28 September 2018

ਮਹਾਰਾਜੇ ਦੀ ਸਿਆਸੀ ਬੁੱਕਲ ’ਚੋਂ ਨਹੀਂ ਮਿਲਿਆ ਕਦੇ ਵਫ਼ਾ ਵਾਲਾ ਨਿੱਘ

* ਕਾਗਜ਼ੀ ਸਫ਼ੇ ਵਾਂਗ ਵਰਤ ਕੇ ਲੰਬੀ ਵਾਲਿਆਂ ਨੂੰ ਦੁਰਕਾਰਦਾ ਆ ਰਿਹਾ ਅਮਰਿੰਦਰ 
*  ਲੰਬੀ ਦੇ ਵਰਕਰ ਰੋਸੇ ਵਜੋਂ ਕਿੱਲਿਆਂਵਾਲੀ ਰੈਲੀ ਤੋਂ ਪਾਸਾ ਵੱਟਣ ਦੇ ਰੌਂਅ ’ਚ
* ਕੈਪਟਨ ਖਿਲਾਫ਼ ਜਨਤਕ ਤੌਰ ’ਤੇ ਭੜਾਸ ਕੱਢਣ ਲੱਗੇ ਆਗੂ ਅਤੇ ਵਰਕਰ

                                      ਇਕਬਾਲ ਸਿੰਘ ਸ਼ਾਂਤ
ਲੰਬੀ/ਕਿੱਲਿਆਂਵਾਲੀ: ਬਾਦਲਾਂ ਦੇ ਹਲਕੇ ਲੰਬੀ ਦੇ ਕਾਂਗਰਸੀਆਂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਿਆਸੀ ਬੁੱਕਲ ਵਿੱਚੋਂ ਕਦੇ ਵਫ਼ਾ ਵਾਲਾ ਨਿੱਘ ਨਹੀਂ ਮਿਲ ਸਕਿਆ। ਹਮੇਸ਼ਾਂ ਮਹਾਰਾਜੇ ਦੇ ਸਿਆਸੀ ਮੰਤਵਾਂ ਦੀ ਪੂਰਤੀ ਬਾਅਦ ਲੰਬੀ ਵਾਲਿਆਂ ਨੂੰ ਰੁਸਵਾਈ ਹੀ ਹਾਸਲ ਹੋਈ। ਇਤਿਹਾਸ ਗਵਾਹ ਹੈ ਕਿ ਸਿਆਸੀ ਹਿੱਤਾਂ ਦੀ ਪੂਰਤੀ ਉਪਰੰਤ ਮਹਾਰਾਜੇ ਵੱਲੋਂ ਲੰਬੀ ਦੀਆਂ ਕਾਂਗਰਸੀ ਸਫ਼ਾਂ ਨੂੰ ਵਰਤੇ ਕਾਗਜ਼ੀ ਸਫ਼ੇ ਵਾਂਗ ਲਾਂਭੇ ਕਰ ਦਿੱਤਾ। 
ਸੱਤਾ ਦੀ ਚਾਬੀ ਹੱਥ ਲੱਗਣ ’ਤੇ ਹੁਣ ਮਹਾਰਾਜੇ ਦੀ ਅੱਖਾਂ ’ਚੋਂ ਲੰਬੀ ਦਾ ਨਕਸ਼ਾ ਗਾਇਬ ਹੋ ਗਿਆ ਜਾਪਦਾ ਹੈ। ਮੁੱਖ ਮੰਤਰੀ ਬਣਨ ਬਾਅਦ ਅਮਰਿੰਦਰ ਸਿੰਘ ਨੇ ਲੰਬੀ ’ਚ ਕਦੇ ਗੇੜਾ ਨਹੀਂ ਮਾਰਿਆ। ਸਰਕਾਰੇ-ਦਰਬਾਰੇ ਰੱਤੀ ਭਰ ਸੁਣਵਾਈ ਨਾ ਹੋਣ ’ਤੇ ਇੱਥੋਂ ਦੇ ਕਾਂਗਰਸੀ ਕਾਡਰ ਅਤੇ ਲੀਡਰਸ਼ਿਪ ’ਚ ਅਮਰਿੰਦਰ ਸਿੰਘ ਪ੍ਰਤੀ ਭਾਰੀ ਗੁੱਸਾ ਹੈ। ਸਰਕਾਰ ਵਿੱਚ ਲੰਬੀਅਨਜ਼ ਦੀ ਸਾਰ ਤਾਂ ਦੂਰ, ਉਨ੍ਹਾਂ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ। ਲੰਬੀ ਦੀ ਕਾਂਗਰਸ ਜੱਥੇਬੰਦਕ ਪੱਧਰ ’ਤੇ ਸ਼ੁਰੂ ਤੋਂ ਅਮਰਿੰਦਰ ਸਿੰਘ ਦੇ ਖਾਤੇ ਪੈਂਦੀ ਹੈ। ਬਾਦਲਾਂ ਨਾਲ ਦਹਾਕੇ ਭਰ ਜੂਝਣ ਵਾਲੇ ਕਾਂਗਰਸੀਆਂ ਦਾ ਮਨ ਅਮਰਿੰਦਰ ਸਿੰਘ ਦੀ ਬੇਰੁੱਖੀ ਨੇ ਫਿੱਕਾ ਪਾ ਦਿੱਤਾ ਅਤੇ ਵਰਕਰ ਉਨ੍ਹਾਂ ਦੀ ਸਿਆਸੀ ਸ਼ੋਸ਼ਣ ਦੀ ਗੱਲ ਆਖਣ ਲੱਗੇ ਹਨ। 
ਮੁੱਖ ਮੰਤਰੀ ਅਮਰਿੰਦਰ ਸਿੰਘ 7 ਅਕਤੂਬਰ ਨੂੰ ਬੇਅਦਬੀ ਮਾਮਲੇ ’ਤੇ ਬਾਦਲਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਕਿੱਲਿਆਂਵਾਲੀ ਰੈਲੀ ਜਰੀਏ ਹਲਕਾ ਲੰਬੀ ’ਚ ਗਰਜਣ ਆ ਰਹੇ ਹਨ। ਕੈਪਟਨ ਦੀ ਬੇਰੁੱਖੀ ਕਾਰਨ ਲੰਬੀ ਦਾ ਕਾਂਗਰਸੀ ਕਾਡਰ ਇਸ ਰੈਲੀ ਤੋਂ ਪਾਸਾ ਵੱਟਣ ਦੇ ਰੌਂਅ ਵਿੱਚ ਹੈ। 
ਮਹਾਰਾਜੇ ਦਾ ਕਾਂਗਰਸ ਦੀ ‘ਲੰਬੀਅਨਜ਼’ ਲਾਬੀ ਨਾਲ ਅਜਿਹਾ ਵਰਤਾਰਾ ਨਵਾਂ ਨਹੀਂ, ਬਲਕਿ 2002 ਤੋਂ ਚੱਲ ਰਿਹਾ ਹੈ। ਇੱਥੋਂ ਦੇ ਕਾਂਗਰਸੀਆਂ ਨੇ ਬਾਦਲਾਂ ਦੇ ਸਿਆਸੀ ਖੌਫ਼ ਨੂੰ ਦਰਕਿਨਾਰ ਕਰਕੇ ਮਹਾਰਾਜੇ ਦੀ ਠੁੱਕ ਬਰਕਰਾਰ ਰੱਖਣ ਲਈ ਹਰ ਵਾਰ ਜ਼ਮੀਨ-ਅਸਮਾਨ ਇੱਕ ਕੀਤਾ। ਵਰਕਰਾਂ ਦਾ ਕਹਿਣਾ ਹੈ ਕਿ 2002 ਵਾਲੀ ਕਾਂਗਰਸ ਸਰਕਾਰ ’ਚ ਬਾਦਲਾਂ ਦੇ ਗੜ੍ਹ ’ਚ ਜੂਝਣ ਵਾਲੇ ਕਾਂਗਰਸੀਆਂ ਨੂੰ ਸਾਢੇ ਚਾਰ ਸਾਲ ਪੁੱਛਿਆ ਤੱਕ ਨਹੀ ਸੀਂ, ਉਦੋਂ ਕਾਂਗਰਸੀ ਆਗੂ ਲੰਬੀ ਥਾਣੇ ਮੂਹਰੇ ਧਰਨਾ ਲਾਉਣ ਨੂੰ ਮਜ਼ਬੂਰ ਹੋ ਗਏ ਸਨ। ਦਸੰਬਰ 2006 ਵਿੱਚ ਵੀ ਅਮਰਿੰਦਰ ਸਿੰਘ ਨੇ ਸਿਆਸੀ ਖਹਿਬਾਜ਼ੀ ’ਚ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਪਿੰਡ ਬਾਦਲ ’ਚ ਵਿਸ਼ਾਲ ਰੈਲੀ ਕੀਤੀ। ਜਿਸਦੀ ਸਫ਼ਲਤਾ ’ਚ ਲੰਬੀ ਹਲਕੇ ਦੇ ਕਾਂਗਰਸੀ ਵਰਕਰਾਂ ਦਾ ਅਹਿਮ ਰੋਲ ਰਿਹਾ ਸੀ। ਬੀਤੇ ਵਿਧਾਨਸਭਾ ਚੋਣਾਂ ਵਿੱਚ ਬਾਦਲਾਂ ਦੇ ਚੱਕਰਵਿਊ ਦੇ ਬਾਵਜੂਦ ਲੰਬੀ ’ਚ ਅਮਰਿੰਦਰ ਸਿੰਘ ਨੂੰ 43605 ਵੋਟਾਂ ਮਿਲੀਆਂ। ਉਦੋਂ ਅਮਰਿੰਦਰ ਸਿੰਘ ਨੇ ਸਿਆਸੀ ਸਟੇਜਾਂ ’ਤੇ ਲੰਬੀ ਵਾਲਿਆਂ ਨੂੰ ਵੱਡੇ-ਵੱਡੇ ਖਵਾਬ ਵਿਖਾਏ ਸਨ। ਸੱਤਾ ਬਾਅਦ ਸਾਰੇ ਦਾਅਵੇ ਤੇ ਵਾਅਦੇ ਮਰਿਆ ਸੱਪ ਹੀ ਸਾਬਤ ਹੋਏ। ਮਹਾਰਾਜੇ ਲਈ ਲੰਬੀ ਹਲਕੇ ਸੀਟ ਛੱਡਣ ਵਾਲੀ ਜੁਝਾਰੂ ਕਾਂਗਰਸ ਲੀਡਰਸ਼ਿਪ ਨੂੰ ਚੇਅਰਮੈਨੀਆਂ ਦੇਣਾ ਤਾਂ ਦੂਰ ਪ੍ਰਸ਼ਾਸਨਿਕ ਪੱਧਰ ’ਤੇ ਮਾਣ-ਸਤਿਕਾਰ ਦੇਣ ਦਾ ਜਿਗਰਾ ਵੀ ਨਹੀਂ ਹੋਇਆ। 
ਹੁਣ ਤਾਜ਼ਾ ਘਟਨਾਕ੍ਰਮ ’ਚ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ ’ਚ ਹਾਈਕਮਾਂਡ ਵੱਲੋਂ ਕਾਂਗਰਸੀ ਉਮੀਦਵਾਰਾਂ ਦੀ ਹਮਾਇਤ ’ਚ ਮਾਹੌਲ ਨਾ ਸਿਰਜਣ ਕਰਕੇ ਰੋਹ ਉੱਬਲ ਰਿਹਾ ਹੈ। ਅਜਿਹੇ ’ਚ ਕਾਂਗਰਸ ਵਰਕਰ ਇੱਕ-ਦੂਜੇ ਨਾਲ ਤਾਲਮੇਲ ਕਰਕੇ ਰੈਲੀ ਪ੍ਰਤੀ ਆਪਣੀਆਂ ਭਾਵਨਾਵਾਂ ਫੈਲਾ ਰਹੇ ਹਨ। ਰੈਲੀ ਤੋਂ ਪਹਿਲਾਂ ਕਾਂਗਰਸ ਵਰਕਰਾਂ ਦਾ ਰੋਹ ਜਨਤਕ ਤੌਰ ’ਤੇ ਨਜ਼ਰ ਆਉਣ ਦੇ ਆਸਾਰ ਹਨ। 
ਟਕਸਾਲੀ ਕਾਂਗਰਸ ਆਗੂ ਵਰਿੰਦਰ ਮਿਠੜੀ ਅਤੇ ਦਰਜਨਾਂ ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ’ਚ ਗੈਰ ਸੁਣਵਾਈ ਤੋਂ ਸਾਰੇ ਵਰਕਰ ਦੁਖੀ ਹਨ। ਉਨ੍ਹਾਂ ਅਨੁਸਾਰ ਟਕਸਾਲੀ ਵਰਕਰਾਂ ਦਾ ਮਨ ਰੈਲੀ ਵਿੱਚ ਜਾਣ ਦਾ ਨਹੀਂ ਹੈ। ਬੀਤੇ ਦਿਨ੍ਹੀਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਧੀਰਾ ਖੁੱਡੀਆਂ ਸੋਸ਼ਲ ਮੀਡੀਆ ’ਤੇ ਲੰਬੀ ਦੇ ਕਾਂਗਰਸੀ ਵਰਕਰਾਂ ਦੀ ਸੁਣਵਾਈ ਨਾ ਹੋਣ ਦੀ ਗੱਲ ਕਹਿ ਕੇ ਖੁੱਲ੍ਹੇਆਮ ਆਪਣਾ ਰੋਸ ਪ੍ਰਗਟਾ ਚੁੱਕੇ ਹਨ। 
ਕਾਂਗਰਸ ਵਰਕਰ ਹੁਣ ਅਮਰਿੰਦਰ ਸਿੰਘ ਨੂੰ ਸੁਆਲ ਕਰ ਰਹੇ ਹਨ ਕਿ ਬਾਦਲਾਂ ਨਾਲ ਸਿੱਧਾ ਟਾਕਰਾ ਲੈਣ ਦੇ ਬਾਅਦ ਵੀ ਉਨ੍ਹਾਂ ਨੂੰ ਕਿਹੜੇ ਕਸੂਰ ਸਦਕਾ ਅਣਗੌਲੇ ਕੀਤਾ ਜਾ ਰਿਹਾ ਹੈ, ਜੇਕਰ ਕਾਂਗਰਸੀਆਂ ਦਾ ਬਾਦਲਾਂ ਖਿਲਾਫ਼ ਡਟਣਾ ਗੁਨਾਹ ਹੈ ਤਾਂ ਬਾਦਲਾਂ ਬਾਰੇ ਆਪਣੀ ਹਕੀਕੀ ਨੀਤੀ ਨੂੰ ਅਮਰਿੰਦਰ ਪਾਰਟੀ ਕਾਡਰ ਕੋਲ ਸਪੱਸ਼ਟ ਕਰ ਦੇਣ? 
ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਵਰਕਰਾਂ ਅਤੇ ਲੀਡਰਸ਼ਿਪ ਦੀ ਪਾਰਟੀ ਪ੍ਰਤੀ ਪੂਰੀ ਨਿਸ਼ਠਾ ਹੈ। ਸਾਰੇ ਗਿਲੇ ਸ਼ਿਕਵੇ ਜਨਤਕ ਪਲੇਟਫਾਰਮਾਂ ’ਤੇ ਨਹੀਂ ਬਲਕਿ ਪਾਰਟੀ ਪਲੇਟਫਾਰਮ ’ਤੇ ਹੱਲ ਹੋਣੇ ਹਨ। ਖੁੱਡੀਆਂ ਅਨੁਸਾਰ ਰੈਲੀ ਦੀਆਂ ਸਫ਼ਲਤਾ ਲਈ ਉਪਰਾਲੇ ਵਿੱਢ ਦਿੱਤੇ ਗਏ ਹਨ। 
ਦੂਜੇ ਪਾਸੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਓ.ਐਸ.ਡੀ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ’ਚ ਘੱਟ ਵੋਟਾਂ ਨਾਲ ਹਾਰਨ ਵਾਲੇ ਲੰਬੀ ਦੇ ਵਰਕਰਾਂ ’ਚ ਮੱਦਦ ਨਾ ਮਿਲਣ ਦਾ ਗੁੱਸਾ ਝਲਕ ਰਿਹਾ ਹੈ। ਵਰਕਰਾਂ ਦਾ ਮਾਣ-ਸਤਿਕਾਰ ਹਰ ਪੱਧਰ ’ਤੇ ਹੋਵੇਗਾ ਅਤੇ ਗਿਲੇ ਸ਼ਿਕਵੇ ਦੂਰ ਹੋਣਗੇ। M. No. 98148-26100

No comments:

Post a Comment