14 April 2017

ਅਕਾਲੀ ਸਰਕਾਰ ਸਮੇਂ ਸੁਖਬੀਰ ਦੇ ਮੋਢਿਆਂ ’ਤੇ ਚੜ੍ਹਨ ਵਾਲੇ ਰਹੇ ਗਾਇਬ

-  ਬੇਅਦਬੀ ਬਾਰੇ ਕੈਪਟਨ ਦੀ ਗੁਟਕਾ ਹੱਥ ’ਚ ਫੜ ਚੁੱਕੀ ਸਹੁੰ ਪੂਰੀ ਹੋਣ ’ਚ ਸਿਰਫ਼ 3 ਦਿਨ : ਸੁਖਬੀਰ ਸਿੰਘ 
 - ਕਾਂਗਰਸ ’ਤੇ ਝੂਠੇ ਵਾਅਦਿਆਂ ਅਤੇ ਬੇਅਦਬੀਆਂ ਬਾਰੇ ਕੂੜ ਪ੍ਰਚਾਰ ਨਾਲ ਸੱਤਾ ਹਥਿਆਉਣ ਦਾ ਦੋਸ਼
 - ਅਕਾਲੀ ਦਲ ਦੇ ਵਿਕਾਸ ਕਾਰਜਾਂ ਨੂੰ ਦਰਸਾ ਕੇ ਅਮਰਿੰਦਰ ਸਿੰਘ ਨਿਵੇਸ਼ ਮੰਗਦਾ ਫਿਰਦੈ: ਹਰਸਿਮਰਤ ਕੌਰ 
- ਅਕਾਲੀਆਂ ਦੀ ਵਿਸਾਖੀ ਕਾਨਫਰੰਸ ’ਚ ਨੌਜਵਾਨਾਂ ਘੱਟ ਅਤੇ ਬਜ਼ੁਰਗਾਂ ਪੁੱਜੇ ਵੱਧ 
- ਕਾਂਗਰਸੀ ਵਿਧਾਇਕਾਂ ’ਤੇ ਭੁੱਖੇ ਸ਼ੇਰਾਂ ਵਾਂਗ ਟਰੱਕ ਯੂਨੀਅਨ ਅਤੇ ਲੇਬਰ ਯੂਨੀਅਨਾਂ ’ਤੇ ਕਬਜ਼ਿਆਂ ਦੇ ਦੋਸ਼
- ਭੰੂਦੜ ਵੱਲੋਂ ਲੋਕਸਭਾ ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ

                                                          ਇਕਬਾਲ ਸਿੰਘ ਸ਼ਾਂਤ
ਤਲਵੰਡੀ ਸਾਬੋ : ਸਿੱਖ ਪੰਥ ਦੀ ਸ਼ਾਨੋ-ਸ਼ੌਕਤ ਅਤੇ ਕਿਰਸਾਨੀ ਜੁੱਸੇ ਦੇ ਪ੍ਰਤੀਕ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਮੌਕੇ ਤਖ਼ਤ ਦਮਦਮਾ ਸਾਹਿਬ ਵਿਖੇ ਸਿਆਸੀ ਅਖਾੜਿਆਂ ਵਿੱਚੋਂ ਧਰਮ ਦੀ ਓਟ ਵਿੱਚ ਰੱਜਵੇਂ ਸਿਆਸੀ ਤੀਰਾਂ ਦੀ ਬੋਛਾੜਾਂ ਹੋਈਆਂ। ਸੂਬੇ ਦੀ ਸਾਬਕਾ ਸੱਤਾ ਧਿਰ ਅਕਾਲੀ ਦਲ (ਬ) ਦੀ ਸਟੇਜ ਤੋਂ ਸੱਤਾ ਧਿਰ ਕਾਂਗਰਸ ’ਤੇ ਝੂਠੇ ਵਾਅਦਿਆਂ, ਨਸ਼ਿਆਂ ਅਤੇ ਬੇਅਦਬੀਆਂ ਬਾਰੇ ਅਕਾਲੀ ਦਲ ਵਿਰੁੱਧ ਕੂੜ ਪ੍ਰਚਾਰ ਜਰੀਏ ਸੱਤਾ ਹਥਿਆਉਣ ਦੇ ਦੋਸ਼ ਲਗਾਏ ਗਏ। ਅਕਾਲੀ ਦਲ ਦੀ
ਕਾਨਫਰੰਸ ’ਚ ਨੌਜਵਾਨਾਂ ਦੇ ਮੁਕਾਬਲੇ ਵੱਡੀ ਉਮਰ ਦੇ ਬਜ਼ੁਰਗਾਂ ਦੀ ਤਾਦਾਦ ਲਗਪਗ ਢਾਈ ਗੁਣਾ ਜ਼ਿਆਦਾ ਸੀ। ਜਿਨ੍ਹਾਂ ਵਿੱੱਚੋਂ ਜ਼ਿਆਦਾਤਰ ਬਜ਼ੁਰਗ ਰੌਲੀ ਦੌਰਾਨ ਪੌਨੇ 12 ਵਜੇ ਤੱਕ ਲੰਮੇ ਪਏ ਨੀਂਦ ਦਾ ਝੂਟੇ ਲੈਂਦੇ ਰਹੇ। ਅਕਾਲੀ ਸਰਕਾਰ ਸਮੇਂ ਸੁਖਬੀਰ ਬਾਦਲ ਦੇ ਮੋਢਿਆਂ ’ਤੇ ਚੜ੍ਹਨ ਤੱਕ ਜਾਂਦੇ ਬਹੁਤੇ ਮੌਕਾਪ੍ਰਸਤ ਅਕਾਲੀ ਆਗੂ ਅੱਜ ਗਾਇਬ ਵਿਖੇ। ਹਾਲਾਂਕਿ ਬਾਦਲਾਂ ਦੀ ਜੈੱਡ ਪਲੱਸ ਸੁਰੱਖਿਆ ਕਰਕੇ ਪੁਲੀਸ ਅਮਲਾ ਵੀ ਰੈਲੀ ਦਾ ਵਜ਼ਨ ਵਧਾ ਰਿਹਾ ਸੀ। ਅਕਾਲੀਆਂ ਦੀ ਕਾਨਫੰਰਸ ਕਾਂਗਰਸ ਦੀ ਕਾਨਫਰੰਸ ਨਾਲੋਂ ਹਾਜ਼ਰੀ ਪੱਖੋਂ ਕਾਫ਼ੀ ਕਮਜੋਰ ਸੀ।
   ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨੇੜੇ ਸਥਿਤ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਅਕਾਲੀ ਦਲ (ਬ) ਦੀ ਕਾਨਫਰੰਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਝਵੀਂ ਤਕਰੀਰ ਵਿੱਚ ਆਖਿਆ ਕਿ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਇੱਕ ਮਹੀਨੇ ’ਚ ਫੜਨ ਲਈ ਗੁਟਕਾ ਸਾਹਿਬ ਹੱਥ ’ਚ ਫੜ ਚੁੱਕੀ ਸਹੁੰ ਦੇ ਪੂਰਾ ਹੋਣ ’ਚ ਸਿਰਫ਼ ਦਿਨ ਬਚੇ ਹਨ। ਅਮਰਿੰਦਰ ਸਰਕਾਰ ਦੋਸ਼ੀਆਂ ਨੂੰ ਫੜਨਾ ਤਾਂ ਦੂਰ ਮੁਲਜਮਾਂ ਦੀ ਨੇੜੇ-ਤੇੜੇ ਨਹੀਂ ਪੁੱਜ ਸਕੀ। ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਤਰਨਤਾਰਨ, ਗੁਰਦਾਸਪੁਰ, ਜਲੰਧਰ ਅਤੇ ਸ੍ਰੀ ਮੁਕਤਸਰ ਜ਼ਿਲ੍ਹਿਆਂ ’ਚ ਸਿੱਖ ਪੰਥ ਦੇ ਪਵਿੱਤਰ ਗ੍ਰੰਥਾਂ ਦੀਆਂ ਬੇਅਦਬੀਆਂ ਹੋਈਆਂ ਹਨ ਪਰ ਸਿਆਸੀ ਦਮਗੱਜੇ ਭਰਨ ਵਾਲੇ ਅਮਰਿੰਦਰ ਸਿੰਘ ਪੁਰਾਣੇ ਤਾਂ ਦੂਰ ਆਪਣੀ ਸਰਕਾਰ ’ਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਨਹੀਂ ਫੜ ਸਕੇ। ਸ੍ਰੀ ਬਾਦਲ ਨੇ ਬੇਅਬਦੀਆਂ ਬਾਰੇ ਕਾਂਗਰਸ ਦੇ ਅਕਾਲੀ ਦਲ ਪ੍ਰਤੀ ਕੂੜ ਪ੍ਰਚਾਰ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਡੀ ਪਾਰਟੀ ਜੀਵਨ ਦੇ ਆਧਾਰ ਸਿਰਮੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਵਿੱਤਰ ਗੁਟਕਿਆਂ ਦੀਆਂ ਬੇਅਦਬੀਆਂ ਦੀਆਂ ਸਾਜਿਸ਼ਾਂ ’ਚ ਸ਼ਾਮਲ ਹੋਣਾ ਤਾਂ ਦੂਰ ਅਜਿਹੀ ਕਦੇ ਸੁਫ਼ਨੇ ਵਿੱਚ ਨਹੀਂ ਸੋਚ ਸਕਦੀ। ਉਨ੍ਹਾਂ ਕਿਹਾ ਕਿ ਅਜਿਹੇ ਕਾਰੇ ਸਿਰਫ਼ ਟੈਂਕਾਂ-ਤੋਪਾਂ ਨਾਲ ਗੁਰੂਧਾਮਾਂ ’ਤੇ ਹਮਲੇ ਕਰਵਾਉਣ ਵਾਲੀ ਕਾਂਗਰਸ ਪਾਰਟੀ ਅਤੇ ਕਾਂਗਰਸ ਅਤੇ ਟੋਪੀਆਂ ਵਾਲਿਆਂ ਦੇ ਹਿੱਸੇ ਆਉਂਦੇ ਹਨ। ਉੁਨ੍ਹਾਂ ਦਿੱਲੀ ’ਚ ਰਾਜੌਰੀ ਗਾਰਡਨ ਸੀਟ ਤੋਂ ਮਨਜਿੰਦਰ ਸਿੰਘ ਸਿਰਸਾ ਦੀ ਜਿੱਤ ’ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਬਾਦਲ ਸਾਬ੍ਹ ਨਾਲ ਲੰਬੀ ਲੜ੍ਹਨ ਆਏ ਜਰਨੈਲ ਸਿੰਘ ਦੀ ਸੀਟ ਤੋਂ ਵੀ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। 
ਸਾਬਕਾ ਉਪ ਮੁੱਖ ਮੰਤਰੀ ਨੇ ਵੰਗਾਰਦਿਆਂ ਕਿਹਾ ਕਿ ਅਕਾਲੀ ਆਗੂਆਂ ’ਤੇ ਨਸ਼ਿਆਂ ਨਾਲ ਜੁੜੇ ਹੋਣ ਦੇ ਦੋਸ਼ਾਂ ਨੂੰ ਸੱਚ ਖੰਗਾਲ ਕੇ
ਅਮਰਿੰਦਰ ਸਿੰਘ ਸਰਕਾਰ ਸਾਬਤ ਕਰੇ ਕਿ ਕਿਹੜਾ ਅਕਾਲੀ ਆਗੂ ਨਸ਼ੇ ਵੇਚਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਟੋਪੀਆਂ ਵਾਲਿਆਂ ਨੇ ਸੱਤਾ ਹਥਿਆਉਣ ਖਾਤਰ ਸਾਨੂੰ ਬਦਨਾਮ ਕਰਨ ਲਈ ਵੱਡੀ ਚਾਲਾਂ ਚੱਲੀਆਂ। ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਮਜ਼ਾਕ ਉਡਾਉਂਦੇ ਕਿਹਾ ਕਿ ਹੁਣ ਤੱਕ ਸਿਰਫ਼ ਢਾਈ ਕਿੱਲੋ ਨਸ਼ਾ ਫੜਿਆ ਗਿਆ ਹੈ ਅਤੇ ਹੁਣ ਅਮਰਿੰਦਰ ਸਿੰਘ ਆਖਦੇ ਨੇ ਕਿ ਨਸ਼ਾ ਪਾਕਿਸਤਾਨ ਤੋਂ ਆਉਂਦਾ। ਸੁਖਬੀਰ ਨੇ ਕਿਹਾ ਕਿ ਇਹੋ ਅਸਲੀਅਤ ਅਸੀਂ ਦੱਸਦੇ ਤਾਂ ਉਦੋਂ ਝੂਠ ਸੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਭੁੱਖੇ ਸ਼ੇਰਾਂ ਵਾਂਗ ਟਰੱਕ ਯੂਨੀਅਨ, ਕੈਂਟਰ ਯੂਨੀਅਨ ਅਤੇ ਲੇਬਰ ਯੂਨੀਅਨ ’ਤੇ ਕਬਜ਼ੇੇ ਕਰਨ ਲੱਗੇ ਹੋਏ ਹਨ। ਅਕਾਲੀ ਸਰਕਾਰ ਸਮੇਂ ਖੂਬ ਚਰਚਾ ਦਾ ਕੇਂਦਰ ਰਹੇ ਰੇਤਾ ਬਜਰੀ ਬਾਰੇ ਕਿਹਾ ਕਿ ਅਮਰਿੰਦਰ ਸਿੰਘ ਨੂੰ ਪੁੱਛਿਆ ਜਾਵੇ ਕਿ ਕੀ ਅੱਜ ਰੇਤਾ ਬਜਰੀ ਦੀ ਕੀਮਤਾਂ ਘਟੀਆਂ। ਉਨ੍ਹਾਂ ਕਿਹਾ ਕਿ ਖਜ਼ਾਨਾ ਖਾਲੀ ਹੋਣ ਦੇ ਰੌਲਾ ਪਾ ਕੇ ਅਮਰਿੰਦਰ ਸਿੰਘ ਨੌਜਵਾਨਾਂ ਨੂੰ ਨੌਕਰੀਆਂ, ਮੋਬਾਇਲ ਫੋਨ ਅਤੇ 25 ਸੌ ਰੁਪਏ ਪ੍ਰਤੀ ਪੈਨਸ਼ਨ ਦੇਣ ਤੋਂ ਭੱਜਣ ਦਾ ਬਹਾਨਾ ਘੜ ਰਹੇ ਹਨ। ਸੁਖਬੀਰ ਸਿੰਘ ਨੇ ਕਿਹਾ ਕਿ ‘ਲਿਆਓ ਮੈਨੂੰ ਫੜਾਓ, ਮੈਂ ਇਸੇ ਖਾਲੀ ਖਜ਼ਾਨੇ ਨਾਲ ਪੰਜਾਬ ’ਚ ਵਿਕਾਸ ਦੀ ਲਹਿਰਾਂ ਲਿਆ ਕੇ ਵਿਖਾਉਣਾ ਹਾਂ।’ ਉਨ੍ਹਾਂ ਆਮ ਆਦਮੀ ਪਾਰਟੀ ’ਤੇ ਨਾਸਤਿਕਾਂ ਦੀ ਪਾਰਟੀ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸ਼ਰਾਬ ਦੇ ਨਸ਼ੇ ’ਚ ਤਖ਼ਤ ਸਾਹਿਬ ’ਤੇ ਮੱਥਾ ਟੇਕਣ ਆ ਗਿਆ ਸੀ। ਇਸਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਦੇਸ਼ ਦੀ ਆਜ਼ਾਦੀ ਨਾਲ 96 ਸਾਲ ਪੁਰਾਣਾ ਸ਼ਾਨਾਮੱਤਾ ਇਤਿਹਾਸ ਹੈ। ਜਿਸ ਨੇ ਹਮੇਸ਼ਾਂ ਹਰ ਵਰਗ ਦੇ ਹੱਕਾਂ ਲਈ ਸਮੇਂ-ਸਮੇਂ ’ਤੇ ਸੰਘਰਸ਼ ਕੀਤੇ ਹਨ। ਉਨ੍ਹਾਂ ਅਕਾਲੀ ਵਰਕਰਾਂ ਨੂੰ ਪਿੰਡ ਤਰਮਾਲਾ ਵਿਖੇ ਪੁਲੀਸ ਛਾਪੇਮਾਰੀ ’ਚ ਮਰੇ ਅਕਾਲੀ ਵਰਕਰ ਦੀ ਘਟਨਾ ਵਾਂਗ ਇਕਜੁਟ ਰਹਿਣ ਦਾ ਸੱਦਾ ਦਿੱਤਾ। 
ਇਸਤੋਂ ਪਹਿਲਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਨੇ ਕਿਹਾ ਕਿ ਸਿੱਖ ਇਤਿਹਾਸ ’ਚ ਵਿਸਾਖੀ ਇੱਕ ਦਿਹਾੜਾ ਹੈ। ਜਿਸਦੇ ਸਦਕਾ ਦੁਨੀਆਂ ਨੂੰ ਹੱਕ ਅਤੇ ਸੱਚ ਖਾਤਰ ਸੰਘਰਸ਼ ਦੀ ਨਵੀਂ ਰਾਹ ਵਿਖਾਈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਆਪਣੀ ਜੁਝਾਰੂ ਸੁਭਾਅ ਕਰਕੇ ਦੁਨੀਆਂ ਵਿੱਚ ਨਾਂਅ ਬਣਾਇਆ ਹੈ। 
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਇਤਿਹਾਸ ’ਤੇ ਚਾਣਨਾ ਪਾਉਂਦਿਆਂ ਕਿਹਾ ਕਿ ਸਿੱਖ ਪੰਥ ਸਾਨੂੰ ਸਮਾਜ ਵਿਚੋਂ ਭਰੂਣ ਹੱਤਿਆ ਅਤੇ ਦਾਜ ਜਿਹੀਆਂ ਕੁਰੀਤੀਆਂ ਨੂੰ ਦੂਰ ਕਰਨ ਸੰਦੇਸ਼ ਦਿੰਦਾ ਹੈ। ਉਨ੍ਹਾਂ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ 10 ਸਾਲਾਂ ਦੇ ਰਾਜ ਉਪਰੰਤ ਵਿਰੋਧੀਆਂ ਦੇ ਸਿਖ਼ਰਲੇ ਕੂਝ ਪ੍ਰਚਾਰ ਦੇ ਬਾਵਜੂਦ ਅਕਾਲੀ ਦਲ 21 ਫ਼ੀਸਦੀ ਵੋਟਾਂ ਨਾਲ ਉਤਸਾਹਜਨਕ ਸੀਟਾਂ ਜਿੱਤਣ ’ਚ ਸਫ਼ਲ ਰਿਹਾ। ਜਦੋਂ ਕਿ ਸਾਨੂੰ ਤਾਂ 4-5 ਸੀਟਾਂ ਦਿੱਤੀਆਂ ਜਾ ਰਹੀਆਂ ਸਨ। ਬੀਬੀ ਬਾਦਲ ਨੇ ਕਿਹਾ ਕਿ ਅਕਾਲੀ ਦਲ ’ਤੇ ਪੰਜਾਬ ਨੂੰ ਬਰਬਾਦ ਕਰਨ ਦੇ ਦੋਸ਼ ਮੜ੍ਹਨ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਹੁਣ ਮੁੰਬਈ ’ਚ ਅਕਾਲੀ ਸਰਕਾਰ ਦੀਆਂ ਬਣਾਈਆਂ ਸੜਕਾਂ, ਸਰਪਲੱਸ ਬਿਜਲੀ ਅਤੇ ਹੋਰ ਵਿਕਾਸ ਨੂੰ ਦਰਸਾ ਕੇ ਸਨਅਤਕਾਰਾਂ ਨੂੰ ਨਿਵੇਸ਼ ਦਾ ਸੱਦਾ ਦੇ ਰਹੇ ਹਨ। ਹਰਸਿਮਰਤ ਕੌਰ ਉਨ੍ਹਾਂ ਕੇਂਦਰੀ ਸਕੀਮਾਂ ਗਿਣਾਉਂਦਿਆਂ ਕਿਹਾ ਪੰਜਾਬ ’ਚ ਫੂਡ ਪ੍ਰਾਸੈਸਿੰਗ ਸਕੀਮਾਂ ਰਾਹੀਂ ਲੋਕਾਂ ਨੂੰ ਰੁਜ਼ਗਾਰ ਦੇ ਵਸੀਲੇ ਦਿੱਤੇ ਜਾਣਗੇ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਸਿਰਫ਼ ਢਾਈ ਸਾਲਾਂ ਮਗਰੋਂ ਇੱਕ ਜ਼ਿਮਨੀ ਚੋਣ ਵੀ ਨਾ ਜਿੱਤ ਸਕਣ ਲਈ ਲਾਹਣਤਾਂ ਪਾਈਆਂ। ਕਾਨਫਰੰਸ ਮੌਕੇ ਸਟੇਜ ਦਾ ਸੰਚਾਲਨ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕੀਤਾ। ਤਲਵੰਡੀ ਹਲਕੇ ਤੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਨੇ ਲੀਡਰਸ਼ਿਪ ਅਤੇ ਵਰਕਰਾਂ ਨੂੰ ਜੀ ਆਇਆਂ ਅਤੇ ਧੰਨਵਾਦ ਆਖਿਆ। ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਅਕਾਲੀ ਦਲ ਲੋਕਸਭਾ ਦੀਆਂ 13 ਸੀਟਾਂ ਜਿੱਤ ਕੇ ਸੂਬੇ ਦੀ ਸੱਤਾ ’ਤੇ ਵਾਪਸੀ ਦਾ ਆਗਾਜ਼ ਕਰੇਗਾ। ਉਨ੍ਹਾਂ ਨੂੰ ਵਰਕਰਾਂ ਨੂੰ ਇਕਜੁੱਟ ਰਹਿਣ ਲਈ ਪ੍ਰੇਰਿਆ। ਇਸ ਮੌਕੇ ਜਗਦੀਪ ਸਿੰਘ ਨਕਈ, ਵਿਧਾਇਕ ਬਲਰਾਜ ਸਿੰਘ ਭੂੰਦੜ, ਮਨਤਾਰ ਸਿੰਘ ਬਰਾੜ, ਡਾ. ਨਿਸ਼ਾਨ ਸਿੰਘ ਬੁੱਢਲਾਡਾ, ਸਰੂਪ ਸਿੰਗਲਾ, ਗੁਰਾਂ ਸਿੰਘ ਤੁੰਗਵਾਲੀ ਨੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰੰਘ ਮਲੂਕਾ, ਟੇਕ ਸਿੰੰਘ ਧਨੌਲਾ, ਅਵਤਾਰ ਸਿੰਘ ਬਨਵਾਲਾ, ਡਾ. ਓਮ ਪ੍ਰਕਾਸ਼ ਸ਼ਰਮਾ, ਸਰਬਜੀਤ ਸਿੰਘ ਡੂਮਵਾਲੀ ਵੀ ਮੌਜੂਦ ਸਨ। 


ਦੋਵੇਂ ਵੱਡੇ ਆਗੂਆਂ ਦੀ ਢਿੱਲੀ ਸਿਹਤ ਨਾਅ ਰੰਗ ਫਿੱਕਾ ਪਿਆ 
 ਤਲਵੰਡੀ ਸਾਬੋ : ਸੂਬੇ ਦੇ ਦੋਵੇਂ ਮੁੱਖ ਸਿਆਸੀ ਸ਼ਾਹ ਅਸਵਾਰਾਂ ਦੀ ਸਰੀਰਕ ਦਿੱਕਤਾਂ ਵਿਸਾਖੀ ਕਾਨਫਰੰਸਾਂ ਦੇ ਰੰਗ ਫਿੱਕੇ ਪਾ ਗਈਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੈਰਮੌਜੂਦਗੀ ਸਦਕਾ ਵਿਸਾਖੀ ਦੇ  ਸਿਆਸੀ ਰੰਗ ਪਰਵਾਨ ਨਹੀਂ ਚੜ੍ਹ ਸਕੇ। ਜਿਸ ਕਰਕੇ ਦੋਵੇਂ ਆਗੂਆਂ ਦੇ ਮੁਰੀਦ ਵਰਕਰਾਂ ਦੇ ਚਿਹਰੇ ਉੱਤਰੇ ਵਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਪੈਰ ਦੀ ਮੋਚ ਮੁੜ ਭਖਣ ਕਰਕੇ ਅੱਜ ਤਲਵੰਡੀ ਸਾਬੋ ਵਿਖੇ ਕਾਂਗਰਸ ਕਾਨਫਰੰਸ ਵਿੰਚ ਨਾ ਪੁੱਜੇ। ਜਦੋਂਕਿ ਪ੍ਰਕਾਸ਼ ਸਿੰਘ ਬਾਦਲ ਵੀ ਪਿਛਲੇ ਦਿਨ੍ਹੀਂ ਪੱਸਲੀ ’ਤੇ ਵੱਜੀ ਸੱਟ ਦੇ ਦਰਦ ਕਾਰਨ ਵਿਸਾਖੀ ਕਾਨਫਰੰਸ ਤੋਂ ਟਾਲਾ ਵੱਟ ਗਏ। ਅਜਿਹੇ ਵਿੱਚ ਬਚਪਨ ’ਚ ਇਕੱਠੇ ਖੇਡੇ ਅਤੇ ਨਾਲ-ਨਾਲ ਵੱਡੇ ਹੋਏ ਚਚੇਰੇ ਭਰਾਵਾਂ ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਆਪੋ-ਆਪਣੀਆਂ ਪਾਰਟੀ ਦੀਆਂ ਕਾਨਫਰੰਸਾਂ ਵਿੱਚ ਮੋਹਰੀ ਰੂਪ ਵਿੱਚ ਸ਼ਾਮਲ ਹੋਏ ਅਤੇ ਰੱਜਵੇਂ ਸਿਆਸੀ ਤੀਰੇ ਛੱਡੇ। ਇਸ ਸਭ ਦੇ ਬਾਵਜੂਦ ਲੋਕਾਂ ਨੇ ਕੈਪਟਨ ਅਤੇ ਬਾਦਲ ਦੀ ਗੈਰਮੌਜੂਦਗੀ ਨੂੰ ਵੱਡੇ ਪੱਧਰ ’ਤੇ ਮਹਿਸੂਸ ਕੀਤਾ। ਕਾਨਫਰੰਸਾਂ ’ਚ ਵਰਕਰਾਂ ’ਚ ਘੁਸਰ-ਮੁਸਰ ਵੀ ਹੁੰਦੀ ਵੇਖੀ ਗਈ। ਕਾਂਗਰਸ ਕਾਨਫਰੰਸ ਦੀ ਅਗਵਾਈ ਸੀਨੀਅਰ ਕਾਂਗਰਸ ਆਗੂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕੀਤੀ। 

No comments:

Post a Comment