01 December 2018

ਯੁਵਰਾਜ ਰਣਇੰਦਰ ਸਿੰਘ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫ਼ੈਡਰੇਸ਼ਨ ਦੇ ਮੀਤ-ਪ੍ਰਧਾਨ ਚੁਣੇ ਗਏ

* ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪਣੇ ਸਪੁੱਤਰ ਨੂੰ ਵਧਾਈ 
* ਵਕਾਰੀ ਅਹੁਦੇ ’ਤੇ ਪੁੱਜਣ ਵਾਲੇ ਪਹਿਲੇ ਭਾਰਤੀ
* ਐਨ.ਆਰ.ਏ.ਆਈ ਦੇ ਪ੍ਰਧਾਨ ਵਜੋਂ ਭਾਰਤੀ ਨਿਸ਼ਾਨੇਬਾਜ਼ੀ ਨੂੰ ਦੇ ਚੁੱਕੇ ਵਿਲੱਖਣ ਮੁਕਾਮ

                                          ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ 
 ਨਵੀਂ ਦਿੱਲੀ/ਚੰਡੀਗੜ੍ਹ, 1 ਦਸੰਬਰ : ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ (ਐਨ.ਆਰ.ਏ.ਆਈ) ਦੇ ਪ੍ਰਧਾਨ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਅੱਜ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫ਼ੈਡਰੇਸ਼ਨ (ਆਈ.ਐਸ.ਐਸ.ਐਫ਼.) ਦੇ ਮੀਤ ਪ੍ਰਧਾਨ ਚੁਣੇ ਗਏ ਹਨ। ਉਹ ਪਹਿਲੇ ਭਾਰਤੀ ਹਨ ਜਿਹੜੇ ਇਸ ਸ਼ਾਨਾਮੱਤੇ ਅਹੁਦੇ ’ਤੇ ਪੁੱਜੇ ਹਨ। ਉਹ ਆਈ.ਐਸ.ਐਸ.ਐਫ਼. ਦੇ ਚਾਰ ਉਪ ਪ੍ਰਧਾਨਾਂ ਵਿੱਚ ਸ਼ਾਮਲ ਹਨ। ਰਣਇੰਦਰ ਸਿੰਘ ਦੀ ਇਸ ਪ੍ਰਾਪਤੀ ’ਤੇ ਉਨ੍ਹਾਂ ਦੇ ਪਿਤਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ। 
  ਇਹ ਚੋਣ ਮੁਨਿਚਮ ਵਿਖੇ ਆਈ.ਐਸ.ਐਸ.ਐਫ਼ ਦੀ ਜਨਰਲ ਅਸੈਂਬਲੀ ਦੌਰਾਨ ਹੋਈ। ਰਣਇੰਦਰ ਸਿੰਘ ਨੇ 161 ਵੋਟਾਂ ਹਾਸਲ ਕੀਤੀਆਂ। ਤਿੰਨ ਹੋਰ ਬਣੇ ਉੱਪ ਪ੍ਰਧਾਨਾਂ ਵਿੱਚ ਆਇਰਲੈਂਡ ਦੇ ਕੈਵਿਨ ਕਿਲਟੀ (162 ਵੋਟਾਂ), ਅਮਰੀਕਾ ਦੇ ਰੋਬਰਟ ਮਿਚੇਲ (153 ਵੋਟਾਂ), ਅਤੇ ਚੀਨ ਗਣਰਾਜ ਦੇ ਵਾਂਗ ਯੀਸੂ ਜੋ 146 ਵੋਟਾਂ ਹਾਸਲ ਕਰਕੇ ਮੁੜ ਚੁਣੇ ਗਏ ਹਨ। ਸ਼ੁੱਕਰਵਾਰ ਨੂੰ ਜਨਰਲ ਅਸੈਂਬਲੀ ਵਿੱਚ ਰਣਇੰਦਰ ਸਿੰਘ ਨੂੰ ਆਈ.ਐਸ.ਐਸ.ਐਫ਼. ਦਾ ਡਿਪਲੋਮਾ ਗੋਲਡ ਮੈਡਲ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੂੰ ਇਹ ਡਿਪਲੋਮਾ ਅਤੇ ਮੈਡਲ ਸਭ ਤੋਂ ਲੰਮਾ ਸਮਾਂ ਆਈ.ਐਸ.ਐਸ.ਐਫ਼. ਦੇ ਰਹੇ ਪ੍ਰਧਾਨ ਓਲੈਗਰਿਓ ਵਾਜ਼ਕਿਜ਼ ਰਾਣਾ ਨੇ ਦਿੱਤਾ ਜੋ ਇਸ ਅਹੁਦੇ ਤੋਂ ਸੇਵਾ ਮੁਕਤ ਹੋ ਰਹੇ ਹਨ। ਜ਼ਿਕਰਯੋਗ ਕਿ ਰਣਇੰਦਰ ਸਿੰਘ ਸਾਲ 2014 ’ਚ 25 ਵਿੱਚੋਂ 22 ਵੋਟਾਂ ਹਾਸਲ ਕਰਕੇ ਆਈ.ਐਸ.ਐਸ.ਐਫ਼. ਦਾ ਮੈਂਬਰ ਬਣੇ ਸਨ। ਯੁਵਰਾਜ ਰਣਇੰਦਰ ਸਿੰਘ ਪਿਛਲੇ ਸਾਲ ਮੁਹਾਲੀ ਵਿਖੇ ਚਾਰ ਸਾਲ ਵਾਸਤੇ ਐਨ.ਆਰ.ਏ.ਆਈ. ਦਾ ਮੁਖੀ ਵੀ ਚੁਣਿਆ ਗਿਆ ਸੀ। ਰਣਇੰਦਰ ਸਿੰਘ ਦੇ ਕਾਰਜਕਾਲ
ਦੌਰਾਨ ਭਾਰਤੀ ਨਿਸ਼ਾਨੇਬਾਜ਼ੀ ਨੇ ਦੁਨੀਆਂ ਪੱਧਰ ’ਤੇ ਉਤਸਾਹਜਨਕ ਨਾਮਣਾ ਖੱਟਿਆ ਹੈ। ਉਨ੍ਹਾਂ ਦੀ ਕਾਬਲੀਅਤ ਅਤੇ ਦ੍ਰਿੜ ਇਰਾਦੇ ਵਾਲੇ ਉਪਰਾਲਿਆਂ ਸਦਕਾ ਭਾਰਤ ’ਚ ਜ਼ਮੀਨੀ ਪੱੱਧਰ ’ਤੇ ਨਿਸ਼ਾਨੇਬਾਜ਼ੀ ਦੀਆਂ ਜੜ੍ਹਾਂ ਫੈਲ ਰਹੀਆਂ ਹਨ। ਜਿਸ ਸਦਕਾ ਆਮ ਸਾਧਾਰਨ ਪਰਿਵਾਰਾਂ ਦੇ ਨੌਜਵਾਨ ਲੜਕੇ-ਲੜਕੀਆਂ ਨੇ ਵੀ ਨਿਸ਼ਾਨੇਬਾਜ਼ੀ ਨਾਲ ਜੁੜ ਕੇ ਦੇਸ਼ ਅਤੇ ਕੌਮਾਂਤਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ ਅਤੇ ਇਹ ਲੜੀ ਲਗਾਤਾਰ ਜਾਰੀ ਹੈ। 
ਉਨ੍ਹਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਣਇੰਦਰ ਸਿੰਘ ਨੇ ਇਸ ਅਹੁਦੇ ’ਤੇ ਪਹੁੰਚ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ ।ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੇ ਭਰਾ ਰਣਧੀਰ ਸਿੰਘ ਦੀ ਚੋਣ ’ਤੇ ਵੀ ਵਧਾਈ ਦਿੱਤੀ ਹੈ ਜੋ ਲਗਾਤਾਰ ਪੰਜਵੀਂ ਵਾਰ ਚਾਰ ਸਾਲ ਵਾਸਤੇ ਐਸੋਸਿਏਸ਼ਨ ਆਫ਼ ਨੈਸ਼ਨਲ ਓਲਿੰਪਿਕ ਕਮੇਟੀ ਦੇ ਕਾਰਜਕਾਰੀ ਬੋਰਡ ਦੇ ਮੈਂਬਰ ਚੁਣੇ ਗਏ ਹਨ। ਰਣਧੀਰ ਸਿੰਘ ਸਾਲ 2001 ਤੋਂ 2014 ਤੱਕ ਇੰਡੀਅਨ ਓਲਿੰਪਿਕ ਕਮੇਟੀ ਦੇ ਮੈਂਬਰ ਵੀ ਰਹੇ ਹਨ। ਜ਼ਿਕਰਯੋਗ ਹੈ ਕਿ ਰਣਇੰਦਰ ਸਿੰਘ ਦੀ ਇਸ ਪ੍ਰਾਪਤੀ ’ਤੇ ਪੰਜਾਬ ਖਾਸਕਰ ਨਿਸ਼ਾਨੇਬਾਜ਼ ਭਾਈਚਾਰੇ ਨੂੰ ਵੱਡਾ ਮਾਣ ਹਾਸਲ ਹੋਇਆ ਹੈ। - 98148-26100 / 93178-26100

No comments:

Post a Comment