26 August 2020

ਸਰਕਾਰੇ! ਕਾਹਦੀਆਂ ਤੇਰੀਆਂ ਸਿਹਤ ਅਤੇ ਆਵਾਸ ਸਕੀਮਾਂ....

* ਡਿੱਗੀ ਛੱਤ ਦੇ ਝੋਰੇ 'ਚ ਬਿਨ•ਾਂ ਇਲਾਜ ਦੇ ਤੁਰ ਗਈ ਹੁਕਮਤੇਜ਼ ਦੀ ਹਰਪਾਲ ਕੁਰ



 ਇਕਬਾਲ ਸਿੰਘ ਸ਼ਾਂਤ

ਲੰਬੀ, (25 ਅਗਸਤ)-ਪਿੰਡ ਕਿੱਲਿਆਂਵਾਲੀ ਵਿਖੇ ਬਜ਼ੁਰਗ ਰਿਕਸ਼ਾ ਚਾਲਕ ਹੁਕਮਤੇਜ਼ ਦੀ ਬਿਮਾਰੀ ਪਤਨੀ ਹਰਪਾਲ ਕੌਰ ਬਿਨ•ਾਂ ਇਲਾਜ ਦੇ ਡਿੱਗੀ ਹੋਈ ਛੱਤ ਹੇਠਾਂ ਬੀਤੀ ਰਾਤ ਗਰੀਬਾਂ ਲਈ ਬਹੁਕਰੋੜੀ ਯੋਜਨਾਵਾਂ ਵਾਲੇ ਲੋਕਤੰਤਰ ਨੂੰ ਅਲਵਿਦਾ ਆਖ ਗਈ। ਇਕਲੌਤੇ ਕਮਰੇ ਦੀ ਡਿੱਗੀ ਛੱਤ ਦੇ ਹਉਂਕੇ ਨੇ ਹਰਪਾਲ ਕੌਰ ਨੂੰ ਵਕਤ ਤੋਂ ਪਹਿਲਾਂ ਹੁਕਮਤੇਜ਼ ਤੋਂ ਖੋਹ ਲਿਆ। 'ਬੇਗੈਰਤ' 'ਲੱਖ' ਸਰਕਾਰੀ ਸਿਹਤ ਪੱਖੀ ਅਤੇ ਆਵਾਸ ਯੋਜਨਾਵਾਂ ਗਰਜ਼ਮੰਦ ਮਰਹੂਮ ਗਰੀਬੜੀ ਦੇ ਮਰਨ ਤੋਂ ਪਹਿਲਾਂ ਦੇ ਹਾਲਾਤਾਂ ਮੂਹਰੇ ਬੇਯਕੀਨ ਹੋ ਨਿੱਬੜੀਆਂ। ਉਸਦੀ ਮੌਤ ਸਰਕਾਰੀ ਸਕੀਮਾਂ, ਸਰਕਾਰੀ ਕੰਮਕਾਜ਼ ਅਤੇ ਢਹਿ-ਢੇਰੀ ਹੋ ਰਹੀਆਂ ਸਮਾਜਿਕ ਤੰਦਾਂ 'ਤੇ ਵੱਡੀ ਸੁਆਲ ਛੱਡ ਗਈ। ਅੱਜ ਜ਼ਿੰਦਗੀ ਦੇ ਹਾਲਾਤ ਅਖ਼ਬਾਰਾਂ 'ਚ ਸੁਰਖੀਆਂ ਬਣਨ ਤੋਂ ਪਹਿਲਾਂ ਹੀ ਉਹ ਅੱਜ ਸਵੇਰੇ ਤਿੰਨ ਵਜੇ ਹਰਪਾਲ ਕੌਰ ਨੇ ਪ੍ਰਾਣ ਤਿਆਗ ਦਿੱਤੇ। 

ਬਦਕਿਸਮਤੀ ਦੇ ਹੁਕਮਾਂ ਨੇ ਰਿਕਸ਼ਾ ਚਾਲਕ ਹੁਕਮਤੇਜ਼ ਤੋਂ ਖੋਹੀ 'ਕਿਸਮਤ' ਵਾਲੀ ਤੇਜ਼ੀ

ਮੀਡੀਆ ਰਾਹੀਂ ਪ੍ਰਸ਼ਾਸਨ ਤੱਕ ਮਾਮਲਾ ਪੁੱਜਣ 'ਤੇ ਜਦੋਂ ਤੱਕ ਕੋਈ ਤਰਦੱਦੀ ਕਦਮ ਉਠਦੇ ਉਦੋਂ ਤੱਕ ਹਰਪਾਲ ਕੌਰ ਦੇ ਸਾਹਾਂ ਦੀ ਕਿਤਾਬ ਮੁੱਕ ਚੁੱਕੀ ਸੀ।  ਬੀਤੇ ਕੱਲ• ਕਮਰੇ ਦੀ ਛੱਤ ਡਿੱਗਣ ਮਗਰੋਂ ਹਰਪਾਲ ਕੌਰ ਛੱਤ ਵੱਲ ਹੱਥ ਕਰਕੇ ਸਹਿਕ ਰਹੀ ਸੀ। ਕੋਲ ਬੈਠਾ ਹੁਕਮਤੇਜ਼ ਪੱਖੀ ਝੱਲ ਕੇ ਛੱਤ ਦੇ ਬਚੇ-ਖੁਚੇ ਹਿੱਸੇ ਨੂੰ ਦਰਸ਼ਾ ਕੇ ਦਿਲਾਸੇ ਦਾ ਅਹਿਸਾਸ ਕਰਵਾ ਰਿਹਾ ਸੀ। ਅੱਜ ਪਿੰਡ ਵਾਸੀ ਡਾਕਟਰ ਹਰਪਾਲ ਸਿੰਘ ਨੇ ਕਿਹਾ ਕਿ ਬੀਤੀ ਰਾਤ ਉਹ ਹਰਪਾਲ ਕੌਰ ਦੀ ਜਾਂਚ ਕਰਕੇ ਆਇਆ ਸੀ, ਅੱਜ ਸਵੇਰੇ ਪਤਾ ਲੱਗਿਆ ਤਿੰਨ ਵਜੇ ਹਰਪਾਲ ਕੌਰ ਮੁੱਕ ਗਈ।

ਬਦਕਿਸਮਤੀ ਦੇ ਹੁਕਮਾਂ ਨੇ ਰਿਕਸ਼ਾ ਚਾਲਕ ਹੁਕਮਤੇਜ਼ ਤੋਂ ਖੋਹੀ 'ਕਿਸਮਤ' ਵਾਲੀ ਤੇਜ਼ੀ

ਸਮਾਜ ਵਿੱਚ ਮਸਲਾ ਸਿਰਫ਼ ਹਰਪਾਲ ਕੌਰ ਅਤੇ ਹੁਕਮਤੇਜ਼ ਸਿੰਘ ਦੀ ਮਾੜੀ ਹਾਲਤ ਦਾ ਨਹੀਂ, ਬਲਕਿ ਲੋਕਾਂ ਦੇ ਫੰਡਾਂ ਨਾਲ ਨਿੱਤ ਬਣਨ ਵਾਲੀਆਂ ਸਰਕਾਰੀ ਸਕੀਮਾਂ 'ਚ ਗਬਨ ਹੁੰਦੇ ਹਜ਼ਾਰਾਂ ਕਰੋੜ ਰੁਪਏ ਦਾ ਹੈ। ਪਿੰਡ-ਪਿੰਡ, ਗਲੀ ਮੁਹੱਲਿਆਂ 'ਚ ਅਜਿਹੇ ਛੱਤਾਂ ਅਤੇ ਇਲਾਜ ਖੁਣੋਂ ਬਜ਼ੁਰਗ ਅਤੇ ਲੋਕ ਖੁਰ ਰਹੇ ਹਨ। ਕੀ ਸਰਕਾਰੀ ਤੰਤਰ ਦਫ਼ਤਰਾਂ 'ਚੋਂ ਨਿੱਕਲ ਕੇ ਫਰਜ਼ਾਂ ਦੇ ਅਮਲ ਨੂੰ ਸਹੀ ਢੰਗ ਨਾਲ ਨਹੀਂ ਨਿਭਾ ਸਕਦਾ। ਕੀ ਆਮ ਲੋਕ ਮਹਾਰਾਹ ਅਗਰਸੈਨ ਦੇ ਰਾਜ ਇੱਕ-ਇੱਕ ਇੱਟ ਅਤੇ ਇੱਕ-ਇੱਕ ਰੁਪਇਆ ਦਾਨ ਕਰਨ ਦੀ ਪਿਰਤ ਚਲਾ ਕੇ ਮੰਦਹਾਲੀ ਲੋਕਾਂ ਨੂੰ ਛੱਤ ਦਾ ਆਸਰ ਨਹੀਂ ਦੇ ਸਕਦੇ। ਇੰਨਾਂ ਹਾਲਾਤਾਂ 'ਚ ਹੁਣ ਸੱਠ ਸਾਲਾ ਬਜ਼ੁਰਗ ਹੁਕਮਤੇਜ਼ ਸਿੰਘ ਦੀ ਬਚੇ-ਖੁਚੇ ਦਿਨਾਂ ਨੂੰ ਛੱਤ ਦਾ ਆਸਰਾ ਅਤੇ ਰੋਟੀ ਦੇ ਸਹਾਰੇ ਦੀ ਵੱਡੀ ਜ਼ਰੂਰਤ ਹੈ। ਹੁਣ ਵੇਖਣਾ ਬਣਦਾ ਹੈ ਕਿ ਕਿਹੜਾ ਸਮਾਜਸੇਵੀ ਫਰਿਸ਼ਤਾ ਬਣ ਕੇ ਉਸਦੀ ਬਾਂਹ ਫੜਨ ਨੂੰ ਮੂਹਰੇ ਆਉਂਦਾ ਹੈ।


No comments:

Post a Comment