23 December 2018

ਜਦੋਂ ਮਿਕਸ ਹੋ ਗਿਆ ਚਿੱਟਾ ਅਤੇ ਨੀਲਾ ਸਿਆਸੀ ਬਾਣਾ...

*  ਅਕਾਲੀ ਦਲ ਦੀ ਸ਼ਤਰੰਜੀ ਬਿਸਾਤ ’ਚ ਉਲਝ ਕਾਂਗਰਸੀ ਦੇ ਸਾਹਮਣੇ ਡਟੇ ਕਾਂਗਰਸੀ 
* ਕਾਂਗਰਸੀ ਸਰਪੰਚ ਬਣਨ ਲਈ ਉਤਾਵਲੇ, ਅਕਾਲੀ ਦਲ ਦੀ ਨਜ਼ਰ ਪੰਚਾਂ ’ਤੇ 
* ਅਖੌਤੀ ਸਿਆਸੀ ਸਲਾਹਕਾਰ ਅਤੇ ਚਹੇਤਾ ਪੱਤਰੇ ਵਾਚ ਗਏ
                                                    
                                                          ਇਕਬਾਲ ਸਿੰਘ ਸ਼ਾਂਤ 
ਲੰਬੀ: ਬਾਦਲਾਂ ਦੇ ਹਲਕੇ ਲੰਬੀ ਵਿੱਚ ਸਰਪੰਚੀ ਦੀ ਚਾਹਤ ਨੇ ਅਕਾਲੀ ਅਤੇ ਕਾਂਗਰਸੀ ਸਿਆਸਤ ਰਲਗਡ ਕਰ ਦਿੱਤੀ ਹੈ। ਸਰਪੰਚੀਆਂ ਦੇ ਗੇੜ ’ਚ ਸਿਆਸੀ ਵਫ਼ਾਦਾਰੀਆਂ ਦਾ ਅੰਦਾਜ਼  ਬਦਲ ਗਿਆ ਹੈ। ਭਾਈਚਾਰੇ, ਜਾਤਾਂ, ਗੋਤਾਂ ਅਤੇ ਪੱਤੀਆਂ ਦੇ ਆਧਾਰ ਮੂਹਰੇ ‘ਨੀਲੇ’ ਅਤੇ ‘ਚਿੱਟੇ’ ਦਾ ਫ਼ਰਕ ਫ਼ਿੱਕਾ ਪੈ ਗਿਆ ਹੈ। ਸਰਪੰਚੀ ਦੀ ਦੌੜ ’ਚ ਬੇਲਗਾਮ ਹੋਏ ਕਾਂਗਰਸੀਆਂ ਨੇ ਅਕਾਲੀਆਂ ਦੀ ਮੱਦਦ ਨਾਲ ਕਾਂਗਰਸੀਆਂ ਖਿਲਾਫ਼ ਹੀ ਝੰਡੇ ਗੱਡ ਦਿੱਤੇ ਹਨ। ਹਲਕੇ ਦੇ ਬਹੁਤੇ ਪਿੰਡਾਂ ’ਚ ਅਕਾਲੀ ਪਿੱਛੇ ਰਹਿ ਕੇ ਕਾਂਗਰਸੀਆਂ ਜਰੀਏ ਆਪਣੀ ਸਿਆਸੀ ਗੇਮ ਘੁੰਮਾ ਰਹੇ ਹਨ। ਕਾਂਗਰਸੀ ਦਾ ਜ਼ਿਆਦਾ ਧਿਆਨ ਸਿਰਫ਼ ਸਰਪੰਚੀਆਂ
ਵੱਲ ਹੈ। ਜਿਸ ਤਹਿਤ ਕਾਂਗਰਸ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਪਿੰਡਾਂ ’ਚ ਦੋ ਧੜਿਆਂ ’ਚ ਵੰਡੀ ਗਈ। ਦੂਜੇ ਪਾਸੇ ਅਕਾਲੀ ਦਲ ਪੰਚਾਇਤੀ ਕੰਮਕਾਜ਼ ’ਤੇ ਕਮਾਂਡ ਬਣਾਉਣ ਲਈ ਸਰਪੰਚਾਂ ਨਾਲੋਂ ਬਹੁਗਿਣਤੀ ਪੰਚ ਉਮੀਦਵਾਰ ਨੂੰ ਜਿਤਾਉਣ ’ਤੇ ਜ਼ੋਰ ਲਗਾ ਰਿਹਾ ਹੈ। ਜ਼ਿਕਰਯੋਗ ਹੈ ਕਿ ਲੰਬੀ ਹਲਕੇ ’ਚ ਵਿਰੋਧੀਆਂ ਪਾਰਟੀ ਦੇ ਸਰਪੰਚ ’ਤੇ ਦਾਅ ਖੇਡਣ ਦੀ ਪਿਰਤ ਪੰਜ ਸਾਲ ਪਹਿਲਾਂ ਕਾਂਗਰਸੀਆਂ ਨੇ ਸ਼ੁਰੂ ਕੀਤੀ ਸੀ, ਜਿਸਨੂੰ ਐਤਕੀਂ ਅਕਾਲੀਆਂ ਨੇ ਅਪਣਾ ਲਿਆ । ਲੰਬੀ ਹਲਕੇ ’ਚ ਵੜਿੰਗਖੇੜਾ, ਭੀਟੀਵਾਲਾ, ਬਲੋਚਕੇਰਾ, ਆਧਨੀਆਂ, ਭਾਗੂ, ਡੱਬਵਾਲੀ ਰਹੁੜਿਆਂਵਾਲੀ, ਸਹਿਣਾਖੇੜਾ, ਖੁੱਡੀਆਂ ਗੁਲਾਬ ਸਿੰਘ, ਖੁੱਡੀਆਂ ਮਹਾਂ ਸਿੰਘ, ਭਗਵਾਨਪੁਰਾ, ਤੱਪਾਖੇੜਾ ਅਤੇ ਖੇਮਾਖੇੜਾ ਆਦਿ ’ਚ ਸਰਪੰਚੀ ਚੋਣ ਵਿੱਚ ਕਾਂਗਰਸੀਆਂ ਹੀ ਕਾਂਗਰਸੀਆਂ ਖਿਲਾਫ਼ ਖੜ੍ਹੇ ਹੋਏ ਹਨ। ਕਾਂਗਰਸ ਲੀਡਰਸ਼ਿਪ ਪਿੰਡਾਂ ’ਚ ਕਾਂਗਰਸੀਆਂ ਦੇ ਟਾਕਰੇ ਰੋਕਣ ’ਚ ਬੇਵੱਸ ਸਾਬਤ ਹੋਈ। ਇਸ ਨਾਲ ਬਾਦਲਾਂ ਦੇ ਸਿਆਸੀ ਗੜ੍ਹ ’ਚ ਕਾਂਗਰਸ ਸਫ਼ਾਂ ਦੀ ਗੈਰ ਵਿਉਂਤਬੱਧ ਨੀਤੀ ਉਜਾਗਰ ਹੋਈ ਹੈ। ਜਦੋਂਕਿ ਅਕਾਲੀ ਦਲ ਨੇ ਇੱਕ-ਇੱਕ ਪੰਚ ’ਤੇ ਵੀ ਬਾਜ਼ ਅੱਖਾਂ ਨਾਲ ਨੀਤੀ ਤੈਅ ਕੀਤੀ। ਪੰਚਾਇਤੀ ਚੋਣਾਂ ਦੇ ਮੌਜੂਦਾ ਹਾਲਾਤਾਂ ਤਹਿਤ ਅਗਾਮੀ ਲੋਕਸਭਾ ਚੋਣਾਂ ’ਚ ਲੰਬੀ ’ਚ ਕਾਂਗਰਸ ਜੜ੍ਹਾਂ ਨੂੰ ਵੱਡਾ ਖੋਰਾ ਲੱਗਣ ਦੇ ਆਸਾਰ ਹਨ। ਪਿੰਡ ਬਲੋਚਕੇਰਾ ’ਚ ਕਾਂਗਰਸ ਆਗੂ ਸੁਖਬੀਰ ਸਿੰਘ ਬਲੋਚਕੇਰਾ ਅਤੇ ਕਾਂਗਰਸ ਆਗੂ ਸੰਤੋਖ ਸਿੰਘ ਭੁੱਲਰ ਵਕੀਲ ਦੀਆਂ ਪਤਨੀਆਂ ਚੋਣ ਆਹਮੋ-ਸਾਹਮਣੇ ਹਨ। ਅਰਨੀਵਾਲਾ ਵਜੀਰਾਂ ਵਿੱਚ ਤਾਂ ਤਿੰਨ ਕਾਂਗਰਸੀ ਸਰਪੰਚ ਉਮੀਦਵਾਰ ਖੜ੍ਹੇ ਹੋਏ ਹਨ। ਇੱਕ ਪਿੰਡ ’ਚ ਤਾਂ ਅਕਾਲੀਆਂ ਨੇ ਸੀਨੀਅਰ ਕਾਂਗਰਸੀ ਆਗੂ ਦੇ ਸੀਰੀ ਨੂੰ ਹੀ ਸਰਪੰਚ ਖੜ੍ਹਾ ਕਰ ਦਿੱਤਾ ਸੀ। 
ਮੰਡੀ ਕਿੱਲਿਆਂਵਾਲੀ ’ਚ ਕਾਂਗਰਸ ਪਾਰਟੀ ਨੂੰ ਸਰਪੰਚੀ ਉਮੀਦਵਾਰ ਦੀ ਭਾਲ ’ਚ ਵੱਡੀ ਮਸ਼ੱਕਤ ਕਰਨੀ ਪਈ। ਕਸਬੇ ਦੀਆਂ ਸਮੁੱਚੀਆਂ ਯੂਨੀਅਨਾਂ ’ਤੇ ਕਾਬਜ਼ ਪੇਂਡੂ ਕਾਂਗਰਸੀਆਂ ਦੀਆਂ ਕਾਰਗੁਜਾਰੀ ਤੇ ਲੀਡਰਸ਼ਿਪ ਦੀ ਅਣਦੇਖੀ ਕਾਰਨ ਨਾਰਾਜ਼ ਟਕਸਾਲੀ ਕਾਂਗਰਸੀ ਆਗੂ ਅਤੇ ਅਹੁਦੇਦਾਰ ਸਰਪੰਚੀ ਲੜਨ ਤੋਂ ਪਾਸਾ ਵੱਟ ਗਏ। ਇੱਕ ਅਖੌਤੀ ਸਿਆਸੀ ਸਲਾਹਕਾਰ ਆਪਣੇ ਇੱਕ ਚਹੇਤੇ ਨੂੰ ਸਾਲ ਭਰ ਤੋਂ ਸਰਪੰਚ ਬਣਾਉਣ ਦੇ ਦਮਗੱਜੇ ਭਰਦਾ ਰਿਹਾ ਪਰ ਹੁਣ ਸਲਾਹਕਾਰ ਅਤੇ ਚਹੇਤਾ ਦੋਵੇਂ ਪੱਤਰੇ ਵਾਚ ਗਏ। ਕਈ ਪਿੰਡਾਂ ’ਚ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ ਵੀ ਆਹਮੋ-ਸਾਹਮਣੇ ਹਨ ਪਰ ਉਨ੍ਹਾਂ ’ਚ ਕਾਂਗਰਸੀ ਸਫ਼ਾ ਆਪਣੇ ਵਿਰੋਧੀ ਕਾਂਗਰਸੀ ਨੂੰ ਠਿੱਬੀ ਲਗਾਉਣ ਲਈ ਅਕਾਲੀਆਂ ਨਾਲ ਮੂੰਹ ਜੋੜੀ ਬੈਠੀਆਂ ਹਨ। ਵੜਿੰਗਖੇੜਾ ’ਚ ਸਾਬਕਾ ਕਾਂਗਰਸ ਸਰਪੰਚ ਦਰਸ਼ਨ ਸਿੰਘ ਦੀ ਪਤਨੀ ਅਤੇ ਕਾਂਗਰਸ ਆਗੂ ਧਰਮ ਸਿੰਘ ਦੀ ਨੂੰਹ ਆਹਮੋ-ਸਾਹਮਣੇ ਹਨ। ਹਾਕੂਵਾਲਾ ਵਿਖੇ ਕਾਂਗਰਸ ਆਗੂ ਜਥੇਦਾਰ ਬਚਿੱਤਰ ਸਿੰਘ ਅਤੇ ਕਾਂਗਰਸ ਆਗੂ ਗੁਰਦੀਪ ਸਿੰਘ ਦੀਆਂ ਪਤਨੀਆਂ ਆਹਮੋ-ਸਾਹਮਣੇ ਹਨ। ਇੱਕ ਸੀਨੀਅਰ ਅਕਾਲੀ ਲੀਡਰ ਨੇ ਅਕਾਲੀ ਸਰਪੰਚੀ ਉਮੀਦਵਾਰੀਆਂ ਬਾਰੇ ਪੁੱਛੇ ਜਾਣ ’ਤੇ ਦੋ-ਤਿੰਨ ਪਿੰਡਾਂ ਦੇ ਕਾਂਗਰਸੀ ਉਮੀਦਵਾਰਾਂ ਨੂੰ ਅਕਾਲੀ ਉਮੀਦਵਾਰਾਂ ਵਜੋਂ ਗਿਣਵਾਇਆ। ਦੂਜੇ ਪਾਸੇ ਕਾਂਗਰਸੀਆਂ ਦੇ ਆਹਮੋ-ਸਾਹਮਣੇ ਡਟਣ ਬਾਰੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ ਹੀ ਇਤਨਾ ਹੈ ਕਿ ਉਹ ਹੁੰਮ-ਹੁੰਮਾ ਚੋਣਾਂ ਵਿੱਚ ਡਟ ਗਏ ਗਏ ਹਨ। 

                                  ਰਲੇਵੇਂ ਵਾਲੀ ਸਰਬਸੰਮਤੀ ਫੇਲ੍ਹ
ਲੰਬੀ ਹਲਕੇ ਦੇ ਅਤਿ ਸੰਵੇਦਨਸ਼ੀਲ ਪਿੰਡ ਭੀਟੀਵਾਲੀ ਦੀ ਸਰਪੰਚੀ ਵਿੱਚ ਸਰਬਸੰਮਤੀ ਕਾਂਗਰਸੀਆਂ ਦੇ ਆਪਸੀ ਦਵੇਸ਼ ਕਾਰਨ ਸਿਆਸੀ ਟਾਕਰੇ ਵਿੱਚ ਬਦਲ ਗਈ। ਲੰਬੀ ਹਲਕੇ ’ਚ ਅਤਿ ਸੰਵੇਦਲਨਸ਼ੀਲ ਪਿੰਡ ਭੀਟੀਵਾਲਾ ’ਚ ਅਕਾਲੀ ਦਲ ਵੱਲੋਂ ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ ਅਤੇ ਕਾਂਗਰਸ ਦੇ ਕੁਲਵੰਤ ਸਿੰਘ ਅਤੇ ਪਵਨਦੀਪ ਸਿੰਘ ਮੈਦਾਨ ਵਿੱਚ ਉੱਤਰੇ ਸਨ। ਨਾਮਜ਼ਗੀ ਕੇਂਦਰ ਖਿਉਵਾਲੀ ’ਚ ਕਾਂਗਰਸ ਆਗੂ ਪਵਨਦੀਪ ਸਿੰਘ ਨੂੰ ਪਹਿਲਾਂ ਸਰਪੰਚ ਬਣਾ ਕੇ ਬਾਅਦ ’ਚ ਅਕਾਲੀ ਆਗੂ ਜਗਤਾਰ ਸਿੰਘ ਨਾਲ ਢਾਈ-ਢਾਈ ਸਾਲ ਦੀ ਸਰਬਸੰਮਤੀ ਬਣ ਗਈ ਸੀ। ਉਸੇ ਦੌਰਾਨ ਸਰਬਸੰਮਤੀ ਦੀ ਗੇਮ ’ਚੋਂ ਲਾਂਭੇ ਕੀਤੇ ਤੀਜੇ ਉਮੀਦਵਾਰ ਕੁਲਵੰਤ ਸਿੰਘ ਨੇ ਉਕਤ ਸਰਬਸੰਮਤੀ ਨੂੰ ਦੋਵੇਂ ਉਮੀਦਵਾਰਾਂ ਦੀ ਪਹਿਲਾਂ ਤੋਂ ਮਿਲੀਭੁਗਤ ਦੱਸਦਿਆਂ ਚੋਣ ਮੈਦਾਨ ’ਚ ਡਟੇ ਰਹਿਣ ਦਾ ਐਲਾਨ ਕਰ ਦਿੱਤਾ। ਪਵਨਦੀਪ ਨੂੰ ਜਗਤਾਰ ਧੜੇ ਦੀ ਹਮਾਇਤ ਦੱਸੀ ਜਾਂਦੀ ਹੈ। ਜਗਤਾਰ ਸਿੰਘ ਨੇ ਪਵਨਦੀਪ ਸਿੰਘ ਦੀ ਹਮਾਇਤ ’ਚ ਕਾਗਜ਼ ਵਾਪਸ ਲੈ ਲਏ। ਪਤਾ ਲੱਗਿਆ ਹੈ ਕਿ ਪਿੰਡ ਵਾਸੀਆਂ ਨੂੰ ਉਕਤ ਸਰਬਸੰਮਤੀ ਦਾ ਪਹਿਲਾਂ ਤੋਂ ਖਦਸ਼ਾ ਸੀ। ਇਸੇ ਕਰਕੇ ਕੁਲਵੰਤ ਸਿੰਘ ਮੈਦਾਨ ’ਚ ਉਤਰਿਆ ਸੀ। ਸਹਾਇਕ ਰਿਟਰਨਿੰਗ ਅਫਸਰ ਜੱਸਾ ਸਿੰਘ ਨੇ ਕਿਹਾ ਕਿ ਭੀਟੀਵਾਲਾ ’ਚ ਪਵਨਦੀਪ ਸਿੰਘ ਅਤੇ ਕੁਲਵੰਤ ਸਿੰਘ ਚੋਣ ਮੈਦਾਨ ਵਿੱਚ ਹਨ। 


No comments:

Post a Comment