27 June 2011

ਜਦੋਂ ਨੌਜਵਾਨ ਆਗੂ ਨੂੰ ਕਿਸੇ ਦੇ ਘਰ 'ਚ ਘੁਸਣਾ ਮਹਿੰਗਾ ਪਿਆ

                                                        - ਇਸ਼ਕ ਬਣਿਆ ਮੁਸ਼ਕ -        


                      - ਕੁੱਟ-ਕੁੱਟ ਕੇ ਕੱਪੜੇ ਲੀਰੋ-ਲੀਰ ਕੀਤੇ -
          ਲੰਬੀ, (ਇਕਬਾਲ ਸਿੰਘ ਸ਼ਾਂਤ)-ਇੱਕ ਨੇੜਲੇ ਪਿੰਡ 'ਚ ਇਸ਼ਕ ਰੋਗ 'ਚ ਖੁੱਭੇ ਇੱਕ ਨੌਜਵਾਨ ਆਗੂ ਨੂੰ ਇੱਕ ਵਿਆਹੁਤਾ ਔਰਤ ਦੇ ਘਰ ਵਿਚ ਘੁਸਣਾ ਕਾਫ਼ੀ ਮਹਿੰਗਾ ਪਿਆ। ਸੂਹ ਲੱਗਣ 'ਤੇ ਔਰਤ ਦੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਆਸ਼ਕ ਆਗੂ ਦੀ ਨਾ ਸਿਰਫ਼ ਖੂਬ ਭੁਗਤ ਸੁਆਰੀ ਬਲਕਿ ਉਸਦੇ ਕੱਪੜੇ ਵੀ ਲੀਰੋ-ਲੀਰ ਕਰ ਦਿੱਤੇ। ਬਾਅਦ ਵਿਚ ਉਸਨੇ ਹੱਥ ਪੈਰ ਜੋੜ 'ਤੇ ਖਹਿੜਾ ਛੁਡਵਾਇਆ ਅਤੇ ਕਿਸੇ ਲਿਹਾਜੀ ਦਾ ਚਾਦਰਾ ਪਿੰਡੇ 'ਤੇ ਪਾ ਕੇ ਘਰ ਅੱਪੜਿਆ।
           ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੀ ਹਕੂਮਤ ਦੇ ਮੁੱਖ ਸੇਵਾਦਾਰ ਦੇ ਇੱਕ ਓ. ਐਸ. ਡੀ. ਦੇ ਨਿੱਜੀ ਸਹਾਇਕ ਵਜੋਂ ਵਿਚਰਦੇ ਇੱਕ ਨੌਜਵਾਨ ਆਗੂ, ਜੋ ਕਿ ਕਾਫ਼ੀ ਰੰਗੀਨ ਮਿਜਾਜ ਦਾ ਮੰਨਿਆ ਜਾਂਦਾ ਹੈ, ਕਥਿਤ ਤੌਰ 'ਤੇ ਆਪਣੇ ਪਿੰਡ ਦੇ ਜਾਣ ਪਹਿਚਾਣ ਦੇ ਕਿਸੇ ਪਰਿਵਾਰ ਦੀ ਨੂੰਹ 'ਤੇ ਟੇਢੀ ਨਿਗਾਹ ਰੱਖਦਾ ਸੀ।
            ਸੁਣਨ ਵਿਚ ਆਇਆ ਹੈ ਕਿ ਪਿੰਡ ਵਿਚ ਕਿਸੇ ਔਰਤ ਦਾ ਪਤੀ ਘਰੋਂ ਬਾਹਰ ਹੋਣ ਦੀ ਸੂਚਨਾ ਮਿਲਣ 'ਤੇ ਉਕਤ 'ਪੀ. ਏ.' ਕਥਿਤ ਤੌਰ 'ਤੇ ਮੌਕਾ ਤਾੜ ਕੇ ਉਸਦੇ ਘਰੇ ਪੁੱਜ ਗਿਆ। ਇਸੇ ਦੌਰਾਨ ਔਰਤ ਦਾ ਪਤੀ ਵੀ ਬੁਖਾਰ ਹੋਣ ਕਰਕੇ ਦਵਾਈ ਲੈਣ ਖਾਤਰ ਘਰੇ ਵਾਪਸ ਪਰਤ ਆਇਆ। ਜਦੋਂ ਉਸਨੇ ਆਪਣੇ  ਘਰ ਵਿਚ ਪੀ.ਏ. ਨੂੰ ਕਥਿਤ ਤੌਰ 'ਤੇ ਆਪਣੇ ਵਾਲੇ ਹਾਲਾਤਾਂ ਵਿਚ ਵੇਖਿਆ ਤਾਂ ਉਸਦਾ ਪਾਰਾ ਅਸਮਾਨ 'ਤੇ ਜਾ ਚੜ੍ਹਿਆ ਤੇ ਉਸਨੇ ਡਾਂਗ ਚੁੱਕ ਲਈ। ਘਰ ਬੰਦ ਕਰਕੇ ਆਪਣੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਆਸ਼ਕ ਆਗੂ ਦੀ ਕੁੱਟ-ਕੁੱਟ ਕੇ ਸਾਰੀ ਆਸ਼ਕੀ ਕੱਢ ਦਿੱਤੀ। ਇਸ ਮਾਰ-ਕੁੱਟ ਵਿਚ ਆਸ਼ਕ ਆਗੂ ਦੇ ਕੱਪੜੇ ਲੀਰੋ-ਲੀਰ ਹੋ ਗਏ।
            ਦੱਸਿਆ ਜਾਂਦਾ ਹੈ ਕਿ ਪਰਿਵਾਰ ਵਾਲਿਆਂ ਨੇ ਉਸਨੂੰ ਘਰ ਵਿਚ ਬੰਦ ਕਰ ਲਿਆ ਪਰ ਉਸਨੇ ਆਪਣੇ ਰੁਤਬੇ ਦਾ ਵਾਸਤਾ ਪਾਉਂਦਿਆਂ ਉਨ੍ਹਾਂ ਦੇ ਪੈਰੀਂ ਪੈ ਕੇ ਬਹੁਤ ਮਿੰਨਤ ਤਰਲੇ ਕੀਤੇ ਪਰ ਖਹਿੜਾ ਨਾ ਛੁੱਟਿਆ। ਬਾਅਦ ਉੁਕਤ ਪੀ. ਏ. ਸਾਬ੍ਹ ਦੇ ਪਰਿਵਾਰਕ ਮੈਂਬਰ ਤੇ ਕੁਝ ਹਮਾਇਤੀਆਂ ਨੇ ਮੌਕੇ 'ਤੇ ਪੁੱਜੇ ਅਤੇ ਮਾਫ਼ੀ ਮੰਗ ਕੇ ਉਸਨੂੰ ਕਥਿਤ ਤੌਰ 'ਤੇ ਇੱਕ ਚਾਦਰੇ ਵਿਚ ਲਪੇਟ ਕੇ ਘਰ ਲਿਆਂਦਾ।
ਇਸ ਘਟਨਾ ਦੀ ਹਲਕੇ ਭਰ ਵਿਚ ਪੂਰੀ ਚਰਚਾ ਹੈ ਤੇ ਪਿੰਡਾਂ ਦੀਆਂ ਸੱਥਾਂ 'ਤੇ ਇਸ ਆਸ਼ਕ ਆਗੂ ਦੀ ਪ੍ਰੇਮ ਕਹਾਣੀ ਪੂਰੇ ਵਿਸਥਾਰ ਨਾਲ ਸੁਣੀ ਅਤੇ ਸੁਣਾਈ ਜਾ ਰਹੀ ਹੈ। ਜਦੋਂਕਿ ਦੂਜੇ ਪਾਸੇ ਹੁਣ ਸ਼ਰਮ ਦੇ ਮਾਰੇ ਆਸ਼ਕ ਆਗੂ ਅੱਜ-ਕੱਲ੍ਹ ਕਮਰਾ ਬੰਦ ਹੋ ਕੇ ਏ. ਸੀ. ਦੀ ਠੰਡੀ ਹਵਾ ਵਿਚ ਵੇਲਾ ਲੰਘਾ ਰਹੇ ਹਨ।
          ਇਸੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਖੇਤਰ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਆਪਹੁਦਰੀਆਂ ਕਰਕੇ ਚਰਚਾ ਵਿਚ ਬਣੇ ਰਹਿਣ ਵਾਲੇ ਉਕਤ ਪੀ. ਏ. ਖਿਲਾਫ਼ ਪਿੰਡ ਵਿਚ ਲਾਮਬੰਦੀ ਸ਼ੁਰੂ ਹੋ ਚੁੱਕੀ ਹੈ। ਸੰਭਾਵਨਾ ਹੈ ਕਿ ਇਹ ਮਾਮਲਾ ਪੁਲਿਸ ਤੱਕ ਵੀ ਪਹੁੰਚਣ ਤੋਂ ਇਲਾਵਾ ਲੋਕ ਮੁਜਾਹਰੇ ਦਾ ਰੂਪ ਵੀ ਧਾਰ ਸਕਦਾ ਹੈ।
          ਜਦੋਂ ਇਸ ਲੰਬੀ ਥਾਣੇ ਵਿਚ ਇਸ ਬਾਰੇ ਕੋਈ ਸ਼ਿਕਾਇਤ ਆਉਣ ਬਾਰੇ ਪੁੱਛਣ ਲਈ ਸੰਪਰਕ ਕਰਨ 'ਤੇ ਜਵਾਬ ਮਿਲਿਆ ਕਿ ਸੁਣਿਆ ਤਾਂ ਅਸੀਂ ਵੀ ਹੈ ਕਿ ਕਾਫ਼ੀ ਕੁਝ ਹੋਇਆ ਐ…. ਪਰ ਸਾਡੇ ਕੋਲ ਅਜੇ ਤੱਕ ਕੋਈ ਪਹੁੰਚਿਆ ਨਹੀਂ।

1 comment:

  1. ਪਿਆਰ ਕੀਆ ਤੋ ਡਰਨਾ ਕਿਆ, ਇਛਕ ਚ ਛਿਤਰ ਤਾਂ ਪੈਦੇ ਹੀ ਹੁੰਦੇ ਆ

    ReplyDelete