14 April 2017

ਹਕੀਕਤ ’ਚ ਨਹੀਂ ਬਦਲ ਰਿਹਾ ਮੋਨੇ ਨੌਜਵਾਨਾਂ ਦਾ ਸਿੱਖ ਰਹੂ-ਰੀਤਾਂ ਪ੍ਰਤੀ ਰੁਝਾਨ

- ਤਖ਼ਤ ਸਾਹਿਬ ਦੀਆਂ ਕੰਧਾਂ ਟੱਪ ਕੇ ਮੱਥਾ ਟੇਕਣ ਨੂੰ ਦਿੱਤੀ ਤਰਜੀਹ

                                                                  ਇਕਬਾਲ ਸਿੰਘ ਸ਼ਾਂਤ
ਤਲਵੰਡੀ ਸਾਬੋ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਿੱਖ ਪਰਿਵਾਰਾਂ ਦੇ ਮੋਨੇ ਨੌਜਵਾਨਾਂ ਦਾ ਸਿੱਖ ਰਹੂ-ਰੀਤਾਂ ਪ੍ਰਤੀ ਰੁਝਾਨ ਹਕੀਕਤ ’ਚ ਨਹੀਂ ਬਦਲ ਰਿਹਾ। ਅੱਜ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਕੰਪਲੈਕਸ ’ਚ ਘੁੰਮਦੇ ਫਿਰਦੇ ਬਹੁਗਿਣਗੀ ਨੌਜਵਾਨ ਸਿਰੋਂ ਮੋਨੇ ਸਨ। ਦਸਤਾਰਾਂ ਵਾਲੇ ਨੌਜਵਾਨ ਟਾਂਵੇਂ-
ਟਾਂਵੇਂ ਵਿਖਾਈ ਦੇ ਰਹੇ ਸਨ। ਮੋਨੇ ਨੌਜਵਾਨਾਂ ਦੇ ਸਿਰਾਂ ’ਤੇ ਰੂਮਾਲ ਅਤੇ ਹੱਥਾਂ ’ਚ ਮੋਬਾਇਲ ਸਨ। ਇਨ੍ਹਾਂ ਦਾ ਸਿੱਖੀ ਨਾਲ ਦੂਰ-ਦੁਰ ਦਾ ਵਾਹ-ਵਾਸਤਾ ਨਹੀਂ ਜਾਪਦਾ ਸੀ। ਹਾਲਾਂਕਿ ਇਹ ਨੌਜਵਾਨ ਮੱਥਾ ਟੇਕਣ ਆਏ ਸਨ। ਬਹੁਤੇ ਸਿਰੋਂ ਮੋਨੇ ਨੌਜਵਾਨਾਂ ਨੇ ਮੱਥਾ ਟੇਕਣ ਲਈ ਕਤਾਰ ਵਿੱਚ ਜਾਣ ਦੀ ਬਜਾਏ ਤਖ਼ਤ ਦੀ ਕੰਧ ਚੜ੍ਹ ਕੇ ਜਾਣ ਨੂੰ ਤਰਜੀਹ ਦਿੱਤੀ। ਮੱਥੇ ਟੇਕਣ ’ਚ ਕੁੰਡੀ ਲੱਗਦੀ ਵੇਖ ਹੋਰ ਨੌਜਵਾਨ ਉਹੀ ਰਾਹ ਅਪਨਾਉਣ ਲੱਗੇ। ਕੰਧਾਂ ਟੱਪਣ ’ਚ ਨੌਜਵਾਨਾਂ ਦੀ ਫੁਰਤੀ ’ਚੋਂ ਬਨਾਉਟੀ ਸ਼ਰਧਾ ਦਾ ਝਲਕਾਰਾ ਪੈ ਰਿਹਾ ਸੀ। ਨੌਜਵਾਨਾਂ ਨੂੰ ਜਦੋਂ ਮੱਥਾ ਟੇਕਣ ਲਈ ਕੰਧ ਟੱਪਣ ਦਾ ਕਾਰਨ ਪੁੱਛਿਆ ਤਾਂ ਇੱਕ ਨੇ ਕਿਹਾ ਕਿ ‘ਸਾਡੇ ਸਮਾਂ ਘੱਟ ਐ ਪਰ ਮੱਥਾ ਵੀ ਜ਼ਰੂਰ ਟੇਕਣਾ ਐ।’ ਸ਼ੋ੍ਰਮਣੀ ਕਮੇਟੀ ਦੇ ਇੱਕ ਮੁਲਾਜਮਾਂ ਦਾ ਕਹਿਣਾ ਸੀ ਕਿ ਆਹ ਨੌਜਵਾਨਾਂ ਨੂੰ ਕੀ ਆਖੀਏ ਕਿ ਬਹੁਤੇ ਤਾਂ ਤਖ਼ਤ ਨੇੜਲੀਆਂ ਗਲੀਆਂ ਵਿੱਚ ਮੂੰਹਾਂ ’ਚ ਜੁਆਕਾਂ ਵਾਲੇ ਬਾਜੇ (ਪੀਪਣੀਆਂ) ਵਜਾਉਂਦੇ ਫਿਰਦੇ ਹਨ। ਰੋਕਦੇ ਆਂ ਲੜਨ ਨੂੰ ਪੈਂਦੇ ਹਨ। ਉਸਨੇ ਕਿਹਾ ਕਿ ਹਰ ਐਤਵਾਰ ਨੂੰ ਤਖ਼ਤ ਸਾਹਿਬ ’ਤੇ ਪੰਜ ਪਿਆਰੇ ਹਰ ਐਤਵਾਰ 2-3 ਸੌ ਜਣਿਆਂ ਨੂੰ ਅੰਮ੍ਰਿਤ ਪਾਣ ਕਰਵਾਉਂਦੇ ਹਨ। ਮੱਸਿਆ ਨੂੰ ਵੀ ਦੋ-ਢਾਈ ਸੌ ਜਣਾ ਅੰਮ੍ਰਿਤ ਛਕਦਾ ਹੈ। ਇਸਦੇ ਬਾਵਜੂਦ ਸਹਿਜਧਾਰੀ ਨੌਜਵਾਨਾਂ ਦੀ ਗਿਣਤੀ ਨਾ ਘਟਣਾ ਸਿੱਖ ਜਗਤ ਲਈ ਮੰਥਨ ਦਾ ਵਿਸ਼ਾ ਹੈ। ਸੂਤਰਾਂ ਅਨੁਸਾਰ ਹਰ ਸਾਲ ਵਿਸਾਖੀ ਦੇ ਸਮਾਗਮਾਂ ਦੌਰਾਨ ਲਗਪਗ ਢਾਈ-ਤਿੰਨ ਹਜ਼ਾਰ ਸ਼ਰਧਾਲੂ ਅੰਮ੍ਰਿਤ ਦੀ ਦਾਤ ਨਾਲ ਜੁੜਦੇ ਹਨ।  

No comments:

Post a Comment