07 March 2017

ਡੱਬਵਾਲੀ ਦਾ ਸਰਕਾਰੀ ਕਾਲਜ ਬਣਿਆ ਰਾਸ਼ਟਰੀ ਸਵੈਸੇਵਕ ਸੰਘ ਗਤੀਵਿਧੀਆਂ ਦਾ ਕੇਂਦਰ

- ਵਿਵੇਕਾਨੰਦ ਵਿਚਾਰ ਮੰਚ ਜਰੀਏ ਵਿਦਿਆਰਥੀਆਂ ਦਾ ਹੋ ਰਿਹਾ ਭਗਵਾਕਰਨ
- ਵਿਚਾਰ ਮੰਚ ਦੇ ਮੈਂਬਰਾਂ ਨੂੰ ਸਰਕਾਰੀ ਖਰਚੇ ’ਤੇ ਜੈਪੂਰ ਟੂਰ, ਬਾਕੀਆਂ ਨੂੰ ਦੁਤਕਾਰ
- ਪਿੰ੍ਰੰਸੀਪਲ ਦੀ ਕਾਰਜਪ੍ਰਣਾਲੀ ਵਿਵਾਦਾਂ ’ਚ : ਲੈਚਕਰਾਰਾਂ/ ਵਿਦਿਆਰਥੀਆਂ ਨੇ ਲਗਾਏ ਗੰਭੀਰ ਦੋਸ਼
- ਡੱਬਵਾਲੀ ਦੀ ਐਸ.ਡੀ.ਐਮ. ਕੋਲ ਪੜਤਾਲ

ਇਕਬਾਲ ਸਿੰਘ ਸ਼ਾਂਤ
ਡੱਬਵਾਲੀ-ਡਾ. ਬੀ.ਆਰ ਅੰਬਦੇਕਰ ਸਰਕਾਰੀ ਕਾਲਜ (ਪਿੰਡ ਡੱਬਵਾਲੀ) ਦੇ ਕਾਰਜਕਾਰੀ ਪ੍ਰਿੰਸੀਪਲ ਰਾਕੇਸ਼ ਵਧਵਾ ਕਾਲਜ ਨੂੰ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ) ਦੀਆਂ ਗਤੀਵਿਧੀਆਂ ਦਾ ਕੇਂਦਰ ਬਣਾਉਣ ਲਈ ਵਿਵਾਦਾਂ ਵਿੱਚ ਘਿਰ ਗਏ ਹਨ। ਕਾਰਜਕਾਰੀ ਪ੍ਰਿੰਸੀਪਲ ਵੱਲੋਂ ਗਠਿਤ ਵਿਵੇਕਾਨੰਦ ਵਿਚਾਰ ਮੰਚ ਸਦਕਾ ਵਿਦਿਆਰਥੀਆਂ ਨੂੰ ‘ਹਿੰਦੂ’ ਅਤੇ ‘ਗੈਰ-ਹਿੰਦੂ’ ਵਿੱਚ ਵੰਡੇ ਗਏ ਹਨ। ਵਿਵੇਕਾਨੰਦ ਵਿਚਾਰ ਮੰਚ ਦਾ ਮੈਂਬਰ ਬਣਨ ਨੂੰ ‘ਚੰਗੇ ਵਿਦਿਆਰਥੀ’ ਦਾ ਰੁਤਬਾ ਮਿਲਦਾ ਹੈ ਅਤੇ ਮੰਚ ਤੋਂ ਦੂਰੀ
ਰੱਖਣ ਵਾਲੇ ਵਿਦਿਆਰਥੀਆਂ-ਵਿਦਿਆਰਥਣਾਂ ਨੂੰ ਕਾਰਜ: ਪ੍ਰਿੰਸੀਪਲ ਦੀ ਕਥਿਤ ਨਾ-ਸਹਿਨਯੋਗ ਮੰਦੀ ਸ਼ਬਦਾਵਲੀ ਅਤੇ ਹੇਠਲੇ ਦਰਜੇ ਦੇ ਵਿਵਹਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ। ਰਾਕੇਸ਼ ਵਧਵਾ ਦੀ ਕਾਰਜਪ੍ਰਣਾਲੀ ਤੋਂ ਤੰਗ ਸੈਂਕੜੇ ਵਿਦਿਆਰਥੀ ਅੱਜ ਟਰੈਕਟਰ ਟਰਾਲੀਆਂ ’ਤੇ ਭਰ ਕੇ ਐਸ.ਡੀ.ਐਮ. ਡੱਵਬਾਲੀ ਸੰਗੀਤਾ ਤੇਤਰਵਾਲ ਕੋਲ ਪੁੱਜ ਗਏ ਅਤੇ ਲਿਖਤੀ ਸ਼ਿਕਾਇਤ ਸੌਂਪੀ। ਇਸਤੋਂ ਪਹਿਲਾਂ ਕਾਲਜ ’ਚ ਕਾਫ਼ੀ ਹੰਗਾਮਾ ਹੋਇਆ। ਹਾਲਾਂਕਿ ਕਾਲਜ ’ਚ ਵਿਚਾਰ ਮੰਚ ਦੇ ਕੁਝ ਵਿਦਿਆਰਥੀ ਰਾਕੇਸ਼ ਵਧਵਾ ਦੀ ਹਮਾਇਤ ’ਤੇ ਡਟੇ ਵਿਖਾਈ ਦਿੱਤੇ। ਕਾਲਜ ਦੇ ਪੱਕੇ ਲੈਕਚਰਾਰਾਂ ਨੇ ਪਹਿਲਾਂ ਹੀ ਕਾਰਜਕਾਰੀ ਪ੍ਰਿੰਸੀਪਲ ’ਤੇ ਗੰਭੀਰ ਦੋਸ਼ਾਂ ਵਾਲੀ ਸ਼ਿਕਾਇਤ ਸਰਕਾਰ ਨੂੰ ਭੇਜੀ ਹੋਈ ਹੈ। ਜਿਸਦੀ ਪੜਤਾਲ ਐਸ.ਡੀ.ਐਮ ਕੋਲ ਹੈ। ਬੀਤੇ ਦਿਨ੍ਹੀਂ ਲੈਕਚਰਾਰਾਂ ਨੇ ਪੜਤਾਲ ਤਹਿਤ ਆਪਣੇ ਬਿਆਨ ਦਰਜ ਕਰਵਾਏ ਸਨ। ਅੱਜ ਬਾਅਦ ਦੁਪਿਹਰ ਕਾਰਜਕਾਰੀ ਪ੍ਰਿੰਸੀਪਲ ਆਪਣਾ ਪੱਖ ਰੱਖਣ ਲਈ ਐਸ.ਡੀ.ਐਮ ਦਫਤਰ ਪਹੁੰਚੇ। ਅੱਜ ਅਹਿਤਿਆਤ ਵਜੋਂ ਕਾਲਜ ਕੈਂਪਸ ’ਚ ਪੁਲਿਸ ਤਾਇਨਾਤ ਰਹੀ। ਕਾਰਜਕਾਰੀ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਐਸ.ਡੀ.ਐਮ ਕੋਲ ਜਾਣੋਂ ਰੋਕਣ ਲਈ ਮੁੱਖ ਗੇਟ ਨੂੰ ਜਿੰਦਰਾ ਵੀ ਲਗਵਾ ਦਿੱਤਾ।
ਕਾਲਜ ਕੈਂਪਸ ਦੀ ਇਮਾਰਤ ਦੇ ਮੱਥੇ ਤੋਂ ਆਰ.ਐਸ.ਐਸ ਦੇ ਝਲਕਾਰੇ ਵੱਜਦੇ ਹਨ। ਜਿੱਥੇ ਆਰ.ਐਸ.ਐਸ ਦੇ ਬਾਨੀ ਮਾਧਵ ਸ਼ਿਵਰਾਓ ਗੋਵਲਕਰ ਦੀ ਤਸਵੀਰ ਅਤੇ ਧਰਮ ਲਈ ਜਿਉਣ ਅਤੇ ਸਮਾਜ ਲਈ ਜਿਉਣ.. ਪ੍ਰੇਰਦਾ ਜਿਹਾ ਭਾਵਨਾਤਮਿਕ ਸ਼ਬਦਾਂ ਵਾਲਾ ਵੱਡਾ ਹੋਰਡਿੰਗ ਲਗਾਇਆ ਹੋਇਆ ਹੈ। 
ਜ਼ਿਕਰਯੋਗ ਹੈ ਕਿ ਰਾਕੇਸ਼ ਵਧਵਾ ਦਾ ਪਰਿਵਾਰ ਮੁੱਢ ਤੋਂ ਭਾਜਪਾ ਅਤੇ ਆਰ.ਐਸ.ਐਸ ਨਾਲ ਜੁੜਿਆ ਹੋਇਆ ਹੈ। ਉਹ ਖੁਦ ਆਰ.ਐਸ.ਐਸ ਦੀ ਕਾਲਜ ਵਿਦਿਆਰਥੀ ਸ਼ਾਖਾ ਦੇ ਮੁਖੀ ਹਨ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਆਰ.ਐਸ.ਐਸ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ। ਉੁਨ੍ਹਾਂ ਦਾ ਛੋਟਾ ਭਰਾ ਵਿਜੈ ਵਧਵਾ ਜ਼ਿਲ੍ਹਾ ਸਿਰਸਾ ਭਾਜਪਾ ਦਾ ਮਹਾਂ ਮੰਤਰੀ ਹੈ।
ਵਿਦਿਆਰਥੀਆਂ ਨੇ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਕਾਰਜਕਾਰੀ ਪ੍ਰਿੰਸੀਪਲ ਰਾਕੇਸ਼ ਵਧਵਾ ਦਾ ਰਵੱਈਆ ਵਿਦਿਆਰਥਣਾਂ ਪ੍ਰਤੀ ਬੇਹੱਦ ਮਾੜਾ, ਅਵਿਵਹਾਰਕ ਅਤੇ ਪੱਖਪਾਤੀ ਹੈ। ਪ੍ਰਿੰਸੀਪਲ ਵਿਦਿਆਰਥੀਆਂ ਵਿੱਚ ਵਿਚਾਰਧਾਰਾ ਦੇ ਆਧਾਰ ਵੰਡੀਆ ਪਾ ਦਿੱਤੀਆਂ ਹਨ। ਕਾਲਜ ’ਚ ਵਿਦਿਆਰਥੀਆਂ ਲਈ ਬੁੱਧਵਾਰ ਅਤੇ ਸ਼ਨੀਵਾਰ ਨੂੰ ਬੇਵਜ੍ਹਾ ਡਰੈੱੈਸ ਕੋਡ ਲਾਗੂ ਕੀਤਾ ਹੋਇਆ ਹੈ। ਵਿਦਿਆਰਥੀਆ ਨੇ ਡਰੱੈਸ ਨਾ ਪਾਉਣ ’ਤੇ ਉਨ੍ਹਾਂ ਨੂੰ ਪੇਪਰ ਵਿੱਚੋਂ ਉਠਾ ਦਿੱਤਾ ਜਾਂਦਾ ਹੈ। ਕਾਲਜ ਕੈਂਪਸ ਵਿੱਚ ਮੋਬਾਇਲ ਚਲਾਉਣ ’ਤੇ 5 ਸੌ ਰੁਪਏ ਜੁਰਮਾਨ ਜਾਂ ਆਰ.ਐਸ.ਐਸ. ਸ਼ਾਖਾ ’ਚ ਜਾਣ ਲਈ ਆਖਿਆ ਜਾਂਦਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰੀ ਖਰਚ ’ਤੇ ਜੈਪੁਰ ਟੂਰ ’ਤੇ ਲਿਜਾਏ ਗਏ 44 ਵਿਦਿਆਰਥੀਆਂ ਵਿਚੋਂ 40 ਵਿਵੇਕਾਨੰਦ ਵਿਚਾਰ ਮੰਚ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਵਿਚਾਰ ਮੰਚ ਦੇ ਮੈਂਬਰਾਂ ਨੂੰ ਹਰ ਸਹੂਲਤ ਦਿੱਤੀ ਜਾਂਦੀ ਹੈ ਅਤੇ  ਦੂਜਿਆਂ ਨੂੰ ਦੁਤਕਾਰਿਆ ਅਤੇ ਮੰਦੀ ਭਾਸ਼ਾ ਤੱਕ ਬੋਲੀ ਜਾਂਦੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਕਤ ਪ੍ਰਿੰਸੀਪਲ ਵਿਚਾਰ ਮੰਚ ਦਾ ਮੈਂਬਰ ਨਾ ਬਣਨ ਵਾਲੀਆਂ ਵਿਦਿਆਰਥਣਾਂ ਨੂੰ ਕਥਿਤ ਤੌਰ ’ਤੇ ਘੋੜੀ ਅਤੇ ਗਧੀ ਤੱਕ ਸੰਬੋਧਨ ਕਰਕੇ ਜਲੀਲ ਕਰਦੇ ਹਨ। ਸ਼ਿਕਾਇਤ ਵਿੱਚ ਆਖਿਆ ਕਿ ਰਾਕੇਸ਼ ਵਧਵਾ ਭੁਗੋਲ ਵਿਸ਼ੇ ਦੇ ਲੈਕਚਰਾਰ ਹਨ। ਉਨ੍ਹਾਂ ਕੋਲ ਪ੍ਰਿੰਸੀਪਲ ਦਾ ਅਡੀਸ਼ਨਲ ਚਾਰਜ ਹੈ। ਉਹ ਭੂਗੋਲ ਵਿਸ਼ੇ ਦੀ ਜਮਾਤ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਨਹੀਂ ਆਉਂਦੇ ਹਨ। ਜਿਸ ਕਾਰਨ ਉਨ੍ਹਾਂ ਦੀਆਂ ਕਲਾਸਾਂ ਪ੍ਰਭਾਵਿਤ ਹੋ ਰਹੀਆਂ ਹਨ। ਸਿੱਖ ਵਿਦਿਆਰਥੀਆਂ ਨੇ ਕਿਹਾ ਕਿ ਕਾਲਜ ਹਿੰਦੂ ਧਰਮ ਦਾ ਹਰ ਦਿਨ ਤਿਉਹਾਰ ਮਨਾਇਆ ਜਾਂਦਾ ਹੈ ਪਰ ਸਿੱਖ ਧਰਮ ਦੀ ਕਦੇ ਗੱਲ ਵੀ ਨਹੀਂ ਕੀਤੀ ਜਾਂਦੀ ਹੈ। 
ਕਾਰਜਕਾਰੀ ਪ੍ਰਿੰਸੀਪਲ ਰਾਕੇਸ਼ ਵਧਵਾ ਦੀਆਂ ਮਨਮਾਨੀਆਂ ਅਤੇ ਤਾਨਾਸ਼ਾਹੀ ਖਿਲਾਫ ਕਾਲਜ ਦੇ ਪੱਕੇ ਲੈਕਚਰਾਰਾਂ ਨੇ ਉੱਚ ਸਿੱਖਿਆ ਵਿਭਾਗ ਦੇ ਨਿਦੇਸ਼ਕ ਕੋਲ ਸ਼ਿਕਾਇਤ ਭੇਜੀ ਹੋਈ ਹੈ। ਜਿਸ ਪ੍ਰਿੰਸੀਪਲ ’ਤੇ ਵਿਦਿਆਰਥੀਆਂ ਦੇ ਸਾਹਮਣੇ ਲੈਕਚਰਾਰਾਂ ਨੂੰ ਜਮਾਤਾਂ ਵਿੱੱਚ ਜਲੀਲ ਕਰਨਾ, ਲੈਕਚਰਾਰਾਂ ਨੂੰ ਧਮਕਾਉਣਾ, ਟੀਚਰ ਸਟਾਫ ਨੂੰ ਆਪਣੇ ਘਰੇਲੂ ਕੰਮ ਲਈ ਇਸਤੇਮਾਲ ਕਰਨਾ, ਪੂਰੇ ਸਟਾਫ ਦੀ ਚੁਗਲੀ ਕਰਨਾ, ਕਾਲਜ ’ਚ ਲਗਾਈ ਗਈ ਸਬਜ਼ੀ ਨੂੰ ਆਪਣੇ ਘਰ ਲੈ ਜਾਣਾ ਜਿਹੇ ਗੰਭੀਰ ਦੋਸ਼ ਲਗਾਏ ਸਨ।


ਅਸੀਂ ਪ੍ਰੈਸ਼ਰ ਨਹੀਂ ਪਾਉਂਦੇ ਪ੍ਰੇਰਿਤ ਕਰਦੇ ਹਾਂ
ਦੂਜੇ ਪਾਸੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਰਾਕੇਸ਼ ਵਧਵਾ ਨੇ ਸਮੁੱਚੇ ਦੋਸ਼ ਬੇਬੁਨਿਆਦ ਕਰਾਰ ਦਿੰਦਿਆਂ ਉਹ ਖੁਦ ਆਰ.ਐਸ.ਐਸ ਦੀ ਕਾਲਜ ਵਿਦਿਆਰਥੀ ਸ਼ਾਖ਼ਾ ਦੇ ਪ੍ਰਮੁੱਖ ਹਨ। ਵਿਚਾਰ ਮੰਚ ਰਾਹੀਂ ਵਿਦਿਆਰਥੀਆਂ ’ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਚਾਹੁੰਦੇ ਹਨ। ਲੈਕਚਰਰ ਵਿਦਿਆਰਥੀਆਂ ਨੂੰ ਭੜਕਾ ਕੇ ਮਾਹੌਲ ਖ਼ਰਾਬ ਕਰ ਰਹੇ ਹਨ। ਵਧਵਾ ਨੇ ਕਿਹਾ ਕਿ ਅਸੀਂ ਆਰ.ਐਸ.ਐਸ ਨਾਲ ਜੁੜਨ ਲਈ ਵਿਦਿਆਰਥੀਆਂ ’ਤੇ ਪ੍ਰੈਸ਼ਰ ਨਹੀਂ ਪਾਉਂਦੇ ਸਿਰਫ਼ ਪ੍ਰੇਰਿਤ ਕਰਦੇ ਹਾਂ। ਉਂਝ ਤੁਸੀਂ ਕਦੇ ਸ਼ਾਖਾ ਵਿੱਚ ਆ ਕੇ ਦੇਖੋ ਕਿੰਨਾ ਵਧੀਆ ਮਾਹੌਲ ਹੁੰਦਾ ਐ ਉੱਥੇ। 

ਮਨਮਰਜ਼ੀ ਦੀ ਵਿਚਾਰਧਾਰਾ ਲਾਗੂ ਕਰਨਾ ਗਲਤ
ਡੱਬਵਾਲੀ ਦੀ ਐਸ.ਡੀ.ਐਮ. ਸੰਗੀਤਾ ਤੇਤਰਵਾਲ ਨੇ ਕਿਹਾ ਕਿ ਕਿਸੇ ਵੀ ਸਰਕਾਰੀ ਅਦਾਰੇ ਵਿੱਚ ਕਿਸੇ ਸੰਗਠਨ ਜਾਂ ਆਪਣੀ ਮਨਮਰਜ਼ੀ ਦੀ ਵਿਚਾਰਧਾਰਾ ਲਾਗੂ ਕਰਨਾ ਗਲਤ ਹੈ। ਪ੍ਰਿੰਸੀਪਲ ਦੇ ਖਿਲਾਫ ਅੱਜ ਵਿਦਿਆਰਥੀਆਂ ਨੇ ਸ਼ਿਕਾਇਤ ਦਿੱਤੀ ਹੈ। ਪ੍ਰਿੰਸੀਪਲ ਦੇ ਬਿਆਨ ਲਏ ਗਏ ਹਨ।



1 comment:

  1. ਸਰਕਾਰੀ ਕਾਲਜ ਦਾ ਭਗਵਾਂ ਕਰਨ ਇੱਕ ਗਲਤ ਪਰੰਪਰਾ ਹੈ। ਹਿੰਦੂ ਵਾਦੀ ਜਾ ਸਿੱਖ ਸੋਚ ਤੇ ਮੁਸਲਿਮ ਵਿਚਾਰ ਧਾਰਾ ਦਾ ਪ੍ਰਚਾਰ ਕਿਸੇ ਸਰਕਾਰੀ ਸੰਸਥਾ ਦੇ ਮੁਖੀ ਵੱਲੋਂ ਕਰਨਾ ਉਚਿਤ ਨਹੀਂ। ਸਿਰਫ ਧਰਮ ਨਿਰਪੇਕਸ਼ ਸੋਚ ਨੂੰ ਹੁਲਾਰਾ ਦੇਣਾ ਚਾਹੀਦਾ ਹੈ।

    ReplyDelete