ਸਵਾ ਚਾਰ ਵਜੇ, ਫੌਜੀਆਂ ਨੇ ਮੈਨੂੰ ਵੀ ਕਮਰੇ ਵਿਚੋਂ ਕੱਢ ਕੇ ਬੰਦੂਕਾਂ ਦੇ ਘੇਰੇ ਵਿਚ ‘ਫਾਲਨ’ (ਖੜਾ) ਕਰ ਲਿਆ। ਹੁਣ ਮੈਨੂੰ ਉਸ ਫੌਜੀ ਅਫਸਰ ਦੀਆਂ ਲਾਲ-ਸੁਰਖ ਅੱਖਾਂ ਦਿਖਾਈ ਦੇ ਰਹੀਆਂ ਸਨ। ਪਹੁ ਫੁੱਟ ਪਈ ਸੀ ਅਤੇ ਕੁਝ  ਕੁ ਸਾਫ ਦਿਸਣਾ ਸ਼ੁਰੂ ਹੋ ਗਿਆ ਸੀ। ਪਲ ਕੁ ਮੈਂ ਅਜੀਬ ਸੰਸ਼ੋਪੰਜ ਵਿਚ ਰਿਹਾ। ਮੈਂ ਆਪਣੇ ਵੱਲ ਸੇਧਤ ਗੰਨਾਂ ਤੋਂ ਬੇਖ਼ਬਰ ਹੀ ਹੋ ਗਿਆ ਸਾਂ, ਜਿਵੇਂ ਸਿਰ ਉੱਤੇ ਟੁੱਟੇ ‘ਵੱਡੇ ਕਹਿਰ’ ਲਈ ਮਾਨਸਿਕ ਤੌਰ ਉੱਤੇ ਤਿਆਰ ਹੋ ਰਿਹਾ ਹੋਵਾਂ। ਅਗਲੇ ਪਲ ਮੈਂ ਉਸ ਅਫਸਰ ਨੂੰ ਕਿਹਾ, ‘‘ਤੁਸੀ ਜਾਣਦੇ ਹੋ ਕਿ ਮੈਂ ਯੂ ਐੱਨ ਆਈ (UNI) ਦਾ ਪੱਤਰਕਾਰ ਹਾਂ।’’ ਸ਼ਾਇਦ ਇਹ ਮੇਰੀ ਸਿਰ ਉੱਤੇ ਖੜੀ ‘ਹੋਣੀ’ ਤੋਂ ਪਾਸਾ ਵੱਟ ਕੇ ਬਚ ਨਿਕਲਣ ਦੀ ਅਚੇਤ ਕੋਸ਼ਿਸ਼ ਸੀ। ‘‘ਸਾਨੂੰ ਸਭ ਕੁਝ  ਪਤਾ’’ ਹੈ, ਉਹ ਅਫਸਰ ਕੜਕਵ ਆਵਾਜ਼ ਵਿਚ ਬੋਲਿਆ। ਉਹ ਕੋਈ ਕੈਪਟਨ-ਮੇਜਰ ਰੈਂਕ ਦਾ ‘ਕਲੀਨ ਸ਼ੇਵਨ’ ਪੰਜਾਬੀ ਅਫਸਰ ਸੀ।

ਹੁਣ ‘‘ਅੰਤਿਮ ਘੜੀ’’ ਲਈ ਆਪਣੇ ਵਜੂਦ ਨੂੰ ਤਿਆਰ ਕਰਨ ਤੋਂ ਸਿਵਾਏ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਅਤੇ ਮੇਰਾ ‘ਅੰਤਰੀਵ’’ ਜਿਵੇਂ ‘ਮੇਰੀ ਹੋਣੀ’ ਨੂੰ ਸਵੀਕਾਰ ਕਰਨ ਦੇ ਰਾਹ  ਤੁਰ ਪਿਆ। ਮੈਂ ਹੁਣ ‘ਆਰ-ਪਾਰ’ ਦੇ ਅਖੀਰਲੇ ਪਲਾਂ ਵਿਚੋਂ ਗੁਜ਼ਰ ਰਿਹਾ ਸਾਂ। ਪਤਾ ਨਹੀਂ ਕਿਵੇਂ ਮੇਰੇ ਅੰਦਰੋਂ ਸੁੱਤੇ-ਸਿੱਧ ਆਵਾਜ਼ ਨਿਕਲੀ, ‘ਜੋ ਮਰਜ਼ੀ ਕਰੋ, ਮੇਰੇ ਕੋਲ ਕੁਝ ਵੀ ਨਹੀਂ।’ ਉਸ ਅਫਸਰ ਨੂੰ ਜਿਵੇਂ ਮੇਰੇ ਅਜਿਹੇ  ਜੁਆਬ ਦੀ ਉਮੀਦ ਨਹੀਂ ਸੀ; ਉਹ ਮੱਥੇ ਉੱਤੇ ਤਿਉੜੀਆਂ ਪਾਉਂਦਾ ਹੋਇਆ ਕੜਕਿਆ, ‘ਅੱਛਾ ਫੇਰ’। ਉਸਨੇ ਫੌਜੀ ਜਵਾਨਾਂ ਨੂੰ ਮੇਰੇ ਘਰ-ਦਫਤਰ ਦੀ ਤਲਾਸ਼ੀ  ਲੈਣ ਦੇ ਹੁਕਮ ਦੇ ਦਿੱਤੇ ਸਨ।
ਅੱਧੀ ਕੁ ਦਰਜਨ ਫੌਜੀ ਜਵਾਨ, ਗਰੀਨ ਐਵੇਨਿਊ ਕਲੋਨੀ ਦੇ ਪੱਛਮੀ ਕੰਢੇ ਉੱਤੇ ਉਸਰੇ ਬੇਤਰਤੀਬੇ ਜਿਹੇ ਮਹਾਨਾਂ ਵਿਚੋਂ ਇਕ ਕਿਰਾਏ ਉੱਤੇ ਲਏ ਮੇਰੇ ਘਰ-ਦਫਤਰ ਦੀ ਤਲਾਸ਼ੀ ਲੈ ਰਹੇ ਸਨ। ਮੈਨੂੰ ਇਸ ਅੱਧੇ ਅਧੂਰੇ ਮਕਾਨ ਦੇ ਬਰਾਂਡੇ ਵਿਚ ਖੜਾ ਕੀਤਾ ਹੋਇਆ ਸੀ। ਦੋ ਫੌਜੀ ਬਰਾਂਡੇ ਦੇ ਸਿਰੇ ਉੱਤੇ ਬਣੀ ਮੇਰੀ ਰਸੋਈ ਦੀ ਫਰੋਲਾ-ਫਰਾਲੀ ਕਰ ਰਹੇ ਸਨ, ਦੋ  ਕੁ ਜਣੇ ਰਸੋਈ ਦੇ ਨਾਲ ਲੱਗਦੇ ਮੇਰੇ ਇਕੋ-ਇਕ ਬੈੱਡ ਰੂਮ ਵਿਚ ਵੜ ਗਏ ਸਨ। ਦੋ ਫੌਜੀ ਜਵਾਨਾਂ ਨੇ ਮੇਰੇ ਬੈੱਡ ਰੂਮ ਤੋਂ ਪਰੇ ਬਰਾਂਡੇ ਦੇ ਦੂਜੇ ਪਾਸੇ ਦੇ ਬਣੇ ਕਮਰੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਸੀ।
Shri Akal Takhat Sahib's Photo Before Military Attack.

ਮੈਂ ਇਸ ਕਮਰੇ ਨੂੰ ਖਬਰਾਂ ਦੀ ਏਜੰਸੀ ਯੂ ਐੱਨ ਆਈ ਲਈ ਦਫਤਰ ਬਣਾ ਲਿਆ ਸੀ। ਇਸ ਵਿਚ ਦੋ ‘ਟੈਲੀਪ੍ਰਿੰਟਰ’ ਮਸ਼ੀਨਾਂ ਲੱਗੀਆਂ ਹੋਈਆਂ ਸਨ। ਇਕ ਉੱਤੇ ‘‘ਦਿਨ ਰਾਤ ਲਗਾਤਾਰ ਉਹ ਸਾਰੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ, ਜਿਹੜੀਆਂ ਖ਼ਬਰਾਂ ਏਜੰਸੀ ਦੇ ਚੰਡੀਗੜ੍ਹ ਦਫਤਰ ਜਾਂ ਦਿੱਲੀ ਵਾਲੇ ਵੱਡੇ ਦਫਤਰ ਤੋਂ ਜਾਰੀ ਹੁੰਦੀਆਂ ਸਨ। ਦਿੱਲੀ  ਦਫਤਰ ਤੋਂ ਦੇਸੀ ਅਤੇ ਬਿਦੇਸੀ ਖਬਰਾਂ ਜਿਹੜੀਆਂ ਅੰਤਰ-ਰਾਸ਼ਟਰੀ ਖ਼ਬਰ ਏਜੰਸੀਆਂ-ਏ.ਪੀ. ਅਤੇ ਰਾਈਟਰ-ਆਦਿ ਤੋਂ ਆਉਂਦੀਆਂ ਸਨ, ਲਗਾਤਾਰ 24 ਘੰਟੇ ਜਾਰੀ ਹੁੰਦੀਆਂ ਰਹਿੰਦੀਆਂ ਸਨ। ਦੂਜੀ ਟੈਲੀਪ੍ਰਿੰਟਰ ਮਸ਼ੀਨ ਤੋਂ ਮੈਂ ਅੰਮ੍ਰਿਤਸਰ ਜਾਂ ਆਲੇ-ਦੁਆਲੇ ਦੀਆਂ ਖਬਰਾਂ ਦਿੱਲੀ ਜਾਂ ਚੰਡੀਗੜ੍ਹ  ਦਫਤਰਾਂ ਨੂੰ ਭੇਜਦਾ ਰਹਿੰਦਾ ਸਾਂ। ਇਨ੍ਹਾਂ ਦਫਤਰਾਂ ਤੋਂ ਮੇਰੀਆਂ ਖ਼ਬਰਾਂ ‘ਸਬ’ ਕਰਕੇ ਕਈ ਵਾਰੀ ਤਾਂ ਬਹੁਤੀ ਭੰਨ-ਤੋੜ ਤੋਂ ਬਾਅਦ ਹੀ ਜਾਰੀ ਹੁੰਦੀਆਂ ਸਨ। ਖਾਸ ਕਰਕੇ, ਮੇਰੀਆਂ ਖ਼ਬਰਾਂ ਨੂੰ ਸਰਕਾਰੀ ਤੌਰ ਉੱਤੇ ਪ੍ਰਵਾਨਿਤ ਨੀਤੀ ਵਿਚ ਢਾਲ ਦਿੱਤਾ ਜਾਂਦਾ। ਹਾਂ, ਲੀਡਰਾਂ ਦੇ ਬਿਆਨ ਹੂ-ਬ-ਹੂ ਜਾਰੀ ਹੁੰਦੇ ਰਹਿੰਦੇ ਸਨ। ਮੇਰੇ ਦਫਤਰ ਦੇ ਕਮਰੇ ਵਿਚ ਤਿੰਨ-ਚਾਰ ਕੁਰਸੀਆਂ ਅਤੇ ਇਕ ਮੇਜ਼ ਪਿਆ ਸੀ। ਮੈਂ ਖ਼ਬਰਾਂ ਨੂੰ ਟਾਈਪ ਕਰਨ ਲਈ ਇਕ ਵੱਖਰੀ ਮੇਜ਼ ਕੁਰਸੀ ਲਾਈ ਹੋਈ ਸੀ ਅਤੇ ਦਫਤਰ ਵਿਚ ‘ਪ੍ਰੈੱਸ ਨੋਟ’ ਅਤੇ ‘ਪੋਸਟਰਾਂ’, ਹੋਰਨਾਂ ਦਸਤਾਵੇਜ਼ਾਂ ਅਤੇ ਰੋਜ਼ਾਨਾ ਅਖ਼ਬਾਰਾਂ ਦਾ ਢੇਰ ਵੀ ਇਕ ਪਾਸੇ ਲੱਗਿਆ ਪਿਆ ਸੀ।
 After Military Attack Akal Takhat Sahib
ਤਿੰਨ ਜੂਨ ਨੂੰ ਫੌਜੀ ਹਮਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ਹਿਰ ਵਿਚ ਕਰਫਿਊ ਲੱਗ ਗਿਆ ਸੀ, ਜਿਸ ਕਰਕੇ ਟੈਲੀਪ੍ਰਿੰਟਰ ਓਪਰੇਟਰ ਬਿਸ਼ਨ ਲਾਲ ਵੀ ਇਸੇ ਦਫਤਰ ਵਿਚ ਫਸ ਗਿਆ ਸੀ। ਕਈ ਦਿਨਾਂ ਤੋਂ ਉਹ ਦਫਤਰ ਵਾਲੇ ਕਮਰੇ ਵਿਚ ਹੀ ਸੌਂ ਰਿਹਾ ਸੀ। ਛਾਪਾ ਮਾਰਨ ਵਾਲੇ ਫੌਜੀਆਂ ਨੇ ਉਸ ਨੂੰ ਵੀ ਖੜਾ  ਕਰ ਲਿਆ ਅਤੇ ਹੁਕਮ ਸੁਣਾਇਆ ‘ਦਫਤਰ ਚੈੱਕ ਕਰਵਾ।’ ਟੈਲੀਪ੍ਰਿੰਟਰ ਮਸ਼ੀਨਾਂ ਲਈ ਇਕ ਬਿਜਲੀ ਦਾ ਵੱਡਾ ‘ਸਟੇਬਲਾਈਜ਼ਰ’ ਦੀਵਾਰ ਵਿਚ ਫਿੱਟ ਕੀਤਾ ਹੋਇਆ ਸੀ। ਫੌਜੀਆਂ ਨੂੰ ਵਾਰ-ਵਾਰ ਸ਼ੱਕ  ਪਵੇ ਕਿ ਇਹ ‘ਵਾਇਰਲੈਸ’ ਸੈੱਟ ਨਾਲ ਸੰਬੰਧਤ ਕੋਈ ਯੰਤਰ ਹੈ। ਉਹਨਾਂ ਨੇ ਬਹੁਤ ਗਹੁ ਨਾਲ ਇਸ ਨੂੰ ਚੈੱਕ ਕੀਤਾ ਅਤੇ ਆਪਣੀ ਅੰਤਿਮ ਤਸੱਲੀ ਲਈ ਉਹਨਾਂ ਨੇ ਬਿਸ਼ਨ ਲਾਲ ਕੋਲੋਂ ਵੀ ਖੂਬ ਪੁੱਛਗਿੱਛ ਕੀਤੀ। ਪਹਾੜੀ ਲਹਿਜੇ ਵਿਚ ਪੰਜਾਬੀ ਬੋਲਣ ਵਾਲਾ ਬਿਸ਼ਨ ਲਾਲ ਮੁੜ-ਮੁੜ ਫੌਜੀਆਂ ਦੀ ਤਸੱਲੀ ਕਰਵਾ ਰਿਹਾ ਸੀ, ‘‘ਸਰ ਜੀ, ਇਹ ਤਾਂ ਟੈਲੀਪ੍ਰਿੰਟਰ ਨਾਲ ਜੁੜਿਆ ਹੋਇਆ ਬਿਜਲੀ ਦਾ ਸਟੇਬਲਾਈਜ਼ਰ ਹੈ।’’


ਫੌਜੀ ਅਫਸਰ ਬਰਾਂਡੇ ਵਿਚ ਖੜਾ ਹੋ ਰਹੀ ਤਲਾਸ਼ੀ ਦੀ ਨਿਗਰਾਨੀ ਕਰ ਰਿਹਾ ਸੀ। ਮੈਨੂੰ ਸਿੱਧਾ ਖੜਾ ਕੀਤਾ ਹੋਇਆ ਸੀ। ਉਹਨਾ ਦਿਨਾਂ ਵਿਚ ਅੰਤਾਂ ਦੀ ਗਰਮੀ ਸੀ, ਮੇਰੇ ਪਜਾਮਾ ਪਾਇਆ ਸੀ ਅਤੇ ਉੱਪਰ ਬੁਨੈਣ, ਸਿਰੋਂ ਨੰਗਾ, ਮੈਨੂੰ ਪਟਕਾ ਫੌਜੀਆਂ ਨੇ ਬੰਨਣ ਹੀ ਨਹੀਂ ਸੀ ਦਿੱਤਾ, ਜਦੋਂ ਉਹ ਮੈਨੂੰ ਬੈੱਡ ਰੂਮ ’ਚੋਂ ਫੜ ਕੇ ਬਾਹਰ ਲੈ ਆਏ ਸਨ। ਮੈਂ ਅਜੇ ਕੁਝ ਕੁ ਮਿੰਟ ਪਹਿਲਾਂ ਹੀ ਬਾਹਰ ਖੁੱਲੇ ਵਿਹੜੇ ਵਿਚੋਂ ਆਪਣੇ ਮੰਜੇ ਤੋਂ ਉੱਠ ਕੇ ਅੰਦਰ ਕਮਰੇ ਵਿਚ ਆ ਕੇ ਲੇਟਿਆ ਸਾਂ। ਮੇਰੇ ਨਾਲ ਸੌਂਦੀ ਮੇਰੀ ਪੰਜ ਕੁ ਸਾਲ ਦੀ ਬੇਟੀ ਅਜੇ  ਬਾਹਰ ਮੇਰੇ ਮੰਜੇ ਉੱਤੇ ਹੀ ਸੁੱਤੀ ਪਈ ਸੀ। ਦੂਸਰੇ ਨਾਲ ਦੇ ਮੰਜੇ ਉੱਤੇ ਮੇਰੀ ਪਤਨੀ ਮੇਰੇ ਦੋ ਕੁ ਸਾਲ ਦੇ ਬੇਟੇ ਨਾਲ ਲੇਟੀ ਹੋਈ ਸੀ।
ਮੇਰੇ ਬੈੱਡ ਰੂਮ, ਦਫਤਰ ਅਤੇ ਰਸੋਈ ਦੀ ਜਾਂਚ ਪੜਤਾਲ ਵਿਚੋਂ ਜਦੋਂ ਫੌਜੀਆਂ ਨੂੰ ਕੁਝ ਨਾ ਮਿਲਿਆ ਤਾਂ ਕੁਝ ਕੁ ਉਹਨਾਂ ਵਿਚੋਂ ਅਧੂਰੀਆਂ ਪੌੜੀਆਂ ਦੇ ਖੜੇ ਕੀਤੇ ਢਾਂਚੇ ਰਾਹ ਛੱਤ ਉੱਤੇ ਜਾ ਚੜੇ। ਦੋ ਫੌਜੀਆਂ ਨੇ ਮੇਰੇ ਬੈੱਡਰੂਮ ਦੇ ਨਾਲ ਲੱਗਦੇ ਇਕ ਕਮਰੇ ਨੂੰ ਜਾ ਖੁਲਾਇਆ। ਉਹ ਕਮਰਾ ਯੂ ਪੀ ਦੇ ਰਹਿਣ ਵਾਲੇ ਦੋ ਐੱਫ ਸੀ ਆਈ ਦੇ ਛੋਟੇ ਮੁਲਾਜ਼ਮਾਂ ਨੇ ਕਿਰਾਏ ਉੱਤੇ ਲਿਆ ਹੋਇਆ ਸੀ। ਕਰਫਿਊ ਲੱਗਣ ਕਰਕੇ ਉਹ ਦੋਵੇਂ ਵੀ ਇੱਥੇ ਹੀ ਫਸੇ ਬੈਠੇ ਸਨ। ਹਿੰਦੀ ਬੋਲਣ ਕਾਰਨ ਉਨਾਂ ਬਾਰੇ ਫੌਜੀਆਂ ਨੂੰ ਜਲਦੀ ਹੀ ਤਸੱਲੀ ਹੋ ਗਈ ਸੀ। ਇਹਨਾਂ ਬੇਤਰਤੀਬੇ ਮਕਾਨਾਂ ਦੇ ਏਰੀਏ ਨੂੰ ‘ਟਾਂਗਾ ਕਾਲੋਨੀ’ ਕਹਿੰਦੇ ਸਨ। ਸ਼ਾਇਦ, ਇਸ ਥਾਂ ਉੱਤੇ ਅਜਨਾਲੇ ਵੱਲ ਜਾਣ ਵਾਲੇ ਟਾਂਗਿਆਂ ਦਾ ਕਿਸੇ ਵੇਲੇ ਅੱਡਾ ਹੁੰਦਾ ਸੀ। ਕੋਈ ਇੱਕ ਸਾਲ ਪਹਿਲਾਂ ਤੱਕ ਕਈ ਅਸਥਾਈ ਅੱਡਿਆਂ ਤੋਂ ਖ਼ਬਰਾਂ ਭੇਜਣ ਦੀ ਜ਼ਹਿਮਤ ਕੱਟਣ ਤੋਂ ਬਾਅਦ, ਮੈਨੂੰ ਇਹ ਮਕਾਨ ਨਹੀਂ ਬਲਕਿ ਮਕਾਨ ਦਾ ਢਾਂਚਾ ਬੜੀ ਮੁਸ਼ਕਿਲ ਨਾਲ ਹੀ ਕਿਰਾਏ ਉੱਤੇ ਮਿਲਿਆ ਸੀ। ਚੰਗੀਆਂ ਕਾਲੋਨੀਆਂ ਦੇ ਮਾਲਕ ਮੈਨੂੰ ਰਿਹਾਇਸ਼ ਦੇ ਨਾਲ-ਨਾਲ ਨਿਊਜ਼ ਏਜੰਸੀ ਦਾ ਦਫਤਰ ਬਣਾਉਣ ਲਈ ਮਕਾਨ ਕਿਰਾਏ ਉੱਤੇ ਦੇਣ ਲਈ ਤਿਆਰ ਨਹੀਂ ਸਨ ਹੁੰਦੇ।

ਅੰਮ੍ਰਿਤਸਰ ਵਿਚ ਹਿੰਸਕ ਘਟਨਾਵਾਂ ਅਤੇ ਹੋਰ ਉਥਲ-ਪੁਥਲ ਐਨੀ ਤੇਜ਼ੀ ਨਾਲ ਹੋ ਰਹੀ ਸੀ ਕਿ ਮੈਨੂੰ 24 ਘੰਟੇ ਟੈਲੀਪ੍ਰਿੰਟਰਾਂ ਨਾਲ ਜੁੜ ਕੇ ਬੈਠਣਾ ਪੈਂਦਾ ਸੀ। ਜਦੋਂ ਮੈਂ ਦਫਤਰ ਤੋਂ ਬਾਹਰ ਹੁੰਦਾ ਤਾਂ ਟੈਲੀਫੋਨ ਲੈਂਡਲਾਈਨ ਦੇ ਜ਼ਰੀਏ ਹਮੇਸ਼ਾ ਦਫਤਰ ਦੇ ਮੁਲਾਜ਼ਮਾਂ ਰਾਹ ਚੰਡੀਗੜ੍ਹ ਅਤੇ ਦਿੱਲੀ ਦੇ ਦਫਤਰਾਂ ਨਾਲ ਰਾਬਤਾ ਕਾਇਮ ਰੱਖਣਾ ਪੈਂਦਾ ਸੀ। ਇਸੇ ਹੀ ‘ਮਕਾਨ’ ਦਾ ਇਕ ਕਮਰਾ ਜਿਹੜਾ ਬਾਹਰ ਗਲੀ ਵਿਚ ਲੱਗਦਾ ਸੀ, ਵਿਚ ਮਕਾਨ ਮਾਲਕ (ਇਕ ਗਰੀਬ ਬਾਣੀਏ) ਨੇ ਆਪਣੀ ਹੱਟੀ ਪਾ ਰੱਖੀ ਸੀ। ਉਸ ਹੱਟੀ ਉੱਤੇ ਆਲੇ-ਦੁਆਲੇ ਦੇ ਬੱਚੇ ਮਿੱਠੀਆਂ ਗੋਲੀਆਂ, ਟੌਫੀਆਂ ਅਤੇ ਗੱਚਕ ਖਰੀਦਣ ਲਈ ਆਉਂਦੇ ਅਤੇ ਕਦੇ ਕੋਈ ਛੋਟਾ-ਮੋਟਾ ਗਾਹਕ ਚਾਹ ਪੱਤੀ, ਚੀਨੀ, ਗੁੜ, ਸ਼ੱਕਰ ਜਾਂ ਦਾਲ ਖਰੀਦਣ ਲਈ ਵੀ ਆਉਂਦਾ। ਉਹ ਹੱਟਵਾਣੀਆਂ ਰਾਤ ਨੂੰ ਸਦਰ ਥਾਣੇ ਦੇ ਪਿੱਛੇ ਵਾਲੀ ਕਲੋਨੀ ਵਾਲੇ ਆਪਣੇ ਰਿਹਾਇਸ਼ੀ ਘਰ ਚਲਾ ਜਾਂਦਾ। ਹੁਣ ਕਰਫਿਊ ਕਰਕੇ ਉਹ ਵੀ ਕਈ ਦਿਨਾਂ ਤੋਂ ਹੱਟੀ ਖੋਲਣ ਨਹੀਂ ਸੀ ਆਇਆ।
ਤਲਾਸ਼ੀ ਲੈ ਰਹੇ ਫੌਜੀਆਂ ਵਿਚੋਂ ਕੁਝ ਨੇ ਐੱਫ ਸੀ ਆਈ ਦੇ ਇੱਕ ਮੁਲਾਜ਼ਮ ਨੂੰ ਨਾਲ ਲਿਆ ਅਤੇ ਹੱਟਵਾਣੀਏ ਨੂੰ ਵੀ ਜੀਪ ਉੱਤੇ ਬਿਠਾ ਕੇ ਉਸੇ ਮਕਾਨ ਵਿਚ ਲੈ ਆਏ। ਮੈਨੂੰ ਬਰਾਂਡੇ ਵਿਚ ਖੜੇ ਨੂੰ, ਹੱਟੀ ਦੀ ਹੁੰਦੀ ਤਲਾਸ਼ੀ ਕਾਰਨ, ਖਾਲੀ ਖੜਕਦੇ ਪੀਪਿਆਂ-ਟੀਨਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ।  ਪਰ ‘ਸਰਚ’ ਵਿਚੋਂ ਫੌਜੀਆਂ ਨੂੰ ਕੁਝ ਨਹੀਂ ਮਿਲਿਆ ਸੀ। ਮੇਰੇ ਦੁਆਲਿਓਂ ਵੀ ਗੰਨਾ ਵਾਲੇ ਫੌਜੀ ਏਧਰ-ਓਧਰ ਹੋ ਗਏ ਸਨ। ਮੈਂ ਵੀ ਦਫਤਰ ਵਾਲੇ ਕਮਰੇ ਵੱਲ ਚਾਰ ਕਦਮ ਪੁੱਟ ਲਏ ਸਨ। ਫੌਜੀ ਛਾਪਾਮਾਰ ਪਾਰਟੀ ਨਾਲ ਉਸ ਏਰੀਏ ਦੇ ਪੁਲਿਸ ਸਟੇਸ਼ਨ ‘ਥਾਣਾ ਸਦਰ’ ਦਾ ਇਕ ਏ ਐੱਸ ਆਈ ਸੀ। ਉਹ ਕਰੜ-ਬਰੜੀ ਸਫੈਦ ਦਾਹੜੀ ਵਾਲਾ ਸਿੱਖ ਪੁਲਿਸ ਅਫਸਰ ਮੇਰੇ ਹੀ ਸਾਹਮਣੇ ਫੌਜੀ ਅਫਸਰ ਨੂੰ ਕਹਿ ਰਿਹਾ ਸੀ, ‘‘ਇਹਨੂੰ ਨਾਲ ਹੀ ਲੈ ਚੱਲੋ, ਉੱਥੇ ਪੁੱਛਗਿੱਛ ਕਰ ਲਵਾਂਗੇ।’’ਹੁਣ ਚਿੱਟਾ ਦਿਨ ਚੜ ਆਇਆ ਸੀ।

ਪਰ ਫੌਜੀ ਅਫਸਰ ਨੇ ਇਸ ਪੁਲਿਸ ਅਫਸਰ  ਦੀ ਗੱਲ ਦਾ ਕੋਈ ਜੁਆਬ ਨਾ ਦਿੱਤਾ ਤੇ ਚੁੱਪ ਰਿਹਾ, ਜਿਵੇਂ ਕਿਸੇ ਡੂੰਘੀ ਸੋਚ ਵਿਚ ਖੁੱਬਿਆ ਹੋਵੇ। ਮੈਨੂੰ ਹੁਣ ਯਕੀਨ ਹੋ ਗਿਆ ਸੀ ਕਿ ਕਿਸੇ ਪਲ ਵੀ ਮੈਨੂੰ ਫੌਜੀ ਗੱਡੀ ਵਿਚ ਸੁੱਟ ਕੇ ਉੱਥੋਂ ਡੇਢ-ਦੋ ਕਿੱਲੋਮੀਟਰ ਦੂਰ ਇੱਕ ਆਰਜੀ ਤੌਰ ਉੱਤੇ ਤਿਆਰ ਕੀਤੀ ‘ਜੇਲ’ ਵਿਚ ਲੈ ਜਾਣਗੇ। ਨੇੜੇ ਹੀ ਵਾਹਗਾ-ਅਟਾਰੀ ਵਾਲੀ ਰੋਡ ’ਤੇ ਫੌਜੀ ਛਾਉਣੀ ਸ਼ੁਰੂ ਹੋ ਜਾਂਦੀ ਸੀ ਅਤੇ ਛੁੱਟ-ਫੁੱਟ  ਖਬਰਾਂ ਮੇਰੇ ਤੱਕ ਪਹੁੰਚ ਗਈਆਂ ਸਨ ਕਿ ਫੌਜ ਨੇ ਛਾਉਣੀ ਵਾਲੇ ਸੈਂਟਰਲ ਸਕੂਲ ਦੇ ਚਾਰੇ ਪਾਸੇ ਕੰਡਿਆਂ ਵਾਲੀ ਤਾਰ ਵਲ ਕੇ ਇਕ ਆਰਜ਼ੀ ਜੇਲ ਤਿਆਰ ਕਰ ਲਈ ਸੀ ਫੌਜ ਨੇ ਆਪਣੀ ਸ਼ਬਦਾਵਲੀ ਵਿਚ ਇਸ ਨੂੰ ਪੀ ਡਬਲਯੂ ਏਰੀਆ (Prisoners of War-POW) ਘੋਸ਼ਿਤ ਕਰ ਦਿੱਤਾ ਸੀ। ਫੌਜੀ ਐਕਸ਼ਨ ਦੌਰਾਨ ਜਿੰਨੇ ਵੀ ਸਿੱਖ ਦਰਬਾਰ ਸਾਹਿਬ ਅੰਦਰੋਂ ਫੜੇ ਗਏ ਸਨ ਜਾਂ ਜਿੰਨੇ ਵੀ ਅੰਮ੍ਰਿਤਸਰ ਸ਼ਹਿਰ ਦੇ ਚਾਰੇ ਪਾਸੇ ਲੱਗੇ ਨਾਕਿਆਂ ਤੋਂ ਕਾਬੂ ਆਏ ਸਨ, ਉਹਨਾਂ ਸਾਰਿਆਂ ਨੂੰ ਪੀ ਓ ਡਬਲਯੂ ਕਰਾਰ ਦੇ ਕੇ ਇਸੇ ਆਰਜ਼ੀ ਜੇਲ ਵਿਚ ਡੱਕ ਦਿੱਤਾ ਗਿਆ ਸੀ।

ਚਾਰ ਜੂਨ ਤੋਂ ਹੀ ਮੈਂ ਸਾਰੀ-ਸਾਰੀ ਰਾਤ ਛੱਤ ਉੱਤੇ ਚੜ੍ਹ ਕੇ ਏਧਰੋਂ-ਓਧਰ ਚੀਕਾਂ, ਆਵਾਜ਼ਾਂ ਅਤੇ ਹੋਰ ਸ਼ੋਰਗੁਲ ਨੂੰ ਸੁਣਦਾ ਰਹਿੰਦਾ ਸਾਂ। ਪੰਜ ਅਤੇ ਛੇ ਜੂਨ ਨੂੰ ਟਾਂਗਾ ਕਾਲੋਨੀ ਤੋਂ ਦੋ ਕੁ ਕਿਲੋਮੀਟਰ ਦੂਰ ਦਰਬਾਰ ਸਾਹਿਬ ਦੇ ਆਲੇ-ਦੁਆਲੇ ਅਸਮਾਨ ਲਾਲ ਹੋਇਆ ਦਿਸਦਾ ਰਿਹਾ ਸੀ। ਪਹਿਲਾਂ ‘ਸਰਚ’ ਲਾਈਟਾਂ ਨੇ ਉਸ ਸਾਰੇ ਖੇਤਰ ਏ ਨੂੰ ਰੌਸ਼ਨ ਕਰ ਦੇਣਾ, ਫਿਰ ਮਗਰੋਂ ਤੜ-ਤੜ ਕਰਕੇ ਤੋਪਾਂ ਦੇ ਗੋਲੇ ਵਰਣੇ, ਕੜ-ਕੜ ਕਰਦੀਆਂ ਗੋਲੀਆਂ ਦੀਆਂ ਆਵਾਜ਼ਾਂ ਸਪੱਸ਼ਟ ਸੁਣਾਈ ਦੇਂਦੀਆਂ। ਕਦੇ ਅਟਾਰੀ-ਵਾਹਗਾ ਵਾਲੇ ਸੜਕ ਦੇ ਨਾਕੇ ਉੱਤੇ ਲਗਾਤਾਰ ਗੋਲੀ ਚੱਲਣੀ ਅਤੇ  ਚੀਕਾਂ-ਕੂਕਾਂ ਸੁਣਾਈ ਦੇਣੀਆਂ। ਇਸ ਵੇਲੇ ਕਰਫਿਊ ਕਰਕੇ ਅਸੀਂ ਸਭ ਮਕਾਨਾਂ ਦੇ ਅੰਦਰੋਂ ਹੀ ਏਧਰ-ਓਧਰ ਗੁਆਂਢੀਆਂ ਨਾਲ ਸੂਚਨਾਵਾਂ ਸਾਂਝੀਆਂ ਕਰਦੇ ਅਤੇ ਜਦੋਂ ਸੀ ਆਰ ਪੀ ਐੱਫ ਦੇ ਜਵਾਨਾਂ ਦੀ ਟੁਕੜੀ ਸਾਡੀ ਗਲੀ ਵਿਚੋਂ ਲੰਘਦੀ, ਅਸੀਂ ਦਰਵਾਜ਼ੇ ਬੰਦ ਕਰ ਲੈਂਦੇ।

ਮੇਰੇ ਘਰ-ਦਫਤਰ ਦੀ ਛਾਣਬੀਣ ਅਜੇ ਹੋ ਰਹੀ ਸੀ, ਜਦੋਂ ਮੈਨੂੰ ਦਫਤਰ ਵਾਲੇ ਕਮਰੇ ਦੇ ਪਿੱਛੇ ਵਿਹੜੇ ਵਿਚ ਪਏ ਮੇਰੇ ਬੱਚਿਆਂ ਅਤੇ ਬੀਵੀ ਦੀ ਯਾਦ ਆਈ। ਮੈਂ ਇਕਦਮ ਡਰ ਗਿਆ। ਉਹ ਹੁਣ ਮੇਰੇ ਮਗਰੋਂ ‘ਕਿੱਥੇ ਜਾਣਗੇ, ਕੌਣ ਉਹਨਾਂ ਨੂੰ ਸੰਭਾਲੇਗਾ’। ਮੇਰੀ ਬੀਵੀ ‘ਡਿਪਰੈਸ਼ਨ’ ਦੀ ਮਰੀਜ਼ ਹੋਣ ਕਰਕੇ, ਮੇਰਾ ਤੌਖਲਾ ਵਧ ਰਿਹਾ ਸੀ ਕਿ ਜਿਉਂ ਹੀ ਫੌਜੀਆਂ ਨੇ ਮੈਨੂੰ ਟਰੱਕ ਵਿਚ ਸੁੱਟਿਆ ਇਹ ਤਾਂ ਆਪਣੀ ਸੁੱਧ-ਬੁੱਧ ਖੋ ਬੈਠੇਗੀ ਅਤੇ ਬੇਸਮਝ ਬੱਚਿਆਂ ਦਾ ਕੀ ਬਣੂੰ। ਮੈਂ ਬਰਾਂਡੇ ਵਿਚ ਖੜੇ ਐੱਫ ਸੀ ਆਈ ਦੇ ਮੁਲਾਜ਼ਮਾਂ ਨੂੰ ਹੌਲੇ ਜਿਹੇ ਕਿਹਾ, ‘‘ਐਸੇ ਕਰਨਾ, ਜਬ ਯੇ ਮੇਰੇ ਕੋ ਲੇ ਗਏ ਤੋਂ ਮੇਰੀ ਬੀਵੀ ਬੱਚੋਂ ਕੋ ਪੀ ਪੀ ਐੱਸ ਗਿੱਲ, ਟ੍ਰਿਬਿਊਨ ਕੇ ਪੱਤਰਕਾਰ ਕੇ ਘਰ ਪਰ ਛੋੜ ਆਨਾ।’’ ਇਕਦਮ ਦੋ-ਤਿੰਨ ਫੌਜੀ ਜਵਾਨ ਮੇਰੇ ਦੁਆਲੇ ਹੋ ਗਏ, ‘ਇਨ ਕੋ ਕਿਆ ਕਹਾ?’ ਮੈਂ ਕਿਹਾ ‘ਇਸ ਨੂੰ ਹੀ ਪੁੱਛ ਲਵੋ।’ ‘‘ਕੋਈ ਬਾਤ ਨਹੀਂ ਯੇ ਤੋ ਬੱਚੋਂ ਕੀ ਸੰਭਾਲ ਕੀ ਬਾਤ ਕਰ ਰਹੇ ਥੇ’’, ਉਸ ਐੱਫ ਸੀ ਆਈ ਮੁਲਾਜ਼ਮ ਨੇ ਕਿਹਾ, ਜਿਹੜਾ ਕਿ ਪਿਛਲੇ ਮਹੀਨੇ ਤੋਂ ਮੇਰੇ ਨਾਲ ਕਾਫੀ ਘੁਲਮਿਲ ਗਿਆ ਸੀ। ਏਨੇ ਨੂੰ ਪੁਲਿਸ ਅਫਸਰ ਦਫਤਰ ਵਾਲੇ ਕਮਰੇ ਵਿਚੋਂ ਲਏ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ‘ਪੋਸਟਰ’ ਫੌਜੀ ਅਫਸਰ ਨੂੰ ਦਿਖਾ ਰਿਹਾ ਸੀ, ‘‘ਦੇਖੋ ਸਰ, ਕਿਹੋ ਜਿਹਾ ਗੈਰ-ਕਾਨੂੰਨੀ ਮਟੀਰੀਅਲ ਇਸ ਦੇ ਕੋਲ ਪਿਆ ਹੈ।’’ ਪਰ ਫੌਜੀ ਅਫਸਰ ਨੇ ਉਸ ਨੂੰ ਕੋਈ ‘ਹਾਂ-ਹੂੰ’ ਨਾ ਕੀਤੀ। ਜਿਵੇਂ ਪੁਲਿਸ ਵਾਲਾ ਮੈਨੂੰ ਫੜ ਕੇ ਲਿਜਾਣ ਦੇ ‘ਸਬੂਤ’ ਇਕੱਠੇ ਕਰ ਰਿਹਾ ਸੀ, ਉਸ ਦੇ ਰਵੱਈਏ ਉੱਤੇ ਮੈਨੂੰ ਹਿਰਖ ਆਈ ਅਤੇ ਮੈਂ ਬੋਲ ਪਿਆ, ‘‘ਸਾਡੇ ਦਫਤਰ ਵਿਚ ਤਾਂ ਇਹ ਸਾਰਾ ਕੁਝ ਪਿਆ ਹੀ ਰਹਿੰਦਾ ਹੈ। ਅਜਿਹੇ ਕਾਗਜ਼ ਖਬਰਾਂ ਲਈ ਇਕੱਠੇ ਕਰਨਾ ਤਾਂ ਸਾਡੀ ਡਿਊਟੀ ਹੈ।’’

ਫੌਜੀ ਅਫਸਰ ਫਿਰ ਖਾਮੋਸ਼ ਰਿਹਾ ਅਤੇ ਉਸ ਨੇ ਬਰਾਂਡੇ ਵਿਚ ਚਹਿਲ-ਕਦਮੀ  ਕਰਨੀ ਸ਼ੁਰੂ ਕਰ ਦਿੱਤੀ। ਇਉਂ ਲੱਗਦਾ ਸੀ ਜਿਵੇਂ ਉਹ ਕਿਸੇ ਸਿੱਟੇ ਉੱਤੇ ਪਹੁੰਚਣ ਲਈ ਅਤੇ ਕੋਈ ਅਖੀਰਲਾ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਹੋਵੇ। ਅਖੀਰ, ਇੱਕ ਸਫੈਦ ਕਾਗਜ਼ ਉੱਪਰ, ਉਸ ਫੌਜੀ ਅਫਸਰ ਨੇ ਕੁਝ ਲਿਖਣਾ ਸ਼ੁਰੂ ਕੀਤਾ। ਮੈਂ ਬੜੇ ਗੁਹ ਨਾਲ ਤੱਕ ਰਿਹਾ ਸੀ ਕਿ ਉਹ ਕੀ ਅੱਖਰ ਪਾ ਰਿਹਾ ਹੈ। ਉਸ ਨੇ ‘ਸਰਚ’ ਨੂੰ ‘ਕੰਡੈਕਟ’ ਕਰਨ ਦੀ ਪ੍ਰਕਿਰਿਆ, ਸਮਾਂ ਅਤੇ ਸਥਾਨ ਲਿਖਿਆ, ਫਿਰ ਅਖੀਰਲੀ ਲਾਈਨ ਸੀ  “Nothing Incriminating Found ”(ਕੁਝ ਵੀ ਜ਼ਰਾਇਮਾਨਾ ਨਹੀਂ ਫੜਿਆ ਗਿਆ)। ਉਹ ਫੌਜੀ ਅਫਸਰ ਮੈਨੂੰ ਥੋੜਾ ਜਿਹਾ ਪਰੇਸ਼ਾਨ ਵੀ ਲੱਗ ਰਿਹਾ ਸੀ। ਮੈਨੂੰ ਲੱਗਿਆ ਕਿ ਉਸ ਦੀ ਪਰੇਸ਼ਾਨੀ ਇਸ ਕਰਕੇ ਸੀ ਕਿ ਉਸ ਨੂੰ ਛਾਪਾ ਮਾਰਨ ਤੋਂ ਪਹਿਲਾਂ ਵੱਡੇ ਅਫਸਰਾਂ ਵੱਲੋਂ ਸ਼ਾਇਦ ਇਹ ‘‘ਬਰੀਫ’’ (Brief) ਮਿਲਿਆ ਸੀ ਕਿ ਯੂ ਐੱਨ ਆਈ ਦਾ ਪੱਤਰਕਾਰ ਬਹੁਤ ਹੀ ਖਤਰਨਾਕ ਵਿਅਕਤੀ ਹੈ, ਉਸ ਦੇ ਦੇਸ ਦੇ  ਦੁਸ਼ਮਣਾਂ ਨਾਲ ਅਤੇ ਪਾਕਿਸਤਾਨ ਨਾਲ ਸੰਬੰਧ ਹਨ। ਪਰ ਛਾਪੇ ਵਿਚ  ਕੁਝ ਵੀ ਪੱਲੇ ਨਾ ਪੈਣ ਕਰਕੇ, ਮੇਰੇ ਆਰਜ਼ੀ ਜਿਹੇ ਖੇਤਰ, ਮਾੜੀ ਜਿਹੀ ਰਹਿਣੀ-ਸਹਿਣੀ ਨੂੰ ਦੇਖ ਕੇ ਐੱਫ ਸੀ ਆਈ ਅਤੇ ਹੱਟਵਾਣੀਆਂ ਦੀ ਵੱਖਰੀ ਪੁੱਛ-ਪੜਤਾਲ ਤੋਂ ਉਸ ਫੌਜੀ ਅਫਸਰ ਨੂੰ ਜਿਵੇਂ ‘ਬਰੀਫਿੰਗ’ ਅਤੇ ਅਸਲੀਅਤ ਵਿਚ ਜ਼ਮੀਨ ਆਸਮਾਨ ਦਾ ਫਰਕ ਲੱਗਿਆ, ਜਿਸ ਕਰਕੇ ਸ਼ਾਇਦ ਉਸ ਦੇ ਫੈਸਲੇ ਦੀ ਪ੍ਰਕਿਰਿਆ ਲੰਬੀ ਹੋ ਗਈ ਲੱਗਦੀ ਸੀ।

ਅਖੀਰ ਫੌਜੀ ਅਫਸਰ ਨੇ ਆਪਣੇ ਹੱਥ ਨਾਲ ਲਿਖਿਆ  ਕਾਗਜ਼ ਮੇਰੇ ਵੱਲ ਵਧਾਇਆ ਅਤੇ ਕਿਹਾ ਇਸ ਉੱਤੇ ਦਸਤਖਤ ਕਰ ਦਿਓ। ਦਸਤਖਤ ਕਰਦਿਆਂ ਮੈਂ ਫਿਰ ਲਿਖੇ ਮਜ਼ਮੂਨ ਨੂੰ ਪੜਨ ਦੀ ਕੋਸ਼ਿਸ ਕਰ ਰਿਹਾ ਸੀ। ਫਿਰ ਉਹ ਚੁੱਪ-ਚਾਪ ਆਪਣੀ ਟੀਮ ਲੈ ਕੇ ਮਕਾਨ ਦੇ ਗੇਟ ਤੋਂ ਬਾਹਰ ਨਿਕਲ ਗਿਆ। ਫੇਰ, ਫੌਜੀ ਟਰੱਕਾਂ, ਜੀਪਾਂ ਦੇ ‘ਸਟਾਰਟ’  ਹੋਣ ਦੀਆਂ ਆਵਾਜ਼ਾਂ ਆਈਆਂ ਅਤੇ  ਪੰਜ-ਸੱਤ ਮਿੰਟਾਂ ਵਿਚ ਮਕਾਨ ਦੇ ਸਾਹਮਣੇ ਵਾਲੀ ਸੜਕ ਖਾਲੀ ਹੋ ਗਈ ਸੀ। ਹੁਣ ਮੈਂ ਆਜ਼ਾਦ ਸਾਂ।

ਮੈਂ ਦਫਤਰ ਵਾਲੇ ਕਮਰੇ ਦੇ ਪਿਛਵਾੜੇ ਵਿਹੜੇ ਵਿਚ ਆਇਆ। ਮੇਰੀ ਬੀਵੀ, ਬੱਚੇ ਅਜੇ ਸਹਿਮੇ ਹੋਏ ਮੰਜਿਆਂ ਉੱਤੇ ਲੇਟੇ ਹੋਏ ਸਨ। ਮੈਂ ਪੰਜ ਕੁ ਮਿੰਟ ਉਹਨਾਂ ਕੋਲ ਰੁਕਿਆ। ਪਰ ਮੈਂ ਕੁਝ ਬੋਲ ਨਾ ਸਕਿਆ ਅਤੇ ਨਾ ਹੀ ਅੱਗਿਓਂ ਉਹ ਕੁਝ ਬੋਲੇ। ਬਸ, ਅਸੀਂ ਇਕ-ਦੂਜੇ ਵੱਲ ਬਿੱਟ-ਬਿੱਟ ਦੇਖਦੇ ਰਹੇ। ਹੁਣ ਮੈਂ ਸੋਚ ਰਿਹਾ ਸੀ ਕਿ ਜੇ ਪੁਲਿਸ ਦਾ ਛਾਪਾ ਹੁੰਦਾ ਤਾਂ ਮੈਂ ਜ਼ਰੂਰ ਇਕ ਵਾਰ ਸਲਾਖਾਂ ਦੇ ਪਿੱਛੇ ਬੰਦ ਹੋ ਜਾਣਾ ਸੀ। ਜੇ ਮੇਰੇ ਕੋਲੋਂ ਕੁਝ ‘ਬਰਾਮਦ’ ਨਾ ਵੀ ਹੁੰਦਾ ਤਾਂ ਵੀ ਐੱਫ ਆਈ ਆਰ ਵਿਚ ਝੂਠੇ ਹਥਿਆਰ ਅਤੇ ਵਾਇਰਲੈਸ ਸੈੱਟ ਮੇਰੇ ਸਿਰ ਮੜ ਦਿੱਤੇ ਜਾਂਦੇ ਅਤੇ ਜਿਸਮਾਨੀ ਤੌਰ ਉੱਤੇ ਪੁਲਿਸ ਤਸ਼ੱਦਦ ਵੱਖ ਝੱਲਣਾ ਪੈਂਦਾ। ਮੈਨੂੰ ਲੱਗਿਆ ਕਿ ਫੌਜੀ ਅਫਸਰ ਆਪਣੇ ‘ਬਰੀਫ’ ਤੋਂ ਪਰੇ ਨਹੀਂ ਗਿਆ ਅਤੇ ਪ੍ਰਚਲਿਤ ਪੁਲਿਸ ਦੇ ਕਲਚਰ ਤੋਂ ਉਹ ਅਣਭਿੱਜ ਸੀ। ਉਹਨਾ ਦਹਿਸ਼ਤ ਦੇ ਦਿਨਾਂ ਵਿਚ ਫੌਜੀ ਛਾਪੇ ਕਰਕੇ ਉਸ ਮਹੱਲੇ ਵਿਚ ਸਹਿਮ ਜਿਹਾ ਛਾ ਗਿਆ ਸੀ। ਤਕਰੀਬਨ ਦੋ ਘੰਟੇ ਬਾਅਦ ਸਾਹਮਣੇ ਰਹਿੰਦੇ ਬਾਵਾ ਗੋਤ ਦੇ ਸਿੱਖ ਪਰਿਵਾਰ ਦਾ ਬਜ਼ੁਰਗ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ, ‘‘ਸਾਡੀ ਸਾਰੀ ਸੜਕ ਫੌਜੀ ਗੱਡੀਆਂ, ਟਰੱਕਾਂ, ਜੀਪਾਂ ਨਾਲ ਭਰੀ ਪਈ ਸੀ। ਅਸੀਂ ਸਭ ਡਰਿਆਂ ਨੇ ਅੰਦਰੋਂ ਬਾਰੀਆਂ, ਬੂਹੇ  ਬੰਦ ਕਰ ਲਏ ਅਤੇ ਝੀਥਾਂ ਵਿਚੋਂ ਹੀ ਤੁਹਾਡੀ ਤਲਾਸ਼ੀ ਦੇ ਡਰਾਮੇ ਨੂੰ ਦੇਖਦੇ ਰਹੇ।’’

ਇਸ ਬਾਵਾ ਪਰਿਵਾਰ ਨਾਲ ਮੇਰਾ ਕਾਫੀ ਚੰਗਾ ਸਹਿਚਾਰ ਸੀ। ਤਿੰਨ ਜੂਨ (1984) ਨੂੰ ਨੀਲਾ ਤਾਰਾ ਨਾਮੀ ਫੌਜੀ ਹਮਲਾ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਅੰਮ੍ਰਿਤਸਰ ਵਿਚ ਸਭ ਬਾਹਰੋਂ ਆਏ ਦੇਸੀ-ਬਿਦੇਸੀ  ਪੱਤਰਕਾਰਾਂ ਨੂੰ ਸ਼ਹਿਰ ਛੱਡ ਕੇ ਜਾਣ ਦੇ ਹੁਕਮ ਹੋ ਗਏ ਸਨ। ਇਨਾਂ ਸਾਰਿਆਂ ਨੂੰ ਪੁਲਿਸ ਦੇ ਐੱਸ ਪੀ ਸੀਤਲ ਦਾਸ ਨੇ ਮਾਲ ਰੋਡ ਉੱਤੇ ਸਥਿਤ ‘ਰਿਟਜ਼’ ਹੋਟਲ ਵਿਚ ਇਕੱਠਾ ਕਰ ਲਿਆ ਸੀ। ਅਮਰੀਕਾ ਦੀ ਨਿਊਜ਼ ਏੰਜਸੀ, ਐਸੋਸੀਏਟਿਡ ਪ੍ਰੈੱਸ (ਏ ਪੀ) ਦੇ ਪੱਤਰਕਾਰ ਬ੍ਰਹਮ ਚਿਲਾਨੀ ਨਾਲ ਮੈਂ ਵੀ ਉੱਥੇ ਰਿਟਜ਼ ਹੋਟਲ ਵਿਚ ਪਹੁੰਚ ਗਿਆ ਸਾਂ। ਉਹਨਾਂ ਦਿਨਾਂ ਵਿਚ ਟੈਲਵਿਜ਼ਨ ਤਾਂ ਨਹੀਂ ਸਨ, ਅਸੀਂ ਸਾਰੇ  ਪੱਤਰਕਾਰਾਂ ਨੇ ਹੋਟਲ ਦੀ ਲੌਬੀ ਵਿਚ  ਬੈਠਿਆਂ ਹੀ ਇੰਦਰਾ ਗਾਂਧੀ ਦਾ ਬਲਿਊ ਸਟਾਰ ਅਪਰੇਸ਼ਨ ਸ਼ੁਰੂ ਹੋਣ ਤੋਂ ਕੁਝ ਘੜੀਆਂ ਪਹਿਲਾਂ ਵਾਲਾ ‘ਦੇਸ ਵਾਸੀਆਂ ਦੇ ਨਾਮ ਸੰਦੇਸ਼’ ਰੇਡੀਓ ਤੋਂ ਸੁਣਿਆ, ਜਿਸ ਵਿਚ ਖੂਨ  ਦੀ ਹੋਲੀ ਖੇਡਣ ਤੋਂ ਪਹਿਲਾਂ ਉਲਟਾ ਭਾਰਤੀਆਂ ਨੂੰ ਇਹ ਕਿਹਾ ਗਿਆ ਸੀ ‘‘ਖੂਨ ਨਾ ਡੋਲੋ ਸ਼ਾਂਤੀ-ਅਮਨ ਬਣਾ ਕੇ ਰੱਖੋ।’’

ਉਸ ਤੋਂ ਬਾਅਦ ਮੌਜੂਦਾ ਇੰਡੀਅਨ ਐਕਸਪ੍ਰੈੱਸ ਦੇ ਐਡੀਟਰ ਸ਼ੇਖਰ ਗੁਪਤਾ ਅਤੇ ਬੀ ਬੀ ਸੀ ਦੇ ਮਸ਼ਹੂਰ ਨਾਮਾਨਗਾਰ ਮਾਰਕ ਟੁਲੀ ਅਤੇ ਦਰਜਨ ਕੁ ਹੋਰ ਪੱਤਰਕਾਰਾਂ ਨੂੰ ਗੱਡੀਆਂ ਵਿਚ ਬਿਠਾ ਕੇ ਸੀਤਲਦਾਸ ਦੀ ਅਗਵਾਈ ਹੇਠ ਪੰਜਾਬ ਤੋਂ ਬਾਹਰ ਛੱਡ ਦਿੱਤਾ ਗਿਆ ਸੀ ਅਤੇ ਬ੍ਰਹਮ ਚੇਲਾਨੀ ਚੋਰੀ-ਚੋਰੀ ਖਿਸਕ ਕੇ ਮੇਰੇ ਨਾਲ ਸਕੂਟਰ ’ਤੇ ਵਿੰਗੀਆਂ ਟੇਡੀਆਂ ਗਲੀਆਂ ਵਿਚੋਂ ਲੰਘ ਕੇ ਮੇਰੇ ਦਫਤਰ ਪਹੁੰਚ ਗਿਆ ਸੀ। ਮੈਂ ਉਸ ਨੂੰ ਅੱਗੇ ਸਾਹਮਣੇ ਬਾਵਾ ਪਰਿਵਾਰ ਦੇ ਦੋ-ਮੰਜ਼ਿਲੇ ਮਕਾਨ ਦੇ ਉਪਰਲੇ ਹਿੱਸੇ ਵਿਚ ਕਿਰਾਏ ਉੱਤੇ ਰਹਿੰਦੇ ਇੱਕ ਡੋਗਰਾ ਏਅਰਫੋਰਸ ਦੇ ਅਫਸਰ ਦੇ ਘਰ ਪਹੁੰਚਾ ਦਿੱਤਾ ਸੀ। ਉਹ ਪੰਜ-ਛੇ ਦਿਨ ਮੇਰੇ ਦਫਤਰ ਜਾਂ ਉਸ ਅਫਸਰ ਦੇ ਘਰ ਛੁਪਿਆ ਰਿਹਾ। ਸਾਡੇ ਦਫਤਰ ਦੇ ਟੈਲੀਫੋਨ ਅਤੇ ਟੈਲਪ੍ਰਿੰਟਰਾਂ ਦੇ ਕੁਨੈਕਸ਼ਨ ਤਿੰਨ ਜੂਨ ਨੂੰ ਕੱਟ ਦਿੱਤੇ ਗਏ ਸਨ। ਅਸਲ ਵਿਚ ਕਰਫਿਊ ਲੱਗਣ ਤੋਂ ਪਹਿਲਾਂ ਹੀ ਸਾਰੇ ਸ਼ਹਿਰ ਦੇ ਟੈਲੀਫੋਨ ਕੱਟ ਦਿੱਤੇ ਗਏ ਸਨ। ਅਖੀਰ ਪੰਜ-ਛੇ ਦਿਨ ਤੱਕ ਛੁਪੇ ਇਸ ਪੱਤਰਕਾਰ ਨੂੰ ਮੈਂ 9 ਜੂਨ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਮੈਂ ਚਾਹੁੰਦਾ ਸਾਂ ਕਿ ਦੁਨੀਆਂ ਨੂੰ ਪਤਾ ਲੱਗੇ ਕਿ ਅੰਮ੍ਰਿਤਸਰ ਵਿਚ ਕੀ ਵਾਪਰ ਰਿਹਾ ਸੀ। ਬਤੌਰ ਪੱਤਰਕਾਰ ਬ੍ਰਹਮ ਚੇਲਾਨੀ ਖੁਦ ਵੀ ਛੇਤੀ ਤੋਂ ਛੇਤੀ ਖਬਰਾਂ ਨੂੰ ਬਾਹਰ ਭੇਜਣਾ ਚਾਹੁੰਦਾ ਸੀ। ਪਰ ਅਸੀਂ ਮਜਬੂਰ, ਫਸੇ ਹੋਏ ਸਾਂ।

ਅੰਤ 11 ਜੂਨ ਨੂੰ ਕਰਫਿਊ ਵਿਚ ਦਿੱਤੀ ਗਈ ਕੁਝ ਕੁ ਢਿੱਲ ਦੌਰਾਨ ਮੈਂ ਬੱਸ ਸਟੈਂਡ ਤੋਂ ਜਲੰਧਰ ਜਾ ਰਹੀ ਅਤੇ  ਗਚਾਗੱਚ ਭਰੀ ਪੰਜਾਬ ਰੋਡਵੇਜ਼ ਦੀ ਇਹ ਬੱਸ ਵਿਚ ਬ੍ਰਹਮ ਚੇਲਾਨੀ ਨੂੰ ਚੜਾ ਹੀ ਦਿੱਤਾ। ਫਿਰ ਜਲੰਧਰ ਵਿਚ ਉਸ ਨੂੰ ਉਹਨਾਂ ਡਾਕਟਰਾਂ ਦੀ ਟੀਮ ਮਿਲ ਗਈ, ਜਿਨਾਂ ਨੇ ਦਰਬਾਰ ਸਾਹਿਬ ਵਿਚਲੀਆਂ ਲਾਸ਼ਾਂ ਦਾ  ਪੋਸਟ ਮਾਰਟਮ ਕੀਤਾ ਸੀ। ਬ੍ਰਹਮ ਚੇਲਾਨੀ ਛੁਪਦਾ ਛੁਪਾਉਂਦਾ, ਪੰਜਾਬ ’ਚੋਂ ਨਿਕਲ ਸ਼ਿਮਲੇ  ਪਹੁੰਚ ਗਿਆ, ਜਿੱਥੇ ਉਸ ਨੇ ਪੋਸਟਮਾਰਟਮ ਰਿਪੋਰਟਾਂ ਉੱਤੇ ਆਧਾਰਿਤ ਦੁਨੀਆਂ ਨੂੰ ਪੰਜਾਬ ਤੋਂ ਪਹਿਲੀ ਖਬਰ ਦਿੱਤੀ ਕਿ ‘ਸੈਂਕੜੇ ਲੋਕਾਂ ਨੂੰ ਫੌਜ ਨੇ ਲਾਈਨਾਂ ਵਿਚ ਖੜੇ ਕਰਕੇ ਗੋਲੀਆਂ ਮਾਰ ਦਿੱਤੀਆਂ ਹਨ ਅਤੇ ਬਹੁਤੀਆਂ ਲਾਸ਼ਾਂ ਦੇ ਹੱਥ ਪਿੱਠ-ਪਿੱਛੇ ਉਨ੍ਹਾਂ ਦੀਆਂ ਪੱਗਾਂ ਨਾਲ ਬੰਨੇ ਹੋਏ ਸਨ।’’

ਇਸ ਖਬਰ ਨੇ ਸਰਕਾਰੀ ਤੰਤਰ ਵਿਚ ਤਰਥੱਲੀ ਮਚਾ ਦਿੱਤੀ ਕਿ  ਪ੍ਰੈੱਸ ਨੂੰ ਸੈਂਸਰ ਕਰਨ ਲਈ ਸਰਕਾਰ ਦੁਆਰਾ ਕੀਤੇ ਗਏ ਮਜ਼ਬੂਤ ਬੰਦੋਬਸਤ ਕਿਵੇਂ ਫੇਲ੍ਹ ਹੋ ਗਏ ਸਨ। ਅੰਮ੍ਰਿਤਸਰ ਦੇ ਥਾਣਾ ਸਦਰ ਵਿਚ ਬ੍ਰਹਮ ਚੇਲਾਨੀ ਵਿਰੁੱਧ ਦੇਸ਼-ਧਰੋਹੀ ਦੇ ਸੰਗੀਨ ਦੋਸ਼ਾਂ ਥੱਲੇ ਐੱਫ ਆਈ ਆਰ ਦਰਜ ਹੋ ਗਈ।

ਅਸਲ ਵਿਚ 12 ਜੂਨ ਨੂੰ ਹੀ ਮੇਰਾ ‘ਮੱਥਾ ਠਣਕ’ ਗਿਆ ਸੀ, ਜਦੋਂ ਇਕ ਫੌਜੀ ਜੀਪ ਮੇਰੇ ਮਕਾਨ ਦੇ ਗੇਟ ਅੱਗੇ ਆ ਕੇ ਰੁਕੀ ਸੀ। ਇਕ ਫੌਜੀ ਅਫਸਰ ਸਾਡੇ ਦਫਤਰ ਅੰਦਰ ਆਇਆ ਅਤੇ ਕਹਿਣ ਲੱਗਿਆ ਕਿ ਕੋਈ ‘‘ਮੈਡਮ ਸੁਰਿੰਦਰ ਕੌਰ’’ ਏਥੇ ਰਹਿੰਦੀ ਹੈ। ਦਫਤਰ ਦੇ ਸਾਡੇ ਮੁਲਾਜ਼ਮ ਬਿਸ਼ਨਦਾਸ ਨੇ ਕਿਹਾ, ‘‘ਨਹੀਂ ਸਰ ਏਥੇ ਇਸ ਨਾਮ ਵਾਲੀ ਕੋਈ ਔਰਤ ਨਹੀਂ।’’ ਫੇਰ ਮੇਰੇ ਪੁੱਛਣ ਉੱਤੇ ਉਸ ਫੌਜੀ ਅਫਸਰ ਨੇ ਕਿਹਾ ਕਿ ‘‘ਉਸ ਨੂੰ ਦਿੱਲੀਓਂ ਮਿਲਿਆ ‘ਸੁਨੇਹਾ’ ਉਸ ਨੇ ‘ਮੈਡਮ ਨੂੰ ਪਹੁੰਚਾਉਣਾ ਹੈ।’’ ਉਹ ਅਫਸਰ ਦਫਤਰ ਅਤੇ ਆਲੇ-ਦੁਆਲੇ ਨੂੰ ਬੜੇ ਗੌਹ ਨਾਲ ਦੇਖ ਰਿਹਾ ਸੀ ਅਤੇ ਉਸ ਨੇ ਟੈਲੀਫੋਨ ਸੈੱਟ ਉੱਤੇ ਲਿਖੇ ਨੰਬਰਾਂ ਨੂੰ ਵੀ ਨੇੜੇ ਤੋਂ ਤੱਕਿਆ। ‘ਦਾਲ ਵਿਚ ਕੁਝ ਕਾਲਾ’ ਤਾਂ ਮੈਨੂੰ ਉਸ ਸਮੇਂ ਭਾਂਪ ਹੀ ਗਿਆ ਸੀ। ਮੈਂ ਇਸ ‘ਖਦਸ਼ੇ’ ਨੂੰ ਕਿਸ ਨਾਲ ਸਾਂਝਾ ਕਰਦਾ? ਬਾਅਦ ਵਿਚ  ਤਾਂ ਮੈਨੂੰ ਪਤਾ ਲੱਗ ਹੀ ਗਿਆ ਸੀ ਕਿ ਮੇਰੇ ਉੱਤੇ ਹੋਣ ਵਾਲੇ ਫੌਜੀ ਛਾਪੇ ਲਈ ਇਹ ‘ਰੈਕੀ’ ਕੀਤੀ ਗਈ ਸੀ।
ਮੇਰੇ ’ਤੇ ਵੱਜੇ ਛਾਪੇ ਤੋਂ ਦੂਸਰੇ ਦਿਨ 14 ਜੂਨ ਨੂੰ ਕਰਫਿਊ ਵਿਚ ਲੰਬੀ ਢਿੱਲ ਦੌਰਾਨ ਮੈਂ ਸੀ ਆਈ ਡੀ ਦੇ ਐੱਸ ਪੀ ਪੰਡਤ ਹਰਜੀਤ ਸਿੰਘ ਦੇ ਦਫਤਰ ਘੰਟਾ ਘਰ ਗਿਆ। ਮੇਰੇ ਉੱਤੇ ਫੌਜੀ ਛਾਪੇ ਦੀ ਗੱਲ ਉਸ ਨੇ ਖੁਦ ਹੀ ਤੋਰਦਿਆਂ ਕਿਹਾ ‘‘ਇਹ ਫੌਜੀ ਅਫਸਰ ਵੀ ਕਿਹੜਾ ਸਾਡੀ ਗੱਲ ਸੁਣਦੇ ਨੇ।’’ ਮੈਨੂੰ ਲੱਗ ਰਿਹਾ ਸੀ ਕਿ ਕੇਂਦਰ ਸਰਕਾਰ ਦੀ ਗੁਪਤਚਰ ਏਜੰਸੀ, ਇੰਟੈਲੀਜੈਂਸ ਬਿਊਰੋ (ਆਈ ਬੀ) ਵੱਲੋਂ ਸਪਲਾਈ ਕੀਤੀ ਗੁਪਤ ਸੂਚਨਾ ਉੱਤੇ ਫੌਜ ਨੇ ਜ਼ਿਆਦਾ ਗੌਰ ਕੀਤਾ ਹੋਵੇਗਾ। ਪਰ ਫਿਰ ਇਕ ਦਿਨ ਮੈਨੂੰ ਆਈ ਬੀ ਦੇ ਡੀ ਐੱਸ ਪੀ ਚੋਪੜਾ ਮਿਲੇ ਅਤੇ ਮੈਨੂੰ ਖੁਸ਼ ਕਰਨ ਲਈ ਕਿਹਾ, ‘‘ਮੈਂ ਤਾਂ ਫੌਜੀ ਅਫਸਰਾਂ ਨੂੰ ਬਹੁਤ ਕਿਹਾ ਸੀ ਕਿਉਂ ਐਵੇਂ ਤੁਹਾਡੇ ਉੱਤੇ ਛਾਪਾ ਮਾਰ ਰਹੇ ਹਨ… ਪਰ ਉਹਨਾਂ ਨੇ ਮੇਰੀ ਨਹੀਂ ਮੰਨੀ।’’ ਇਹਨਾਂ ਗੁਪਤਚਰ ਵਿਭਾਗਾਂ ਦੇ ਅਫਸਰਾਂ ਦੀ ਕਹਿਣੀ ਅਤੇ ਕਰਨੀ ਵਿਚ ਬਹੁਤ ਫਰਕ ਹੁੰਦਾ ਹੈ… ਹੋ ਸਕਦਾ ਹੈ, ਇਨਾਂ ਸਭ ਵੱਲੋਂ ਸੂਚਨਾਵਾਂ ਦਾ ‘‘ਪੂਲ’’ ਹੁੰਦਾ ਹੋਵੇ।

ਮੈਨੂੰ ਪਤਾ ਸੀ ਕਿ ਮੇਰੀ ਮੁੱਖਧਾਰਾ ਮੀਡੀਆ ਨਾਲ ਸੁਰ ਨਹੀਂ ਮਿਲ ਰਹੀ ਸੀ, ਜਿਹੜਾ ਜ਼ਿਆਦਾਤਰ ਸਿੱਖ ਮਸਲੇ ਦੇ ਸੰਬੰਧ ਵਿਚ ਦਿੱਲੀ ਸਰਕਾਰ ਦੀ ਲਾਈਨ ਉੱਤੇ ਕੰਮ ਕਰਦਾ ਸੀ। ਪਰ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ‘ਖ਼ਬਰ’ ਨੂੰ ਇਉਂ ਘੜਿਆ ਜਾਵੇ ਅਤੇ  ਤੱਥਾਂ ਦੀ ਪੇਸ਼ਕਾਰੀ ਇਉਂ ਕੀਤੀ ਜਾਵੇ ਕਿ ਸਰਕਾਰੀ ਲੀਪਾ-ਪੋਚੀ ਅਤੇ ਝੂਠ ਦੇ ਪਰਦੇ ਦਾ ਕੁਝ ਤਾਂ ਚੀਰ-ਫਾੜ ਹੋਵੇ। ਮੈਂ ਸੱਤਾ ਦੀ ਦੌੜ ਵਾਲੇ ਅਕਾਲੀਆਂ ਦਾ ‘ਪਾਲਤੂ’ ਪੱਤਰਕਾਰ ਵੀ ਨਾ ਰਿਹਾ। ਉਹਨਾ ਨੇ ਤਾਂ ਮੈਨੂੰ ਹਟਾਉਣ ਲਈ ਬਹੁਤ ਜ਼ੋਰ ਲਾਇਆ। ਇੱਥੋਂ ਤੱਕ ਕਿ ਮੇਰੇ ਵਿਰੁੱਧ ਅਕਾਲੀ ਦਲ ਦੇ ਦਫਤਰ ਵਿਚੋਂ ਬਕਾਇਦਾ ਪ੍ਰੈੱਸ ਨੋਟ ਜਾਰੀ ਹੋਇਆ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਖੁਦ ਸਾਡੇ ਦਿੱਲੀ ਦਫਤਰ ਵਿਚ ਜਨਰਲ ਮੈਨੇਜਰ ਯੂ ਆਰ ਕਾਲਕੂਰ ਨੂੰ ਟੈਲੀਫੋਨ ਕਰਕੇ ਏਜੰਸੀ ਦੇ ਅੰਮ੍ਰਿਤਸਰ  ਦਫਤਰ ਵਿਚੋਂ ਮੈਨੂੰ ਕੱਢਣ ਲਈ ਕਿਹਾ। ਮੈਨੂੰ, ਚੰਡੀਗੜ੍ਹ ਦਫਤਰ ਦੇ ਮੁਖੀ ਐੱਨ ਐੱਸ ਮਲਿਕ ਅਤੇ ਜਲੰਧਰ ਯੂ ਐੱਨ ਆਈ ਦਫਤਰ ਦੇ ਇੰਚਾਰਜ ਸੁਰਿੰਦਰ ਅਰੋੜਾ ਨੂੰ ਕਾਲਕੂਰ ਨੇ ਦਿੱਲੀ ਦਫਤਰ ਵਿਚ ਤਲਬ ਕੀਤਾ। ਉਸ ਸਮੇਂ ਮੈਂ ਅਕਾਲੀ ਦਲ ਵੱਲੋਂ ਜਾਰੀ  ਪ੍ਰੈੱਸ ਨੋਟ ਦਾ ਅੰਗਰੇਜ਼ੀ ਉਲਥਾ ਦੇਖਿਆ, ਸੰਤ ਲੌਂਗੋਵਾਲ ਵੱਲੋਂ ਟੈਲੀਫੋਨ ਦੀ ਚਰਚਾ ਹੋਈ ਅਤੇ ਸੁਰਿੰਦਰ ਅਰੋੜਾ ਵੱਲੋਂ ਮੇਰੇ ਵਿਰੁੱਧ ਕਾਗਜ਼ਾਤ ਭੇਜੇ ਦੇਖੇ। ਮੇਰੀ ਹਾਜ਼ਰੀ ਵਿਚ ਹੀ ਸੁਰਿੰਦਰ ਅਰੋੜਾ ਨੇ ਮੇਰੇ ਉੱਤੇ ਬਹੁਤ ਦੋਸ਼ ਲਾਏ ਅਤੇ ਮੈਨੂੰ ਦਫਤਰ ਵਿਚੋਂ ਕੱਢਣ ਦੀ ਸਿਫਾਰਿਸ਼ ਕੀਤੀ। ਪਰ ਮਲਿਕ, ਜੋ ਸੁਰਿੰਦਰ ਅਰੋੜਾ ਨਾਲ ਖਾਰ ਖਾਂਦਾ ਸੀ, ਨੇ ਮੇਰੀ ਜਨਰਲ ਮੈਨੇਜਰ ਕੋਲ ਡਟ  ਕੇ ਮਦਦ ਕੀਤੀ, ਜਿਸ  ਕਰਕੇ ਮੈਂ ਅੰਮ੍ਰਿਤਸਰ ਦਫਤਰ ਵਿਚ ਹੀ ਟਿਕਿਆ ਰਿਹਾ।

ਅਸਲ ਵਿਚ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੰਬੰਧੀ ਖਬਰਾਂ ਮੁੱਖਧਾਰਾ ਮੀਡੀਆ ਤੋਂ ਹਟ ਕੇ ਬਿਨਾਂ ਆਪਣੇ ਵੱਲੋਂ ਨਾਂਹ-ਵਾਚਕ ਵਿਸ਼ਲੇਸ਼ਣ ਲਾ ਕੇ ਭੇਜੀਆਂ ਜਾਣ ਅਤੇ ਅਕਾਲੀ  ਦਲ ਵੱਲੋਂ ਝੂਠੀਆਂ-ਸੱਚੀਆਂ (ਕਈ ਮਨਘੜਤ) ਖ਼ਬਰਾਂ ਨੂੰ ਭੇਜ ਕੇ ਉਹਨਾਂ ਦੀ ਸੇਵਾ  ਕਰਨ ਤੋਂ ਚੇਤੰਨ ਤੌਰ ’ਤੇ ਗੁਰੇਜ਼ ਕੀਤਾ ਜਾਵੇ। ਪੀ ਟੀ ਆਈ, ਦੂਜੀ ਵੱਡੀ ਖ਼ਬਰ ਏਜੰਸੀ ਦਾ ਅੰਮ੍ਰਿਤਸਰ ਸਥਿਤ ਪੱਤਰਕਾਰ ਉਸ ਸਮੇਂ ਦੇ ਮੋਰਚਾ ਡਿਕਟੇਟਰ, ਸੰਤ ਲੌਂਗੋਵਾਲ ਦੇ ਖਾਸਮ-ਖਾਸ ਸਮਝੇ ਜਾਂਦੇ ਸਨ। ਦਿੱਲੀ ਅਤੇ ਬਾਹਰੋਂ, ਉਸ ਸਮੇਂ ਅੰਮ੍ਰਿਤਸਰ ਦਰਬਾਰ ਸਾਹਿਬ ਵਿਚ ਆਉਂਦੇ ਪੱਤਰਕਾਰ, ਮੇਰੀ ਮਦਦ ਜ਼ਿਆਦਾ ਇਸ ਕਰਕੇ ਵੀ ਲੈਂਦੇ ਸਨ ਕਿ ਮੈਂ ਉਨ੍ਹਾਂ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸੰਤ ਭਿੰਡਰਾਂਵਾਲਿਆਂ ਦੇ ਬਿਆਨਾਂ ਦਾ ਅੰਗਰੇਜ਼ੀ ਵਿਚ ਉਲਥਾ ਕਰਕੇ ਦੇਂਦਾ ਸਾਂ ਅਤੇ ਉਹਨਾਂ ਨੂੰ ਦਰਬਾਰ ਸਾਹਿਬ ਅੰਦਰਲੇ ਸਭ ਛੋਟੇ ਵੱਡੇ ਲੀਡਰਾਂ ਨਾਲ ਮਿਲਾ ਦੇਂਦਾ ਸਾਂ।

ਅਜਿਹੀ ਪਿੱਠਭੂਮੀ ਕਰਕੇ, ਮੈਨੂੰ ਕੋਈ ਬਹੁਤੀ ਹੈਰਾਨੀ ਨਾ  ਹੋਈ ਕਿ ਅੰਮ੍ਰਿਤਸਰ ਸਥਿਤ ਪੱਤਰਕਾਰਾਂ ਨੇ ਮੇਰੇ ਘਰ-ਦਫਤਰ ਉੱਤੇ ਹੋਏ ਫੌਜੀ ਛਾਪੇ ਦਾ ਕੋਈ ਖਾਸ ‘ਨੋਟਿਸ’ ਨਾ ਲਿਆ। ਦੋ ਕੁ ਪੱਤਰਕਾਰਾਂ ਨੇ ਜ਼ਰੂਰ ਕਿਹਾ, ‘‘ਚੰਗਾ ਹੋਇਆ ਤੂੰ ਬਚ ਗਿਆ।’’ਸਾਡੇ ਚੰਡੀਗੜ੍ਹ ਦਫਤਰ ਦੇ ਸਾਥੀ ਪੱਤਰਕਾਰਾਂ ਨੇ ਤੇ ਚੰਡੀਗੜ੍ਹ ਦੇ ਹੋਰ ਪੱਤਰਕਾਰਾਂ ਨੇ ਵੀ ਮੇਰੇ ਉੱਤੇ ਮਾਰੇ ਫੌਜੀ ਛਾਪੇ ਦੀ ਕੋਈ ਪ੍ਰਵਾਹ ਨਾ ਕੀਤੀ ਅਤੇ ਬਹੁਤਿਆ ਨੂੰ ਮੇਰੇ ਦੱਸਣ ਉੱਤੇ ਕਾਫੀ ਸਮਾਂ ਮਗਰੋਂ ਇਸ ਬਾਰੇ ਪਤਾ ਲੱਗਿਆ।
ਮੈਨੂੰ ਲੱਗਿਆ ਕਿ ਪ੍ਰੈੱਸ ਦੀ ਆਜ਼ਾਦੀ ਦਾ ਨਾਹਰਾ ਵੀ ਮੌਕੇ ਮੂਜ਼ਬ ਹੀ ਲਾਇਆ ਜਾਂਦਾ ਹੈ।

ਤਕਰੀਬਨ ਇਕ ਸਾਲ ਲਈ ਬਲਿਊ ਸਟਾਰ ਤੋਂ ਬਾਅਦ ਪੰਜਾਬ ਦਾ ਸਰਕਾਰੀ ਬੰਦੋਬਸਤ ਅਤੇ ਤੰਤਰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ। ਮੈਂ ਉਸੇ ‘ਟਾਂਗਾ ਕਾਲੋਨੀ’ ਵਾਲੇ ਘਰ-ਦਫਤਰ ਤੋਂ ਹੀ ਪੱਤਰਕਾਰੀ ਕਰ ਰਿਹਾ ਸਾਂ। ਦੋ ਕੁ ਮਹੀਨਿਆਂ ਬਾਅਦ ਉਪਰੋਂ ਸ਼ਹਿਰ ਦੇ ਹਾਲਾਤ ਕੁਝ ‘ਨਾਰਮਲ’ ਹੋਣੇ ਸ਼ੁਰੂ ਹੋ ਗਏ ਸਨ। ਸਾਡੇ ਜਨਰਲ ਮੈਨੇਜਰ ਅਤੇ ਏਜੰਸੀ ਦੇ ਚੀਫ ਐਡੀਟਰ ਯੂ ਆਰ ਕਾਲਕੂਰ ਦੇ ਲੰਬੇ-ਲੰਬੇ ਆਰਡਰ ਰੋਜ਼ਾਨਾ ਸੁਬ੍ਹਾ ਮੇਰੇ ਦਫਤਰ ਵਿਚ ਪਹੁੰਚ ਜਾਂਦੇ ਕਿ ਮੈਂ ‘ਸ਼ਾਂਤੀ ਵੱਲ ਵਧ ਰਹੇ’ ਅੰਮ੍ਰਿਤਸਰ ਦੀਆਂ ਵਿਸਥਾਰਪੂਰਨ ਖ਼ਬਰਾਂ ਭੇਜਿਆ ਕਰਾਂ। ਉਹਨਾਂ ਦਿਨਾਂ ਵਿਚ ਪੰਜਾਬ ਤੋਂ ਬਾਹਰ ਦਿੱਲੀ ਦੇ ਮੀਡੀਆ ਅਤੇ ਬਹੁਗਿਣਤੀ ਬੁੱਧੀਜੀਵੀਆਂ ਵਿਚ ਇਹ ਮੱਤ ਭਾਰੂ ਸੀ ਕਿ ਫੌਜ ਨੇ ‘ਗੋਲਡਨ ਟੈਂਪਲ’ ਨੂੰ ‘ਅਪਰਾਧੀ ਤੱਤਾਂ’ ਤੋਂ ‘ਮੁਕਤ’ ਕਰਾ ਕੇ ਉੱਥੇ ਧਾਰਮਿਕ ਮਰਿਆਦਾ ‘ਬਹਾਲ ਕਰਵਾ’ ਦਿੱਤੀ ਹੈ। ਇਸ ਉੱਤੇ ਸਿੱਖ ਭਾਈਚਾਰੇ ਨੂੰ ਸਗੋਂ ਫੌਜ ਦਾ ‘ਸ਼ੁਕਰਗੁਜ਼ਾਰ’ (ਮਸ਼ਕੂਰ) ਹੋਣਾ ਚਾਹੀਦਾ ਹੈ ਅਤੇ ਮੀਡੀਏ ਨੂੰ ਕੇਂਦਰ  ਸਰਕਾਰ ਵੱਲੋਂ ਪੰਜਾਬ ਵਿਚ ਸ਼ਾਂਤੀ ਬਹਾਲ ਕਰਨ ਦੀਆਂ ਕਾਰਵਾਈਆਂ ਦਾ  ਪੂਰਾ-ਪੂਰਾ ਸਾਥ ਦੇਣਾ ਚਾਹੀਦਾ ਹੈ। ਮੈਨੂੰ ਵੀ ਇਹਨਾਂ ‘ਲਾਈਨਾਂ’ ਉੱਤੇ ਖ਼ਬਰਾਂ ਦੀ ਪੇਸ਼ਕਾਰੀ ਕਰਨ ਦੇ ਆਦੇਸ਼ ਮਿਲੇ ਸਨ।

ਪਰ, ਪੰਜਾਬ ਦੀ ਜ਼ਮੀਨੀ ਅਸਲੀਅਤ ਮੈਨੂੰ ਕੁਝ ਹੋਰ ਦਿਖਾਈ ਦੇ ਰਹੀ ਸੀ ਅਤੇ ਮੈਂ ਦਿੱਲੀ ਦੇ ‘ਬੁੱਧੀਜੀਵੀਆਂ’ ਵੱਲੋਂ ਕੀਤੇ ਜਾ ਰਹੇ ਹਾਲਾਤ ਦੇ ‘ਵਿਸ਼ਲੇਸ਼ਣ’ ਨਾਲ ਬਿਲਕੁੱਲ ਸਹਿਮਤ ਨਹੀਂ ਸਾਂ। ਇਸੇ ਕਰਕੇ ਮੈਂ ਸਰਕਾਰੀ ‘‘ਸ਼ਾਂਤੀ ਪ੍ਰਕਿਰਿਆ’’ ਨੂੰ ਲੰਬੀਆਂ ਚੌੜੀਆਂ ਖ਼ਬਰਾਂ ਦਾ ਰੂਪ ਕਦੇ ਨਾ ਦੇ ਸਕਿਆ। ਇਸ ਲਈ ਕਾਲਕੂਰ ਮੇਰੇ ਤੋਂ ਬਹੁਤ ਦੁਖੀ ਸਨ। ਮੈਨੂੰ ਲੱਗ ਰਿਹਾ ਸੀ ਕਿ ਉਹ ਮੇਰੀ ਬਦਲੀ ਕਰੇਗਾ, ਜਿਹੜੀ ਪਹਿਲਾਂ ਸ਼ਾਇਦ ਮੁਨਾਸਿਬ ਨਹ ਲੱਗਦੀ ਸੀ। ਹਾਲਾਤ ਵਿਚ ਬੜੀ ਗਰਮਜ਼ੋਸ਼ੀ ਅਤੇ ਘਟਨਾਵਾਂ ਦਾ ਪ੍ਰਵਾਹ ਬੜਾ ਤੇਜ਼ ਸੀ। ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੇਰੀ ਭੇਜੀ ਕਿਸੇ ‘ਖ਼ਬਰ’ ਦਾ ਸਰਕਾਰੀ ਤੌਰ ਉੱਤੇ ਖੰਡਨ-ਤਰਦੀਦ (Contradicion)  ਨਾ ਹੋਵੇ ਅਤੇ ਮੇਰੇ ਚੀਫ ਐਡੀਟਰ ਨੂੰ ਮੇਰੇ ਵਿਰੁੱਧ ਐਕਸ਼ਨ ਲੈਣ ਦਾ ਮੌਕਾ ਨਾ ਮਿਲੇ।

ਫਿਰ ਵੀ ਇਕ ਦਿਨ ਸਦਰ ਪੁਲਿਸ ਥਾਣੇ ਵਿਚ ਕਿਸੇ ਨੇੜੇ ਦੇ ਪਿੰਡ ਦੇ ਸਿੱਖ ਨੌਜਵਾਨ ਵੱਲੋਂ ਫੌਜੀ ਜਵਾਨਾਂ ਵਿਰੁੱਧ ਇਕ ‘ਐੱਫ ਆਈ ਆਰ’ ਦਰਜ ਕਰਵਾਈ ਗਈ। ਨੌਜਵਾਨ ਨੇ ਦੋਸ਼ ਲਾਇਆ ਸੀ ਕਿ ਸ਼ਰਾਬੀ ਹਾਲਾਤ ਵਿਚ ਫੌਜੀ ਜਵਾਨਾਂ ਨੇ ਉਸ ਦੀ ਖੇਤ ਵਿਚ ਕੰਮ ਕਰਦੇ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਉਸ ਦੇ ਸਿਰ ਦੇ ਵਾਲ ਕੱਟ ਦਿੱਤੇ। ਮੈਂ ਐੱਫ ਆਈ ਆਰ ਦੀ ਬਿਨਾਅ ’ਤੇ ਇਸ ਦੀ ਛੋਟੀ ਜਿਹੀ ‘ਨਿਊਜ਼ ਆਈਟਮ’ ਬਣਾ ਕੇ ‘ਏਜੰਸੀ ਵਾਇਰ’  (News Agency Wire ) ਉੱਤੇ ਭੇਜ ਦਿੱਤੀ। ਦੂਜੇ ਦਿਨ, ਏਜੰਸੀ ਦੀ ਉਹ ਖ਼ਬਰ ਅੰਗਰੇਜ਼ੀ ਟ੍ਰਿਬਿਊਨ ਦੇ ਪਹਿਲੇ ਪੰਨੇ ਉੱਤੇ ‘ਇਸ ਹੈੱਡ ਲਾਈਨ ਥੱਲੇ ਛਪ ਗਈ ਕਿ  “Soldiers Shave Hair of Sikh Youth” (ਫੌਜੀ ਜਵਾਨਾਂ ਨੇ ਸਿੱਖ ਨੌਜਵਾਨ ਦਾ ਸਿਰ ਮੁੰਨ ਦਿੱਤਾ)। ਬੇਧਿਆਨੀ ਵਿਚ ਹੀ ਸ਼ਾਇਦ ‘ਟ੍ਰਿਬਿਊਨ’ ਨੇ ਇਹ ਖ਼ਬਰ ‘ਫਰੰਟ ਪੇਜ਼’ ਉੱਤੇ ਲਾ ਦਿੱਤੀ। ਨਹੀਂ ਤਾਂ ਅਜਿਹੀ ਧਾਰਮਿਕ ਭਾਵਨਾਵਾਂ ਵਾਲੀ ਕਿਸੇ ਖ਼ਬਰ ਦਾ ਇਸ ਤਰ੍ਹਾਂ ਦਾ ‘ਡਿਸਪਲੇ’ ਟ੍ਰਿਬਿਊਨ ਵਿਚ ਨਹੀਂ ਕੀਤਾ ਜਾਂਦਾ। ਮੈਨੂੰ ਵੀ ਕੁਝ ਦਿਨ ਬਾਅਦ ਪਤਾ ਚੱਲ ਗਿਆ ਕਿ ਅਖ਼ਬਾਰਾਂ ਅਤੇ ਖ਼ਬਰਾਂ ਦਾ ਨਿਰੀਖਣ ਕਰਨ ਵਾਲੇ ਫੌਜੀ ਅਫਸਰ ਮੇਰੇ ਉੱਤੇ ਬਹੁਤ ਖਫਾ ਹਨ ਅਤੇ ਮੈਨੂੰ ਹੁਣ ‘ਸੰਭਲ ਕੇ’ ਚੱਲਣਾ ਚਾਹੀਦਾ ਹੈ ਅਤੇ ਮੈਂ ਚੌਕੰਨਾ ਹੋ ਗਿਆ।

ਉਹਨਾਂ ਹੀ ਦਿਨਾਂ ਵਿਚ ਚੀਫ ਐਡੀਟਰ ਨੇ ਆਪਣਾ ਦਿੱਲੀ ਦਫਤਰ ਵਿਚਲਾ ਇਕ ਖਾਸ ਸਬ-ਐਡੀਟਰ ਬੰਗਾਲੀ ਨੌਜਵਾਨ ਜਿਸ ਦਾ ਨਾਮ ਡੀ ਡੀ ਸਰਕਾਰ ਸੀ, ਮੇਰੇ ਨਾਲ ਅੰਮ੍ਰਿਤਸਰ ਦਫਤਰ ਵਿਚ ਤਾਇਨਾਤ ਕਰ ਦਿੱਤਾ। ਉਹ ਸਰਕਾਰੀ ‘ਸ਼ਾਂਤੀ ਪ੍ਰਕਿਰਿਆ’ ਦੀਆਂ ਖ਼ਬਰਾਂ ਨੂੰ ਖੂਬ ਵਧਾ-ਚੜਾ ਕੇ ਪੇਸ਼ ਕਰਦਾ। ਮੈਨੂੰ ਉਸ ਨੇ ਇਕ ਤਰਾਂ ਪਿੱਛੇ ਹੀ ਕਰ ਦਿੱਤਾ। ਉਸ ਨੂੰ ਦਿੱਲੀ ਤੋਂ ਜੀ ਐੱਮ ਕਾਲਕੂਰ ਦਾ ਰੋਜ਼ਾਨਾ ਥਾਪੜਾ ਮਿਲ ਰਿਹਾ ਸੀ। ਉਸ ਕੋਲ ਫੌਜ ਦਾ ਇਕ ਫੋਟੋਗ੍ਰਾਫਰ ਲਗਾਤਾਰ ਆਉਣ ਲੱਗ ਪਿਆ। ਫੌਜੀ ਕੰਟੀਨ ਤੋਂ ਰਮ-ਵਿਸਕੀ ਦੀਆਂ ਬੋਤਲਾਂ ਦਫਤਰ ਵਿਚ ਦੇ ਜਾਂਦਾ। ਦਿੱਲੀ ਤੋਂ ਪੰਜਾਬ ਦੀ ‘ਕਵਰੇਜ਼’ ਲਈ ਲਗਾਤਾਰ ਆਉਣ ਵਾਲੇ ਬਹੁਤੇ ਪੱਤਰਕਾਰਾਂ ਦੀ ਦਫਤਰ ਵਿਚ ਸ਼ਾਮ ਨੂੰ ਖੂਬ ਮਹਿਫਲ ਜੰਮਦੀ।

ਇਕ ਦਿਨ ਉਹ ਕੇਰਲਾ ਪੂਲ ਦਾ ਫੋਟੋਗ੍ਰਾਫਰ ਡੀ ਡੀ ਸਰਕਾਰ ਨੂੰ ਫੌਜੀ ਛਾਉਣੀ ਵਿਚ ਵੱਡੇ ਅਫਸਰਾਂ ਨੂੰ ਮਿਲਾਉਣ ਲਈ ਜੀਪ ਲੈ ਕੇ ਸਾਡੇ ਦਫਤਰ ਆ ਗਿਆ। ਮੈਂ ਉਸ ਬੰਗਾਲੀ ਪੱਤਰਕਾਰ ਨਾਲ ਫੌਜੀ ਛਾਉਣੀ ਵਿਚ ਜਾਣ ਲਈ ਤਿਆਰ ਨਹੀਂ ਸਾਂ। ਮੈਨੂੰ ਪਤਾ ਸੀ ਕਿ ਕਈ ਫੌਜੀ ਅਫਸਰ ਮੇਰੇ ਉੱਤੇ ਖਫ਼ਾ ਹਨ। ਪਰ ਦਿੱਲੀ ਵਾਲੇ ਪੱਤਰਕਾਰ ਨੇ ਬਹੁਤ ਜ਼ੋਰ ਪਾਇਆ ਕਿ ਮੈਂ ਉਸ ਨਾਲ ਚੱਲਾ। ਉਹ ਕਹਿ ਰਿਹਾ ਸੀ ‘‘ਬੇਫਿਕਰ ਰਹੋ ਮੈਂ ਆਪ ਕੇ ਸਾਥ ਹੂੰ।’’ ਓਹੀ ਗੱਲ ਹੋਈ, ਜਿਸ ਦਾ ਮੈਨੂੰ ਡਰ ਸੀ। ਇਕ ਕਰਨਲ ਸ਼ਰਮਾ ਨਾਮ ਦਾ ਅਫਸਰ ਜਾਂਦਿਆਂ ਹੀ ਮੇਰੇ ਗਲ ਪੈ ਗਿਆ ਅਤੇ ਉਸ ਨੇ ਧਮਕੀ ਭਰੇ ਅੰਦਾਜ਼ ਵਿਚ ਕਿਹਾ ‘‘ਹੁਣੇ ਤੈਨੂੰ ਦੇਖਦੇ ਹਾਂ।’’ ਬੰਗਾਲੀ ਪੱਤਰਕਾਰ ਨੂੰ ਵੀ ਹਾਲਤ ਬਹੁਤ ਨਾਜ਼ੁਕ ਕਰਵਟ ਲੈਂਦੇ ਦਿਖਾਈ ਦਿੱਤੇ। ਤੁਰੰਤ, ਉਸ ਨੇ ਕਰਨਲ ਸ਼ਰਮਾ ਨੂੰ ਕਿਹਾ ‘‘ਸਰ, ਇਧਰ ਆਏਂ ਮੇਰੀ ਏਕ ਮਿੰਟ ਬਾਤ ਤੋ ਸੁਣੀਏ।’’ ਉਹ ਫੌਜੀ ਅਫਸਰ ਨੂੰ  ਧੂਹ ਕੇ ਕਮਰੇ ਵਿਚ ਲੈ ਗਿਆ। ਅੱਧੇ ਘੰਟੇ ਮਗਰੋਂ ਡੀ ਡੀ ਸਰਕਾਰ ਮੇਰੇ ਕੋਲ ਆਇਆ ਅਤੇ ਕਹਿਣ ਲੱਗਿਆ ‘ਚਲੇਂ’। ਸਾਨੂੰ ਓਹੀ ਜੀਪ ਸਾਡੇ ਦਫਤਰ ਛੱਡ ਗਈ। ਉਹ ਰਸਤੇ ਵਿਚ ਮੇਰੇ ਨਾਲ ਬਿਲਕੁੱਲ ਨਹੀਂ ਬੋਲਿਆ। ਚੁੱਪਚਾਪ ਜਦੋਂ ਅਸੀਂ ਦਫਤਰ ਦੇ ਕਮਰੇ ਵਿਚ ਦਾਖਲ ਹੋ ਰਹੇ ਸਾਂ ਤਾਂ ਮੈਂ ਉਸ ਨੂੰ ਪੁੱਛਿਆ, ‘‘ਆਖਰ ਹੂਆ ਕਿਆ’’, ‘‘ਮੈਂ ਆਪ ਕੋ ਕੁਛ ਨਹੀਂ ਬਤਾ ਸਕਤਾ… ਬਸ ਮੇਰੇ ਦਿਮਾਗ ਮੇਂ ਸਟਾਲਿਨ ਕੇ ਦਿਨੋਂ ਕੇ ਬਾਰੇ ਮੇਂ ਲਿਖਾ ਏਕ ਨਾਵਲ ਘੂੰਮ ਰਹਾ ਹੈ ਕਿ ਰੂਸੀ  ਪੁਲਿਸ ਏਕ ਵਿਅਕਤੀ ਕੋ ਘਰ ਸੇ ਉਠਾ ਕੇ ਲੇ ਜਾਤੀ ਹੈ ਔਰ ਬਾਅਦ ਮੇਂ ਉਸ ਕੇ ਬਾਰੇ ਮੇਂ ਕਿਸੀ ਨੇ ਕੁਛ ਨਹੀਂ ਸੁਨਾ।’’

ਉਸ ਬੰਗਾਲੀ ਪੱਤਰਕਾਰ ਦੀ ਇਸ ਗੱਲ ਦੀ ਪੁਸ਼ਟੀ ਇਸ ਘਟਨਾ ਤੋਂ ਚਾਰ ਸਾਲ ਬਾਅਦ 1988 ਵਿਚ ਪੂਨੇ ਵਿਚ ਹੋਈ। ਅੰਮ੍ਰਿਤਸਰ ਤੋਂ ਹੋਈ ਬਦਲੀ ਤੋਂ ਬਾਅਦ, ਮੈਂ ਫਰਵਰੀ 1987 ਵਿਚ, ਯੂ ਐੱਨ ਆਈ ਦੇ ਹੈੱਡ ਕੁਆਰਟਰ ਦਿੱਲੀ ਵਿਚ ਆ ਗਿਆ।
ਮੈਂ ਦਿੱਲੀ ਤੋਂ ਪੱਤਰਕਾਰਾਂ ਦੀ ਇਕ ਟੀਮ ਨਾਲ ਫੌਜ ਦੇ ਆਰਮਡ ਕੋਰ ਡਵੀਜ਼ਨ ਦੀ ਬਰਸੀ ਦੇ ਜਸ਼ਨਾਂ ਨੂੰ ‘ਕਵਰ’ ਕਰਨ ਲਈ ਪੂਨੇ ਛਾਉਣੀ ਵਿਚ ਆਇਆ ਹੋਇਆ ਸਾਂ। ਸ਼ਾਮ ਨੂੰ ਫੌਜੀ ਕਲੱਬ ਵਿਚ ਓਹੀ ਅੰਮ੍ਰਿਤਸਰ ਵਾਲਾ ਆਰਮੀ ਫੋਟਗ੍ਰਾਫਰ ਮੈਨੂੰ ਮਿਲ ਗਿਆ। ਮੈਨੂੰ ਵੇਖ ਕੇ ਜਿਵੇਂ ਉਹ ਹੱਕਾ ਬੱਕਾ ਰਹਿ ਗਿਆ ਹੋਵੇ। ਦੌੜ ਕੇ ਮੈਨੂੰ ਜੱਫੀ ਵਿਚ ਲੈ ਲਿਆ ਤੇ ਵਾਰ-ਵਾਰ ਕਹਿਣ ਲੱਗਿਆ ‘Happy to see you alive’ (ਤੈਨੂੰ ਜਿੰਦਾ ਦੇਖ ਕੇ ਮੈਂ ਬਹੁਤ ਖੁਸ਼ ਹਾਂ) ਫਿਰ ਉਸ ਨੇ ਮੈਨੂੰ ਦੱਸਿਆ ਕਿ ਫੜੇ ਗਏ ਸਿੱਖ ਨੌਜਵਾਨਾਂ ਦੀ ਪੁੱਛ-ਪੜਤਾਲ ਅਤੇ ਤਫਤੀਸ਼ ਸਮੇਂ ‘ਉਹ’ ਕਰਨਲ ਸ਼ਰਮਾ ਮੇਰੇ ਬਾਰੇ ਵੀ ਕਿਵੇਂ-ਕਿਵੇਂ ਜਾਣਕਾਰੀ ਇਕੱਠੀ ਕਰਿਆ ਕਰਦਾ ਸੀ।
ਪੰਜਾਬ ਵਿਚ ‘ਆਰਮੀ ਰੂਲ’ ਨੂੰ ਤਕਰੀਬਨ ਇਕ ਸਾਲ ਹੋਣ ਵਾਲਾ ਸੀ। ਇਕ ਦਿਨ ਮੈਨੂੰ ਪੰਜਾਬ ਸੀ ਆਈ ਡੀ ਦੇ ਐੱਸ ਪੀ ਪੰਡਤ ਹਰਜੀਤ ਸਿੰਘ ਮਿਲੇ ਅਤੇ ਕਹਿਣ ਲੱਗੇ ‘ਸਿਵਲ ਬੰਦੋਬਸਤ’ ਨੂੰ (Civil Administration) ਬਹਾਲ ਕਰਨ ਲਈ ਫੌਜ ਨੂੰ ‘ਫੀਲਡ’ ਵਿਚੋਂ ਕੱਢ (Withdraw) ਹੈ ਅਤੇ ਫੌਜ ਨੂੰ ਹੁਣ ਛਾਉਣੀਆਂ ਵਿਚ ‘ਤਿਆਰ-ਬਰ-ਤਿਆਰ’ (Alert) ਰੱਖਿਆ ਜਾਵੇਗਾ। ਫੌਜ ਵੱਲੋਂ ਸਿਵਲ ਅਫਸਰਸ਼ਾਹੀ ਨੂੰ ਬੰਦੋਬਸਤ ਸੌਂਪ ਦੇਣਾ ਮੇਰੇ ਲਈ ਵੱਡੀ ਖ਼ਬਰ ਸੀ। ਮੈਂ ਤੁਰੰਤ ‘ਟਾਂਗਾ ਕਾਲੋਨੀ’ ਤੋਂ ਬਦਲੇ ‘ਟੇਲਰ ਰੋਡ’ ਵਾਲੀ ਸਰਕਾਰੀ ਕੋਠੀ ਵਿਚਲੇ ਦਫਤਰ ਵਿਚ ਆਇਆ ਅਤੇ ਇਹ ਖ਼ਬਰ ਭੇਜ ਦਿੱਤੀ। ਸ਼ਾਮ ਨੂੰ ਹੀ ਉਸ ਸਮੇਂ ਅੰਮ੍ਰਿਤਸਰ ਵਿਚ ਤਾਇਨਾਤ ਡਿਪਟੀ ਕਮਿਸ਼ਨਰ ਮਹੇਸ਼ਇੰਦਰ ਸਿੰਘ ਦਾ ਫੋਨ ਮੇਰੇ ਦਫਤਰ ਵਿੱਚ ਆਇਆ। ‘‘ਇਹ ਖ਼ਬਰ ਤੁਹਾਨੂੰ ਕਿਸ ਨੇ ਦਿੱਤੀ ਹੈ, ਇਹ ਠੀਕ ਨਹੀਂ।’’ ਮੈਂ ਆਪਣੇ ਖ਼ਬਰ ਦੇ ‘ਸਰੋਤ’ (Source) ਬਾਰੇ ਦੱਸਣ ਤੋਂ ਗੁਰੇਜ਼ ਕੀਤਾ। ਦੂਜੇ ਦਿਨ ਇਹ ਖ਼ਬਰ ਅੰਗਰੇਜ਼ੀ ਟ੍ਰਿਬਿਊਨ ਦੇ ਪਹਿਲੇ ਪੰਨੇ ਉੱਤੇ ਲੱਗੀ ਹੋਈ ਸੀ। ਉਸ ਸਮੇਂ ਪੰਜਾਬ ਵਿਚ ਫੌਜੀ-ਗਵਰਨਰੀ ਰਾਜ ਸੀ ਅਤੇ ਗਵਰਨਰ ਦਾ ਸਕਿਓਰਿਟੀ ਸਲਾਹਕਾਰ ਮੇਜ਼ਰ ਜਨਰਲ ਗੌਰੀ ਸ਼ੰਕਰ ਦੂਜੇ ਦਿਨ ਆਪਣੇ ਲਾਮਲਸ਼ਕਰ ਨਾਲ ਅੰਮ੍ਰਿਤਸਰ ਸਰਕਟ ਹਾਊਸ ਆ ਧਮਕਿਆ। ਮੈਨੂੰ ਪਤਾ ਲੱਗ ਗਿਆ ਕਿ ਉਹ ਮੇਰੀ ਖ਼ਬਰ ਉੱਤੇ ਬਹੁਤ ਔਖਾ ਹੈ।

ਮੈਂ ਸ਼ਹਿਰ ਦੇ ਕਈ ਪੱਤਰਕਾਰਾਂ ਨਾਲ ਇਸ ਖ਼ਬਰ ਕਾਰਨ ਮਚੀ ‘ਖਲਬਲੀ’ ਬਾਰੇ ਗੱਲ ਕੀਤੀ ਅਤੇ ਉਹਨਾ ਨੂੰ ਮੈਂ ਆਪਣਾ ਸਾਥ ਦੇਣ ਲਈ ਕਿਹਾ। ਪਰ ਕੋਈ ਵੀ ਪੱਤਰਕਾਰ ਮੇਰਾ ਪੱਖ ਲੈਣ ਲਈ ਤਿਆਰ ਨਾ ਹੋਇਆ। ਏਨੇ ਨੂੰ ਸਿਟੀ ਡੀ ਐੱਸ ਪੀ ਢੰਡ ਆਪਣੀ ਜੀਪ ਉੱਤੇ ਮੇਰੇ ਦਫਤਰ ਆ ਗਿਆ। ਮੈਨੂੰ ਕਹਿਣ ਲੱਗਿਆ ‘‘ਚਲੋ ਤੁਹਾਨੂੰ ਸਰਕਟ ਹਾਊਸ ਬੁਲਾਇਆ ਹੈ।’’ ਮੈਂ ਟਾਲਣ ਲਈ ਕਿਹਾ ‘‘ ਤੁਸੀਂ ਚਲੋ ਢੰਡ ਸਾਹਿਬ ਮੈਂ ਪਹੁੰਚ ਜਾਵਾਂਗਾ।’’ ਪਰ ਡੀ ਐੱਸ ਪੀ ਨੇ ਸਪੱਸ਼ਟ ਕਰ ਦਿੱਤਾ, ‘‘ਮੈਨੂੰ ਆਦੇਸ਼ ਮਿਲੇ ਹਨ ਤੁਹਾਨੂੰ ਜੀਪ ਵਿਚ ਬਿਠਾ ਕੇ ਲਿਆਉਣ ਦੇ।’’ ਖੈਰ, ਢੰਡ ਮੰਨ ਗਿਆ ਕਿ ਉਹ ਮੇਰੀ ਗ੍ਰਿਫਤਾਰੀ ਵਾਲਾ ਮਾਹੌਲ ਨਾ ਬਣਾਵੇ। ਸੋ, ਮੈਂ ਆਪਣੇ ਸਕੂਟਰ ਉੱਤੇ ਸਰਕਟ  ਹਾਊਸ ਵੱਲ ਚੱਲ ਪਿਆ ਅਤੇ ਢੰਡ ਨੇ ਮੇਰੇ ਪਿੱਛੇ ਪੁਲਿਸ ਦੀ ਜੀਪ ਲਾ ਲਈ।
ਜਨਰਲ ਗੌਰੀ ਸ਼ੰਕਰ ਦਾ ਦਰਬਾਰ ਸਜਿਆ ਹੋਇਆ ਸੀ। ਬਾਕੀ ਸਾਰੇ ਸਿਵਲ, ਪੁਲਿਸ ਅਫਸਰ ਉਸ ਦੇ ਸਾਹਮਣੇ ਬਾਹਰ ‘ਲਾਅਨ’ ਵਿਚ, ਕੁਰਸੀਆਂ ਉੱਪਰ ਬੈਠੇ ਸਨ। ਉਹਨਾਂ ਵਿਚ ਮੇਰੀ ‘ਖ਼ਬਰ’ ਦਾ ਸਰੋਤ ਪੰਡਤ ਹਰਜੀਤ ਸਿੰਘ ਵੀ ਸ਼ਾਮਲ ਸੀ ਅਤੇ ਕੇ ਪੀ ਐੱਸ ਗਿੱਲ ਉਸ ਸਮੇਂ ਉਹਨਾਂ ਵਿਚ ਬਤੌਰ ਡੀ ਆਈ ਜੀ, ਸੀ ਆਰ ਪੀ ਐੱਫ ਹਾਜ਼ਰ ਸੀ। ਜਿਉਂ ਹੀ ਮੈਂ ਜਨਰਲ ਦੇ ਸਾਹਮਣੇ ਪੇਸ਼ ਹੋਇਆ, ਉਸ ਨੇ ਆਪਣੇ ਮਦਰਾਸੀ ਲਹਿਜ਼ੇ ਦੀ ਅੰਗਰੇਜ਼ੀ ਵਿਚ ਮੇਰੀ ‘‘ਜਵਾਬਦੇਹੀ’’ ਸ਼ੁਰੂ ਕਰ ਦਿੱਤੀ। ‘‘ਭਾਰਤ ਦੀ ਐਡੀ ਵੱਡੀ ਫੌਜ ਕਦੇ ਪਿੱਛੇ ਨਹੀਂ ਹਟ ਸਕਦੀ। ਫੌਜ ਕਦੇ ਪਿੱਛੇ ਹਟਣ ਦੇ ਸ਼ਬਦ ਨੂੰ ਨਹ ਝੱਲ ਸਕਦੀ… ਕੁਰਬਾਨੀ ਦੇ ਸਕਦੀ ਹੈ ਆਦਿ ਆਦਿ।’’ ਮੈਂ ਸਪੱਸ਼ਟੀਕਰਨ ਵਜੋਂ ਕਿਹਾ ‘‘ਜੇ ਮੇਰੀ ਖ਼ਬਰ ਗਲਤ ਹੈ ਤਾਂ ਤਰਦੀਦ ਕਰ ਦਿਓ… ਇਸ ਨੂੰ ਤੁਰੰਤ ਜਾਰੀ ਕਰ ਦੇਵਾਂਗਾ।’’ ਜਨਰਲ ਨੇ ਮੇਰਾ ਮਖੌਲ ਉਡਾਉਂਦਿਆਂ ਕਿਹਾ ‘‘ਕਿ ਕਿਸੇ ਵਿਅਕਤੀ ਨੇ ਆਪਣੇ ਮਾਂ-ਬਾਪ ਨੂੰ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਅਦਾਲਤ ਵਿਚ ਜਾ ਕੇ ਕਹਿਣ ਲੱਗਾ ਕਿ ਮੈਂ ਅਨਾਥ (Orphan) ਹੋ ਗਿਆ ਹਾਂ, ਮੈਨੂੰ ਮਾਫ ਕਰ ਦਿਓ।’’

ਮੈਨੂੰ ਉਸ ਦਾ ਭਾਸ਼ਣ ਅਤੇ ਵਖਿਆਨ ਪੱਤਰਕਾਰੀ ਦੇ  ਪ੍ਰਚਲਿਤ ਅਮਲ (Practice) ਨਾਲ ਕੋਈ ਮੇਲ ਖਾਂਦਾ ਨਾ ਲੱਗਿਆ। ਉਹ ਲਗਾਤਾਰ ਮੈਨੂੰ ਭਾਸ਼ਣ ਦੇ ਰਿਹਾ ਸੀ ਤੇ ਮੇਰੀ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ। ਸਾਰੇ ਅਫਸਰ ਚੁੱਪ ਸਨ ਅਤੇ ਮੈਂ ਵੀ ਉਸ ਦੇ ਹਕੂਮਤੀ ਜਲੌਅ ਅੱਗੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਫੇਰ ਜਨਰਲ ਕਹਿਣ ਲੱਗਿਆ ਕਿ ‘‘ਜਾਓ ਆਪਣੀ ਤਰਫ ਸੇ ਇਸ ਖ਼ਬਰ ਦਾ ਖੰਡਨ ਕਰ ਦਿਓ।’’ ਮੇਰੇ ਜਾਣ ਤੋਂ ਪਹਿਲਾਂ ਜਦੋਂ ਜਨਰਲ ਨੇ ਆਪਣੇ ਤੇਵਰ ਕੁਝ ਨਰਮ ਕਰ ਲਏ ਸਨ ਤਾਂ ਮੈਂ ਹੌਲੇ ਜਿਹੇ ਕਿਹਾ ਕਿ ਇਹ ਖ਼ਬਰ ਅੰਗਰੇਜ਼ੀ ਦੇ ਅਖਬਾਰ ‘ਹਿੰਦੁਸਤਾਨ ਟਾਈਮਜ਼’ ਵਿਚ ਵੀ ਛਪੀ ਹੈ। ‘‘ਜਾਓ ਉਸ ਪੱਤਰਕਾਰ ਕੋ ਵੀ ਲੇ ਕੇ ਆਓ’’ ਜਨਰਲ ਨੇ ਅਫਸਰਾਂ ਨੂੰ ਹੁਕਮ ਚਾੜਿਆ। ਤੁਰੰਤ ਹੀ ਮੈਂ ਦੱਸ ਦਿੱਤਾ ਕਿ ‘‘ਉਸ ਅਖ਼ਬਾਰ ਦੇ ਰਿਪੋਰਟਰ ਡੀ ਕੇ ਈਸ਼ਰ ਅਤੇ ਮੈਂ ਦੋਨਾਂ ਨੇ ਇਹ ਖ਼ਬਰ ਆਪਣੇ ਅਦਾਰਿਆਂ ਲਈ ਫਾਈਲ ਕੀਤੀ ਸੀ। ਈਸ਼ਰ ਦਾ ਪਰਿਵਾਰ ਦਿੱਲੀ ਰਹਿੰਦਾ ਹੈ ਅਤੇ ਉਹ ਛੁੱਟੀ ਲੈ ਕੇ ਦਿੱਲੀ ਚਲਾ ਗਿਆ ਹੈ।’’ ਇਹ ਸੁਣ ਕੇ ਜਨਰਲ ਦੇ ਤੇਵਰ ਕੁਝ ਹੋਰ ਵੀ ਨਰਮ ਹੋ ਗਏ। ਜਿਸ ਨਾਲ ਮੇਰੀ ਪੇਸ਼ੀ ਖਤਮ ਹੋ ਗਈ।

ਫਿਰ ਮੈਂ ਦਫਤਰ ਪਹੁੰਚ ਗਿਆ ਅਤੇ ਸੋਚਦਾ ਰਿਹਾ ਕਿ ਮੈਂ ਆਪਣੀ ਖ਼ਬਰ ਨੂੰ ਆਪਣੇ-ਆਪ ਕਿਵੇਂ ਰੱਦ ਕਰ ਸਕਦਾ ਹਾਂ?  ਮੈਂ ਪੰਡਤ ਹਰਜੀਤ ਸਿੰਘ ਨੂੰ ਫਿਰ ਮਿਲਿਆ। ਉਸ ਨੇ ਕਿਹਾ ‘‘ਖ਼ਬਰ ਤਾਂ ਠੀਕ ਹੈ’’ ਪਰ ਮੈਨੂੰ ਖਤਰਾ ਸੀ ਕਿ ਤੂੰ ਡਰ ਕੇ ਜਨਰਲ ਨੂੰ ਇਹ ਨਾ ਦੱਸ ਦੇਵੇਂ ਕਿ ਉਹ ਖਬਰ ਤੈਨੂੰ ਮੈਂ ਦਿੱਤੀ ਹੈ… ਚੰਗਾ ਹੋਇਆ ਤੰ ਮੇਰੇ ਇੱਜ਼ਤ ਬਣਾਈ ਰੱਖੀ।’’ ਮੈਂ ਜਨਰਲ ਨੂੰ ਖ਼ਬਰ ਦੀ ਤਰਦੀਦ ਖੁਦ ਕਰਨ ਦੀ ਢਿੱਲੀ ਜਿਹੀ ‘ਹਾਂ’ ਇਸ ਕਰਕੇ ਕੀਤੀ ਸੀ, ਜਦੋਂ ਮੈਨੂੰ ਲੱਗਿਆ ਕਿ ਅਫਸਰਾਂ ਦੀ ਹਾਜ਼ਰੀ ਵਿਚ ਜ਼ਰੂਰ ਜਨਰਲ ਮੇਰੇ ਵਿਰੁੱਧ ਕੋਈ ‘ਫੁਰਮਾਨ’ ਜਾਰੀ ਕਰਨ ਵਾਲਾ ਹੈ। ਐੱਸ ਪੀ ਦੇ ਦੁਬਾਰਾ ਤਸਦੀਕ ਕਰਨ ਪਿੱਛੋਂ ਮੈਂ ਬਿਲਕੁੱਲ ਦੜ ਵੱਟ ਗਿਆ। ਫਿਰ ਨਾ ਦੂਜੇ ਦਿਨ, ਨਾ ਹੀ ਤੀਜੇ ਦਿਨ… ਫਿਰ ਕਦੇ ਵੀ ਕਿਸੇ ਸਰਕਾਰੀ ਅਫਸਰ ਨੇ ਮੈਨੂੰ ਨਹੀਂ  ਪੁੱਛਿਆ ਕਿ ਮੈਂ ‘ਖ਼ਬਰ’ ਦੀ ਤਰਦੀਦ ਕਿਉਂ ਨਹੀਂ ਕੀਤੀ। ਫੌਜ ਦੀ ਪੰਜਾਬ ਵਿਚੋਂ ਵਾਪਸੀ (Withdrawl) ਦੀ ਖ਼ਬਰ ਦਾ ਕਦੇ ਸਰਕਾਰੀ ਤੌਰ ਉੱਤੇ ਕਿਸੇ ਹੋਰ ਜਾਂ ਮੀਡੀਏ ਨੇ ਖੰਡਨ ਨਹੀਂ ਕੀਤਾ।
****  ਜਸਪਾਸਿੰਘ ਸਿੱਧੂ ਦਾ ਨਾਮ ਪੱਤਰਕਾਰੀ ਜਗਤ ਵਿੱਚ ਕਿਸੇ ਰਸਮੀ ਜਾਣਕਾਰੀ ਦਾ ਮੁਥਾਜ ਨਹੀਂ ਹੈ। ‘ਅਪਰੇਸ਼ਨ ਬਲਿਊ ਸਟਾਰ’ ਸਮੇਂ ਉਹ ਅਖ਼ਬਾਰੀ ਏਜੰਸੀ (UNI) ਲਈ ਅੰਮ੍ਰਿਤਸਰ ਵਿੱਚ ਪੱਤਰਕਾਰੀ ਕਰਦੇ ਸਨ।

No comments:

Post a Comment