15 December 2018

ਸਰਕਾਰੀ ਤੰਤਰ ਦੇ ਹੱਡਾਂ ’ਚ ਰਚਿਆ ਹਕੂਮਤ ਦਾ ਚੜ੍ਹੇ ਦਿਨ ਜਾਗਣ ਵਾਲਾ ਸੁਭਾਅ

* ਬਾਇਓ ਮੀਟ੍ਰਿਕ ਹਾਜ਼ਰੀ ਪ੍ਰਤੀ ਪੰਜਾਬ ਸਰਕਾਰ ਦੇ ਹੱਥ ਖਾਲੀ
* ਦਫ਼ਤਰਾਂ ’ਚ ਅਮਲੇ ਦੀ ਅੌਸਤ ਹਾਜ਼ਰੀ ਸਿਰਫ਼ 55-56 ਫ਼ੀਸਦੀ 
* ਜਨਤਾ ਕੰਮ ਧੰਦਿਆਂ ਲਈ ਗੇੜੇ ਮਾਰ ਕੇ ਹੰਦੀ ਖੱਜਲ ਖੁਆਰ 

ਇਕਬਾਲ ਸਿੰਘ ਸ਼ਾਂਤ
      ਲੰਬੀ: ਹੁਕਮਰਾਨਾਂ ਦਾ ਦਿਨ ਚੜ੍ਹਨ ਮਗਰੋਂ ਜਾਗਣ ਦਾ ਸੁਭਾਅ ਸਰਕਾਰ ਤੰਤਰ ਦੀ ਹੱਡਾਂ ’ਚ ਰਚਣ ਲੱਗਿਆ ਹੈ। ਰੋਜ਼ਾਨਾ ਸਵੇਰੇ 10-11 ਵਜੇ ਦਫ਼ਤਰਾਂ ’ਚ ਪੁੱਜਣਾ ਸਰਕਾਰੀ ਅਮਲੇ ਦੀ ਆਦਤ ਬਣ ਗਈ ਹੈ। ਛੋਟੇ ਕਸਬਿਆਂ ਅਤੇ ਪੇੇਂਡੂ ਖੇਤਰਾਂ ’ਚ ਸਥਿਤ ਦਫ਼ਤਰਾਂ ’ਚ ਸਰਕਾਰੀ ਅਮਲੇ ਦੀ ਅੌਸਤ ਹਾਜ਼ਰੀ ਸਿਰਫ਼ 55-56 ਫ਼ੀਸਦੀ ਤੱਕ ਵੇਖਣ ਨੂੰ ਮਿਲ ਰਹੀ ਹੈ। ਜ਼ਿਲ੍ਹਾ ਪੱਧਰੀ ਅਤੇ ਸਬ ਡਿਵੀਜਨ ਪੱਧਰੀ ਅਧਿਕਾਰੀਆਂ ਵੱਲੋਂ ਲਗਾਤਾਰ ਨਿਗਰਾਨੀ ਦੀ ਥੁੜ ਹੈ। ਪੇਂਡੂ ਅਤੇ
ਕਸਬਾਈ ਦਫ਼ਤਰ ਵੀ ਹਾਜ਼ਰੀ ਪੱਖੋਂ ‘ਲਾਲੇ ਦੀ ਹੱਟੀ’ ਵਾਂਗ ਚੱਲਦੇ ਹਨ। ਉਂਝ ਸਬ ਡਿਵੀਜਨ ਅਤੇ ਜ਼ਿਲ੍ਹਾ ਪੱਧਰ ’ਤੇ ਵੀ ਹਾਲਾਤ ਬਹੁਤੇ ਜੁਦਾ ਨਹੀਂ ਹਨ।
      ਸੂਬੇ ’ਚ ਆਮ ਰਾਜ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗੱਜ-ਬੱਜ ਕੇ ਸੱਤਾ ’ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਵੀ ਬਹੁਤੀ ਗੰਭੀਰ ਨਹੀਂ ਹੈ। ਡੇਢ ਸਾਲ ਦੇ ਰਾਜਭਾਗ ’ਚ ਸਰਕਾਰ ਦਫ਼ਤਰੀ ਕੰਮਕਾਜ਼ ’ਚ ਤੇਜ਼ੀ ਲਿਆਉਣ ਲਈ ਕੋਈ ਕਦਮ ਨਹੀਂ ਪੁੱਟ ਸਕੀ। ਪੰਜਾਬ ਸਰਕਾਰ ਦੇ ਕਰੀਬ ਪੰਜਾਹ ਵਿਭਾਗ ਹਨ। ਜਿਨ੍ਹਾਂ ਵਿਚੋਂ ਦੋ ਫ਼ੀਸਦੀ ਵਿਭਾਗ ਵੀ ਪੂਰੀ ਤਰ੍ਹਾਂ ਬਾਇਓ ਮੀਟ੍ਰਿਕ ਹਾਜ਼ਰੀ ਨਾਲ ਨਹੀਂ ਜੁੜੇ ਹਨ। ਹਾਲੇ ਤਾਂ ਚੰਡੀਗੜ੍ਹ ਵਿਖੇ ਪੰਜਾਬ ਸਕੱਤਰੇਤ ’ਚ ਬਾਇਓ ਮੀਟ੍ਰਿਕ ਹਾਜ਼ਰੀ ਮਸ਼ੀਨਾਂ ਲਗਾਉਣ ਲਈ ਵੀ ਪ੍ਰਾਜੈਕਟ ਆਮ ਰਾਜ ਪ੍ਰਬੰਧ ਵਿਭਾਗ ਦੀ ਫਾਈਲਾਂ ’ਚ ਦੱਬਿਆ ਪਿਆ ਹੈ ।  
     ਸੂਤਰਾਂ ਅਨੁਸਾਰ ਕਰੀਬ ਸਾਲ ਭਰ ਪਹਿਲਾਂ ਕਈ ਵਿਭਾਗਾਂ ਨੇ ਬਾਇਓ ਮੀਟ੍ਰਿਕ ਹਾਜ਼ਰੀ ਲਈ ਅਮਲੇ ਦੇ ਅੰਗੂਠਿਆਂ ਦੇ ਨਿਸ਼ਾਨ ਲਏ ਸਨ। ਫੰਡਾਂ ਅਤੇ ਇੱਛਾ ਸ਼ਕਤੀ ਦੀ ਘਾਟ ਕਾਰਨ ਉਹ ਨਿਸ਼ਾਨ ਫਾਈਲਾਂ ’ਚ ਪਏ-ਪਏ ਫਿੱਕੇ ਪੈਣ ਲੱਗੇ ਹਨ। ਸੂਤਰਾਂ ਅਨੁਸਾਰ ਸੀਨੀਅਰ ਅਫਸਰਸ਼ਾਹੀ ਵੀ ਸਰਕਾਰੀ ਤੰਤਰ ’ਤੇ ਬਾਇਓ ਮੀਟ੍ਰਿਕ ਹਾਜ਼ਰੀ ਦਾ ਸ਼ਿਕੰਜਾ ਕਸਣ ਦੇ ਡਰੋਂ ਮਾਮਲੇ ਨੂੰ ਜਾਣ-ਬੁੱਝ ਕੇ ਲਮਕਾ ਰਹੀ ਹੈ। ਹੁਣ ਤੱਕ ਪੰਜਾਬ ਮੰਡੀ ਬੋਰਡ ਦੇ ਹੀ ਬਹੁਗਿਣਤੀ ਦਫ਼ਤਰ ਬਾਇਓ ਮੀਟ੍ਰਿਕ ਹਾਜ਼ਰੀ ਅਧੀਨ ਦੱਸੇ ਜਾਂਦੇ ਹਨ। ਸੂਬੇ ’ਚ 19 ਹਜ਼ਾਰ ਸਰਕਾਰੀ ਸਕੂਲ ਹਨ। ਸਿਰਫ਼ ਇੱਕ ਹਜ਼ਾਰ ਸਕੂਲਾਂ ’ਚ ਬਾਇਓ ਮੀਟ੍ਰਿਕ ਮਸ਼ੀਨਾਂ ਲੱਗੀਆਂ ਹਨ। ਜ਼ਿਲ੍ਹਾ ਸਿੱਖਿਆ ਦਫ਼ਤਰਾਂ ਨੂੰ ਵੀ ਪਿੱਛੇ ਜਿਹੇ ਬਾਇਓ ਮੀਟ੍ਰਿਕ ਸਹੂਲਤ ਨਾਲ ਜੁੜੇ ਹਨ। 
      ਹਾਜ਼ਰੀ ਪੱਖੋਂ ਹਾਲਾਤ ਇੰਨੇ ਮਾੜੇ ਹਨ ਕਿ ਸਰਕਾਰੀ ਦਫ਼ਤਰਾਂ ਦਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣ ਦਾ ਸਮਾਂ ਹੈ। ਸਰਕਾਰੀ ਪੱਧਰ ’ਤੇ ਪੁੱਛ-ਪ੍ਰਤੀਤ ਨਾ ਹੋਣ ਅਤੇ ਸਿਆਸੀ ਹਾਜ਼ਰੀਆਂ ਵਜਾਉਣ ਦੇ ਸੁਭਾਅ ਕਰਕੇ ਕਾਫ਼ੀ ਗਿਣਤੀ ਅਧਿਕਾਰੀ ਅਤੇ ਕਰਮਚਾਰੀ ਤਾਂ ਮਹਿਜ਼ ਘੰਟਾ-ਦੋ ਘੰਟੇ ਖਾਣਾਪੂਰਤੀ ਲਈ ਦਫ਼ਤਰਾਂ ’ਚ ਗੇੜਾ ਮਾਰਦੇ ਹਨ। ਕਈ ਦਫ਼ਤਰਾਂ ’ਚ ਦੁਪਿਹਰ ਬਾਅਦ ਅਮਲੇ ਜਾਂ ਅਧਿਕਾਰੀ ਪੁੱਜਦੇ ਹਨ ਅਤੇ ਕਈ ਅਧਿਕਾਰੀ ਅਤੇ ਕਰਮਚਾਰੀ ਦੁਪਿਹਰ ਬਾਅਦ ਹੀ ਘਰਾਂ ਨੂੰ ਚਾਲੇ ਪਾ ਜਾਂਦੇ ਹਨ। ਆਮ ਜਨਤਾ ਕੰਮ ਧੰਦਿਆਂ ਲਈ ਦਫ਼ਤਰਾਂ ’ਚ ਗੇੜੇ ਮਾਰਦੀ ਹੈ ਪਰ ਉਥੇ ਕੋਈ ਮਿਲਦਾ ਨਹੀਂ। ਆਮ ਰਾਜ ਪ੍ਰਬੰਧ ਵਿਭਾਗ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕੋਲ ਹੈ। ਸਮੱੁਚਾ ਪੰਜਾਬ ਜਾਣੂ ਹੈ ਕਿ ਮੌਜੂਦਾ ਮੁੱਖ ਮੰਤਰੀ ਦੇ ਕੋਲ ਸਮੇਂ ਦੀ ਘਾਟ ਰਹਿੰਦੀ ਹੈ। ਹਾਲ ਦੀ ਘੜੀ ਜਨਤਾ ਦੀ ਦਫ਼ਤਰਾਂ ’ਚ ਖੱਜਲ ਖੁਆਰੀ ਮੁਕਾਉਣ ਪ੍ਰਤੀ ਮੋਤੀਆਂ ਵਾਲੀ ਸਰਕਾਰ ਦੇ ਹੱਥ ਹਨ। ਸੂਬਾਈ ਹਕੂਮਤ ਦੇ ਆਲਸੀ ਸੁਭਾਅ ਦਾ ਸਰਕਾਰੀ ਤੰਤਰ ‘ਲਾਟ ਸਾਬ੍ਹ’ ਬਣ ਕੇ ਆਨੰਦ ਮਾਣ ਰਿਹਾ ਹੈ। 
        ਬੀਤੇ ਦਿਨ੍ਹੀਂ ਪੰਜਾਬ ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਸਬ ਡਿਵੀਜਨ ਮੰਡੀ ਕਿੱਲਿਆਂਵਾਲੀ ’ਚ ਲੋਕ ਪਾਣੀ ਦੇ ਬਿੱਲ ਭਰਨ ਨੂੰ ਸਵੇਰੇ 9 ਵਜੇ ਪੁੱਜ ਗਏ, ਪਰ ਅਮਲਾ 11 ਵਜੇ ਤੋਂ ਬਾਅਦ ਪੁੱਜਿਆ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਰੋਜ਼ਾਨਾ ਅਮਲਾ ਇਸੇ ਸਮੇਂ ਦਫ਼ਤਰ ’ਚ ਚਰਨ ਪਾਉਂਦੇ ਹਨ। ਪਿੱਛੇ ਜਿਹੇ ਸੂਬਾ ਸਰਕਾਰ ਨੇ ਇੱਕ ਪੱਤਰ ਰਾਹੀਂ ਜਨਤਾ ਦੀ ਸਹੂਲਤ ਲਈ ਕਈ ਵਿਭਾਗਾਂ ਦੇ ਅਧਿਕਾਰੀਆਂ ਨੂੰ ਰੋਜ਼ਾਨਾ ਕੁਝ ਤੈਅ ਘੰਟੇ ਦਫ਼ਤਰ ਬੈਠਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਪਰ ਅਫਸਰਸ਼ਾਹੀ ਦੀ ਕਾਰਜਪ੍ਰਣਾਲੀ ’ਤੇ ਕੋਈ ਅਸਰ ਨਹੀਂ ਵਿਖਿਆ। 
       ਆਮ ਜਨਤਾ ਦਾ ਕਹਿਣਾ ਹੈ ਕਿ ਸਮੁੱਚੇ ਦਫ਼ਤਰਾਂ ਨੂੰ ਬਾਇਓ ਮੀਟ੍ਰਿਕ ਹਾਜ਼ਰੀ ਨਾਲ ਲੈਸ ਕਰਕੇ ਹਾਜ਼ਰੀ ਦਾ ਲਾਈਵ ਵੇਰਵਾ ਸਰਕਾਰੀ ਵੈਬਸਾਈਟ ਨਾਲ ਜੋੜਿਆ ਜਾਵੇ, ਤਾਂ ਜੋ ਸਰਕਾਰੀ ਕੰਮਕਾਜ ’ਚ ਸੌ ਫ਼ੀਸਦੀ ਪਾਰਦਰਸ਼ਿਤਾ ਆ ਸਕੇ ਅਤੇ ਅਮਲੇ ਨੂੰ ਫਰਜ਼ ਨਾਲ ਨੌਕਰੀ ਨਾ ਨਿਭਾਉਣ ’ਤੇ ਕਾਰਵਾਈ ਦਾ ਖੌਫ਼ ਪੈਦਾ ਹੋ ਸਕੇ। 
      ਬਾਇਓ ਮੀਟ੍ਰਿਕ ਹਾਜ਼ਰੀ ਬਾਰੇ ਪੰਜਾਬ ਦੇ ਉੱਚ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਜਾਂ ਫੋਨ ’ਤੇ ਨਹੀਂ ਆਉਣ ਨੂੰ ਤਿਆਰ ਨਹੀਂ। ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਗੁਰਕਿਰਤ ੍ਰਿਕਪਾਲ ਸਿੰਘ ਦਾ ਕਹਿਣਾ ਸੀ ਕਿ ਆਮ ਰਾਜ ਪ੍ਰਬੰਧ ਵਿਭਾਗ ਨਾਲ ਸੰਪਰਕ ਕਰੋ। ਆਮ ਰਾਜ ਪ੍ਰਬੰਧ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਜਸਪਾਲ ਸਿੰਘ ਸਾਰਾ ਦਿਨ ਮੀਟਿੰਗ ’ਚ ਰੁੱਝੇ ਰਹੇ। ਅੰਡਰ ਸਕੱਤਰ ਸੰਗਰਾਮ ਸਿੰਘ ਨੇ ਕਿਹਾ ਕਿ ਅਸੀਂ ਤਾਂ ਸਿਰਫ਼ ਚੰਡੀਗੜ੍ਹ ਦੇ ਸਕਤਰੇਤ, ਮਿੰਨੀ ਸਕੱਤਰ ਵਗੈਰਾ ’ਚ ਬਾਇਓ ਮੀਟ੍ਰਿਕ ਹਾਜ਼ਰੀ ਦਾ ਪ੍ਰਾਜੈਕਟ ਤਿਆਰ ਕੀਤਾ ਹੈ।  ਮੁੱਖ ਪ੍ਰਮੱਖ ਸਕੱਤਰ ਸੁਰੇਸ਼ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦਾ ਮੋਬਾਇਲ ਨੋ ਰਿਪਲਾਈ ਰਿਹਾ। ਨਿੱਜੀ ਸਕੱਤਰ ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਸਾਬ੍ਹ, ਸੀ.ਐਮ. ਸਾਬ੍ਹ ਨਾਲ ਮੀਟਿੰਗ ਲਈ ਦੋ ਘੰਟੇ ਤੋਂ ਗਏ ਹਨ। 

No comments:

Post a Comment