21 July 2021

ਹਕੂਮਤੀ ਜੜਾਂ ਤੋਂ ਮਿੱਟੀ ਪੁੱਟੇ ਜਾਣ ਦੇ ਰੋਸੇ ਵਿੱਚ ਘਪਲਿਆਂ ਦੀਆਂ ਫਾਈਲਾਂ ਤੋਂ ਮਿੱਟੀ ਝੜ੍ਹਨੀ ਸ਼ੁਰੂ!




* ਮੁਆਫ਼ੀ ਮੰਗਣ ਅਤੇ ਨਾ ਮੰਗਣ ਦੀ ਜਿੱਦਬਾਜ਼ੀ ਨੇ ਉਲਝਾਈ ਤਾਣੀ 

* ਬੋਲੀ ਬਦਲ ਗਏ ਸਿਆਸੀ ਤੋਤਿਆਂ ਨੂੰ ‘ਹਰੀ ਮਿਰਚ’ ਖੁਆਉਣ ਨੂੰ ਤਿਆਰੀ 

* ਦੁਬਾਰਾ ਚੋਣ ਜਿਤਣ ਲਈ ਮੁੱਖ ਮੰਤਰੀ ਨੂੰ ਵੀ ਬਦਲੇ ਜਾਣ ਦੀ ਮਹਿਸੂਸ ਹੋ ਰਹੀ ਜ਼ਰੂਰਤ 


ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ

ਲੰਬੀ/ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਨਾਲ ਪੰਜਾਬ ’ਚ ‘ਸੂਬਾ ਸਰਕਾਰ’ ਅਤੇ ‘ਜਥੇਬੰਦਕ ਸਰਕਾਰ’ ਦੇ ਸਿੱਧਮ-ਸਿੱਧੇ ਦੋ ਫਰੰਟ ਖੁੱਲਣ ਨਾਲ ਕਈ ਸੱਤਾਪੱਖੀ ਮੰਤਰੀਆਂ/ਵਿਧਾਇਕਾਂ ਦੀਆਂ ਪਰਤਾਂ ਮੁੜ ਉੱਧੜਨ ਦਾ ਮੁੱਢ ਬੱਝਿਆ ਗਿਆ ਹੈ। 

ਸੂਤਰਾਂ ਮੁਤਾਬਕ ਸਿੱਧੂ ਮਾਮਲੇ ’ਚ ਅਮਰਿੰਦਰ ਸਿੰਘ ਦੀਆਂ ਦੋ ਦਹਾਕਿਆਂ ਤੋਂ ਸਥਾਪਤ ਜੜਾਂ ਦੀ ਮਿੱਟੀ ਪੁੱਟੇ ਜਾਣ ਮਗਰੋਂ ਮੁੱਖ ਮੰਤਰੀ ਦਰਬਾਰ ’ਚ ਵੱਟੇ ਖਾਤੇ ਪਈਆਂ ਕਥਿਤ ਵਿਵਾਦਤ ਮਾਮਲਿਆਂ/ਘਪਲਿਆਂ ਦੀਆਂ ਲਾਲ-ਨੀਲੀਆਂ ਫਾਈਲਾਂ ਤੋਂ ਮਿੱਟੀ ਝੜਨੀ ਸ਼ੁਰੂ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਟਵੀਟਾਂ ਲਈ ਸਿੱਧੂ ਵੱਲੋਂ ਮੁਆਫ਼ੀ ਮੰਗਵਾਉਣ ’ਤੇ ਬਜਿੱਦ ਹਨ। ਮੰਤਰੀ ਬ੍ਰਹਮ ਮਹਿੰਦਰਾ, ਕੈਪਟਨ ਦੀ ਹਮਾਇਤ ’ਚ ਆ ਡਟੇ ਹਨ। ਦੂਜੇ ਪਾਸੇ ਤਾਲਮੇਲ ਫੇਰੀ ’ਤੇ ਨਿੱਕਲੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਦੇ ਹਮਾਇਤੀ ਵਿਧਾਇਕ ਮਦਨ ਲਾਲ ਜਲਾਲਪੁਰ, ਸੰਗਤ ਸਿੰਘ ਗਿਲਜ਼ੀਆਂ, ਪਰਗਟ ਸਿੰਘ ਤੇ ਜੋਗਿੰਦਰਪਾਲ ਨੇ ਕਿਹਾ ਕਿ ਸਿੱਧੂ ਨੂੰ ਮਾਫੀ ਮੰਗਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਹੁਣ ਇਹ ਗੱਲਾਂ ਭੁੱਲ ਜਾਣੀਆਂ ਚਾਹੀਦੀਆਂ ਹਨ। ਕੁਝ ਵਿਧਾਇਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਨੂੰ ਪੰਜਾਬ ਤੋਂ ਮਾਫੀ ਮੰਗਣੀ ਚਾਹੀਦੀ ਹੈ। ਸਿੱਧੂ ਨਾਲ ਮੌਜੂਦਾ ਸਮੇਂ ’ਚ 62 ਕਾਂਗਰਸੀ ਵਿਧਾਇਕ ਡਟ ਗਏ ਹਨ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੂੰ ਮਾਝਾ ਬੈਲਟ ਦੇ ਕਾਂਗਰਸ ਵਜ਼ੀਰਾਂ ਦੀ ‘ਰੱਬ’ ਵਰਗੀ ਹਮਾਇਤ ਹੈ। ਜਿਹੜੀ ਕਿ ਅਮਰਿੰਦਰ ਸਿੰਘ ਨੂੰ ਸਭ ਤੋਂ ਵੱਧ ਚੁੱਭ ਰਹੀ ਹੈ। 

ਇਸ ਵਜੂਦੀ ਵਿਵਾਦ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜਿੱਦੀ ਲਹਿਜ਼ੇ ਨੂੰ ਸਿਆਸੀ ਜੀਵਨ ’ਚ ਪਹਿਲੀ ਵਾਰ ਕਈ ਸਿਖ਼ਰਲੇ ਸਿਆਸੀ ‘ਬੈਕ ਫਾਇਰਾਂ’ ਦਾ ਸ਼ਿਕਾਰ ਬਣਨਾ ਪਿਆ ਹੈ। ਉੱਪਰੋਂ ਹਾਈਕਮਾਨ ਵੱਲੋਂ ਨਵਜੋਤ ਸਿੱਧੂ ਨੂੰ ਫ੍ਰੀ ਹੈਂਡ ਸਮਰਥਨ ਮਿਲਣ ਨਾਲ ‘ਮਹਾਰਾਜੇ’ ਦੇ ਦਿਲੋ-ਦਿਮਾਗ ’ਤੇ ਇਹ ਖਫ਼ਾਗਿਰੀ ਵੱਡਾ ਵਜ਼ਨ ਪਾਈ ਖੜੀ ਹੈ। ਜਿਸਦੀ ਖੁਰਾਕ ਪੂਰਤੀ ਅਤੇ ਬੋਲੀ ਬਦਲ ਗਏ ਸਿਆਸੀ ਤੋਤਿਆਂ ਨੂੰ ‘ਸਬਕ’ ਵਾਲੀਆਂ ਹਰੀਆਂ ਮਿਰਚਾਂ ਖੁਆਉਣ ਦੀ ਤਿਆਰੀ ਸ਼ੁਰੂ ਗਈ ਹੈ। ਜਿਸਦੇ ਨਤੀਜੇ ਛੇਤੀ ਸਾਹਮਣੇ ਆਉਣ ਦੀ ਉਮੀਦ ਹੈ। ਸੂਤਰਾਂ ਦਾ ਕਹਿਣਾ ਹੈ ਕਿ ਫਾਈਲਾਂ ’ਚ ਦੱਬੇ ਵੱਖ-ਵੱਖ ਮਾਮਲੇ ਨੋਟਿਸਾਂ ਦੇ ਰੂਪ ਵਿੱਚ ਸਾਹਮਣੇ ਆ ਸਕਦੇ ਹਨ। ਜਿਨਾਂ ਬਾਰੇ ਪਿਛਲੇ ਸਮੇਂ ’ਚ ਵਿਰੋਧੀ ਧਿਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਵੱਖ-ਵੱਖ ਘਪਲਿਆਂ ਨੂੰ ਉਭਾਰ ਕੇ ਧਰਨੇ-ਮੁਜਾਹਰੇ ਕੀਤੇ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੜਤਾਲ ਵਿੱਢਣ ਦੀ ਬਜਾਇ ਕੋਈ ਕਾਰਵਾਈ ਨਹੀਂ ਕੀਤੀ ਗਈ। 

ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਿੱਚ ਉਸਦੀ ਸਿਆਸੀ ਜ਼ਮੀਨ ਦੇ ਸੁੰਘੜਵੇਂ ਦਾਇਰੇ ਦਾ ਬਖੂਬੀ ਅੰਦਾਜ਼ਾ ਹੋ ਚੁੱਕਿਆ ਹੈੈ। ਹੁਣ ਆਪਣੇ ਪੈਰ ਖਿਸਕਦੇ ਵੇਖ ਸੱਤਾ ’ਚ ਸਹਿਯੋਗੀ ਰਹੇ ਮੰਤਰੀ/ਵਿਧਾਇਕਾਂ ਨੂੰ ਸਿੱਧੂ ਦੇ ‘ਇਮਾਨਦਾਰ ਮੋਢਿਆਂ’ ਦੀ ਸਾਖ਼ ’ਤੇ ਬੈਠਣ ਯੋਗ ਨਾ ਛੱਡਣ ਲਈ ਪੁਰਾਣੇ ਸਾਂਭੇ ਹੋਏ ਪੜਤਾਲੀਏ ਤੀਰ ਛੱਡਣ ਦੀ ਤਿਆਰੀ ਵਿੱਚ ਹਨ, ਤਾਂ ਜੋ ਦੋ ਦਹਾਕੇ ਪੁਰਾਣਾ ਏਕਾਧਿਕਾਰ ਖੁੱਸਣ ਮਗਰੋਂ ਕੁਰਸੀ ਖੋਹੇ ਜਾਣ ’ਤੇ 2022 ਵਿਧਾਨਸਭਾ ਚੋਣਾਂ ਸਮੇਂ ਕਾਂਗਰਸ ਹਾਈਕਮਾਂਡ ਦੇ ਹੱਥ ਪੱਲੇ ਕਈ ਮੁਸ਼ਕ ਮਾਰਦੇ ਕਈ ਮਰੇ ਸੱਪ ਹੀ ਰਹਿ ਜਾਣ। ਉਚਪੱਧਰੀ ਸੂਤਰਾਂ ਮੁਤਾਬਿਕ ਆਗਾਮੀ ਦਿਨਾਂ ’ਚ ‘ਹਮ ਨਾ ਚੰਗੇ ਤੋਂ, ਤੁਮ ਵੀ ਹੋ ਜਾਓ ਨੰਗੇ’ ਵਾਲੀ ਰਾਹ ’ਤੇ ਕਈਆਂ ਦੀ ਸਿਆਸੀ ਅਤੇ ਦਸਤਾਵੇਜ਼ੀ ਖਲਿਆਰ ਪੈ ਸਕਦੀ ਹੈ। ਅਮਰਿੰਦਰ ਸਿੰਘ ’ਤੇ ਲੰਮੇ ਸਮੇਂ ਤੋਂ ਭਾਜਪਾ ਦੇ ਕਥਿਤ ਡੰਡੇ ਵਿੱਚ ਕਾਂਗਰਸੀ ਝੰਡੇ ਵਾਲੀ ਸਰਕਾਰ ਚਲਾਉਣ ਦੇ ਦੋਸ਼ ਲੱਗਦੇ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਫਾਈਲਾਂ ਵਾਲੇ ਮੰਤਰੀ/ਵਿਧਾਇਕ ਮਹਾਰਾਜੇ ਦੀ ਸਿਆਸੀ ਸੇਜ਼ ’ਤੇ ਵਾਪਸੀ ਲਈ ਖੁੱਲਮ-ਖੁੱਲਾ ਰਾਜੀ ਨਾ ਹੁੰਦਾ ਤਾਂ ਬਾਹਰੋਂ ਨਵਜੋਤ ਸਿੰਘ ਸਿੱਧੂ ਨਾਲ ਰਹਿ ਕੇ ਉਸਦੀ ਸਿਆਸੀ ਮੁਹਿੰਮ ਨੂੰ ਖੋਖਲਾ ਕਰਨ ਲਈ ਅੰਦਰੂਨੀ ਤੌਰ ’ਤੇ ਰਾਜੀਨਾਮਿਆਂ ’ਤੇ ਸਹਿਮਤੀ ਬਣ ਸਕਦੀ ਹੈ। 

ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਆਸੀ ਮੱਥੇ ’ਤੇ ਕਲੰਕ

ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਅਮਰਿੰਦਰ ਸਿੰਘ ਦੀ ਸਾਢੇ ਚਾਰ ਸਾਲਾਂ ’ਚ ਕਾਰਗੁਜਾਰੀ ਇਤਨੀ ਮੰਦਹਾਲ ਰਹੀ ਕਿ ਸਿਰਫ਼ ਨਵਜੋਤ ਸਿੱਧੂ ਦੀ ਪ੍ਰਧਾਨਗੀ ਨਾਲ ਹੀ ਸੱਤਾ ਦੀ ਦੂਸਰੀ ਪਾਰੀ ਕਾਂਗਰਸ ਦੇ ਹੱਥ ਆਉਣ ਦੀ ਉਮੀਦ ਨਹੀਂ, ਬਲਕਿ ਮੁੱਖ ਮੰਤਰੀ ਨੂੰ ਤੁਰੰਤ ਬਦਲੇ ਜਾਣ ਦੀ ਜ਼ਰੂਰਤ ਹੈ। ਆਮ ਕਾਂਗਰਸੀ ਵਰਕਰਾਂ ਅਤੇ ਕਾਡਰ ਵੱਲੋਂ ਵੀ ਅਮਰਿੰਦਰ ਸਿੰਘ ਨੂੰ ਤੁਰੰਤ ਸੱਤਾ ਤੋਂ ਬਾਹਰ ਕਰਨ ਦੀ ਮੰਗ ਲਗਾਤਾਰ ਸੋਸ਼ਲ ਮੀਡੀਆ ’ਤੇ ਉੱਠ ਰਹੀ ਹੈ। 

ਨਵਜੋਤ ਸਿਧੂ ਨੂੰ ਮੌਕਾਪ੍ਰਸਤਾਂ ਅਤੇ ਭ੍ਰਿਸ਼ਟ ਆਗੂਆਂ ਤੋਂ ਬਚਣ ਦੀ ਲੋੜ:  ਜਨਤਾ ਵਿੱਚੋਂ ਨਵਜੋਤ ਸਿੱਧੂ ਲਈ ਸਬਕ ਨਿੱਕਲ ਕੇ ਆ ਰਹੇ ਹਨ। ਆਮ ਲੋਕਾਂ ਦਾ ਕਹਿਣਾ ਕਿ ਨਵਜੋਤ ਸਿੱਧੂ ਦੇ ਮੋਢਿਆਂ ’ਤੇ ਚੜੇ ਵਿਖਾਈ ਦੇ ਰਹੇ ਚਿਹਰੇ ਵੀ ਉਸਦੇ (ਸਿੱਧੂ) ਅਕਸ ਵਾਂਗ ਸਾਫ਼ ਸੁਥਰੇ ਨਹੀਂ ਹਨ। ਕਈ ਤਾਂ ਕਥਿਤ ਨਜਾਇਜ਼ ਰੇਤਾ-ਬਜਰੀ, ਜਾਅਲੀ ਸ਼ਰਾਬ ਅਤੇ ਹੋਰਨਾਂ ਕਾਰਨਾਮਿਆਂ ਦੇ ਕਥਿਤ ਵੱਡੇ ਜਨਕ-ਤਾਰੇ ਹਨ। ਮੱਲੋ-ਮੱਲੀ ਮੋਢਿਆਂ ’ਤੇ ਬੈਠ ਕੇ ਨਵੇਂ ਸਿਰਿਓਂ ਪੰਜਾਬ ਲੁੱਟਣ ਨੂੰ ਫ਼ਿਰਦੇ ਜਨਕ-ਤਾਰਿਆਂ ਕਾਰਨ ਨਵਜੋਤ ਸਿੰਘ ਸਿੱਧੂ ਦੀ ਸਾਫ਼ਗੋਈ ਵਾਲੀ ਸੂਰਤ ਦੀ ਭਵਿੱਖੀ ਸੀਰਤ ਵਿੱਚ ਅੰਤਰ ਆਉਣ ਦਾ ਵੱਡਾ ਖਦਸ਼ਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹੀ ਭ੍ਰਿਸ਼ਟ ਅਤੇ ਮਾਲੈਦਾਰ ਚਿਹਰੇ ਹੀ ਫਿਰ ਮੂਹਰੇ ਆਉਣੇ ਹਨ ਤਾਂ ਜਥੇਬੰਦਕ ਬਦਲਾਅ ਦੇ ਕੀ ਮਾਇਨੇ ਹੋਏ  

‘ਸੂਬਾ ਸਰਕਾਰ’ ਅਤੇ ‘ਜਥੇਬੰਦਕ ਸਰਕਾਰ’ 'ਚ ਟਕਰਾਅ ਹੋਰ ਵਧਣ ਦੇ ਆਸਾਰ: ਆਗਾਮੀ ਦਿਨਾਂ ਵਿੱਚ ਪੰਜਾਬ ਕਾਂਗਰਸ ਦੀ ‘ਸੂਬਾ ਸਰਕਾਰ’ ਅਤੇ ‘ਜਥੇਬੰਦਕ ਸਰਕਾਰ’ ਵਿੱਚ ਟਕਰਾਅ ਅਤੇ ਜਿੱਦਬਾਜ਼ੀਆਂ ਵਧਣ ਦੇ ਆਸਾਰ ਹਨ। ਸਿਆਸੀ ਗੇਮ ਤਹਿਤ ਸਿਆਸੀ ਸਮੀਕਰਨ ਅਜਿਹੇ ਕਰ ਦਿੱਤੇ ਗਏ ਹਨ ਕਿ ਸੂਬੇ ਵਿੱਚ ਸੱਤਾ ਪੱਖ ਦੇ ਨਾਲ ਵਿਰੋਧੀ ਧਿਰ ਵੀ ਕਾਂਗਰਸ ਵਿੱਚੋਂ ਹੀ ਖੜੀ ਕਰ ਦਿੱਤੀ ਗਈ ਹੈ, ਤਾਂ ਜੋ ਸੂਬੇ ਦੇ ਵੋਟਰਾਂ ਦੇ ਦਿਲੋ-ਦਿਮਾਗ ’ਤੇ ਕਾਂਗਰਸੀ ਹੀ ਛਾਈ ਰਹੇ। ਭਾਵੇਂ ਪੱਖ ਦੀ, ਵਿਰੋਧੀ ਪੱਖ ਦੀ। ਇਸ ਸਿਆਸੀ ਖੇਡ ਨਾਲ ਦੂਜੀਆਂ ਪਾਰਟੀਆਂ ਨੂੰ ਵਗੈਰ ਕੋਈ ਵੱਡੀ ਜ਼ੋਰ-ਅਜਮਾਇਸ਼ ਦੇ ਹਾਸ਼ੀਏ ’ਤੇ ਲਿਆ ਕੇ ਸੌਖਿਆਂ ਸੱਤਾ ਦੀ ਦੂਸਰੀ ਪਾਰੀ ਖੇਡੀ ਜਾ ਸਕੇ। 

     ਸਮੁੱਚੀ ਕਾਂਗਰਸੀ ਖੇਡ ਦਾ ਅੰਜਾਮ ਭਾਵੇਂ ਕੁਝ ਵੀ ਹੋਵੇ। ਇਹ ਸਪੱਸ਼ਟ ਹੈ ਕਿ ਅਮਰਿੰਦਰ ਸਿੰਘ ਦੇ ਏਕਾਧਿਕਾਰ ਵਾਲੀ ਸਿਆਸਤ ਦੇ ਦਿਨ ਪੰਜਾਬ ਵਿੱਚੋਂ ਬੀਤ ਚੁੱਕੇ ਹਨ। ਇਹ ਵੀ ਨਹੀਂ ਭੁੱਲਿਆ ਜਾ ਸਕਦਾ ਆਲ ਇੰਡੀਆ ਕਾਂਗਰਸ ਨੂੰ ਦੇਸ਼ ਵਿੱਚ ਮੁੜ ਉੱਭਰਨ ਲਈ ਵਲਵਲਿਆਂ ਵਾਲੀ ਧਰਤੀ ਪੰਜਾਬ ਦਾ ਜਲੌਅ ਭਰਿਆ ਸਿਆਸੀ ਮੈਦਾਨ ਵੱਡਾ ਜਰੀਆ ਹੈ। ਇਸ ਘਟਨਾਕ੍ਰਮ ਵਿੱਚ ਵਿਰੋਧੀ ਧਿਰਾਂ ਵੱਲੋਂ ਕਮਜ਼ੋਰ ਆਗੂ ਵਜੋਂ ਪ੍ਰਚਾਰੇ ਗਏ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਖੁਦ ਨੂੰ ਬੜੀ ਸ਼ਿਦੱਤ ਨਾਲ ਸਾਬਤ ਕੀਤਾ ਹੈ। M. No. 93178-26100


ਗੈਰ-ਟਕਸਾਲੀ ਕਾਂਗਰਸੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਨਹੀਂ ਕਾਂਗਰਸੀ ਜੜਾਂ ਨਾਲ ਜੁੜਾਅ!

ਨਸ਼ਿਆਂ ਦੀਆਂ ਪੁੜੀਆਂ ਨਾਲ ਵਿਕਦੀ ਫਿਰਦੀ ਮਹਾਰਾਜੇ ਦੀ ਗੁਟਕੇ ਵਾਲੀ ਸਹੁੰ

No comments:

Post a Comment