03 June 2011

ਚੋਣਾਂ ਲਈ ਅਕਾਲੀ ਦਲ ਦੀ ਮੁਹਿੰਮ ਖ਼ੁਦ ਸ੍ਰ: ਪ੍ਰਕਾਸ ਸਿੰਘ ਬਾਦਲ ਹੀ ਸੰਭਾਲਣਗੇ

                                                                    -ਬੀ ਐਸ ਭੁੱਲਰ-
       ਬੀਬੀ ਸੁਰਿੰਦਰ ਕੌਰ ਬਾਦਲ ਨਮਿਤ ਮਲੋਟ ਵਿਖੇ ਹੋਈ ਅੰਤਿਮ ਅਰਦਾਸ ਤੋਂ ਇਹ ਪ੍ਰਭਾਵ ਹਾਸਲ ਹੋਇਐ, ਕਿ ਪਾਰਟੀ ਦੀ ਪ੍ਰਧਾਨਗੀ ਸੁਖਬੀਰ ਬਾਦਲ ਦੇ ਹੱਥ ਹੋਣ ਦੇ ਬਾਵਜੂਦ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੀ ਮੁਹਿੰਮ ਖ਼ੁਦ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਹੀ ਸੰਭਾਲਣਗੇ।
       ਇਸ ਵਿੱਚ ਕੋਈ ਸੱਕ ਨਹੀਂ! ਕਿ ਮਨਪ੍ਰੀਤ ਬਾਦਲ ਵੱਲੋਂ ਕੀਤੀ ਬਗਾਵਤ ਦੀ ਵਜ੍ਹਾ ਕਾਰਨ ਰਾਮ ਤੇ ਲਛਮਣ ਵਜੋਂ ਜਾਣੀ ਜਾਂਦੀ ਪਾਸ ਤੇ ਦਾਸ ਦੀ ਜੋੜੀ ਦੇ ਰਾਹ ਵੀ ਅਲੱਗ ਹੋ ਚੁੱਕੇ ਹਨ। ਬੀਬੀ ਸੁਰਿੰਦਰ ਕੌਰ ਬਾਦਲ ਘਰੇਲੂ ਅਤੇ ਵਪਾਰਕ ਕਾਰੋਬਾਰ ਨੂੰ ਸੰਭਾਲਣ ਉਪਰੰਤ ਰਾਜਨੀਤਕ ਸਰਗਰਮੀਆਂ ਵਿੱਚ ਵੀ ਜੋ ਸ੍ਰ: ਬਾਦਲ ਦੀ ਸਭ ਤੋਂ ਵੱਧ ਸਹਿਯੋਗ ਨਿਭਾਇਆ ਕਰਦੀ ਸੀ, ਦੇ ਵਿਛੋੜੇ ਨਾਲ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਡੂੰਘੇ ਸਦਮੇ 'ਚ ਚਲੇ ਗਏ ਸਨ, ਪਰੰਤੂ ਬਿੱਖੜੇ ਰਾਹਾਂ ਦੇ ਪਾਂਧੀ ਇਸ ਬੁੱਢੇ ਜਰਨੈਲ ਨੇ ਆਪਣੇ ਆਪ ਨੂੰ ਇਸ ਕਦਰ ਸੰਭਾਲ ਲਿਆ, ਕਿ ਮਾਨਸਿਕ ਅਤੇ ਸਰੀਰਕ ਪੱਖ ਤੋਂ ਉਹ ਅੱਜ ਪਿਛਲੇ ਦਿਨਾਂ ਦੇ ਮੁਕਾਬਲਤਨ ਕਿਤੇ ਵੱਧ ਮਜਬੂਤ ਦਿਖੇ।
       ਵੱਖ ਵੱਖ ਬੁਲਾਰਿਆਂ ਵੱਲੋਂ ਬੀਬੀ ਬਾਦਲ ਨੂੰ ਭੇਂਟ ਕੀਤੀਆਂ ਜਾਣ ਵਾਲੀਆਂ ਸਰਧਾਂਜਲੀਆਂ ਦਾ ਅਮਲ ਜਦ ਮੁਕੰਮਲ ਹੋਣ ਵਾਲਾ ਸੀ, ਤਾਂ ਮੰਚ ਸੰਚਾਲਕ ਨੂੰ ਇਸਾਰੇ ਨਾਲ ਬੁਲਾ ਕੇ ਸ੍ਰ: ਬਾਦਲ ਨੇ ਇਹ ਹਦਾਇਤ ਕਰ ਦਿੱਤੀ ਕਿ ਨੇਤਾਵਾਂ ਸਮੇਤ ਸੰਗਤਾਂ ਦਾ ਧੰਨਵਾਦ ਸੁਖਬੀਰ ਦੀ ਬਜਾਏ ਉਹ ਖ਼ੁਦ ਕਰਨਗੇ। ਮਾਈਕ ਸੰਭਾਲਦਿਆਂ ਹੀ ਬੜੀ ਸਹਿਜਤਾ ਨਾਲ ਸ੍ਰ: ਬਾਦਲ ਨੇ ਇਹਨਾਂ ਸਬਦਾਂ ਨਾਲ ਸੁਰੂਆਤ ਕੀਤੀ ਕਿ ਦੁੱਖ ਦੀ ਇਸ ਘੜੀ ਵਿੱਚ ਪੰਜਾਬ ਹੀ ਨਹੀਂ ਦੇਸ ਭਰ ਦੇ ਨੇਤਾਵਾਂ ਤੇ ਆਮ ਲੋਕਾਂ ਨੇ ਹਮਦਰਦੀ ਜਾਹਰ ਕਰਕੇ ਉਹਨਾਂ ਦੇ ਪਰਿਵਾਰਕ ਗਮ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ।
       ਸਭ ਤੋਂ ਪਹਿਲਾਂ ਦੇਸ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਜਿਕਰ ਕਰਦਿਆਂ ਸ੍ਰ: ਬਾਦਲ ਨੇ ਕਿਹਾ ਕਿ ਜਦ ਉਹਨਾਂ ਦੀ ਧਰਮ ਪਤਨੀ ਅੱਤ ਦੀ ਗੰਭੀਰ ਸਥਿਤੀ ਵਿੱਚ ਦਾਖਲ ਹੋ ਗਈ ਤਾਂ ਉਹਨਾਂ ਉਚੇਚੇ ਤੌਰ ਤੇ ਕਾਬਲ ਤੋਂ ਫੋਨ ਕਰਕੇ ਨਾ ਸਿਰਫ ਹਮਦਰਦੀ ਦਾ ਪ੍ਰਗਟਾਵਾ ਕੀਤਾ, ਬਲਕਿ ਦੁਨੀਆਂ ਦੇ ਕਾਬਲ ਤੋਂ ਕਾਬਲ ਡਾਕਟਰ ਮੁਹੱਈਆ ਕਰਾਉਣ ਦੀ ਵੀ ਪੇਸਕਸ ਕੀਤੀ। ਇੱਥੇ ਹੀ ਬੱਸ ਨਹੀਂ ਬੀਬੀ ਬਾਦਲ ਦੇ ਵਿਛੋੜਾ ਦੇਣ ਉਪਰੰਤ ਵੀ ਡਾ: ਸਿੰਘ ਨੇ ਫੋਨ ਰਾਹੀਂ ਅਫਸੋਸ ਜਾਹਰ ਕੀਤਾ।
       ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਪ੍ਰਨੀਤ ਕੌਰ ਦਾ ਨਾਂ ਲਏ ਤੋਂ ਵਗੈਰ ਸ੍ਰ: ਬਾਦਲ ਨੇ ਬੀਬੀ ਰਜਿੰਦਰ ਕੌਰ ਭੱਠਲ ਅਤੇ ਹੋਰ ਕਾਂਗਰਸੀ ਆਗੂਆਂ ਦਾ ਜਿਕਰ ਕਰਦਿਆਂ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਕੇਂਦਰੀ ਵਜੀਰਾਂ ਤੋਂ ਇਲਾਵਾ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਸਿਆਸਤ ਤੋਂ ਉਪਰ ਉਠਦਿਆਂ ਉਹਨਾਂ ਦੇ ਪਰਿਵਾਰ ਦਾ ਦੁੱਖ ਵੰਡਾਇਆ,  ਜਿਸ ਲਈ ਉਹ ਸਭ ਦੇ ਸ਼ੁਕਗੁਜਾਰ ਹਨ। ਇਹ ਪਹਿਲੂ ਦਿਲਚਸਪੀ ਤੋਂ ਘੱਟ ਨਹੀਂ ਕਿ ਬੀਬੀ ਬਾਦਲ ਨੂੰ ਸਰਧਾਂਜਲੀ ਭੇਂਟ ਕਰਨ ਵਾਲੇ ਬੁਲਾਰਿਆਂ 'ਚ ਕਾਂਗਰਸ ਵਰਕਿੰਗ ਕਮੇਟੀ ਦੇ ਸਥਾਈ ਸੱਦੇ ਵਾਲੇ ਮੈਂਬਰ ਸ੍ਰ: ਜਗਮੀਤ ਸਿੰਘ ਬਰਾੜ ਦਾ  ਉਚੇਚੇ ਤੌਰ ਤੇ ਜਿਕਰ ਕਰਦਿਆਂ ਇਸ ਘਾਗ ਸਿਆਸਦਾਨ ਨੇ ਉਹਨਾਂ ਵੱਲੋਂ ਬਾਦਲ ਪਤੀ ਪਤਨੀ ਪ੍ਰਤੀ ਇਸਤੇਮਾਲ ਕੀਤੇ ਸਹਿਜ ਤੇ ਸਤਿਕਾਰ ਵਾਲੇ ਸਬਦਾਂ ਦਾ ਹਵਾਲਾ ਦੇ ਕੇ ਇੱਕ ਤੀਰ ਨਾਲ ਕਈ ਨਿਸਾਨੇ ਫੁੰਡ ਲਏ।
                 ਗੱਲ ਇੱਥੇ ਹੀ ਸਮਾਪਤ ਨਹੀਂ ਹੋਈ, ਸਗੋਂ ਮਨਪ੍ਰੀਤ ਬਾਦਲ ਤੇ ਉਸਦੇ ਪਿਤਾ ਸ੍ਰੀ ਗੁਰਦਾਸ ਬਾਦਲ ਦੀ ਮੰਚ ਤੇ ਮੌਜੂਦਗੀ ਨੂੰ ਸੱਭਿਅਕ ਢੰਗ ਨਾਲ ਅਣਗੌਲਿਆ ਕਰਦਿਆਂ ਸ੍ਰ: ਬਾਦਲ ਨੇ ਕਿਹਾ ਕਿ ਸੰਕਟ ਦੇ ਇਸ ਸਮੇਂ ਵਿੱਚ ਸਮੁੱਚੇ ਪਰਿਵਾਰ ਨੇ ਉਹਨਾਂ ਦਾ ਸਾਥ ਨਿਭਾਇਆ, ਦੋਵਾਂ ਪਿਉ ਪੁੱਤਰਾਂ ਦਾ ਨਾਂ ਲਏ ਵਗੈਰ ਉਹਨਾਂ ਸਪਸਟ ਕੀਤਾ ਕਿ ਬਾਦਲ ਪਰਿਵਾਰ ਦਾ ਮਤਲਬ ਸੁਖਬੀਰ, ਹਰਸਿਮਰਤ ਜਾਂ ਉਹਨਾਂ ਤੱਕ ਨਹੀਂ, ਇਹ ਬਹੁਤ ਵੱਡਾ ਹੈ।
                ਭਾਜਪਾ ਦੇ ਆਗੂ ਸ੍ਰੀ ਲਾਲ ਕ੍ਰਿਸਨ ਅਡਵਾਨੀ ਤੋਂ ਲੈ ਕੇ ਸੀ ਪੀ ਆਈ ਦੀ ਕੇਂਦਰੀ ਐਗਜੈਕਟਿਵ ਦੇ ਮੈਂਬਰ ਡਾ: ਜੁਗਿੰਦਰ ਦਿਆਲ ਤੱਕ ਦੇ ਨੇਤਾਵਾਂ ਦੀ ਅੱਜ ਦੇ ਸਰਧਾਂਜਲੀ ਸਮਾਗਮ ਵਿੱਚ ਸਮੂਲੀਅਤ ਨੂੰ ਧੰਨਵਾਦ ਨਾਲ ਸਮੇਟਦਿਆਂ ਸੀਨੀਅਰ ਬਾਦਲ ਨੇ ਜਿਸ ਢੰਗ ਤਰੀਕੇ ਆਪਣੀ ਕਾਬਲੀਅਤ ਦਾ ਸਿਖ਼ਰ ਤੋਂ ਲੈ ਕੇ ਧੁਰ ਥੱਲੇ ਤੱਕ ਸੰਦੇਸ ਦਿੱਤਾ ਹੈ, ਉਸਤੋਂ ਇਹ ਸਪਸਟ ਹੈ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੁਖਬੀਰ ਦੀ ਬਜਾਏ ਅਕਾਲੀ ਦਲ ਦੀ ਮੁਹਿੰਮ ਦਾ ਸੰਚਾਲਨ ਉਹ ਖੁਦ ਕਰਨਗੇ।

No comments:

Post a Comment