Showing posts with label Gurdas Singh Badal. Show all posts
Showing posts with label Gurdas Singh Badal. Show all posts

29 January 2012

ਆਪਣੀ ਦਿਸ਼ਾ ਦੀ ਉਡੀਕ 'ਚ ਸੂਬੇ ਦੀ ਸਿਆਸਤ ਦਾ 'ਦਿਸ਼ਾਕਾਰ' ਲੰਬੀ ਹਲਕਾ

        'ਵਿਕਾਸ ਫੈਕਟਰ' ਨਾਲੋਂ ਜ਼ਿਆਦਾ ਅਸਰਦਾਰ ਵਿਖਾਈ ਦੇ ਰਿਹੈ 'ਦਾਸ' ਅਤੇ 'ਡੇਰਾ' ਫੈਕਟਰਾਂ ਦਾ ਪ੍ਰਭਾਵ
                                                              -ਇਕਬਾਲ ਸਿੰਘ ਸ਼ਾਂਤ-
ਲੰਬੀ  : ਪਿਛਲੇ ਕਈ ਦਹਾਕਿਆਂ ਤੋਂ ਸੂਬੇ ਦੀਆਂ ਸਿਆਸੀ ਸਫ਼ਾਂ ਨੂੰ ਦਿਸ਼ਾ ਦੇਣ ਵਾਲੀ ਲੰਬੀ ਦੀ ਸਿਆਸਤ ਅੱਜ ਖੁਦ ਆਪਣੀ ਦਿਸ਼ਾ ਲਈ 30 ਜਨਵਰੀ ਦੀ ਉਡੀਕ ਕਰ ਰਹੀ ਹੈਇੱਥੋਂ ਦੇ ਚੋਣ ਦੰਗਲ ਵਿਚ ਮੌਜੂਦਾ ਸਮੇਂ ਵਿਚ ਉੱਤਰ ਭਾਰਤ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਸਕੇ ਭਰਾ ਸ. ਗੁਰਦਾਸ ਸਿੰਘ ਸਿੰਘ (ਪੀ.ਪੀ.ਪੀ.) ਅਤੇ ਚਚੇਰੇ ਭਰਾ ਸ. ਮਹੇਸ਼ਇੰਦਰ ਸਿੰਘ ਬਾਦਲ (ਕਾਂਗਰਸ) ਦੀ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ
               1,37,797 ਵੋਟਰਾਂ ਵਾਲੇ ਹਲਕੇ ਲੰਬੀ ਦੇ ਚੋਣ ਪਿੜ ਦਾ ਨਜ਼ਾਰਾ ਹਾਕਮ ਧਿਰ ਦੇ 'ਵਿਕਾਸ ਫੈਕਟਰ' ਨਾਲੋਂ ਜ਼ਿਆਦਾ 'ਦਾਸ ਫੈਕਟਰ' ਅਤੇ 'ਡੇਰਾ ਫੈਕਟਰ' ਦੇ ਪ੍ਰਭਾਵ ਹੇਠ ਜ਼ਿਆਦਾ ਵਿਖਾਈ ਰਿਹਾ ਹੈ, ਜਿਸਨੇ ਪੰਜਾਬ ਦੀ ਸਿਆਸਤ ਦੇ ਸ਼ਾਹ-ਅਸਵਾਰ ਵਜੋਂ ਪ੍ਰਵਾਨਤ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਸਿਆਸੀ ਮੁਸ਼ਕਿਲਾਂ ਵਧਾ ਰੱਖੀਆਂ ਹਨ
ਹਰਿਆਣਾ ਅਤੇ ਰਾਜਸਥਾਨ ਦੇ ਨਾਲ ਖਹਿੰਦੇ 73 ਪਿੰਡਾਂ 'ਤੇ ਆਧਾਰਤ ਹਲਕੇ ਲੰਬੀ ਵਿਚ ਆਜ਼ਾਦੀ ਦੇ ਬਾਅਦ ਭਾਵੇ ਹੁਣ ਤੱਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਇਸ ਚੋਣ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਹਨ ਪਰ ਸ. ਤੇਜਾ ਸਿੰਘ ਬਾਦਲ ਹੁਰਾਂ ਦੀ ਰਹਿਨੁਮਾਈ ਸਦਕਾ ਨਾਇਬ ਤਹਿਸੀਲਦਾਰ ਦੇ ਸੁਫ਼ਨਿਆਂ ਤੋਂ ਚਾਰ ਵਾਰ ਸੂਬੇ ਦੇ ਹੁਕਮਰਾਨ ਦਾ ਸੁੱਖ ਮਾਣਨ ਵਾਲੇ 'ਪਾਸ਼' ਦਾ ਸਿਆਸੀ ਵੱਕਾਰ ਹੀ ਭਾਰੂ ਰਿਹਾ ਹੈ ਜਿਸਨੂੰ ਸ. ਤੇਜਾ ਸਿੰਘ ਦੇ ਸਾਊ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਪੁੱਤਰ ਸ. ਮਹੇਸ਼ਇੰਦਰ ਸਿੰਘ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ 2002 ਅਤੇ 2007 ਤੋਂ ਲਗਾਤਾਰ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਖ਼ਤ ਮੁਕਾਬਲਾ ਦਿੰਦੇ ਆ ਰਹੇ ਹਨਉਨ੍ਹਾਂ 'ਤੇ ਕਾਂਗਰਸ ਨੇ ਲਗਾਤਾਰ ਦੂਜੀ ਵਾਰ ਦਾਅ ਲਾ ਕੇ ਇੱਕ ਵਾਰ ਫ਼ੇਰ ਪਰਕਾਸ਼ ਸਿੰਘ ਬਾਦਲ ਨੂੰ ਘੇਰਨ ਦਾ ਕੰਮ ਕੀਤਾ ਹੈ
ਐਤਕੀਂ ਤ੍ਰਿਕੋਣੇ ਮੁਕਾਬਲੇ ਵਿਚ ਉਲਝੇ ਪ੍ਰਕਾਸ਼ ਸਿੰਘ ਬਾਦਲ ਨੂੰ 2007 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਉਨ੍ਹਾਂ ਦੇ ਸਿਆਸੀ ਗੁਰੂ ਸ. ਤੇਜਾ ਸਿੰਘ ਬਾਦਲ ਦੇ ਸਪੁੱਤਰ ਸ. ਮਹੇਸ਼ਇੰਦਰ ਸਿੰਘ ਬਾਦਲ (ਕਾਂਗਰਸ) ਪਾਸੋਂ ਬੇਹੱਦ ਸਖ਼ਤ ਟੱਕਰ ਮਿਲੀ ਸੀਉਸ ਮੌਕੇ ਕੁੱਲ ਪਈਆਂ ਵੋਟਾਂ 1,09, 595 ਵਿਚੋਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ 56,282 ਅਤੇ ਮਹੇਸ਼ਇੰਦਰ ਸਿੰਘ ਬਾਦਲ ਨੂੰ 47,095 ਵੋਟਾਂ ਮਿਲੀਆਂ ਸਨਇਸੇ ਸਖ਼ਤ ਟੱਕਰ ਸਦਕਾ ਪ੍ਰਕਾਸ਼ ਸਿੰਘ ਬਾਦਲ ਦੀ ਸੰਨ 2002 ਦੀ 23929 ਵੋਟਾਂ ਦੇ ਅੰਤਰ ਨਾਲ ਹੋਈ ਜਿੱਤ, ਸੰਨ 2007 ਵਿਚ ਮਹਿਜ਼ 9187 ਵੋਟਾਂ ਤੱਕ ਸਿਮਟ ਕੇ ਰਹਿ ਗਈ ਸੀ
ਪਿਛਲੇ 65 ਵਰ੍ਹਿਆਂ ਤੋਂ ਪਰਕਾਸ਼ ਸਿੰਘ ਬਾਦਲ ਦੀ ਚੋਣ ਮੁਹਿੰਮਾਂ ਨੂੰ 'ਜਰਨੈਲ' ਵਜੋਂ ਚਲਾਉਂਦੇ ਰਹੇ ਉਨ੍ਹਾਂ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਵੀ ਪੀ. ਪੀ. ਪੀ. ਦੇ ਗਠਨ ਉਪਰੰਤ ਬਦਲੇ ਸਿਆਸੀ ਹਾਲਾਤਾਂ ਵਿਚ ਉਨ੍ਹਾਂ ਦੇ ਵਿਰੁੱਧ ਮੈਦਾਨ ਵਿਚ ਡਟੇ ਹਨਉਨ੍ਹਾਂ (ਦਾਸ) ਦਾ ਲੰਬੀ ਹਲਕੇ ਵਿਚ ਆਪਣਾ ਵਿਸ਼ੇਸ਼ ਆਧਾਰ ਹੈ ਅਤੇ ਪਿਛਲੇ ਵਰ੍ਹੇ ਤੱਕ ਮੁਕਤਸਰ ਜ਼ਿਲ੍ਹੇ ਵਿਚ ਅਕਾਲੀ ਦਲ ਦੀ ਹਰੇਕ ਵਿਉਂਤਬੰਦੀ ਦੇ ਸਿਰਜਣਹਾਰ ਰਹੇ 'ਦਾਸ' ਨੂੰ ਅਜਿਹਾ ਮਾਣ ਪ੍ਰਾਪਤ ਹੈ ਕਿ ਮੁਕਤਸਰ, ਬਠਿੰਡਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਬਹੁਗਿਣਤੀ ਸਥਾਪਿਤ ਅਕਾਲੀ ਆਗੂ ਉਨ੍ਹਾਂ ਦੀ ਸਿਆਸੀ ਬਰਗਦ ਰੂਪੀ ਸ਼ਖਸੀਅਤ ਹੇਠ ਵਧੇ ਫੁੱਲੇ ਹਨਇਸਦੇ ਇਲਾਵਾ ਲੰਬੀ ਹਲਕੇ ਦੇ ਹਰੇਕ ਰਾਹ ਅਤੇ ਪਹੀ ਤੋਂ ਇਲਾਵਾ ਇੱਕ-ਇੱਕ ਵਰਕਰ ਦਾ ਨਾਂ ਲੰਬੀ ਹਲਕੇ ਵਿਚ ਮੁੱਖ ਮੰਤਰੀ ਦੇ ਪਰਛਾਵੇਂ ਵਜੋਂ ਵਿਚਰਦੇ ਰਹੇ 82 ਸਾਲਾ 'ਦਾਸ' ਦੀਆਂ ਉਂਗਲਾਂ 'ਤੇ ਦਰਜ ਹੈਇਹੋ ਦਰਜ ਅੰਕੜੇ ਅੱਜ ਅਕਾਲੀ ਦਲ ਲਈ ਕਾਂਗਰਸ ਨਾਲੋਂ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਹੇ ਹਨਕਿਉਂਕਿ ਕਾਂਗਰਸ ਦਾ ਪੱਕਾ ਵੋਟ ਬੈਂਕ ਬਿਲਕੁੱਲ ਸਾਮਹਣੇ ਵਿਰੋਧ ਵਿਚ ਖੜ੍ਹਾ ਹੈ ਜਦੋਂਕਿ ਪੀ.ਪੀ.ਪੀ. ਦੇ ਉਮੀਦਵਾਰ ਸ. ਗੁਰਦਾਸ ਸਿੰਘ ਬਾਦਲ ਵੱਲੋਂ ਵਿੰਨ੍ਹ-ਵਿੰਨ੍ਹ ਮਾਰੇ ਜਾ ਰਹੇ ਅੰਦਰੂਨੀ ਤੀਰ ਅਕਾਲੀ ਦਲ ਨੂੰ ਵੱਡਾ ਖੋਰਾ ਲਾਉਣ ਵਿਚ ਅਹਿਮ ਰੋਲ ਨਿਭਾ ਸਕਦੇ ਹਨਇਸਦੇ ਇਲਾਵਾ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਦੇ ਕੌਮੀ ਜਨਰਲ ਸਕੱਤਰ ਜਸਵਿੰਦਰ ਸਿੰਘ ਧੌਲਾ ਦੇ ਆਜ਼ਾਦ ਉਮੀਦਵਾਰ ਵਜੋਂ ਉਤਰਨਾ ਵੀ ਅਕਾਲੀ ਦਲ ਲਈ ਦੂਸਰੀ ਖ਼ਤਰੇ ਦੀ ਘੰਟੀ ਬਣਿਆ ਹੋਇਆ ਹੈ
ਲਗਭਗ 62 ਹਜ਼ਾਰ ਦੀ ਜੱਟ ਸਿੱਖ ਆਬਾਦੀ ਅਤੇ 40 ਹਜ਼ਾਰ ਦੇ ਕਰੀਬ ਦਲਿਤ ਵੋਟਰਾਂ ਵਾਲੇ ਹਲਕੇ ਵਿਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੀ ਗਿਣਤੀ 14-15 ਹਜ਼ਾਰ ਦੇ ਕਰੀਬ ਮੰਨੀ ਜਾਂਦੀ ਹੈਸੂਤਰਾਂ ਅਨੁਸਾਰ ਇਨ੍ਹਾਂ ਵਿਚੋਂ 65 ਫ਼ੀਸਦ ਡੇਰਾ ਸ਼ਰਧਾਲੂਆਂ ਵੱਲੋਂ ਵੋਟਾਂ ਸਮੇਂ ਡੇਰੇ ਦੇ ਹੁਕਮਾਂ ਨੂੰ ਨਿਰੋਲ ਰੂਪ ਵਿਚ ਸਿਰ ਮੱਥੇ ਮੰਨਿਆ ਜਾਂਦਾ ਹੈ
ਹਲਕੇ ਵਿਚ ਸੇਮ ਦੀ ਸਮੱਸਿਆ, ਨਸ਼ਾਖੋਰੀ, ਬੇਰੁਜ਼ਗਾਰੀ ਅਤੇ ਬੇਵਿਉਂਤਾ ਵਿਕਾਸ ਚੋਣ ਪਿੜ ਦਾ ਭਖਵਾਂ ਮੁੱਦਾ ਬਣੇ ਹੋਏ ਹਨਇਸਦੇ ਇਲਾਵਾ ਹਲਕੇ ਵਿਚ ਹਾਕਮ ਦੇ ਕਥਿਤ ਝੰਡਾਬਰਦਾਰਾਂ 'ਵਿਚੋਲਿਆਂ' ਵੱਲੋਂ ਸਰਕਾਰੀ ਫੰਡਾਂ ਵਿਚ ਦੁਰਵਰਤੋਂ ਅਤੇ ਊਣਤਾਈਆਂ ਖਿਲਾਫ਼ ਲੋਕਾਂ ਵਿਚ ਭਰਵਾਂ ਰੋਸ ਵੀ ਇੱਕ ਅਹਿਮ ਮੁੱਦਾ ਹੈ ਜਿਸ 'ਤੇ ਠੱਲ੍ਹ ਪਾਉਣ ਅਕਾਲੀ ਦਲ ਦੀ ਸਟਾਰ ਪ੍ਰਚਾਰਕ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਚੋਣ ਜਲਸਿਆਂ ਵਿਚ 'ਵਿਚੋਲਿਆਂ' 'ਤੇ ਖੂਬ ਰਗੜੇ ਲਾ ਕੇ ਲੋਕਾਂ ਦੇ ਗੁੱਸੇ 'ਤੇ ਠੰਢਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ
72230 ਪੁਰਸ਼ ਅਤੇ 65567 ਔਰਤ ਵੋਟਰਾਂ 'ਤੇ ਆਧਾਰਤ ਲੰਬੀ ਦੇ ਚੋਣ ਪਿੜ ਵਿਚ ਜਿੱਥੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਵਾਰ ਸ. ਪ੍ਰਕਾਸ਼ ਸਿੰਘ ਬਾਦਲ ਹਲਕੇ ਵਿਚ ਦਿੱਤੀਆਂ ਗਰਾਂਟਾਂ ਦੇ ਆਧਾਰ 'ਤੇ ਹੋਏ ਵਿਕਾਸ ਦੇ ਨਾਂਅ 'ਤੇ ਵੋਟਾਂ ਮੰਗ ਰਹੇ ਹਨ, ਉਥੇ ਕਾਂਗਰਸ ਦੇ ਉਮੀਦਵਾਰ ਸ. ਮਹੇਸ਼ਇੰਦਰ ਸਿੰਘ ਬਾਦਲ ਆਪਣੀ ਚੋਣ ਮੁਹਿੰਮ ਵਿਚ ਹਲਕੇ ਦੇ 47 ਪਿੰਡਾਂ ਵਿਚ ਡੇਢ ਦਹਾਕੇ ਤੋਂ ਸੇਮ ਦੀ ਸਮੱਸਿਆ ਤੇ ਬੇਵਿਉਂਤੇ ਵਿਕਾਸ ਲਈ ਅਕਾਲੀ ਸਰਕਾਰ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਫੇਲ੍ਹ ਕਰਾਰ ਦਿੰਦਿਆਂ ਹਲਕੇ ਦੇ ਬਹੁਪੱਖੀ ਵਿਕਾਸ ਲਈ ਉਨ੍ਹਾਂ (ਮਹੇਸ਼ਇੰਦਰ) ਨੂੰ ਇੱਕ ਮੌਕਾ ਦਿੱਤੇ ਜਾਣ ਦੀ ਅਪੀਲ ਕਰ ਰਹੇ ਹਨ
ਇਸ ਤੋਂ ਇਲਾਵਾ ਅਕਾਲੀ ਦਲ ਨੂੰ 80 ਫ਼ੀਸਦੀ ਅਤੇ ਕਾਂਗਰਸ ਲਈ 20 ਫ਼ੀਸਦੀ ਨੁਕਸਾਨ ਦਾ ਸੂਚਕ ਬਣ ਰਹੇ ਪੀ.ਪੀ.ਪੀ. ਦੇ ਉਮੀਦਵਾਰ ਸ. ਗੁਰਦਾਸ ਸਿੰਘ ਬਾਦਲ ਵੱਲੋਂ ਅਕਾਲੀ ਵਿਚ ਫੈਲੇ ਭ੍ਰਿਸ਼ਟਚਾਰ ਅਤੇ ਨਿਜ਼ਾਮ ਬਦਲਣ ਲਈ ਲੋਕਾਂ ਤੋਂ ਹਮਾਇਤ ਦੀ ਅਪੀਲ ਕਰ ਰਹੇ ਹਨ
ਇਸ ਚੋਣ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਪ੍ਰਵੀਨ ਕੁਮਾਰੀ, ਲੋਕ ਜਨ ਸ਼ਕਤੀ ਪਾਰਟੀ ਵੱਲੋਂ ਕਿਰਨਜੀਤ ਸਿੰਘ ਗਹਿਰੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਕਬਾਲ ਸਿੰਘ, ਪੰਜਾਬ ਲੇਬਰ ਪਾਰਟੀ ਵੱਲੋਂ ਗੁਰਮੀਤ ਸਿੰਘ ਰੰਘਰੇਟਾ ਤੋਂ ਇਲਾਵਾ ਆਜ਼ਾਦ ਉਮੀਦਵਾਰ ਵਜੋਂ ਈਸ਼ਵਰ ਦਾਸ਼ ਸਿੰਘ ਸਿੱਧੂ, ਪੂਰਨ ਸਿੰਘ ਅਤੇ ਨੱਛਤਰ ਸਿੰਘ ਵੀ ਕਿਸਮਤ ਅਜ਼ਮਾ ਰਹੇ ਹਨ
ਲੰਬੀ ਦੇ ਤ੍ਰਿਕੋਣੇ ਮੁਕਾਬਲੇ ਵਿਚ 'ਦਾਸ' ਦੇ ਸਿਆਸੀ ਵਜ਼ਨ ਦੀ ਪੜਚੋਲ ਦੇ ਇਲਾਵਾ ਡੇਰਾ ਸ਼ਰਧਾਲੂਆਂ ਦੇ ਰੁੱਖ 'ਤੇ ਵੀ ਅਕਾਲੀ ਦਲ ਅਤੇ ਕਾਂਗਰਸ ਦੀ ਪੂਰੀ ਟੇਕ ਲੱਗੀ ਹੋਈ ਹੈਨਤੀਜਾ ਭਾਵੇਂ ਜੋ ਵੀ ਰਹੇ, ਪਰ ਹੈਵੀਵੇਟ ਬਾਦਲਾਂ ਦੇ ਹਲਕੇ ਵਿਚ ਇਹ ਯਕੀਨੀ ਤੌਰ 'ਤੇ ਤੈਅ ਹੈ ਕਿ ਅਸਲ ਮੁਕਾਬਲਾ ਵੀ ਤਿੰਨ ਬਾਦਲਾਂ ਵਿਚਕਾਰ ਹੀ ਹੋਵੇਗਾ, ਜਿਸ ਵਿਚ ਜਿੱਤੇਗਾ ਵੀ ਬਾਦਲ ਅਤੇ ਹਾਰੇਗਾ ਵੀ ਬਾਦਲ

06 January 2012

ਮਹੇਸ਼ਇੰਦਰ ਬਾਦਲ ਵੱਲੋਂ ਲੰਬੀ ਹਲਕੇ ਤੋਂ ਚੋਣ ਪ੍ਰਚਾਰ ਦਾ ਆਗਾਜ਼

                                         ਐਤਕੀਂ ਲੰਬੀ 'ਚ ਭਿੜਨਗੇ ਤਿੰਨ ਬਾਦਲ
                                                                 ਇਕਬਾਲ ਸਿੰਘ ਸ਼ਾਂਤ
ਲੰਬੀ-ਦੁਨੀਆਂ ਭਰ ਦੇ ਪੰਜਾਬੀਆਂ ਦੀ ਦਿਲਚਸਪੀ ਦਾ ਕੇਂਦਰ ਬਣੇ ਲੰਬੀ ਵਿਧਾਨਸਭਾ ਹਲਕੇ ਵਿਚ ਅੱਜ ਅੱਜ ਤਿੰਨ ਬਾਦਲਾਂ ਵਿਚਾਲੇ ਤਿਕੋਣੀ ਸਿਆਸੀ ਜੰਗ ਦਾ ਬਿਗੁਜ ਵੱਜ ਗਿਆ। ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲੋਂ ਹਰੀ ਝੰਡੀ ਮਿਲਣ ਉਪਰੰਤ ਪਾਰਟੀ ਦੇ ਉਮੀਦਵਾਰ ਵਜੋਂ ਸ੍ਰ: ਮਹੇਸਇੰਦਰ ਸਿੰਘ ਬਾਦਲ ਨੇ ਅੱਜ ਆਪਣੇ ਜੱਦੀ ਪਿੰਡ ਬਾਦਲ ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ।

          ਸ੍ਰੀ ਮਹੇਸ਼ਇੰਦਰ ਸਿੰੰਘ ਬਾਦਲ ਨੇ ਸਵੇਰੇ ਪਿੰਡ ਬਾਦਲ ਦੇ ਗੁਰਦੁਆਰਾ ਵਿਖੇ ਅਰਦਾਸ ਕਰਨ ਉਪਰੰਤ ਮੰਦਰ, ਪ੍ਰਾਚੀਨ ਸਮਾਧ ਅਤੇ ਮਸੀਤ 'ਤੇ ਨਤਮਸਤਕ ਹੋਣ ਤੋਂ ਉਪਰੰਤ ਬਕਾਇਦਾ ਪਿੰਡ ਦੇ ਘਰ ਘਰ ਜਾ ਕੇ ਵੋਟਾਂ ਮੰਗੀਆਂ ਅਤੇ ਪਿੰਡ  ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ।
    
         ਚੋਣ ਮੁਹਿੰਮ ਦੇ ਆਗਾਜ਼ ਬਾਰੇ ਸੂਚਨਾ ਮਿਲਦੇ ਹੀ ਹਲਕੇ ਦੇ ਪਿੰਡਾਂ ਸੈਂਕੜੇ ਲੋਕ ਆਪ ਮੁਹਾਰੇ ਬਾਦਲ ਪੁੱਜ ਗਏ। ਜਿਨ੍ਹਾਂ ਨੇ ਤਿੰਨ ਵੱਖ-ਵੱਖ ਕਾਫ਼ਲਿਆਂ ਦੇ ਰੂਪ ਵਿੱਚ ਘਰ ਘਰ ਜਾ ਕੇ ਵੋਟਾਂ ਮੰਗੀਆਂ। ਇਸ ਮੌਕੇ ਸ੍ਰ: ਮਹੇਸ਼ਇੰਦਰ ਬਾਦਲ  ਇਲਾਵਾ ਕਾਫ਼ਲਿਆਂ ਦੀ ਅਗਵਾਈ ਸਾਬਕਾ ਟਰਾਂਸਪੋਰਟ ਮੰਤਰੀ ਸ੍ਰ: ਹਰਦੀਪਇੰਦਰ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਸੀਨੀਅਰ  ਗੁਰਮੀਤ ਸਿੰਘ ਖੁੱਡੀਆਂ, ਰਣਧੀਰ ਸਿੰਘ ਧੀਰਾ ਅਤੇ ਬਾਦਲ ਪਿੰਡ ਦੇ ਸਾਬਕਾ ਸਰਪੰਚ ਸੰਜਮ ਸਿੰਘ ਢਿੱਲੋ, ਸਰਬਜੀਤ ਸਿੰਘ ਬਾਦਲ ਕਰ ਰਹੇ ਸਨ। ਚੋਣ ਮੁਹਿੰਮ ਦੇ ਆਗਾਜ਼ ਮੌਕੇ ਵੱਡੀ ਗਿਣਤੀ ਵਿਚ ਕਾਂਗਰਸ ਵਰਕਰ, ਆਗੂ ਅਤੇ ਪਾਰਟੀ ਵਰਕਰਾਂ ਸਮੇਤ ਹਲਕੇ ਦੇ ਸਮੂਹ ਪਿੰਡਾਂ ਦੇ ਸਾਬਕਾ ਕਾਂਗਰਸੀ ਪੰਚ-ਸਰਪੰਚ ਪਹੁੰਚੇ ਹੋਏ ਸਨ।
     
    ਸਾਲ 2007 ਦੀਆਂ ਵਿਧਾਨਸਭਾ ਚੋਣਾਂ ਵਿਚ ਆਪਣੇ ਚਚੇਰੇ ਭਰਾ ਅਕਾਲੀ ਉਮੀਦਵਾਰ ਵਜੋਂ ਸ੍ਰ: ਪ੍ਰਕਾਸ ਸਿੰਘ ਬਾਦਲ ਨਾਲ ਸਖ਼ਤ ਮੁਕਾਬਲੇ ਵਿਚ ਉਨ੍ਹਾਂ ਦੇ ਜਿੱਤ ਦੇ ਫ਼ਰਕ ਨੂੰ ਮਹਿਜ਼ 9200 ਵੋਟਾਂ 'ਤੇ ਲਿਆ ਸਮੇਟਿਆ ਸੀ, ਪਰ ਐਤਕੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 65 ਸਿਆਸੀ ਜੀਵਨ ਦੌਰਾਨ ਉਨ੍ਹਾਂ ਦੇ ਚੋਣ ਪ੍ਰਚਾਰ ਦੀ ਕਮਾਂਡ ਨੂੰ ਚਾਣਕਿਆ ਵਜੋਂ ਸੰਭਾਲਣ ਵਾਲੇ ਉਨ੍ਹਾਂ ਦੇ ਛੋਟੇ ਭਰਾ ਦਾਸ ਖੁਦ ਵੀ ਵਿਰੋਧੀ ਉਮੀਦਵਾਰ ਵਜੋਂ ਮੁੱਖ ਮੰਤਰੀ ਦੇ ਸਾਹਮਣੇ ਲੰਬੀ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਵਜੋਂ ਚੋਣ ਪਿੜ ਵਿਚ ਡਟੇ ਹੋਏ ਹਨ। ਸਿਆਸੀ ਮਾਹਰ ਗੁਰਦਾਸ ਸਿੰਘ ਬਾਦਲ ਦੇ ਲੰਬੀ ਹਲਕੇ ਤੋਂ ਚੋਣ ਮੈਦਾਨ ਵਿੱਚ ਆਉਣ ਨੂੰ ਬਹੁਤ ਜਿਆਦਾ ਅਹਿਮੀਅਤ ਦੇ ਰਹੇ ਹਨ, ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਵੋਟਰਾਂ ਨਾਲ ਨਾ ਸਿਰਫ ਉਨ੍ਹਾਂ ਨਾਲ ਸਿੱਧਾ ਵਾਹ ਵਾਸਤਾ ਹੈ, ਬਲਕਿ ਉਹ ਆਪਣੇ ਵੱਡੇ ਭਰਾ ਵਾਂਗ ਚੋਣ ਸਿਆਸਤ ਦੀਆਂ ਬਰੀਕੀਆਂ ਦੇ ਮਾਹਰ ਹਨ। ਅਜਿਹੇ ਵਿਚ ਮਹੇਸ਼ਇੰਦਰ ਸਿੰਘ ਦੇ ਚੋਣ ਪਿੜ ਵਿਚ ਆਉਣ ਨਾਲ ਬਦਲੇ ਸਿਆਸੀ ਸਮੀਕਰਨਾਂ ਵਿਚ ਅਕਾਲੀ ਦਲ ਲਈ ਰਾਹ ਪਹਿਲਾਂ ਨਾਲੋਂ ਕਾਫ਼ੀ ਔਖੀ ਬਣ ਗਈ ਹੈ।
    
          ਪਿੰਡ ਬਾਦਲ ਵਿਚ ਚੋਣ ਪ੍ਰਚਾਰ ਦੌਰਾਨ ਸ੍ਰ: ਮਹੇਸਇੰਦਰ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਅੰਨ੍ਹੇਵਾਰ ਜ਼ਬਰ-ਜੁਲਮ ਕਰਕੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਕਿਸੇ ਵਰਕਰ ਦਾ ਟੁੱਟਣਾ ਤਾਂ ਦੂਰ ਉਲਟਾ ਅਕਾਲੀ ਦਲ ਨਾਲ ਜੁੜੇ ਉਹ ਵਰਕਰ ਵੀ ਉਨ੍ਹਾਂ ਨਾਲ ਆ ਮਿਲੇ ਹਨ, ਜੋ ਸੱਭਿਅਕ ਸਿਆਸਤ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਤਿੰਨੇ ਭਰਾਵਾਂ ਵਿਚਕਾਰ ਤਿਕੋਣੇ ਮੁਕਾਬਲੇ ਦੇ ਮੱਦੇਨਜ਼ਰ ਸਾਂਝੇ ਮੋਰਚੇ ਦੇ ਉਮੀਦਵਾਰ ਸ. ਗੁਰਦਾਸ ਸਿੰੰਘ ਬਾਦਲ ਜਿੰਨੀਆਂ ਵੀ ਵੋਟਾਂ ਹਾਸਲ ਕਰਨਗੇ, ਉਸਦਾ ਵੱਡਾ ਹਿੱਸਾ ਅਕਾਲੀ ਦਲ ਦੇ ਵੋਟ ਬੈਂਕ ਨੂੰ ਖੋਰਾ ਲਾਵੇਗਾ। ਨਿਸ਼ਚੈ ਹੀ ਜਿਸਦਾ ਫਾਇਦਾ ਉਨ੍ਹਾਂ (ਮਹੇਸ਼ਇੰਦਰ ਸਿੰਘ) ਨੂੰ ਹੋਵੇਗਾ।
      
          ਸ੍ਰੀ ਮਹੇਸ਼ਇੰਦਰ ਸਿੰਘ ਬਾਦਲ ਨੇ ਕਾਂਗਰਸ ਦੀ ਲਿਸਟ ਜਾਰੀ ਹੋਣ ਤੋਂ ਪਹਿਲਾਂ ਹੀ ਚੋਣ ਮੁਹਿੰਮ ਸ਼ੁਰੂ ਕਰਨ ਬਾਰੇ ਇੱਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਉਂਝ ਤਾਂ ਉਨ੍ਹਾਂ ਦੀ ਮੁਹਿੰਮ ਪਿਛਲੇ ਦਸ ਸਾਲਾਂ ਤੋਂ ਹੀ ਚੱਲ ਰਹੀ ਹੈ, ਪਰ ਕਾਂਗਸ ਹਾਈਕਮਾਂਡ ਤੋਂ ਹਰੀ ਝੰਡੀ ਮਿਲਣ ਉਪਰੰਤ ਹੀ ਉਹ ਵੋਟਰਾਂ ਨਾਲ ਸੰਪਰਕ ਸਥਾਪਤ ਕਰ ਰਹੇ ਹਨ।ਬੀਤੇ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ ਵਾਂਗ ਇਨ੍ਹਾਂ ਚੋਣਾਂ ਦੌਰਾਨ ਸੱਤਾ ਪੱਖ ਵੱਲੋਂ ਲੰਬੀ ਹਲਕੇ ਵਿਚ ਹੋਣ ਵਾਲੀ ਸੰਭਾਵਿਤ ਗੁੰਡਾਗਰਦੀ ਬਾਰੇ ਪੁੱਛਣ 'ਤੇ ਸ੍ਰੀ ਬਾਦਲ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਮੁਸਤੈਦੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀ ਸਖ਼ਤੀ ਸਦਕਾ ਅਜਿਹਾ ਹੋਣਾ ਤਾਂ ਨਹੀਂ ਚਾਹੀਦਾ, ਜੇਕਰ ਹਾਲਾਤਾਂ ਨੇ ਮੰਗ ਕੀਤੀ ਤਾਂ ਉਨ੍ਹਾਂ ਦੇ ਵਰਕਰ ਪੂਰੀ ਤਰ੍ਹਾਂ ਤਿਆਰ ਹਨ।
        
        ਅਕਾਲੀ ਦਲ ਦੇ ਉਮੀਦਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਨਸ਼ਰ ਰਿਪੋਰਟਾਂ ਬਾਰੇ ਪੁੱਛੇ ਸੁਆਲ 'ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਉਣ 'ਤੇ  ਚੋਣ ਕਮਿਸ਼ਨ ਨੂੰ ਤੁਰੰਤ ਸ਼ਿਕਾਇਤ ਕੀਤੀ ਜਾਵੇਗੀ।

           ਇਸੇ ਦੌਰਾਨ ਪਿੰਡ ਬਾਦਲ ਵਿਖੇ ਸ: ਦੀਪਇੰਦਰ ਸਿੰਘ ਬਾਦਲ ਦੇ ਗ੍ਰਹਿ ਵਿਖੇ ਵਰਕਰਾਂ ਦੇ ਠਾਠਾਂ ਮਾਰਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮਹੇਸ਼ਇੰਦਰ ਸਿੰਘ ਬਾਦਲ ਨੇ ਵਰਕਰਾਂ ਨੂੰ ਲੰਬੀ ਹਲਕੇ ਵਿਚ ਚੋਣ ਪ੍ਰਚਾਰ ਤਨਦੇਹੀ ਨਾਲ ਚੋਣ ਪ੍ਰਚਾਰ ਵਿਚ ਜੁਟ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਪਿੰਡ ਖੁੱਡੀਆਂ ਮਹਾਂ ਸਿੰਘ ਦੇ ਇੱਕ ਮੈਂਬਰ ਪੰਚਾਇਤ ਸਮੇਤ ਪੰਜ ਅਕਾਲੀ ਵਰਕਰਾਂ ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।

30 November 2011

...'ਤੇ ਹੁਣ ਬਣ ਜਾਵੇਗਾ 'ਪਾਸ਼' ਦਾ 'ਮੰਟਾ'

ਇਕਬਾਲ ਸਿੰਘ ਸ਼ਾਂਤ
ਲੰਬੀ : ਤਾ-ਉਮਰ ਰਲ-ਮਿਲ ਕੇ ਸੂਬੇ ਦੇ ਸਿਆਸੀ ਥੰਮਾਂ 'ਤੇ ਪਰਚੰਮ ਲਹਿਰਾਉਂਦੇ ਰਹੇ ਬਾਦਲ ਭਰਾਵਾਂ 'ਪਾਸ਼' ਅਤੇ 'ਦਾਸ' ਵਿਚਕਾਰ ਵਖਰੇਵੇਂ ਉਪਰੰਤ ਹੁਣ ਦੋਵੇਂ ਧਿਰਾਂ ਵੱਲੋਂ ਇੱਕ-ਦੂਸਰੇ ਨੂੰ ਸਿਆਸੀ ਪਿੜ ਵਿਚ ਪਛਾੜਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਚੋਣਾਂ ਦੀ ਅਸਲ ਮਹਾਂਭਾਰਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਆਸੀ ਚੱਕਰਵਿਊ ਤਹਿਤ ਵਿਚ ਇੱਕ-ਦੂਸਰੇ ਦੇ ਸਿਆਸੀ ਕਿਲ੍ਹਿਆਂ ਅਤੇ ਸਿਪਹਸਲਾਰਾਂ 'ਚ ਸੰਨ੍ਹ ਲਾ ਕੇ ਆਪਣੇ ਲਈ ਮਜ਼ਬੂਤ ਸਿਆਸੀ ਕਿਲ੍ਹੇਬੰਦੀ ਦੀਆਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।
ਹਾਸਲ ਕਣਸੋਆਂ ਅਨੁਸਾਰ ਸੰਨ 2002 ਦੀ ਅਕਾਲੀ ਸਰਕਾਰ ਤੋਂ ਲੈ ਕੇ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀ.ਪੀ.ਪੀ. ਦੇ ਗਠਨ ਤੱਕ ਮੁੱਖ ਮੰਤਰੀ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਦੀ ਸੱਜੀ ਬਾਂਹ ਵਜੋਂ ਵਿਚਰਦੇ ਰਹੇ ਹਾਈ-ਪ੍ਰੋਫਾਈਲ ਨੌਜਵਾਨ ਆਗੂ ਸਤਿੰਦਰਜੀਤ ਸਿੰਘ 'ਮੰਟਾ ਰੋੜਾਂਵਾਲੀ' ਦੇ 3 ਦਸੰਬਰ ਨੂੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ ਹਲਕੇ ਦੇ ਦੌਰੇ ਦੌਰਾਨ ਅਕਾਲੀ ਦਲ ਵਿਚ ਸ਼ਾਮਲ ਹੋਣ ਦੇ ਆਸਾਰ ਹਨ।
ਦੱਸਣਯੋਗ ਹੈ ਕਿ ਪੀ.ਪੀ.ਪੀ. ਦੇ ਗਠਨ ਉਪਰੰਤ ਲੰਬੀ ਹਲਕੇ ਵਿਚ ਬੜੀ ਸਰਗਰਮੀ ਵਿਚ ਪੀ.ਪੀ.ਪੀ. ਦੀਆਂ ਸਰਗਰਮੀਆਂ ਵਿਚ ਹਿੱਸਾ ਲੈ ਰਹੇ ਸ੍ਰੀ ਸਤਿੰਦਰਜੀਤ ਸਿੰਘ ਮੰਟਾ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ 20-21 ਮਈ ਦੀ ਦਰਮਿਆਨੀ ਰਾਤ ਨੂੰ ਉਸਦੇ ਘਰੋਂ ਪਿੰਡ ਰੋੜਾਂਵਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਜਿਸਦੇ ਉਪਰੰਤ ਉਕਤ ਮਾਮਲੇ 'ਚ ਅਦਾਲਤ ਵਿਚੋਂ ਜਮਾਨਤ ਮਿਲਣ ਬਾਅਦ ਸ੍ਰੀ ਮੰਟਾ ਸਿਆਸੀ ਤੌਰ 'ਤੇ ਰੂਪੋਸ਼ ਜਿਹੇ ਵਿਚਰ ਰਹੇ ਸਨ। ਹਾਲਾਂਕਿ ਸ੍ਰੀ ਮੰਟਾ ਨੂੰ ਗੁਰਦਾਸ ਸਿੰਘ ਬਾਦਲ ਦਾ ਵਫ਼ਾਦਾਰ ਅਤੇ ਨਿਸ਼ਠਾਵਾਨ ਸ਼ਾਗਿਰਦ ਮੰਨਿਆ ਜਾਂਦਾ ਰਿਹਾ ਹੈ। ਦੱਸਣਯੋਗ ਹੈ ਕਿ ਸ੍ਰੀ ਮੰਟਾ ਦੀ ਗ੍ਰਿਫ਼ਤਾਰੀ ਉਪਰੰਤ ਸ: ਗੁਰਦਾਸ ਸਿੰਘ ਬਾਦਲ ਨੇ ਉਸਦੀ ਵਫ਼ਾਦਾਰੀ ਦੇ ਬਦਲੇ ਉਸਨੂੰ ਪੀ.ਪੀ.ਪੀ. ਵੱਲੋਂ ਲੰਬੀ ਹਲਕੇ ਤੋਂ ਲੜਾਉਣ ਲਈ ਪਾਰਟੀ ਨੂੰ ਸਿਫਾਰਸ਼ ਕਰਨ ਦਾ ਐਲਾਨ ਵੀ ਕੀਤਾ ਸੀ।
ਪਰੰਤੂ ਹੁਣ ਸਤਿੰਦਰਜੀਤ ਮੰਟਾ ਦੇ ਦੁਬਾਰਾ ਤੋਂ ਅਕਾਲੀ ਦਲ ਵਿਚ ਆਉਣ ਦੀਆਂ ਕਣਸੋਆਂ ਨੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਨੂੰ ਬਲ ਮਿਲਿਆ ਹੈ।
             ਜੱਗਜਾਹਰ ਹੈ ਕਿ ਮੁੱਖ ਮੰਤਰੀ ਦੇ ਛੋਟੇ ਭਰਾ ਸ: ਗੁਰਦਾਸ ਸਿੰਘ ਬਾਦਲ ਨੂੰ ਪੀ.ਪੀ.ਪੀ. ਵੱਲੋਂ ਲੰਬੀ ਹਲਕੇ ਤੋਂ ਉਮੀਦਵਾਰ ਐਲਾਨਿਆ ਹੋਇਆ ਹੈ, ਉਥੇ ਪਿਛਲੇ ਵਿਧਾਨਸਭਾ ਚੋਣਾਂ ਵਿਚ ਮੁੱਖ ਮੰਤਰੀ ਸ੍ਰੀ ਬਾਦਲ ਨੂੰ ਤਕੜੀ ਟੱਕਰ ਦੇ ਚੁੱਕੇ ਸ: ਮਹੇਸ਼ਇੰਦਰ ਸਿੰਘ ਬਾਦਲ ਨੂੰ ਕਾਂਗਰਸ ਵੱਲੋਂ ਮੁੜ ਤੋਂ ਉਮੀਦਵਾਰ ਐਲਾਨੇ ਜਾਣ ਦੀ ਮਜ਼ਬੂਤ ਸੰਭਾਵਨਾ ਹੈ। ਅਜਿਹੇ ਅਕਾਲੀ  ਦਲ (ਬ) ਵੱਲੋਂ ਲੰਬੀ ਅਤੇ ਗਿੱਦੜਬਾਹਾ ਹਲਕੇ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਸਿਆਸੀ ਸਰੀਕਾਂ ਦੇ ਪ੍ਰਮੁੱਖ ਝੰਡਾਬਰਦਾਰਾਂ ਦੀਆਂ ਵਫ਼ਾਦਾਰੀਆਂ ਤਬਦੀਲ ਕਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸਤੋਂ ਪਹਿਲਾਂ ਵੀ ਸਾਬਕਾ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਦੇ ਓ. ਐਸ. ਡੀ. ਸ: ਚਰਨਜੀਤ ਸਿੰਘ ਬਰਾੜ ਵੀ ਪੀ. ਪੀ. ਪੀ. ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਹਨ।
            ਇਸ ਸਬੰਧ ਵਿਚ ਫੋਨ ਉਤੇ ਸੰਪਰਕ ਕਰਨ 'ਤੇ ਸ: ਸਤਿੰਦਰਜੀਤ ਸਿੰਘ ਮੰਟਾ ਨੇ ਕਿਹਾ ਕਿ ਜਦੋਂ ਵੀ ਅਜਿਹਾ ਕੁਝ ਹੋਵੇਗਾ ਤਾਂ ਤੁਹਾਨੂੰ ਮੈਂ ਖੁਦ ਫੋਨ ਕਰਕੇ ਦੱਸਾਂਗਾ। ਬਾਕੀ ਤੁਸੀਂ ਖੁਦ ਸੀ. ਐਮ. ਸਾਬ੍ਹ ਨੂੰ ਪੁੱਛ ਲਵੋ।

19 October 2011

ਲੰਬੀ ਤੇ ਗਿੱਦੜਬਾਹਾ ਤੋਂ ਦੋਹਰਾ 'ਮਹਾਭਾਰਤ' ਲੜਣਗੇ ਐਤਕੀਂ ਵੱਡੇ ਬਾਦਲ !

                 -ਲੰਬੀ ਅਤੇ ਗਿੱਦੜਬਾਹਾ 'ਚ ਸੰਗਤ ਦਰਸ਼ਨਾਂ ਦੀ ਝੜੀ-
 
                                                               ਇਕਬਾਲ ਸਿੰਘ ਸ਼ਾਂਤ
           ਪੰਜਾਬ ਵਿਧਾਨਸਭਾ ਚੋਣਾਂ ਲਈ ਚੋਣ ਜ਼ਾਬਤੇ ਦੇ ਦਿਨ ਨੇੜੇ ਆਉਂਦੇ ਵੇਖ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਅਤੇ ਗਿੱਦੜਬਾਹਾ ਹਲਕਿਆਂ ਵਿਚ ਗੇੜੇ 'ਤੇ ਗੇੜਾ ਬੰਨ ਰੱਖਿਆ ਹੈ। ਅਜੇ ਕੱਲ੍ਹ 17 ਅਕਤੂਬਰ ਨੂੰ ਮੁੱਖ ਮੰਤਰੀ ਗਿੱਦੜਬਾਹਾ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਕਰਕੇ ਗਏ ਸਨ ਅਤੇ ਹੁਣ ਉਹ ਮੁੜ ਤੋਂ 19 ਅਤੇ 20 ਅਕਤੂਬਰ ਨੂੰ ਲੰਬੀ ਹਲਕੇ ਦੇ ਦੋ ਦਿਨਾਂ ਦੌਰੇ 'ਤੇ ਹਨ। ਲੰਬੀ ਅਤੇ ਗਿੱਦੜਬਾਹਾ ਹਲਕਿਆਂ ਵਿਚ ਬਰਾਬਰੀ ਵਾਲੇ ਰੁਝੇਵੇਂ ਵੱਡੇ ਬਾਦਲ ਦੀ ਅਗਾਮੀ ਸਿਆਸੀ ਰਣਨੀਤੀ ਦੀ ਅਗਾਊਂ ਹਿੱਸਾ ਜਾਪਦੇ ਹਨ।
             ਭਾਵੇਂ ਸਿਆਸੀ ਮਾਹਰਾਂ ਅਨੁਸਾਰ ਮੁੱਖ ਮੰਤਰੀ ਸ: ਬਾਦਲ ਦਾ ਐਤਕੀਂ ਲੰਬੀ ਦੀ ਸਿਆਸੀ ਰਣਭੂਮਿ 'ਤੇ ਕਾਂਗਰਸ ਪਾਰਟੀ ਦੇ ਥੰਮ ਆਗੂ ਸ: ਮਹਸ਼ੇਇੰਦਰ ਸਿੰਘ ਬਾਦਲ ਤੋਂ ਇਲਾਵਾ ਛੋਟੇ ਸਕੇ ਭਰਾ ਸ: ਗੁਰਦਾਸ ਸਿੰਘ ਬਾਦਲ ਵੱਲੋਂ ਪੀ.ਪੀ.ਪੀ. ਵੱਲੋਂ ਉਮੀਦਵਾਰ ਥਾਪੇ ਜਾਣ ਉਪਰੰਤ ਸਰੀਕਾਂ 'ਚ ਤਿਹਰੀ ਸਿਆਸੀ ਮਹਾਂਭਾਰਤ ਹੋਣ ਦੇ ਮੱਦੇਨਜ਼ਰ ਦੋ ਵਿਧਾਨਸਭਾ ਹਲਕਿਆਂ ਤੋਂ ਚੋਣ ਲੜਣਾ ਯਕੀਨੀ ਹੈ। ਕਿਉਂਕਿ ਪਿਛਲੇ ਵਿਧਾਨਸਭਾ ਚੋਣਾਂ ਵਿਚ ਲੰਬੀ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਚਚੇਰੇ ਭਰਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ ਤੋਂ ਇੰਨੀ ਸਖ਼ਤ ਟੱਕਰ ਮਿਲੀ ਸੀ ਕਿ ਜਿੱਤ ਹਾਰ ਦਾ ਫ਼ਰਕ ਸਿਰਫ਼ 9 ਹਜ਼ਾਰ ਦੇ ਕਰੀਬ ਤੱਕ ਸਿਮਟ ਗਿਆ ਸੀ। ਅਜਿਹੇ ਵਿਚ ਸਾਰੀ ਉਮਰ ਮੋਢੇ ਨਾਲ ਮੋਢਾ ਲਾ ਚੋਣ ਪਿੜਾਂ ਵਿਚ ਸਾਰਥੀ ਬਣ ਕੇ ਵਿਚਰਦੇ ਰਹੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਵੱਲੋਂ ਇਹ ਵਾਰ ਵਿਰੋਧੀ ਵਜੋਂ ਸਾਹਮਣੇ ਮੈਦਾਨ 'ਚ ਆ ਡਟਣ ਨਾਲ ਸਿਆਸੀ ਸਮੀਕਰਨ ਹੋਰ ਵੀ ਗੁੰਝਲਦਾਰ ਬਣ ਗਏ ਹਨ। ਜਿਸ ਕਰਕੇ ਅਜੋਕੇ ਹਾਲਾਤਾਂ ਵਿਚ ਲੰਬੀ ਤੋਂ ਵੱਡੇ ਬਾਦਲ ਦੀ ਜਿੱਤ ਬਾਰੇ ਸਿਆਸੀ ਸਫ਼ਾਂ 'ਚ ਕੋਈ ਹਾਂ-ਪੱਖੀ ਹੁੰਗਾਰਾ ਸੁਣਨ ਨਹੀਂ ਮਿਲ ਰਿਹਾ ਹੈ ਪਰ ਫਿਰ ਵੀ ਲੰਬੀ ਦੇ ਚੋਣ ਦੰਗਲ ਵਿਚ ਨਿੱਤਰਨਾ ਅਕਾਲੀ ਦਲ ਦੀ ਇਖਲਾਕੀ ਮਜ਼ਬੂਰੀ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਬਾਦਲ ਵੱਲੋਂ ਲੰਬੀ ਹਲਕੇ ਨੂੰ ਛੱਡ ਕੇ ਕਿਸੇ ਹੋਰ ਹਲਕੇ ਤੋਂ ਲੜਣ ਨੂੰ ਅਕਾਲੀ ਦਲ (ਬ) ਦੀ ਕਮਜ਼ੋਰੀ ਵੀ ਮੰਨਿਆ ਜਾ ਸਕਦਾ ਹੈ।
                ਇਨ੍ਹਾਂ ਸਭ ਹਾਲਾਤਾਂ ਵਿਚ ਦੋ ਪਹਿਲੂਆਂ ਨੂੰ ਮੁੱਖ ਰੱਖ ਕੇ ਦੇਸ਼ ਦੀ ਗੈਰ ਕਾਂਗਰਸੀ ਸਿਆਸਤ ਵਿਚ ਬਾਬਾ ਬੋਹੜ ਦਾ ਰੁਤਬਾ ਰੱਖਦੇ ਪ੍ਰਕਾਸ਼ ਸਿੰਘ ਬਾਦਲ ਇੱਕ ਪੂਰੀ ਤਰ੍ਹਾਂ ਵਿਉਂਤਬੰਦ ਰਣਨੀਤੀ ਦੇ ਤਹਿਤ ਲੰਬੀ ਤੋਂ ਤਾਂ ਵਿਧਾਨਸਭਾ ਚੋਣ ਲੜਣਗੇ ਤੇ ਨਾਲ ਹੀ ਗਿੱਦੜਬਾਹਾ ਹਲਕੇ ਵਿਚ ਆਪਣੇ ਭਤੀਜੇ ਦੇ ਸਾਹਮਣੇ ਹਿੱਕ ਚੁਣੌਤੀ ਵਜੋਂ ਡਟਣਗੇ। ਜਿਸਦਾ ਇੱਕ ਪਹਿਲੂ ਇਹ ਹੈ ਕਿ ਇਹ ਦੋਵੇਂ ਹਲਕੇ ਆਪਸ ਵਿਚ ਜੁੜਦੇ ਹਨ ਤੇ ਦੋਵੇਂ ਹਲਕਿਆਂ ਦੀ ਸਿਆਸੀ ਗਲੀਆਂ ਦੇ ਚੱਪੇ-ਚੱਪੇ ਤੋਂ ਸ੍ਰੀ ਬਾਦਲ ਭਲੀ-ਭਾਂਤ ਜਾਣੂ ਹਨ ਦੇ ਦੂਸਰਾ ਇਸ ਮੁੱਖ ਮੰਤਰੀ ਦੇ ਇਨ੍ਹਾਂ ਹਲਕਿਆਂ ਤੋਂ ਖੜ੍ਹਣ ਦਾ ਅਸਰ ਮਨਪ੍ਰੀਤ ਸਿੰਘ ਬਾਦਲ ਅਤੇ ਉਸਦੇ ਸਮਰਥਕਾਂ ਵੱਲੋਂ ਮਾਲਵੇ ਵਿਚ ਲਾਏ ਜਾਣ ਵਾਲੇ ਖੋਰੇ ਨੂੰ ਵੀ ਮੱਠਾ ਪਾਵੇਗਾ। ਇਸਦੇ ਇਲਾਵਾ ਇਨ੍ਹਾਂ ਦੋਵੇਂ ਹਲਕਿਆਂ ਵਿਚ ਸ੍ਰੀ ਵੱਡੇ ਬਾਦਲ ਦੇ ਖੁਦ ਖੜੇ ਅਤੇ ਵੋਟਰਾਂ ਤੱਕ ਨਿੱਜੀ ਤੌਰ ਪਹੁੰਚਣ ਨਾਲ 50 ਸਾਲ ਪੁਰਾਣੇ ਸਬੰਧਾਂ ਦੀ ਸ਼ਰਮ ਨਾਲ ਵੀ ਵੋਟ ਪੈਣ ਦਾ ਇੱਕ ਚੰਗਾ ਫੈਕਟਰ ਮੰਨਿਆ ਜਾ ਰਿਹਾ ਹੈ।
                 ਮੁੱਖ ਮੰਤਰੀ ਬਾਦਅ ਵੱਲੋਂ ਕਿਸੇ ਸਮੇਂ ਆਪਣੇ ਹੱਥੀਂ ਗਿੱਦੜਬਾਹਾ 'ਚ ਲਾਏ ਬੂਟੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਦੇ ਡੇਢ ਦਹਾਕੇ ਪੁਰਾਣੇ ਕਿਲ੍ਹੇ ਨੂੰ ਮੌਜੂਦਾ ਸਹਿਜੇ ਲਹਿਜੇ ਅਨੁਸਾਰ ਨੇਸਤਾਬੂਤ ਕਰਨਾ ਪਹਿਲ ਬਣੀ ਹੋਈ ਹੈ। ਉਥੇ ਜੱਦੀ ਹਲਕੇ ਲੰਬੀ ਵਿਚ ਦੋ-ਦੋ ਸਰੀਕ ਭਰਾਵਾਂ ਨਾਲ ਹੋਣ ਵਾਲੀ ਚੋਣ ਜੰਗ ਵਿਚ ਗਿੱਦੜਬਾਹੇ ਤੋਂ ਚੋਣ ਲੜਣ ਦਾ ਹਮਲਾਵਰ ਸਿਆਸਤ ਦਾ ਦੋਹਰਾ ਪੈਂਤੜਾ ਖੇਡ ਕੇ ਸੂਬੇ ਦੇ ਵੋਟਰਾਂ ਦੇ ਸਾਹਮਣੇ ਸੱਤਾ ਵਾਪਸੀ ਲਈ ਇੱਕ ਮਜ਼ਬੂਤ ਮਾਹੌਲ ਦੀ ਰਣਨੀਤੀ ਹਿੱਸਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅਕਾਲੀ ਦਲ (ਬ) ਵੱਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਲੰਬੀ ਤੋਂ ਚੋਣ ਲੜਣ ਦੀ ਕਣਸੋਆਂ ਹਨ ਪਰ ਅਜੇ ਤੱਕ ਉਨ੍ਹਾਂ ਦੇ ਜਲਾਲਾਬਾਦ ਜਾਂ ਕਿਸੇ ਹੋਰ ਹਲਕੇ ਤੋਂ ਚੋਣ ਲੜਣ ਦੀ ਸੰਭਾਵਨਾਵਾਂ ਜ਼ਿਆਦਾ ਜਾਪਦੀਆਂ ਹਨ।
                 ਇਸੇ ਮਨਸ਼ਾ ਦੇ ਤਹਿਤ ਮੁੱਖ ਮੰਤਰੀ ਦੇ ਦੌਰਿਆਂ ਵਿਚ ਪ੍ਰਮੁੱਖਤਾ ਨਾਲ ਸ਼ਰੀਕ ਹੁੰਦੀ ਲੰਬੀ ਤੋਂ ਇਲਾਵਾ ਹੁਣ ਗਿੱਦੜਬਾਹਾ ਵੀ 'ਹਾਈ ਪਾਵਰ ਜ਼ੋਨ' ਬਣਿਆ ਹੋਇਆ ਹੈ। ਤਦੇ ਲੜੀਵਾਰ ਸੰਗਤ ਦਰਸ਼ਨ ਸਮਾਗਮਾਂ ਰਾਹੀਂ ਗਿੱਦੜਬਾਹਾ ਅਤੇ ਲੰਬੀ ਦੇ ਪਿੰਡਾਂ ਗਰਾਂਟਾਂ ਦਾ ਮੀਂਹ ਵਰ੍ਹਾ ਕੇ ਚੋਣ ਪਿੜ ਨੂੰ ਆਪਣੇ ਹੱਕ ਕਰਨ ਦਾ ਹਰਵਾ ਕੀਤਾ ਜਾ ਰਿਹਾ ਹੈ।