30 October 2011

ਕੈਂਸਰ ਰਾਹਤ ਫੰਡ ਸਿਰਫ਼ ਸਰਕਾਰੀ ਤਕਰੀਰਾਂ 'ਚ ਸਿਆਸੀ ਫਿਜ਼ਾ ਦਾ ਸ਼ਿੰਗਾਰ


                  -ਬਹੁਗਿਣਤੀ ਕੈਂਸਰ ਪੀੜਤ ਮਰੀਜ ਮਾਲੀ ਮੱਦਦ ਤੋਂ ਵਾਂਝੇ-
                                                       ਇਕਬਾਲ ਸਿੰਘ ਸ਼ਾਂਤ
           ਲੰਬੀ-ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਮਰੀਜਾਂ ਲਈ 20 ਕਰੋੜ ਰੁਪਏ ਨਾਲ ਕਾਇਮ ਕੀਤਾ ਗਿਆ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਸਿਰਫ਼ ਸਰਕਾਰੀ ਸਟੇਜਾਂ ਤੋਂ ਤਕਰੀਰਾਂ ਰਾਹੀਂ ਸੂਬੇ ਦੀ ਸਿਆਸੀ ਫਿਜ਼ਾ ਦਾ ਸ਼ਿੰਗਾਰ ਬਣ ਰਿਹਾ ਹੈ, ਪਰ ਸੂਬੇ ਦੇ ਬਹੁਗਿਣਤੀ ਕੈਂਸਰ ਪੀੜਤ ਮਰੀਜ ਅੱਜ ਵੀ ਮਾਲੀ ਮੱਦਦ ਤੋਂ ਵਾਂਝੇ ਹਨ।
           ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੜੀ ਸੁਹਿਰਦਤਾ ਨਾਲ ਆਰੰਭੀ ਗਈ ਇਹ ਸਕੀਮ ਦਾ ਕੌੜਾ ਸੱਚ ਹੈ ਕਿ ਕੈਂਸਰ ਦੀ ਬੀਮਾਰੀ ਕਰਕੇ ਤਿੱਲ-ਤਿੱਲ ਮੌਤ ਵੱਲ ਵਧ ਰਹੇ ਮਰੀਜ ਪੰਜਾਬ ਸਰਕਾਰ ਅਤੇ ਕੈਂਸਰ ਦੇ ਹਸਪਤਾਲਾਂ ਦੀ ਲਾਲਫੀਤਾਸ਼ਾਹੀ ਦਾ ਸ਼ਿਕਾਰ ਹੋ ਰਹੇ ਹਨ। ਕਿਉਂਕਿ ਜਿੱਥੇ ਕੈਂਸਰ ਦੇ ਬੀਕਾਨੇਰ ਜਿਹੇ ਨਾਮੀ ਹਸਪਤਾਲਾਂ ਦੇ ਡਾਕਟਰ ਪੰਜਾਬ ਸਰਕਾਰ ਵੱਲੋਂ ਕੈਂਸਰ ਮਰੀਜਾਂ ਲਈ ਜਾਰੀ ਫਾਰਮ ਨੂੰ ਮਨਜੂਰ ਨਹੀਂ ਕਰਦੇ, ਦੂਜੇ ਪਾਸੇ ਪੰਜਾਬ ਸਰਕਾਰ ਦਾ ਸੁਸਤ ਅਤੇ ਨਲਾਇਕ ਢਾਂਚਾ ਉਨ੍ਹਾਂ ਡਾਕਟਰਾਂ ਵੱਲੋਂ ਆਪਣੇ ਫਾਰਮਾਂ 'ਤੇ ਬਣਾਏ ਇਲਾਜ ਅੰਦਾਜ਼ਾ ਰਾਸ਼ੀ (ਐਸਟੀਮੇਟ) ਨੂੰ ਮੰਨਣ  ਨੂੰ ਤਿਆਰ ਨਹੀਂ।
              ਜਿਸਦਾ ਪ੍ਰਤੱਖ ਨਜ਼ਾਰਾ ਅੱਜ ਮੁੱਖ ਮੰਤਰੀ ਦੇ ਜੱਦੀ ਪਿੰਡ ਬਾਦਲ ਵਿਖੇ ਕੈਂਸਰ ਦੀ ਬੀਮਾਰੀ ਨੂੰ ਮੁੱਢਲੇ ਪੜਾਅ 'ਤੇ ਪਹਿਚਾਣਨ ਦੇ ਉਦੇਸ਼ ਨਾਲ 28 ਅਕਤੂਬਰ ਨੂੰ ਲਾਏ ਕੈਂਪ ਵਿਚ ਵੇਖਣ ਨੂੰ ਮਿਲਿਆ। ਜਿੱਥੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਕੈਂਸਰ ਦੇ ਮਰੀਜ ਇਲਾਜ ਨਾਲੋਂ ਜ਼ਿਆਦਾ ਸਰਕਾਰੀ ਮਾਲੀ ਮੱਦਦ ਦੇ ਫਾਰਮ ਜਮ੍ਹਾ ਕਰਵਾਉਣ ਲਈ ਇਸ ਉਮੀਦ ਨਾਲ ਪੁੱਜੇ ਹੋਏ ਸਨ ਕਿ ਸ਼ਾਇਦ ਪਿੰਡ ਬਾਦਲ ਦੀ ਜੂਹ ਵਿਚ ਉਨ੍ਹਾਂ ਦੀ ਸੁਣਵਾਈ ਹੋ ਜਾਵੇ।
            ਮੁੱਖ ਮੰਤਰੀ ਦੇ ਪਿੰਡ ਬਾਦਲ ਵਿਖੇ ਕੱਲ੍ਹ ਐਤਵਾਰ ਨੂੰ ਕੈਂਸਰ ਕੈਂਪ ਲੱਗਣ ਬਾਰੇ ਵੱਡੇ-ਵੱਡੇ ਅਖ਼ਬਾਰੀ ਇਸ਼ਤਿਹਾਰ ਪੜ੍ਹ ਕੇ ਪਹੁੰਚੇ ਕੈਂਸਰ ਦੇ ਮਾਰੇ ਲੋਕਾਂ ਦੀ ਅੱਖਾਂ ਵਿਚ ਜਿੱਥੇ ਸਰਕਾਰ ਪ੍ਰਤੀ ਰੋਸਾ ਸਪੱਸ਼ਟ ਝਲਕ ਰਿਹਾ ਸੀ, ਉਥੇ ਖੁੱਲ੍ਹੇ ਸ਼ਬਦਾਂ ਵਿਚ ਇਸ ਕੈਂਸਰ ਚੈੱਕਅਪ ਕੈਂਪ ਅਤੇ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਨੂੰ ਮਹਿਜ਼ ਸਿਆਸੀ ਛਲਾਵਾ ਕਰਾਰ ਦਿੱਤਾ।
ਗਿੱਦੜਬਾਹਾ ਸਰਵਾਇਕਲ ਕੈਂਸਰ ਨਾਲ ਪੀੜਤ ਪਤਨੀ ਕਾਂਤਾ ਰਾਣੀ ਨੂੰ ਵਿਖਾਉਣ ਲਈ ਕੈਂਪ ਵਿਚ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਨੀ ਨੂੰ ਕੈਂਸਰ ਹੋਣ 13 ਅਪਰੈਲ ਨੂੰ ਖੁਲਾਸਾ ਹੋਇਆ ਸੀ। ਮੌਜੂਦਾ ਸਮੇਂ 'ਚ ਪੀ.ਜੀ.ਆਈ. ਚੰਡੀਗੜ੍ਹ ਤੋਂ ਉਸ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ, ਜੋ ਕਿ ਬਹੁਤ ਮਹਿੰਗਾ ਹੈ। ਉਨ੍ਹਾਂ ਕਿਹਾ ਕਿ ਲਗਪਗ ਚਾਰ ਮਹੀਨੇ ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਬਾਦਲ ਦੇ ਗਿੱਦੜਬਾਹਾ ਵਿਖੇ ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਬਾਦਲ ਦੇ ਸਨਮੁੱਖ ਪੇਸ਼ ਹੋਣ ਉਪਰੰਤ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪੀ.ਜੀ.ਆਈ. ਤੋਂ ਐਸਟੀਮੇਟ ਬਣਵਾ ਕੇ ਲਿਆਉਣ ਲਈ ਕਿਹਾ ਪਰ ਉਥੋਂ ਦੇ ਡਾਕਟਰ ਐਸਟੀਮੇਟ ਬਣਾਉਣ ਤੋਂ ਇਨਕਾਰੀ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਇਲਾਜ 'ਤੇ 4-5 ਲੱਖ ਰੁਪਏ ਖਰਚ ਕਰ ਚੁੱਕਾ ਹੈ ਪਰ ਬਹੁਕਰੋੜੀ ਕੈਂਸਰ ਫੰਡ ਵਿਚੋਂ ਮੱਦਦ ਦੇ ਨਾਂਅ 'ਤੇ ਦਫ਼ਤਰਾਂ ਦੇ ਧੱਕਿਆਂ ਅਤੇ ਸਮੇਂ ਦੀ ਬਰਬਾਦੀ ਤੋਂ ਇਲਾਵਾ ਕੁਝ ਪੱਲੇ ਨਹੀਂ ਪਿਆ।
           ਕੁਝ ਅਜਿਹਾ ਹੀ ਹਾਲ ਗਿੱਦੜਬਾਹਾ ਵਿਖੇ ਸੁਨਿਆਰੇ ਦੇ ਕੰਮ ਨਾਲ ਜੁੜੇ ਬਲਵਿੰਦਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਵੀ ਬੱਚੇਦਾਨੀ ਦੇ ਕੈਂਸਰ ਨਾਲ ਪੀੜਤ ਹਨ। ਉਸਨੇ ਦੱਸਿਆ ਕਿ ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਵੱਲੋਂ ਐਸਟੀਮੇਟ ਨਾ ਲਿਖ ਕੇ ਦੇਣ ਕਰਕੇ ਉਸਨੇ ਸਰਕਾਰੀ ਮੱਦਦ ਤੋਂ ਪਹਿਲਿਆਂ ਹੀ ਤੌਬਾ ਕਰ ਲਈ ਅਤੇ ਹੁਣ ਆਪਣੇ ਪੱਲਿਓਂ ਜਾਂ ਰਿਸ਼ਤੇਦਾਰਾਂ ਦੀ ਮੱਦਦ ਨਾਲ 20-20 ਹਜ਼ਾਰ ਰੁਪਏ ਦੇ ਕੀਮੋ ਦੇ ਟੀਕੇ ਲਗਵਾ ਕੇ ਪਤਨੀ ਦਾ ਇਲਾਜ ਕਰ ਵਾ ਰਿਹਾ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਦਾ ਖੇਤ ਮਜ਼ਦੂਰ ਬੁੱਧ ਰਾਮ, ਜੋ ਕਿ ਗਲੇ ਦੇ ਕੈਂਸਰ ਤੋਂ ਪੀੜਤ ਹਨ। ਉਸਦੀ ਪਤਨੀ ਨੇ ਜਗਮੇਘ ਕੌਰ ਨੇ ਦੱਸਿਆ ਕਿ ਉਸਦੇ ਘਰਵਾਲੇ ਦਾ ਬੀਕਾਨੇਰ ਤੋਂ ਇਲਾਜ ਚੱਲ ਰਿਹਾ ਹੈ। ਪਰ ਡਾਕਟਰ ਵੱਲੋਂ 70 ਹਜ਼ਾਰ ਰੁਪਏ ਦੇ ਐਸਟੀਮੇਟ ਦੇਣ ਦੇ ਬਾਵਜੂਦ ਥਾਂ-ਥਾਂ ਧੱਕੇ ਖਾਣ ਉਪਰੰਤ ਵੀ ਉਨ੍ਹਾਂ ਨੂੰ ਕੈਂਸਰ ਮਰੀਜਾਂ ਵਾਲੀ ਮੱਦਦ ਨਹੀਂ ਮਿਲ ਸਕੀ। ਉਸਨੇ ਦੱਸਿਆ ਗੁਜਾਰਾ ਤਾਂ ਪਹਿਲਾਂ ਹੀ ਔਖਾ ਸੀ ਤੇ ਹੁਣ ਬੀਮਾਰੀ ਨੇ ਜਿਉਂਦੀ ਜੀਅ ਮਾਰ ਘੱਤਿਆ ਹੈ।
              ਇਸੇ ਤਰ੍ਹਾਂ ਕੈਂਪ ਵਿਚ ਪਹੁੰਚੇ ਲੰਬੀ ਹਲਕੇ ਦੇ ਪਿੰਡ ਮਾਨ ਦੇ ਕਿਸਾਨ ਹਰਕੇਸ਼ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਨੂੰ ਪੰਜ ਸਾਲ ਪਹਿਲਾਂ ਛਾਤੀ ਦਾ ਕੈਂਸਰ ਹੋਇਆ ਸੀ ਤੇ ਛਾਤੀ ਕਟਵਾ ਦਿੱਤੀ ਪਰ ਹੁਣ ਕੈਂਸਰ ਨੇ ਮੁੜ ਪੈਰ ਪਸਾਰ ਕੇ ਉਸਦੀ ਪਤਨੀ ਦੇ ਫੇਫੜਿਆਂ ਅਤੇ ਲੀਡਰ 'ਤੇ ਹਮਲਾ ਬੋਲ ਦਿੱਤਾ ਹੈ। ਜ਼ਿੰਦਗੀ ਦੀਆਂ ਡੂੰਘੀਆਂ ਉਦਾਸੀਆਂ ਵਿਚੋਂ ਲੰਘ ਰਹੇ ਹਰਕੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫਾਈਲ ਭਰਨ ਦੇ ਬਾਵਜੂਦ ਕੋਈ ਕੈਂਸਰ ਰਾਹਤ ਮੱਦਦ ਹਾਸਲ ਹੋ ਸਕੀ।
             ਇੱਕ ਮਰੀਜ ਨਾਲ ਪੁੱਜੇ ਮਹਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਕੈਂਸਰ ਰਾਹਤ ਫੰਡ ਤਾਂ ਵਿਧਾਨਸਭਾ ਚੋਣਾਂ ਵਿਚ ਸਰਕਾਰ ਵੱਲੋਂ ਆਪਣੀ ਕੁਰਸੀ ਨੂੰ ਦੁਹਰਾਉਣ ਲਈ ਪ੍ਰਚਾਰਿਆ ਜਾ ਰਿਹਾ ਜਦਕਿ ਅਸਲ ਵਿਚ ਇਹ ਵੀ ਫੋਕਾ ਸਿਆਸੀ ਨਾਅਰਾ ਬਣ ਕੇ ਰਹਿ ਗਿਆ ਹੈ। ਜਦੋਂ ਕਿ ਕੁਝ ਮਹੀਨੇ ਪਹਿਲਾਂ ਇਹ ਕੈਂਸਰ ਮਰੀਜਾਂ ਲਈ ਜ਼ਿੰਦਗੀ ਦੀ ਚਮਕ ਬਣ ਕੇ ਬਹੁੜਿਆ ਸੀ। ਇਸੇ ਤਰ੍ਹਾਂ ਬੱਚੇਦਾਨੀ ਦੇ ਕੈਂਸਰ ਨਾਲ ਪੀੜਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਦੀ ਜਸਪਾਲ ਕੌਰ ਦੇ ਧੀ ਪਰਮਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਦੀ ਮੱਦਦ ਵੀ ਉਨ੍ਹਾਂ ਦੀ ਮਾਂ ਲਈ ਬੇਮਾਇਨੇ ਸਾਬਤ ਹੋ ਰਹੀ ਹੈ। ਬੀਕਾਨੇਰ 'ਚ ਡਾਕਟਰ ਐਸਟੀਮੇਟ ਲਿਖ ਕੇ ਨਹੀਂ ਦਿੰਦੇ ਤੇ ਇਥੋਂ ਦੇ ਹਾਕਮਾਂ ਕੋਲ ਗਰੀਬਾਂ ਦੀ ਸੁਣਨ ਲਈ ਸ਼ਾਇਦ ਸਮਾਂ ਨਹੀਂ।
           ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਕੋਲ ਮਾਮਲਾ ਉਠਾਇਆ ਗਿਆ ਅਤੇ ਉਨ੍ਹਾਂ ਰਵਾਇਤੀ ਸੁਭਾਅ ਵਿਚ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਪਰ ਵਿਧਾਨਸਭਾ ਚੋਣਾਂ ਕਰਕੇ ਹੋਰ ਵਿਉਂਤਬੰਦੀਆਂ ਕੈਂਸਰ ਪੀੜਤਾਂ ਦਾ ਦੁੱਖ ਦਰਦ ਅਜੇ ਘਟਦਾ ਨਜ਼ਰ ਨਹੀਂ ਆ ਰਿਹਾ। ਮੁਕਸਤਰ ਦੇ ਸਿਵਲ ਸਰਜਨ ਡ: ਗੁਰਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ 75 ਕੈਂਸਰ ਮਰੀਜਾਂ ਦੇ ਫਾਰਮ ਭਰਵਾਏ ਗਏ ਹਨ। ਜਿਨ੍ਹਾਂ 'ਤੇ ਕਾਰਵਾਈ ਕਰਕੇ ਅਗਾਮੀ ਕਾਰਵਾਈ ਲਈ ਮੁੱਖ ਮੰਤਰੀ ਦਫ਼ਤਰ ਭੇਜਿਆ ਜਾਵੇਗਾ।

              
                 ਕੈਂਸਰ ਚੈੱਕਅਪ ਕੈਂਪ 'ਚ ਮਰੀਜ ਇੱਧਰ-ਉੱਟਕਦੇ ਰਹੇ
-ਡੇਢ ਵਜੇ ਪੰਡਾਲ ਖਾਲੀ ਕਰਕੇ ਚੱਲਦੇ ਬਣੇ ਬਹੁਤੇ ਡਾਕਟਰ
-ਮਰੀਜਾਂ ਨੂੰ ਅਲਟਰਾਸਾਉਂਡ ਲਈ ਮਲੋਟ-ਬਠਿੰਡਾ ਜਾਣਾ ਪਿਆ
ਲੰਬੀ-ਮੁੱਖ ਮੰਤਰੀ ਦੇ ਪਿੰਡ ਬਾਦਲ 'ਚ 28 ਅਕਤੂਬਰ ਨੂੰ  ਲੱਗੇ ਕੈਂਸਰ ਚੈੱਕਅਪ ਕੈਂਪ ਵਿਚ ਮਰੀਜ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਘਾਟ ਕਰਕੇ ਇੱਧਰ-ਉੱਧਰ ਭਟਕਦੇ ਰਹੇ। ਜਦੋਂ ਕਿ ਦੁਪਿਹਰ 3 ਵਜੇ ਤੱਕ ਚੱਲਣ ਵਾਲੇ ਕੈਂਪ 'ਚ ਕੈਂਸਰ ਮਰੀਜਾਂ ਵਾਲੇ ਪੰਡਾਲ ਵਿਚੋਂ ਵਧੇਰੇ ਡਾਕਟਰ  ਡੇਢ ਵਜੇ ਹੀ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਲੈ ਗਏ।
ਸਰਕਾਰ ਵੱਲੋਂ ਖੂਬ ਪ੍ਰਚਾਰੇ ਗਏ ਇਸ ਕੈਂਪ ਵਿਚ ਜਿੱਥੇ 939 ਮਰੀਜ ਪੁੱਜੇ ਪਰ ਕੈਂਸਰ ਦੇ ਮਰੀਜਾਂ ਦਾ ਦੋਸ਼ ਸੀ ਕਿ ਮੁੱਖ ਮੰਤਰੀ ਦੇ ਪਿੰਡ ਵੀ ਲਇਆ ਇਹ ਕੈਂਪ ਇੱਕ ਸਧਾਰਨ ਕੈਂਪ ਸਾਬਤ ਹੋਇਆ, ਜਿੱਥੇ ਸਰਕਾਰ ਵੱਲੋਂ ਅਲਟਰਾਸਾਊਂਡ ਦੀ ਸਹੂਲਤ ਵੀ ਮੁਹੱਈਆ ਨਹੀਂ ਕਰਵਾਈ ਗਈ ਤੇ ਕੈਂਸਰ ਦੇ ਕਾਫ਼ੀ ਮਰੀਜ ਡਾਕਟਰਾਂ ਦੇ ਕਹਿਣ ਅਨੁਸਾਰ ਅਲਟਰਾ ਸਾਊਂਡ ਲਈ ਮਲੋਟ ਜਾਂ ਬਠਿੰਡਾ ਜਾਂਦੇ ਵੇਖੇ ਗਏ।
ਸੁਖਜੀਤ ਕੌਰ ਵਾਸੀ ਮਲੋਟ ਨੇ ਦੱਸਿਆ ਕਿ ਬੱਚੇਦਾਨੀ ਵਿਚ ਕੈਂਸਰ ਹੈ। ਉਸਨੇ ਦੱਸਿਆ ਕਿ ਬੱਚੇਦਾਨੀ ਤਾਂ ਕਢਵਾ ਦਿੱਤੀ ਪਰ ਹੁਣ ਲੱਤਾਂ-ਬਾਹਾਂ ਵਿਚ ਬਹੁਤ ਦਰਦ ਹੁੰਦਾ ਹੈ ਅਤੇ ਢੂਈ ਦੁਖਦੀ ਹੈ। ਉਨ੍ਹਾਂ ਕੈਂਪ ਵਿਚ ਬੜੀ ਆਸ ਨਾਲ ਆਏ ਸਨ ਅਤੇ ਪਰ ਇੱਥੋਂ ਡਾਕਟਰਾਂ ਨੇ ਅਲਟਰਾ ਸਾਊਂਡ ਬਾਰੇ ਕਹਿ ਕੇ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਬਾਦਲ ਦੇ ਸਿਵਲ ਹਸਪਤਾਲ ਅਲਟਰਾਸਾਊਂਡ ਕਰਵਾਉਣ ਗਏ ਤਾਂ ਉਥੋਂ ਅਲਟਰਾਸਾਊਂਡ 'ਤੇ ਕੋਈ ਕਰਮਚਾਰੀ ਗਾਇਬ ਸੀ। ਇਸੇ ਤਰ੍ਹਾਂ ਬਾਅਦ ਦੁਪਿਹਰ ਲਗਭਗ ਡੇਢ ਵਜੇ ਮੁੜ ਤੋਂ ਕੈਂਪ ਪੁੱਜੇ ਪੱਤਰਕਾਰਾਂ ਨੇ ਵੇਖਿਆ ਤਾਂ ਕੈਂਸਰ ਮਰੀਜਾਂ ਵਾਲੇ ਪੰਡਾਲ ਨੰਬਰ 8 ਵਿਚੋਂ ਡਾਕਟਰ ਗਾਇਬ ਸਨ। ਜਦੋਂ ਕਿ ਮਰੀਜ ਖਾਲੀ ਪੰਡਾਲ ਵੇਖ-ਵੇਖ ਕੇ ਵਾਪਸ ਮੁੜ ਰਹੇ ਸਨ। ਪੱਰਤਾਕਾਰਾਂ ਨੂੰ ਫੋਟੋਆਂ ਖਿੱਚਦੇ ਵੇਖ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਹੋਰ ਡਾਕਟਰ ਨੂੰ ਪੰਡਾਲ 'ਚ ਬਿਠਾਇਆ।
ਮੁਕਤਸਰ ਤੋਂ ਆਏ ਕੈਂਸਰ ਦੇ ਮਰੀਜ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਇੱਥੇ ਚੰਗੇ ਇਲਾਜ ਲਈ ਆਏ ਸਨ ਪਰ ਡਾਕਟਰਾਂ ਨੇ ਪਰਚੀ 'ਤੇ ਲਿਖ ਕੇ ਮੁਕਤਸਰ ਆ ਕੇ ਵਿਖਾਉਣ ਦਾ ਫੁਰਮਾਨ ਸੁਣਾ ਦਿੱਤਾ।
ਇਸੇ ਤਰ੍ਹਾਂ ਪਿੰਡ ਕੱਖਾਂਵਾਲੀ ਦੀਆਂ ਤਿੰਨ ਔਰਤਾਂ ਜਗਦੀਪ ਕੌਰ, ਹਰਬੰਸ ਕੌਰ ਅਤੇ ਅਮਨਦੀਪ ਕੌਰ ਨੇ ਕੈਂਪ ਵਿਖ ਖੱਜਲ ਖੁਆਰੀ ਦੇ ਦੋਸ਼ ਲਾਏ। ਇਸ ਕੈਂਪ ਵਿਚ ਭਾਵੇਂ 939 ਮਰੀਜਾਂ ਦੀ ਜਾਂਚ ਦਾ ਅੰਕੜਾ ਵਿਖਾਇਆ ਗਿਆ ਹੈ  ਪਰ ਮਰੀਜਾਂ ਨਾਲੋਂ ਜ਼ਿਆਦਾ ਨਰਸਾਂ ਅਤੇ ਫਾਰਮਾਸਿਸਟਾਂ ਦੀ ਭੀੜ ਵੱਧ ਵਿਖਾਈ ਗਈ ਸੀ।
ਇਸ ਪੂਰੇ ਕੈਂਪ ਦੌਰਾਨ ਰੋਕੋ ਕੈਂਸਰ ਦੀ ਟੀਮ ਡਾ: ਧਰਮਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਬੜੀ ਤਨਦੇਹੀ ਨਾਲ ਮਰੀਜਾਂ ਦੀ ਜਾਂਚ ਵਿਚ ਲੱਗੀ ਰਹੀ। ਜਿਨ੍ਹਾਂ ਵੱਲੋਂ 31 ਮਰੀਜਾਂ ਦੀ ਮੈਮੋਗ੍ਰਾਫ਼ੀ ਕੀਤੀ ਗਈ। ਜਦੋਂਕਿ ਕੈਂਸਰ ਦੇ 12 ਮਰੀਜਾਂ ਦੀ ਸ਼ਨਾਖਤ ਕੀਤੀ ਗਈ ਜਿਨ੍ਹਾਂ ਵਿਚੋਂ 6 ਨੂੰ ਤੁਰੰਤ ਇਲਾਜ ਦੀ ਜ਼ਰੂਰਤ ਹੈ।
ਇਸ ਬਾਰੇ ਸੰਪਰਕ ਕਰਨ 'ਤੇ ਮੁਕਤਸਰ ਦੇ ਸਿਵਲ ਡਾ: ਗੁਰਦੀਪ ਸਿੰੰਘ ਭੁੱਲਰ ਅਨੁਸਾਰ ਕੈਂਪ ਦੇ ਸਮੇਂਂ ਤਿੰਨ ਵਜੇ ਤੱਕ ਡਾਕਟਰ ਡਿਉਟੀ 'ਤੇ ਤਾਇਨਾਤ ਰਹੇ । ਉਨ੍ਹਾਂ ਦੱਸਿਆ ਕਿ ਵੱਖ-ਵੱਖ ਬੀਮਾਰੀਆਂ ਦੇ 939 ਮਰੀਜਾਂ ਨੇ ਜਾਂਚ ਕਰਵਾਈ। ਉਨ੍ਹਾਂ ਦਾਅਵਾ ਕੀਤਾ ਕਿ ਕੈਂਪ ਬੇਹੱਦ ਸਫ਼ਲ ਰਿਹਾ ਅਤੇ 31 ਮਰੀਜਾਂ ਦੀ ਮੈਮੋਗ੍ਰਾਫ਼ੀ ਅਤੇ ਕੈਂਪ 57 ਮਰੀਜਾਂ ਦੀ ਪੈਪ ਸਮੀਅਰ ਕੀਤੀ ਗਈ।ਅਵਾਮ ਨੂੰ ਬੀਮਾਰੀ ਤੋਂ ਬਚਾਉਣ ਲਈ ਹਰ ਮਨੁੱਖ ਦੀ ਲਾਮਜੀ ਸਿਹਤ ਜਾਂਚ ਤੇ ਸਿਹਤ ਬੀਮਾ ਸਮੇ ਦੀ ਜ਼ਰੂਰਤ : ਬਾਦਲ
ਲੰਬੀ-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਜੋਕੇ ਮਾਹੌਲ ਵਿਚ ਬੀਮਾਰੀਆਂ ਦੇ ਵਧਦੇ ਜਾਲ ਬਾਰੇ ਪੰਜਾਬ ਦੇ ਅਵਾਮ ਨੂੰ ਸਿਹਤ ਪੱਖੋਂ ਸੁਚੇਤ ਕਰਨ ਅਤੇ ਬਚਾਉਣ ਲਈ ਹਰ ਮਨੁੱਖ ਦੀ ਸਮੇਂ-ਸਮੇਂ 'ਤੇ ਲਾਜਮੀ ਡਾਕਟਰੀ ਜਾਂਚ ਅਤੇ ਸਿਹਤ ਬੀਮਾ ਸਮੇਂ ਦੀ ਜ਼ਰੂਰਤ ਹੈ। ਜਿਸ ਲਈ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਪੂਰੀ ਘੋਖ ਉਪਰੰਤ ਕਿਸੇ ਠੋਸ ਨੀਤੀ ਨੂੰ ਅਮਲੀਜਾਮਾ ਪਹਿਨਾਉਣ ਦੀ ਤਜਵੀਜ਼ ਹੈ।
        ਉਹ ਆਪਣੇ ਜੱਦੀ ਪਿੰਡ ਬਾਦਲ ਵਿਖੇ ਕੈਂਸਰ ਦੀ ਮੁੱਢਲੀ ਜਾਂਚ ਅਤੇ ਜਾਗਰੂਕਤਾ ਸਬੰਧੀ ਰਾਜ ਪੱਧਰੀ ਮੁਹਿੰਮ ਤਹਿਤ ਲੱਗੇ ਕੈਂਪ ਦਾ ਉਦਘਾਟਨ ਕਰਨ ਉਪਰੰਤ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
          ਉਨ੍ਹਾਂ ਕਿਹਾ ਕਿ ਕੈਂਸਰ ਦੀ ਬਿਮਾਰੀ ਵਿਸ਼ਵ ਵਿਆਪੀ ਹੈ ਅਤੇ ਇਸਦੇ ਫੈਲਣ ਦੇ ਅਸਲ ਕਾਰਨਾਂ ਸਬੰਧੀ ਹਾਲੇ ਵੀ ਖੋਜ ਜਾਰੀ ਹੈ। ਪਰ ਪੰਜਾਬ ਸਰਕਾਰ ਦੇਸ਼ ਦੀ ਪਹਿਲੀ ਰਾਜ ਸਰਕਾਰ ਹੈ ਜਿਸ ਨੇ ਕੈਂਸਰ ਦੀ ਨਾਮੁਰਾਦ ਬੀਮਾਰੀ ਦੇ ਸ਼ਿਕਾਰ ਮਰੀਜਾਂ ਦੀ ਮਾਲੀ ਮਦਦ ਲਈ ਲਈ ਰਾਜ ਵਿਚ 20 ਕਰੋੜ ਰੁਪਏ ਦਾ ਮੁੱਖ ਮੰਤਰੀ ਕੈਂਸਰ ਰਾਹਤ ਫੰਡ  ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ ਇਸ ਰਾਹਤ ਫੰਡ ਨੂੰ ਵਧਾ ਕੇ 100 ਕਰੋੜ ਰੁਪਏ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਪ੍ਰਤੀ ਜਾਗਰੁਕ ਹੋਣ ਅਤੇ ਸਾਲ ਵਿਚ ਘੱਟੋ ਘੱਟ ਇਕ ਵਾਰ ਆਪਣਾ ਮੈਡੀਕਲ ਚੈਕਅੱਪ ਕਰਵਾਉਣ ਦੀ ਕੋਸ਼ਿਸ ਕਰਿਆ ਕਰਨ। ਉਨ੍ਹਾਂ ਮੌਜੂਦ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਿਹਤ ਬੀਮਾ ਅਤੇ ਸਿਹਤ ਦੀ ਲਾਜਮੀ ਜਾਂਚ ਬਾਰੇ ਠੋਸ ਨੀਤੀ ਬਾਰੇ ਘੋਖ ਕਰਨ ਦੇ ਨਿਰਦੇਸ਼ ਵੀ ਦਿੱਤੇ।
          ਕੈਂਸਰ ਦੀ ਬੀਮਾਰੀ ਹੱਥੋਂ ਆਪਣੇ ਪਿਤਾ ਸ: ਰਘੁਰਾਜ ਸਿੰਘ ਬਾਦਲ, ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਅਤੇ ਚਾਚਾ ਸ: ਗੁਰਰਾਜ ਸਿੰਘ ਨੂੰ ਗੁਆ ਚੁੱਕੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਬੜੀ ਸੁਹਿਰਦਤਾ ਨਾਲ ਕਿਹਾ ਕਿ ਇਹ ਨਾਮੁਰਾਦ ਬੀਮਾਰੀ ਦੇ ਕਹਿਰ ਤੋਂ ਮੇਰਾ ਪਰਿਵਾਰ ਵਾਂਝਾ ਨਹੀਂ ਰਿਹਾ ਹੈ ਅਤੇ ਭਾਵੇਂ ਅਜੇ ਤੱਕ ਕੈਂਸਰ ਦੀ ਬੀਮਾਰੀ ਦੇ ਅਸਲ ਕਾਰਨ ਦੀ ਸੂਹ ਨਹੀਂ ਲਾਈ ਜਾ ਸਕੀ ਹੈ, ਪਰ ਪੰਜਾਬ ਸਰਕਾਰ ਸੂਬੇ ਦੇ ਅਵਾਮ ਨੂੰ ਕੈਂਸਰ ਦੀ ਭਿਅੰਕਰ ਬੀਮਾਰੀ ਤੋਂ ਬਚਾਉਣ ਲਈ ਵਚਨਬੱਧ ਹੈ। ਜਿਸਦੇ ਤਹਿਤ ਸੂਬੇ ਵਿਚ ਅਗਲੇ ਤਿੰਨ ਮਹੀਨਿਆਂ ਵਿਚ ਪੰਜਾਬ ਭਰ ਵਿਚ ਅਜਿਹੇ 300 ਕੈਂਪ ਲਗਾਏ ਜਾਣਗੇ। ਜ਼ਿਨ੍ਹਾਂ ਵਿਚ ਪੰਜਾਬ ਸਰਕਾਰ ਵੱਲੋਂ ਕੈਂਸਰ ਦੀ ਰੋਕਥਾਮ ਲਈ ਚੁੱਕੇ ਗਏ ਕਦਮਾਂ ਸੰਬੰਧੀ ਲੋਕਾਂ ਵਿਚ ਜਾਗਰੁਕਤਾ ਪੈਦਾ ਕਰਨ ਅਤੇ ਮੌਕੇ 'ਤੇ ਹੀ ਕੈਂਸਰ ਦੀ ਮੁੱਢਲੀ ਜਾਂਚ ਦੇ ਟੈਸਟ ਮੁਫ਼ਤ ਕੀਤੇ ਜਾਣਗੇ। ਜ਼ਿਨ੍ਹਾਂ ਵਿਚ ਮੈਮੋਗ੍ਰਾਫੀ ਅਤੇ ਪੈਪ ਸਮੀਅਰ ਟੈਸਟ ਦੀ ਸੁਵਿਧਾ ਸ਼ਾਮਿਲ ਹੈ। ਮੁੱਖ ਮੰਤਰੀ ਨੇ ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ਰੋਕੋ ਕੈਂਸਰ ਵੱਲੋਂ ਕੈਂਸਰ ਵਿਰੁੱਧ ਵਿੱਢੀ ਮੁਹਿੰਮ ਦੀ ਖੁੱਲ੍ਹਦਿਲੀ ਨਾਲ ਸ਼ਲਾਘਾ ਕੀਤੀ।
             ਸ੍ਰੀ ਬਾਦਲ ਨੇ ਕਿਹਾ ਕਿ ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਪੰਜਾਬ ਵਿਚ ਮੁਹਾਲੀ ਅਤੇ ਬਠਿੰਡਾ ਵਿਚ ਦੋ ਨਵੇਂ ਮਲਟੀ ਸਪੈਸਲਟੀ ਹਸਪਤਾਲ ਸਥਾਪਿਤ ਕੀਤੇ ਗਏ ਹਨ। ਇਸਤੋਂ ਬਿਨ੍ਹਾਂ ਤਿੰਨਾਂ ਮੈਡੀਕਲ ਕਾਲਜਾਂ ਫਰੀਦਕੋਟ, ਸ੍ਰੀ ਅਮ੍ਰਿਤਸਰ ਸਾਹਿਬ ਅਤੇ ਪਟਿਆਲਾ ਵਿਚ ਵੀ ਇਸ ਦੇ ਇਲਾਜ ਲਈ ਸੁਵਿਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦੀ ਬਿਮਾਰੀ ਦਾ ਪਹਿਲੀ ਸਟੇਜ 'ਤੇ ਹੀ ਪਤਾ ਲੱਗ ਜਾਵੇ ਤਾਂ ਇਲਾਜ ਸੰਭਵ ਹੈ ਇਸ ਲਈ ਸਰਕਾਰ ਨੇ ਮੁੱਢਲੀ ਸਟੇਜ 'ਤੇ ਹੀ ਕੈਂਸਰ ਦੀ ਬਿਮਾਰੀ ਦਾ ਪਤਾ ਲਗਾਉਣ ਅਤੇ ਕੈਂਸਰ ਦੇ ਮਰੀਜਾਂ ਦੀ ਪੰਜਾਬ ਵਿਚ ਅਸਲ ਗਿਣਤੀ ਦਾ ਪਤਾ ਲਗਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਸਾਡੇ ਮੁਲਕ ਵਿਚ ਕੇਂਦਰ ਸਰਕਾਰ ਕੋਲ ਹੀ ਸਾਰੀਆਂ ਵਿੱਤੀ ਸ਼ਕਤੀਆਂ ਹਨ ਅਤੇ ਰਾਜ ਸਰਕਾਰਾਂ ਕੋਲ ਆਮਦਨ ਦੇ ਬਹੁਤ ਘੱਟ ਵਸੀਲੇ ਹਨ। ਜਿਸ ਕਾਰਨ ਰਾਜ ਸਰਕਾਰਾਂ ਚਾਹ ਕੇ ਵੀ ਸਿਹਤ ਆਦਿ ਵਰਗੀਆਂ ਜਰੂਰੀ ਸੇਵਾਵਾਂ  ਉਪਲਬੱਧ ਕਰਵਾਉਣ ਲਈ ਸੀਮਤ ਸਾਧਨ ਹੀ ਖਰਚ ਕਰ ਸਕਦੀਆਂ ਹਨ। ਪਰ ਫਿਰ ਵੀ ਪੰਜਾਬ ਸਰਕਾਰ ਬੇਹਤਰ ਸਿਹਤ ਸਹੁਲਤਾਂ ਲੋਕਾਂ ਨੂੰ ਉਪਲਬੱਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੇਜੇ ਜਾਂਦੇ ਪ੍ਰੋਜੈਕਟਾਂ ਪ੍ਰਤੀ ਵੀ ਕੇਂਦਰ ਸਰਕਾਰ  ਦਾ ਰਵਈਆਂ ਨਾਂਹ ਪੱਖੀ ਹੀ ਹੁੰਦਾ ਹੈ।
          ਇਸ ਮੌਕੇ ਡਾ. ਐਸ. ਐਸ. ਗਿੱਲ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਫਰੀਦਕੋਟ ਯੂਨੀਵਰਸਿਟੀ ਵਿਖੇ ਕੈਂਸਰ ਦੇ ਮਰੀਜਾਂ ਦੇ ਇਲਾਜ ਲਈ ਵਿਸੇਸ਼ ਸੈਲ ਸਥਾਪਿਤ ਕੀਤਾ ਗਿਆ ਹੈ ਜਿੱਥੇ ਮਰੀਜਾਂ ਨੂੰ ਮੁਫ਼ਤ ਟੈਸਟ ਅਤੇ ਮੁਫ਼ਤ ਇਲਾਜ ਮੁਹਈਆ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਡਾ: ਜੇ.ਪੀ. ਸਿੰਘ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਨੇ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਵੀ ਕੈਂਸਰ ਰਾਹਤ ਫੰਡ ਵਿਚੋਂ ਸਹਾਇਤਾ ਲੈਣ ਲਈ ਮਰੀਜ਼ ਅਰਜੀ ਸਿਵਲ ਸਰਜਨ ਦਫ਼ਤਰ ਵਿਚ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਮੁੱਢਲੀ ਜਾਂਚ ਕੈਂਪ  ਵਿਚ 1 ਹਜ਼ਾਰ ਤੋਂ ਵਧੇਰੇ ਮਰੀਜਾਂ ਦੀ ਰਜਿਸਟਰੇਸ਼ਨ ਹੋਈ ਹੈ।
              ਇਸ ਮੌਕੇ ਰੋਕੋ ਕੈਂਸਰ ਦੇ ਪੰਜਾਬ ਇੰਚਾਰਜ਼ ਧਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਲਈ ਬਣਾਈ ਮੋਬਾਇਲ ਕੈਂਸਰ ਰੋਕੋ ਵੈਨ ਵੱਲੋਂ 365 ਮਰੀਜਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿਚੋਂ 31 ਦੀ ਮੈਮੇਗਰਾਫ਼ੀ ਕੀਤੀ ਗਈ। ਉਨ੍ਹਾਂ ਦੱਸਿਆ ਕਿ 12 ਮਰੀਜ ਸ਼ੱਕੀ ਪਾਏ ਗਏ।
            ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ, ਮਾਰਕਫੱੈਡ ਦੇ ਨਿਰਦੇਸ਼ਕ ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ, ਜ਼ਿਲਾ ਵਿਕਾਸ ਬੋਰਡ ਦੇ ਚੇਅਰਮੈਨ ਹਰਮੀਤ ਸਿੰਘ ਭੀਟੀਵਾਲਾ, ਬਲਕਰਨ ਸਿੰਘ ਬੱਲਾ ਨਿੱਜੀ ਸਕੱਤਰ ਮੁੱਖ ਮੰਤਰੀ, ਰੋਕੋ ਕੈਂਸਰ ਦੇ ਪੰਜਾਬ ਇੰਚਾਰਜ਼ ਧਰਮਿੰਦਰ ਸਿੰਘ ਦਿਓਲ, ਗੁਰਦੀਪ ਸਿੰਘ ਭੁੱਲਰ ਸਿਵਲ ਸਰਜਨ, ਬਲਬੀਰ ਸਿੰਘ ਐਸ. ਡੀ. ਐਮ. ਮਲੋਟ ਅਤੇ ਰਾਕੇਸ਼ ਢੀਂਗੜਾ, ਡਾ: ਰੀਟਾ ਗੁਪਤਾ ਵੀ ਮੌਜੂਦ ਸਨ।

No comments:

Post a Comment