04 April 2017

ਕੰਦੂਖੇੜੀਆਂ ਦੇ ਮਨਾਂ ’ਚ ਬਰਕਰਾਰ ‘ਮਹਾਰਾਜੇ’ ਦੀਆਂ ਟੌਫ਼ੀਆਂ ਦੀ ਮਿਠਾਸ

* ਕੈਪਟਨ ਦੇ ਪਿਆਰ ਭਰੇ ਬੋਲਾਂ ਨੇ ਕੰਦੂਖੇੜੀਏ ਚੜ੍ਹਾਏ ‘ਅਸਮਾਨੀਂ
* 1986 ’ਚ ਅਮਰਿੰਦਰ ਦੇ ਬਿਤਾਏ ਪਲਾਂ ਦੇ ਭਾਈਵਾਲਾਂ ਨੂੰ ‘ਵਿਕਾਸਮਈ ਵੁੱਕਤ’ ਦੀ ਆਸ ਬੱਝੀ


                                                  ਇਕਬਾਲ ਸਿੰਘ ਸ਼ਾਂਤ
        ਲੰਬੀ: 1986 ਵਿੱਚ ਪੰਜਾਬ ਦੀ ‘ਸ਼ਾਨ’ ਰੱਖਣ ਦਾ ਸਿਹਰਾ ਹੁਣ ਛੇਤੀ ਕੰਦੂਖੇੜਾ ਦੇ ਸਿਰ ਬੱਝੇਗਾ। ਮਹਾਰਾਜੇ ਦੇ ਬੱੁੱਲ੍ਹਾਂ ’ਚੋਂ ਨਿੱਕਲੇ ਚੰਦ ਬੋਲਾਂ ਨੇ ਹੀ ਵਰ੍ਹਿਆਂ ਤੋਂ ਅਮਰਿੰਦਰ ਸਿੰਘ ਦੇ ਕੰਦੂਖੇੜਾ ਪਿੰਡ ’ਚ ਬਿਤਾਏ ਪਲਾਂ ਨੂੰ ਚੇਤੇ ਕਰਦੇ ਪਿੰਡ ਵਾਸੀਆਂ
ਨੂੰ ਪਲਾਂ ’ਚ ਵੀ.ਆਈ.ਪੀ. ਬਣਾ ਦਿੱਤਾ ਹੈ। ਕੰਦੂਖੇੜੀਏ ਇਸ ਗੱਲੋਂ ਖੁਸ਼ੀ ਨਾਲ ਖੀਵੇ ਹਨ ਕਿ ਕੰਦੂਖੇੜਾ ‘ਕਰੂ ਨਿਬੇੜਾ’ ਦਹਾਕਿਆਂ ਬਾਅਦ ਵੀ ਅਮਰਿੰਦਰ ਸਿੰਘ ਦੇ ਦਿਲ ’ਚ ਤਰੋਤਾਜ਼ਾ ਹੈ। ਬੀਤੇ ਦਿਨ੍ਹੀਂ ਮੁੱਖ ਮੰਤਰੀ ਵੱਲੋਂ ਕੰਦੂਖੇੜਾ ਨਾਲ ਨਿੱਜੀ ਸੰਬੰਧਾਂ ਅਤੇ ਵਿਕਾਸ ਦੀ ਬਾਤ ਪਾਏ ਜਾਣ ਨਾਲ ਇਸ ਅਣਗੌਲੀਏ ਪਿੰਡ ਦਾ ਰੋਮ-ਰੋਮ ਹੁਲਾਰੇ ਲੈਣ ਲੱਗਿਆ ਹੈ। ਸੂਬੇ ਦੇ ਸਾਢੇ 12 ਹਜ਼ਾਰ ਪਿੰਡਾਂ ’ਚੋਂ ਕੰਦੂਖੇੜੀਏ ਖੁਦ ਨੂੰ ਪਹਿਲੇ ਨੰਬਰ ’ਤੇ ਮੰਨਣ ਲੱਗੇ ਹਨ। 
        ਜ਼ਿਕਰਯੋਗ ਹੈ ਕਿ 1986 ’ਚ ਭਾਸ਼ਾਈ ਆਧਾਰ ’ਤੇ ਪੰਜਾਬ-ਹਰਿਆਣਾ ਵਿਚਕਾਰ ਅਬੋਹਰ-ਫਾਜਿਲਕਾ ਅਤੇ 55 ਪਿੰਡਾਂ ਦੀ ਵੰਡ ਮੌਕੇ 91.9 ਫ਼ੀਸਦੀ ਕੰਦੂਖੇੜਾ ਵਾਸੀਆਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਵਾ ਕੇ ਸੂਬੇ ਦੀ ਸ਼ਾਨ ਰੱਖੀ ਸੀ। ਜਿਨ੍ਹਾਂ ਵਿੱਚ ਸਿੱਖਾਂ ਦੇ ਇਲਾਵਾ ਹਿੰਦੂ ਭਾਵਨਾਵਾਂ ਵਾਲੇ ਬਿਸ਼ਨੋਈ, ਮੇਘਵਾਲ, ਭਾਠ ਅਤੇ ਹੋਰ ਵਰਗਾਂ ਦੇ ਲੋਕ ਵੀ ਸ਼ਾਮਲ ਸਨ। ਉਦੋਂ ਪੰਜਾਬ ਸਰਕਾਰ ਵੱਲੋਂ ਤਤਕਾਲੀ ਖੇਤੀਬਾੜੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੰਦੂਖੇੜਾ ’ਚ ਮੋਰਚਾ ਸੰਭਾਲਿਆ ਸੀ। ਪਿੰਡ ਦੇ ਬਜ਼ੁਰਗ ਕਾਬੁਲ ਸਿੰਘ ਨੇ ਕਿਹਾ ਕਿ ਅਮਰਿੰਦਰ ਧੱਕੜਾ ਬੰਦਾ ਹੈ ਉਹਨੇ ਉਦੋਂ ਛੇ ਦਿਨ ਰਾਖੀ ਕਰਕੇ ਮੋਰਚਾ ਲਗਾਇਆ ਰੱਖਿਆ ਸੀ। ਇਹ ਮਸਲਾ ਪੰਜਾਬ ਅਤੇ ਹਰਿਆਣੇ ਵਿਚਕਾਰ ਮੁੱਛ ਦਾ ਸੁਆਲ ਬਣਿਆ ਹੋਇਆ ਸੀ। ਉਦੋਂ ਕੰਦੂਖੇੜਾ ਨੂੰ ਵਿਸ਼ਵ ਪੱਧਰ ’ਤੇ ਪਛਾਣ ਮਿਲੀ ਸੀ ਅਤੇ ‘ਬੀ.ਬੀ.ਸੀ ਲੰਦਨ’ ਰੇਡੀਓ ਜਰੀਏ ‘ਕੰਦੂਖੇੜਾ ਕਰੂ ਨਿਬੇੜਾ’ ਨਾਅਰਾ ਬਹੁਤ ਪ੍ਰਚੱਲਿਤ ਹੋਇਆ ਸੀ। 
         ਐਤਕੀਂ ਲੰਬੀ ਹਲਕੇ ’ਚ ਚੋਣ ਪ੍ਰਚਾਰ ਮੌਕੇ ਅਮਰਿੰਦਰ ਸਿੰਘ ਨੇ ਰੈਲੀਆਂ ਦੌਰਾਨ ਕੰਦੂਖੇੜਾ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਸੀ। ਬੀਤੀ 11 ਮਾਰਚ ਨੂੰ ਕਾਂਗਰਸ ਸਰਕਾਰ ਬਣਨ ’ਤੇ ਅਮਰਿੰਦਰ ਸਿੰਘ ਪ੍ਰਤੀ ਪ੍ਰੇਮ ਦਰਸਾਉਂਦਿਆਂ ਕੰਦੂਖੇੜੀਆਂ ਨੇ ਰੱਜ ਕੇ ਆਤਿਸ਼ਬਾਜ਼ੀ ਕੀਤੀ ਸੀ। ਕੰਦੂਖੇੜਾ ਮੋਰਚੇ ਸਮੇਂ ਅਮਰਿੰਦਰ ਸਿੰਘ ਵੱਲੋਂ ਅੱਗ ਦੀਆਂ ਧੂਣੀਆਂ ’ਤੇ ਜਾਗ ਕੇ ਲੰਘਾਈਆਂ ਪੋਹ-ਮਾਘ ਦੀਆਂ ਰਾਤਾਂ ਪਿੰਡ ਵਾਸੀਆਂ ਲਈ ਅਜੇ ਕੱਲ੍ਹ ਦੀ ਗੱਲ ਜਾਪਦਾ ਹੈ।
         1986 ’ਚ ਭਾਸ਼ਾਈ ਮਰਦਮਸ਼ੁਮਾਰੀ ਨੂੰ ਅੱਖੀਂ ਹੰਢਾਉਣ ਵਾਲੇ ਕੰਦੂਖੇੜਾ ਵਾਸੀ 49 ਸਾਲਾ ਓਮ ਪ੍ਰਕਾਸ਼ ‘ਪੱਪੂ’ ਨੇ ਕਿਹਾ ਕਿ ਅਸੀਂ ਹਮੇਸ਼ਾਂ ਸੋਚਦੇ ਕਿ ਕੰਦੂਖੇੜਾ ਨੇ ਪੰਜਾਬ ਦੀ ਸ਼ਾਨ ਰੱਖੀ ਪਰ ਸਾਡੀ ਸ਼ਾਨ ਰੱਖਣ ਲਈ ਕਦੇ ਕੋਈ ਨਾ ਬਹੁੜਿਆ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕੰਦੂਖੇੜਾ ਦਾ ਜ਼ਿਕਰ ਕਰਕੇ ਸਾਡੇ ਪ੍ਰਤੀ ਪਿਆਰ ਨੂੰ ਦਰਸਾ ਦਿੱਤਾ ਹੈ। ਪੰਜਾਬ ਦੇ ਕੋਨੇ ’ਤੇ ਸਥਿਤ ਕੰਦੂਖੇੜਾ ਹੁਣ ਸੂਬੇ ਦੇ ਦਿਲ ਵਿੱਚ ਜਾਪਣ ਲੱਗਿਆ ਹੈ। 
          47 ਸਾਲਾ ਕਾਂਗਰਸ ਆਗੂ ਪਰਮਜੀਤ ਸਿੰਘ ‘ਪੰਮਾ’ ਨੇ ਆਖਿਆ ਕਿ ਅੱਜ ਵੀ ਚੇਤਾ ਆਉਂਦਾ ਐ। ਅਸੀਂ ਆਪਣੇ ਦਾਦਾ ਸਾਬਕਾ ਸਰਪੰਚ ਅਰੂੜ ਸਿੰਘ ਨਾਲ ਕੈਪਟਨ ਸਾਬ੍ਹ ਅਤੇ ਅਮਲੇ ਲਈ ਚਾਹ-ਪਾਣੀ ਅਤੇ ਰੋਟੀਆਂ ਲੈ ਕੇ ਜਾਂਦੇ। ਕੈਪਟਨ ਸਾਬ੍ਹ ਬੱਚਿਆਂ ਨੂੰ ਟੌਫ਼ੀਆਂ ਵੰਡਦੇ ਅਤੇ ਅਸੀਂ ਮਹਾਰਾਜੇ ਦੇ ਹੱਥੋਂ ਟੌਫ਼ੀਆਂ ਲੈ ਕੇ ਬੜੇ ਖੁਸ਼ ਹੁੰਦੇ। ਉਹ ਟੌਫ਼ੀਆਂ ਚੇਤੇ ਕਰਕੇ ਤਾਂ ਜੀਭ ’ਤੇ ਮਿਠਾਸ ਆ ਜਾਂਦੀ ਹੈ। 

          ਸੁਰਿੰਦਰ ਸਿੰਘ ਦੁੱਗਲ, ਲਾਭ ਸਿੰਘ ਤੇ ਜੱਜ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੰਦੂਖੇੜਾ ਪ੍ਰਤੀ ਦਰਸਾਏ ਮੋਹ ਨੇ ਵਿਕਾਸ ਦੀ ਆਸ ਬਝਾਈ ਹੈ ਅਤੇ ਡਿੱਗੇ-ਢਹੇ ਹੌਂਸਲਿਆਂ ਨੂੰ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਬਹੁਗਿਣਤੀ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਹੇਠ ਹਨ ਅਤੇ ਵਿਕਾਸ ਪੱਖੋਂ ਪਿੰਡ ਕਾਫ਼ੀ ਪਛੜਿਆ ਹੋਇਆ ਹੈ। ਵਾਟਰ ਸਪਲਾਈ ਦੀ ਮਾੜੀ ਹਾਲਤ ਨੇ ਕੰਦੂਖੇੜਾ ਦੀ ਵਸੋਂ ਦੇ ਸਾਹ ਸੁਕਾਏ ਹੋਏ ਹਨ। ਦਸ ਸਾਲਾਂ ’ਚ ਕੰਦੂਖੇੜਾ ਦਾ ਸਿਰਫ਼ ਇੱਕ ਨੌਜਵਾਨ ਹੀ ਪੁਲੀਸ ’ਚ ਭਰਤੀ ਹੋ ਸਕਿਆ।
          ਤਤਕਾਲੀ ਬਰਨਾਲਾ ਸਰਕਾਰ ਨੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਕੇ ਗਿਆਨੀ ਕਰਤਾਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਬਣਾ ਦਿੱਤਾ ਸੀ। ਪਿਛਲੇ ਦਹਾਕੇ ਲਗਭਗ ਅਣਗੌਲਿਆ ਰਿਹਾ। ਪਿਛਲੇ ਵਰ੍ਹੇ ਸਿੰਚਾਈ ਲਈ ਟੇਲ ’ਤੇ ਪਾਣੀ ਨਾ ਪਹੁੰਚਣ ਕਰਕੇ ਕਿਸਾਨਾਂ ਨੂੰ ਖਾਸਾ ਸੰਘਰਸ਼ ਕਰਨਾ ਪਿਆ ਸੀ।  ਪਿੰਡ ਵਾਸੀਆਂ ਨੂੰ ਗਿਲਾ ਹੈ ਕਿ ਪਿਛਲੇ ਇੱਕ ਦਹਾਕੇ ਕੰਦੂਖੇੜਾ ਨਸ਼ਿਆਂ ਦੀ ਸਪਲਾਈ ਜ਼ਰੀਆ ਬਣ ਕੇ ਰਹਿ ਗਿਆ ਹੈ। ਕੰਦੂਖੇੜਾ ਨਾਕੇ ਦੀਆਂ ਮਾੜੀ ਕਾਰਗੁਜਾਰੀ ਨੇ ਪਿੰਡ ਦੀ ਚੰਗਿਆਈ ਢਕ ਕੇ ਬਦਨਾਮੀ ਉਛਾਲ ਦਿੱਤੀ। ਹੁਣ ਵੇਖਣਾ ਹੈ ਕਿ ਅਮਰਿੰਦਰ ਸਿੰਘ ਦੇ ਸ਼ਬਦੀ ਬੋਲ ਕੰਦੂਖੇੜਾ ਦੀ ਤਕਦੀਰ ਬਦਲਣ ਲਈ ਹਕੀਕਤ ਕਦੋਂ ਬਦਲਦੇ ਹਨ। 98148-26100 / 93178-26100

No comments:

Post a Comment