19 August 2020

ਲੋਕ ਆਵਾਜ਼ ਨੂੰ ਦਬਾਉਣ ਖਾਤਰ ਰੋਲ ਰੋਕਣ ਦੇ ਪੁਰਾਣੇ ਮਾਮਲੇ ’ਚ ਲਛਮਣ ਸੇਵੇਵਾਲਾ ਗਿ੍ਰਫ਼ਤਾਰ

* ਕੱਲ ਲੰਬੀ ਥਾਣੇ ਮੂਹਰੇ ਅਤੇ 25 ਨੂੰ ਵਿੱਤ ਮੰਤਰੀ ਦੇ ਬੂਹੇ ’ਤੇ ਧਰਨਿਆਂ ਦੇ ਮੱਦੇਨਜ਼ਰ ਹੋਈ ਕਾਰਵਾਈ 

* ਸੂਬੇ ਭਰ ਦੀਆਂ ਜਨਤਕ ਜਥੇਬੰਦੀਆਂ ’ਚ ਰੋਸ

* ਚਿੱਟੀ ਮੱਖੀ ਸੰਘਰਸ਼ ਨਾਲ ਜੁੜਿਆ ਹੈ ਮੁਕੱਦਮਾ



ਇਕਬਾਲ ਸ਼ਾਂਤ

ਲੰਬੀ: ਲੋਕਪੱਖੀ ਮਸਲਿਆਂ ’ਤੇ ਲੋਕ ਆਵਾਜ਼ ਨੂੰ ਦਬਾਉਣ ਖਾਤਰ ਸਰਕਾਰੀ ਤੰਤਰ ਨੇ ਅਦਾਲਤੀ ਮਾਮਲੇ ਦੀ ਓਟ ’ਚ ਕਿਸਾਨਾਂ-ਮਜ਼ਦੂਰਾਂ ਦੀ ਜਮਹੂਰੀ ਲਹਿਰ ਦੇ ਸੂਬਾਈ ਆਗੂ ਲਛਮਣ ਸੇਵੇਵਾਲਾ ਨੂੰ ਅੱਜ ਗਿ੍ਰਫ਼ਤਾਰ ਕਰ ਲਿਆ ਗਿਆ। ਇਹ ਕਾਰਵਾਈ ਰੇਲਵੇ ਪ੍ਰੋਟੈਕਸ਼ਨ ਫੋਰਸ (ਐਨ.ਡਬਿਲਿਊੂ.ਆਰ) ਹਨੂੰਮਾਨਗੜ (ਬੀਕਾਨੇਰ ਡਵੀਜਨ) ਨੇ ਰੇਲ ਰੋਕਣ ਦੇ ਇੱਕ ਮੁਕੱਦਮੇ ਤਹਿਤ ਕੀਤੀ ਹੈ। ਜਿਸ ਵਿੱਚ ਅਦਾਲਤ ਨੇ ਸੇਵੇਵਾਲਾ ਨੂੰ ਪੀ.ਓ ਕਰਾਰ ਦਿੱਤਾ ਹੈ। ਸੂਤਰਾਂ ਅਨੁਸਾਰ ਸੇਵੇਵਾਲਾ ਨੂੰ ਬਠਿੰਡਾ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਗਿ੍ਰਫ਼ਤਾਰੀ ਬਾਰੇ ਬੜੀ ਤੇਜ਼ੀ ਨਾਲ ਸੂਚਨਾ ਵਾਇਰਲ ਹੋਈ। ਸੇਵੇਵਾਲਾ ਦੀ ਗਿ੍ਰਫ਼ਤਾਰੀ ਨਾਲ ਪੰਜਾਬ ਭਰ ਵਿੱਚ ਰੋਸ ਦੀ ਲਹਿਰ ਦੌੜ ਗਈ। ਬਠਿੰਡਾ ਅਤੇ ਲੰਬੀ ਹਲਕੇ ਦੇ ਕਿਸਾਨ ਮਜ਼ਦੂਰ ਆਗੂ ਵੱਖ-ਵੱਖ ਥਾਈ ਜੁਟਣੇ ਸ਼ੁਰੂ ਹੋ ਗਏ। ਜ਼ਿਕਰਯੋਗ ਹੈ ਕਿ ਲਛਮਣ ਸੇਵੇਵਾਲਾ ਲੋਕ ਆਗੂ ਦੇ ਨਾਲ ਲੋਕਪੱਖੀ ਦੇ ਸੁਚੱਜੇ ਕਲਮਕਾਰ ਵੀ ਹਨ। ਜ਼ਿਕਰਯੋਗ ਹੈ ਕਿ ਸੂਬੇ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਲਛਮਣ ਸੇਵੇਵਾਲਾ ਦੀ ਅਗਵਾਈ ਹੇਠ ਲੰਬੀ ਹਲਕੇ ਵਿੱਚ ਕੱਲ 20 ਅਗਸਤ ਨੂੰ ਲੰਬੀ ਥਾਣੇ ਅਤੇ 25 ਅਗਸਤ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਮੂਹਰੇ ਧਰਨੇ-ਪ੍ਰਦਰਸ਼ਨ ਉਲੀਕੇ ਹੋਏ ਹਨ। ਜਥੇਬੰਦੀਆਂ ਦਾ ਦੋਸ਼ ਹੈ ਕਿ ਸੂਬਾ ਸਰਕਾਰ ਅਤੇ ਖਾਕੀ ਤੰਤਰ ਨੇ ਲੋਕਪੱਖੀ ਆਵਾਜ਼ ਦਬਾਉਣ ਲਈ ਆਰ.ਪੀ.ਐਫ਼ ਦੇ ਇੱਕ ਮੁਕੱਦਮੇ ਦਾ ਸਹਾਰਾ ਲਿਆ ਹੈ। ਇਹ ਲੋਕਤੰਤਰ ’ਚ ਸਿੱਧੇ ਤੌਰ ’ਤੇ ਆਵਾਜ਼ ਦਬਾਊ ਕਾਰਵਾਈ ਹੇ। ਇਸ ਮਾਮਲੇ ਦੀ ਜਾਣਕਾਰੀ ਅਨੁਸਾਰ ਭਾਕਿਯੂ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ਸਾਲ 2015 ਦੌਰਾਨ ਪੰਜਾਬ ’ਚ ਚਿੱਟੀ ਮੱਖੀ ਖਿਲਾਫ਼ ਪਿੰਡ ਪਥਰਾਲਾ ਨੇੜੇ ਰੇਲੇ ਰੋਕਣ ਦੇ ਭਖਵੇਂ ਸੂਬਾਈ ਸੰਘਰਸ਼ ਤਹਿਤ ਆਰ.ਪੀ.ਐਫ਼ ਨੇ ਰੇਲਵੇ ਐਕਟ ਦੀ ਧਾਰਾ 174/147 ਤਹਿਤ ਮਾਮਲਾ ਦਰਜ ਕੀਤਾ ਸੀ। ਜਿਸ ਤਹਿਤ ਲਛਮਣ ਸਿੰਘ ਸੇਵੇਵਾਲਾ ਅਤੇ ਗੁਰਪਾਸ਼ ਸਿੰਘੇਵਾਲਾ ਨੂੰ ਨਾਮਜਦ ਕੀਤਾ ਗਿਆ ਸੀ। ਗੁਰਪਾਸ਼ ਸਿੰਘ ਦੀ ਪਹਿਲਾਂ ਗਿ੍ਰਫ਼ਤਾਰੀ ਹੋ ਚੁੱਕੀ ਹੈ। ਸੀਨੀਅਰ ਵਕੀਲ ਐਨ.ਕੇ.ਜੀਤ ਨੇ ਕਿਹਾ ਕਿ ਸੇਵੇਵਾਲਾ ਖਿਲਾਫ਼ ਕਾਰਵਾਈ ਪੰਜਾਬ ਪੁਲਿਸ ਦੀ ਮਿਲੀਭੁਗਤ ਨਾਲ ਹੋਈ ਹੈ। ਉਨਾਂ ਕਿਹਾ ਕਿ ਆਰ.ਪੀ.ਐਫ਼. ਵੱਲੋਂ ਪੰਜਾਬ ’ਚ ਲੋਕ ਆਵਾਜ਼ ਨੂੰ ਦਬਾਉਣ ਲਈ ਜਮਹੂਰੀ ਸੰਘਰਸ਼ਾਂ ਸਮੇਂ ਹੀ ਪੁਰਾਣੇ ਮਾਮਲਿਆਂ ਨੂੰ ਆਧਾਰ ਬਣਾ ਕੇ ਲੋਕ ਆਗੂਆਂ ਦੀ ਗਿ੍ਰਫ਼ਤਾਰੀਆਂ ਅੰਜਾਮ ਦਿੱਤਾ ਜਾਂਦਾ ਹੈ। ਲੰਬੀ ਹਲਕੇ ਦੀਆਂ ਜਮਹੂਰੀ ਜਥੇਬੰਦੀਆਂ ਦੇ ਆਗੁੂਆਂ ਮਨਜਿੰਦਰ ਸਿੰਘ ਸਰਾਂ, ਦਲਜੀਤ ਸਿੰਘ, ਤਰਸੇਮ ਸਿੰਘ ਮਿਠੜੀ ਨੇ ਕਿਹਾ ਕਿ ਨਾਬਾਲਗ ਲੜਕੀ ਨੂੰ ਇਨਸਾਫ਼ ਦਿਵਾਉਣ ਕੱੱਲ ਲੰਬੀ ਥਾਣੇ ਮੂਹਰੇ ਧਰਨਾ ਪੂਰੀ ਜਲੌਅ ਨਾਲ ਦਿੱਤਾ ਜਾਵੇਗਾ। ਆਰ.ਪੀ.ਐਫ਼. ਦੀ ਕਾਰਵਾਈ ਨਾਲ ਲੋਕ ਆਵਾਜ਼ ਹੋਰ ਬੁਲੰਦੀ ਨਾਲ ਅਗਾਂਹ ਵਧੇਗੀ। ਦੂਜੇ ਪਾਸੇ ਆਰ.ਪੀ.ਐਫ਼. ਹਨੂੰਮਾਨਗੜ ਦੇ ਮੁਖੀ ਅਜੀਤ ਸਿੰਘ ਦਹੀਆ ਨੇ ਲਛਮ ਸਿੰਘ ਸੇਵੇਵਾਲਾ ਦੀ ਬਠਿੰਡਾ ਤੋਂ ਗਿ੍ਰਫ਼ਤਾਰ ਦੀ ਪੁਸ਼ਟੀ ਕਰਦੇ ਆਖਿਆ ਕਿ 2015 ਵਿੱਚ ਰੇਲ ਰੋਕਣ ਖਿਲਾਫ਼ ਰੇਲਵ ਐਕਟ ਦੀਆਂ ਧਾਰਾਵਾਂ ਦਰਜ ਮੁਕੱਦਮੇ ਤਹਿਤ ਗਿ੍ਰਫ਼ਤਾਰੀ ਕੀਤੀ ਹੈ। ਜਿਸ ਵਿੱਚ ਅਦਾਲਤ ਨੇ ਸੇਵੇਵਾਲ ਨੂੰ ਪੀ.ਓ. ਕਰਾਰ ਦਿੱਤਾ ਹੋਇਆ ਹੈ। 


No comments:

Post a Comment