31 July 2021

ਕਮਲਪ੍ਰੀਤ ਕੌਰ 'ਬੱਲ' ਨੇ ਵਿਖਾਇਆ ਟੋਕੀਓ ਓਲੰਪਿਕ 'ਚ ਲੰਬੀ ਹਲਕੇ ਦਾ 'ਬਲ'






* ਸਾਬਕਾ ਮੁੱਖ ਮੰਤਰੀ ਬਾਦਲ ਨੇ ਬੱਲ ਦੇ ਪ੍ਰਦਰਸ਼ਨ ਨੂੰ ਟੀ.ਵੀ ’ਤੇ ਵੇਖਿਆ, 

 * ਪ੍ਰਾਪਤੀ ’ਤੇ ਓ.ਐਸ.ਡੀ. ਰਾਹੀਂ ਪਰਿਵਾਰ ਨੂੰ ਵਧਾਈ ਭੇਜ ਫੋਨ 'ਤੇ ਕੀਤੀ ਪਿਤਾ ਨਾਲ ਗੱਲ

* ਮੇਰੀ ਪੁੱਤਰੀ ਓਲੰਪਿਕ ’ਚੋਂ ਤਮਗਾ ਜ਼ਰੂਰ ਜਿੱਤ ਕੇ ਲਿਆਏਗੀ: ਪਿਤਾ ਕੁਲਦੀਪ ਸਿੰਘ

* ਕਬਰਵਾਲਾ ਅਤੇ ਲੰਬੀ ਹਲਕੇ ’ਚ ਖੁਸ਼ੀ ਦਾ ਮਾਹੌਲ

ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ
ਲੰਬੀ/ਟੋਕੀਓ: ਲੰਬੀ ਹਲਕੇ ਦੇ ਪਿੰਡ ਕਬਰਵਾਲਾ ਦੀ ਖਿਡਾਰੀ ਕਮਲਪ੍ਰੀਤ ਕੌਰ ਬੱਲ ਨੇ ਟੋਕੀਓ ਓਲੰਪਿਕ ’ਚ ਡਿਸਕਸ ਥਰੋਅ ’ਚ ਫਾਈਨਲ ਵਿੱਚ ਪ੍ਰਵੇਸ਼ ਕਰਕੇ ਆਪਣੇ ਵਜੂਦ ਨੂੰ ਦਰਸਾ ਦਿੱਤਾ। ਉਸਦਾ ਥਰੋਅ 64 ਮੀਟਰ ਰਿਹਾ। ਹੁਣ ਤੱਕ ਡਿਸਕਸ ਥਰੋਅ ’ਚ ਵੱਖ-ਵੱਖ ਰਿਕਾਰਡ ਤੋੜਣ ਲਈ ਜਾਣੀ ਜਾਂਦੀ ਕਮਲਪ੍ਰੀਤ ਇੱਕ ਹੋਰ ਰਿਕਾਰਡ ਤੋੜਕੇ ਓਲੰਪਿਕ ’ਚ ਭਾਰਤ ਵੱਲੋਂ ਸਭ ਤੋਂ ਵੱਧ ਸਕੋਰ ਕਰਨ ਵਾਲੀ ਖਿਡਾਰੀ ਬਣ ਗਈ ਹੈ। ਉਹ ਪਹਿਲਾਂ ਹੀ ਡਿਸਕਸ ਥਰੋਅ ’ਚ 65 ਮੀਟਰ ਸਕੋਰ ਕਰਨ ਵਾਲੀ ਭਾਰਤੀ ਮਹਿਲਾ ਐਥਲੀਟ ਵੀ ਹੈ। ਓਲੰਪਿਕ ’ਚ ਫਾਈਨਲ ’ਚ ਪੁੱਜਣ ’ਤੇ ਸਮੁੱਚੇ ਦੇਸ਼ ਸਮੇਤ ਲੰਬੀ ਹਲਕੇ ਅਤੇ ਉਸਦੇ ਪਰਿਵਾਰ ਨੂੰ ਉਸਦੇ ਵਧਦੇ ਕਦਮਾਂ ਤੋਂ ਹੋਰ ਵੱਡੀਆਂ ਉਮੀਦਾਂ ਲੱਗ ਗਈਆਂ ਹਨ। 





 ਸਾਬਕਾ ਮੁੱਖ ਮੰਤਰੀ ਨੇ ਵਾਚਿਆ ਕਮਲਪ੍ਰੀਤ ਦਾ ਖੇਡ ਪ੍ਰਦਰਸ਼ਨ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਮਲਪ੍ਰੀਤ ਕੌਰ ਬੱਲ ਦੇ ਖੇਡ ਪ੍ਰਦਰਸ਼ਨ ਨੂੰ ਪਿੰਡ ਬਾਦਲ ਰਿਹਾਇਸ਼ ਤੋਂ ਟੈਲੀਵਿਜ਼ਨ ਰਾਹੀਂ ਵੇਖਿਆ। ਉਸਦੀ ਪ੍ਰਾਪਤੀ ’ਤੇ ਖੁਸ਼ੀ ਜਾਹਰ ਕਰਦੇ ਸ੍ਰੀ ਬਾਦਲ ਨੇ ਹੱਲਾਸ਼ੇਰੀ ਭਰੀ ਆਸ ਪ੍ਰਗਟਾਈ ਕਿ ਕਮਲਪ੍ਰੀਤ ਕੌਰ ਬੱਲ ਓਲੰਪਿਕ ਵਿੱਚੋਂ ਤਮਗਾ ਜਿੱਤ ਕੇ ਭਾਰਤ ਅਤੇ ਲੰਬੀ ਹਲਕੇ ਦਾ ਮਾਣ ਅਤੇ ਸ਼ਾਨ ਵਧਾਏਗੀ। ਉਨਾਂ ਸਭਨਾਂ ਨੂੰ ਕਮਲਪੀ੍ਰਤ ਕੌਰ ਦੀ ਜਿੱਤ ਲਈ ਅਰਦਾਸ ਕਰਨ ਲਈ ਪ੍ਰੇਰਿਆ। ਫਾਈਨਲ ’ਚ ਪੁੱਜਣ ’ਤੇ ਸ੍ਰੀ ਬਾਦਲ ਨੇ ਓ.ਐਸ.ਡੀ ਗੁਰਚਰਨ ਸਿੰਘ ਅਤੇ ਅਕਾਲੀ ਆਗੂ ਪਰਮਿੰਦਰ ਸਿੰਘ ਕੋਲਿਆਂਵਾਲੀ ਖਿਡਾਰੀ ਕਮਲਪ੍ਰੀਤ ਕੌਰ ਦੇ ਪਰਿਵਾਰ ਨੂੰ ਵਧਾਈ ਦੇਣ ਲਈ ਕਬਰਵਾਲਾ ਭੇਜਿਆ ਅਤੇ ਖੁਦ ਕਮਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਨਾਲ ਮੋਬਾਇਲ ’ਤੇ ਗੱਲ ਕਰਕੇ ਉਨਾਂ ਨੂੰ ਵਧਾਈ ਦਿੱਤੀ। ਕਲਮਪ੍ਰੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਨੇ ਖੁਸ਼ੀ ਜਾਹਰ ਕਰਦੇ ਆਖਿਆ ਕਿ ਉਸਨੂੰ ਯਕੀਨ ਹੈ ਕਿ ਉਸਦੀ ਮਾਣਮੱਤੀ ਧੀ ਓਲੰਪਿਕ ਵਿੱਚੋਂ ਤਮਗਾ ਜ਼ਰੂਰ ਜਿੱਤ ਕੇ ਲਿਆਏਗੀ। ਕਮਲਪ੍ਰੀਤ ਕੌਰ ਗਰੁੱਪ-ਬੀ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਦੂਸਰੇ ਸਥਾਨ ’ਤੇ ਹੈ। ਹੁਣ ਕਮਲਪ੍ਰੀਤ ਕੌਰ 2 ਅਗਸਤ ਨੂੰ ਫਾਈਨਲ ਵਿਚ ਭਾਰਤ ਵੱਲੋਂ ਦਾਅਵੇਦਾਰੀ ਪੇਸ਼ ਕਰੇਗੀ।



ਸੌਖਾ ਨਹੀਂ ਰਿਹਾ ਕਮਲਪ੍ਰੀਤ ਕੌਰ ਦਾ ਸਫ਼ਰ: ਕਰੀਬ 9 ਸਾਲਾਂ ’ਚ ਡਿਸਕਸ ਥਰੋਅ ’ਚ ਸਿਖ਼ਰਲੇ ਪੜਾਅ ’ਤੇ ਪੁੱਜਣ ਵਾਲੀ ਕਮਲਪ੍ਰੀਤ ਬੱਲ ਦਾ ਖੇਡ ਸਫ਼ਰ ਸੌਖਾ ਨਹੀਂ ਰਿਹਾ। 2017 ’ਚ ਖੇਡ ਦੌਰਾਨ ਲੱਗੀ ਸੱਟ ਦੇ ਲਗਾਤਾਰ ਦਰਦ ਨੇ ਉਸਨੂੰ ਲਗਪਗ ਹਰਾ ਦਿੱਤਾ ਸੀ। ਤਿੱਖੇ ਦਰਦ ਨੇ ਉਸਦੀ ਖੇਡ ਛੱਡਣ ਦੇ ਆਸਾਰ ਬਣਾ ਦਿੱਤੇ ਸਨ। ਉਹ ਆਖਦੀ ਹੈ ਕਿ ਉਸਨੂੰ ਪਿਤਾ ਕੁਲਦੀਪ ਸਿੰਘ ਬੱਲ ਵੱਲੋਂ ਲੋਕਾਂ ਦੀਆਂ ਜ਼ਮੀਨਾਂ ਠੇਕੇ ’ਤੇ ਵਾਹ ਕੇ ਜੱਦੀ ਸੱਤ ਏਕੜ ਜ਼ਮੀਨ ਨੂੰ 28 ਏਕੜ ਬਣਾਉਣ ਦਾ ਮਿਹਨਤੀ ਅਤੇ ਔਖਾ ਸਫ਼ਰ ਯਾਦ ਆਇਆ ਅਤੇ ਉਸਦੇ ਪਿੱਠ ਦਰਦ ਨੂੰ ਤਾਕਤ ਬਣਾ ਲਿਆ। 

39 ਮੀਟਰ ਸਕੋਰ ਵਿੱਢਿਆ ਸੀ ਜਿੱਤਾਂ ਦਾ ਸਫ਼ਰ: ਪਿਤਾ ਦੀ ਉਸਾਰੂ ਮਿਹਨਤ ਦੀ ਪ੍ਰੇਰਨਾ ਬਣਾਉਣ ਸਦਕਾ ਕਮਲਪ੍ਰੀਤ ਬੱਲ ਨੇ ਜਿੱਤਾਂ ਦੀ ਲੜੀ 2014 ’ਚ ਜੂਨੀਅਰ ਨੈਸ਼ਨਲ ਡਿਸਕਸ ਥਰੋਅ 39 ਮੀਟਰ ਸਕੋਰ ਨਾਲ ਸੋਨ ਤਮਗੇ ਤੋਂ ਵਿੱਢੀ। ਉਸੇ ਸਾਲ ਸਕੂਲ ਗੇਮਜ਼ 42 ਮੀਟਰ ਸਕੋਰ ਨਾਲ ਸੋਨ ਤਮਗਾ ਅਤੇ 2016 ’ਚ ਓਪਨ ਨੈਸ਼ਨਲ ’ਚ ਸੋਨ ਤਮਗਾ ਫੁੰਡਿਆ। ਸੀਨੀਅਰ ਨੈਸ਼ਨਲ ਫੈਡਰੇਸ਼ਨ ਮੁਕਾਬਲਿਆਂ ’ਚ ਸਾਲ 2018, 2019 ਤੇ 2021 ਵਿੱਚ ਲਗਾਤਾਰ ਸੋਨ ਤਮਗੇ ਜਿੱਤ ਕੇ ਖੁਦ ਨੂੰ ਸਾਬਤ ਕੀਤਾ। 


ਰਿਕਾਰਡ ਤੋੜਨਾ ਦਾ ਤਾਂ ਜਿਵੇਂ ਸ਼ੌਂਕ ਹੀ ਲੱਗ ਗਿਆ: ਲਗਾਤਾਰ ਜਿੱਤਾਂ ਨੂੰ ਹੱਥਾਂ ਦੀ ਕਰਾਮਾਤ ਬਣਾਉਣ ਵਾਲੀ ਕਮਲਪ੍ਰੀਤ ਬੱਲ ਨੂੰ ਰਿਕਾਰਡ ਤੋੜਨ ਦਾ ਜਿਵੇਂ ਸੁਭਾਅ ਹੀ ਪੈ ਗਿਆ। ਉਸਨੇ 2016 ’ਚ ਰਾਜਸਥਾਨ ਦੀ ਪਰਮਿਲਾ ਦਾ ਜੂਨੀਅਰ ਖੇਡਾਂ ’ਚ ਰਿਕਾਰਡ ਤੋੜਿਆ। 2107 ’ਚ ਉਸਨੇ ਹਰਵੰਤ ਕੌਰ ਵੱਲੋਂ ਸਾਲ 2001 ਵਿੱਚ ਕਾਇਮ ਕੀਤਾ ਕਰੀਬ 53 ਮੀਟਰ ਦਾ ਰਿਕਾਰਡ 55.11 ਮੀਟਰ ਸਕੋਰ ਨਾਲ ਤੋੜ ਸੁੱਟਿਆ। ਫਿਰ ਉਸਨੇ ਆਲ ਇੰਡੀਆ ਇੰਟਰ ਰੇਲਵੇ ਖੇਡਾਂ ’ਚ ਲਖਨਊ ਵਿਖੇ ਕਿ੍ਰਸ਼ਨਾ ਪੂਨੀਆ ਦਾ ਮੀਟ ਰਿਕਾਰਡ ਵੀ ਤੋੜ ਦਿੱਤਾ।  ਇਸ ਲੜੀ ਨੂੰ ਉਸਨੇ ਓਲੰਪਿਕ ’ਚ ਵੀ ਜਾਰੀ ਰੱਖਿਆ।  M. No. 93178-26100


   

No comments:

Post a Comment