26 August 2020

ਬਦਕਿਸਮਤੀ ਦੇ ਹੁਕਮਾਂ ਨੇ ਰਿਕਸ਼ਾ ਚਾਲਕ ਹੁਕਮਤੇਜ਼ ਤੋਂ ਖੋਹੀ 'ਕਿਸਮਤ' ਵਾਲੀ ਤੇਜ਼ੀ

* ਕਮਰੇ ਦੀ ਡਿੱਗੀ ਕੱਚੀ ਛੱਤ ਦੇ ਬਚੇ ਹਿੱਸੇ ਹੇਠ ਬਿਮਾਰ ਪਤਨੀ ਨੂੰ ਕਰਵਾ ਰਿਹਾ ਛੱਤ ਦਾ ਅਹਿਸਾਸ
* ਪ੍ਰਧਾਨ ਮੰਤਰੀ ਆਵਾਸ ਯੌਜਨਾ 'ਚੋਂ ਨਾਂਅ ਕੱਟ 'ਤਾ, ਇਲਾਜ਼ ਨੂੰ ਪੈਸੇ ਨਹੀਂ, ਰੁਜ਼ਗਾਰ ਲੌਕਡਾਊਨ ਨੇ ਖੋਹਿਆ




ਇਕਬਾਲ ਸ਼ਾਂਤ
ਲੰਬੀ: (24 ਅਗਸਤ)-ਜ਼ਿੰਦਗੀ ਭਰ ਤੇਜ਼ ਕਦਮਾਂ ਨਾਲ ਲੋਕਾਂ ਨੂੰ ਮੰਜਲ 'ਤੇ ਪਹੁੰਚਾਉਣ ਵਾਲੇ ਰਿਕਸ਼ਾ ਚਾਲਕ ਹੁਕਮਤੇਜ਼ ਦੀ ਬਦਕਿਸਮਤੀ ਦੇ ਹੁਕਮਾਂ 'ਤੇ ਸਾਰੀ ਤੇਜ਼ੀ ਮਿੱਟੀ 'ਚ ਰੋਲ ਰੱਖੀ ਹੈ। ਪਤਨੀ ਦੀ ਬਿਮਾਰੀ ਅਤੇ ਬੇਰੁਜ਼ਗਾਰੀ ਕਾਰਨ ਕੁਦਰਤ ਦੀ 'ਦੁਸ਼ਮਣਾਈ' ਝੱਲ ਰਹੇ ਪਿੰਡ ਕਿੱਲਿਆਂਵਾਲੀ (ਹਲਕਾ ਲੰਬੀ) ਦੇ ਬਜ਼ੁਰਗ ਹੁਕਮਤੇਜ ਸਿੰਘ ਦੇ ਸਿਰੋਂ ਕੱਚੀ ਛੱਤ ਦਾ ਆਸਰਾ ਵੀ ਖੁੱਸ ਗਿਆ। ਲੰਘੀ ਦੇਰ ਸ਼ਾਮ ਇੱਕ ਕੋਠੜੇ ਵਾਲੇ ਮਕਾਨ ਦੀ ਕੱਚੀ ਛੱਤ ਵੀ ਡਿੱਗ ਪਈ। ਹੁਣ ਛੱਤ ਦੇ ਡਿੱਗਣੋਂ ਬਚੇ ਹਿੱਸੇ ਹੇਠਾਂ ਮੰਜਾਂ 'ਤੇ ਪਈ ਬਿਮਾਰ ਪਤਨੀ ਨੂੰ ਪੱਖੀ ਝੱਲਦਿਆਂ ਛੱਤ ਦਾ ਅਹਿਸਾਸ ਕਰਵਾ ਰਿਹਾ ਹੈ। ਪੀਲੀਏ ਅਤੇ ਪੱਥਰੀ ਵਗੈਰਾ ਬੁਢਾਪੇ ਦੀ ਬਿਮਾਰੀ ਤੋਂ ਪੀੜਤ ਔਰਤ ਦੀਆਂ ਸਹਿਕਾਂ ਸੱਠ ਸਾਲਾ ਰਿਕਸ਼ਾ ਚਾਲਕ ਦੇ ਦਰਦ ਨੂੰ ਅੱਖਾਂ ਵਿਚੋਂ ਦਰਸਾਉਂਦੀਆਂ ਹਨ। ਬੁਢਾਪੇ ਅਤੇ ਗੁਰਬਤ ਦੀ ਬੇਵੱਸੀ ਨੇ ਹਾਲਾਤ ਉਸਦੇ ਵੱਸੋਂ ਬਾਹਰ ਕਰ ਦਿੱਤੇ ਹਨ। ਕਮਰੇ ਦੀ ਬਚੀ-ਖੁਚੀ ਛੱਤ ਦੀ ਜ਼ਿੰਦਗੀ ਵੀ ਕੁਝ ਘੰਟਿਆਂ ਦੀ ਜਾਪਦੀ ਹੈ। ਇਸ ਬੇਵੱਸ ਜੋੜੇ ਦੀ ਜ਼ਿੰਦਗੀ ਵੀ ਡਿੱਗਣ ਨੂੰ ਬਚੀ-ਖੁਚੀ ਛੱਤ ਦੇ ਕਾਣਿਆਂ ਦੇ ਸਹਾਰੇ ਹੈ। ਹੁਕਮਤੇਜ਼ ਸਿੰਘ ਦਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕੇ ਮਕਾਨਾਂ ਦੀ ਸੂਚੀ 'ਚ ਨਾਂਅ ਪਿਆ ਸੀ ਪਰ ਬਦਕਿਸਮਤੀ ਨੇ ਉਸ 'ਤੇ ਵੀ ਪੋਚਾ ਮਰਵਾ ਦਿੱਤਾ। ਘਰ ਦੇ ਹਾਲਾਤ ਅਜਿਹੇ ਹਨ ਕਿ ਬੁੱਝੇ ਹੋਏ ਚੁੱਲ•ੇ 'ਚ ਲੱਕੜਾਂ ਦੀ ਥਾਂ ਅੱਧ ਸੜੇ ਪੰਨੇ ਸਰਕਾਰੀ ਦਾਅਵਿਆਂ ਦੀ ਝਲਕ ਵਿਖਾ ਰਹੇ ਸਨ। ਹੁਕਮਤੇਜ਼ ਨੇ ਦਰਦ ਬਿਆਂ ਕਰਦੇ ਆਖਿਆ ਕਿ ਲੌਕਡਾਊਨ ਕਰਕੇ ਰਿਕਸ਼ੇ ਲਈ ਸਵਾਰੀ ਨਹੀਂ ਮਿਲਦੀ। ਸਵੇਰ ਤੋਂ ਸ਼ਾਮ ਤੱਕ ਸੜਕਾਂ 'ਤੇ ਧੱਕੇ ਖਾਣ ਮਗਰੋਂ ਨਿੱਤ ਖਾਲੀ ਜੇਬ ਵਾਪਸੀ ਨੇ ਜ਼ਿੰਦਗੀ ਫਾਕਿਆਂ ਤੱਕ ਸੀਮਤ ਕਰ ਦਿੱਤੀ ਹੈ। ਹੁਕਮਤੇਜ਼ ਆਖਦਾ ਹੈ ਕਿ ਪਤਨੀ ਦੀ ਬਿਮਾਰੀ ਦੇ ਇਲਾਜ ਲਈ ਪੈਸੇ ਨਹੀਂ ਹਨ। ਉਹ ਪੱਥਰੀ ਦੇ ਦਰਦ ਅਤੇ ਪੀਲੀਏ ਵਗੈਰਾ ਕਰਨ ਪੀੜ ਨਾਲ ਕਰਾਹੁੰਦੀ ਹੈ। ਹੁਣ ਛੱਡ ਸੁੱਟ ਕੇ ਕੁਦਰਤ ਨੇ ਸੱਤ ਜਨਮਾਂ ਵਾਲਾ ਬਦਲਾ ਲੈ ਲਿਆ ਹੈ। ਮਕਾਨ ਬਣਾਉਣ ਦੀ ਸੂਚੀ 'ਚ ਉਸਦਾ ਨਾਂਅ ਆਇਆ ਪਰ ਬਾਅਦ 'ਚ ਕੱਟ ਦਿੱਤਾ ਗਿਆ। ਉਹ ਆਖਦਾ ਕਿ ਹੁਣ ਸ਼ਾਇਦ ਰੱਬ ਹੀ ਹੇਠਾਂ ਆ ਕੇ ਉਸਦੀ ਕੋਈ ਮੱਦਦ ਕਰੇ, ਪਰ ਨਾਲ ਹੀ ਉਸਦੇ ਬੋਲਾਂ 'ਚੋਂ ਹਕੀਕਤ ਛਲਕਦੀ ਕਿ ਜੇਕਰ ਉਹਨੇ ਆਉਣਾ ਹੁੰਦਾ ਤਾਂ ਉਹ ਪਲ-ਪਲ 'ਤੇ ਦਿੱਕਤਾਂ ਦੇ ਪਹਾੜ ਹੀ ਖੜ•ੇ ਕਿਉਂ ਕਰਦਾ। ਜ਼ਿਕਰਯੋਗ ਹੈ ਕਿ ਇਹ ਹਾਲਾਤ ਸਰਕਾਰਾਂ ਦੀਆਂ ਅਸਲ ਨੀਤੀਆਂ ਅਤੇ ਦਫ਼ਤਰਾਂ 'ਚ ਬੈਠੇ ਵੱਡੇ-ਵੱਡੇ ਅਫਸਰਾਂ ਦੇ ਨਿਕੰਮੇ ਕੰਮਕਾਜ਼ ਨੂੰ ਬਾਖੂਬੀ ਦਰਸਾਉਂਦੇ ਹਨ। ਇਨ•ਾਂ ਸਫ਼ਾਂ 'ਚ ਜ਼ਿੰਦਗੀ ਵੱਖਰੇ ਸੁਰਾਂ ਦੀ ਤਾਸੀਰ ਨੂੰ ਉਡੀਕਦੀ ਹੈ ਪਰ ਉਸ ਲਈ ਬਿਹਤਰ ਹੱਥ ਅਤੇ ਸੁਚੱਜੇ ਕਦਮ ਸਮਾਜ ਦੀ ਜ਼ਰੂਰਤ ਬਣ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਕੋਰੋਨਾ ਕਰਕੇ ਹਰ ਪਰਿਵਾਰ ਮੰਦਹਾਲੀ ਵਿੱਚ ਲੰਘ ਰਿਹਾ ਹੈ ਨਹੀਂ ਤਾਂ ਉਹ ਕੁਝ ਮੱਦਦ ਕਰ ਦਿੰਦੇ।

No comments:

Post a Comment