12 July 2021

ਖਾਕੀ ਦੀਆਂ 'ਨਸ਼ੀਲੀਆਂ' ਹਕੀਕਤਾਂ: ਚਿੱਟਾ ਦੇ ‘ਰਜਿਸਟਰਡ’ ਤਸਕਰਾਂ ਦੇ ਗਾਹਕਾਂ ’ਚ ਸ਼ੁਮਾਰ ਪੁਲਿਸ ਮੁਲਾਜਮ


* ਐਸ.ਟੀ.ਐਫ਼ ਦੇ ਐਸ.ਪੀ ਨੂੰ ਲੋਕਾਂ ਨੇ ਸੁਣਾਈਆਂ ਕੌੜੀਆਂ ਹਕੀਕਤਾਂ 

* ਮਾਂ ਨੇ ਪੁੱਤ ਦੀ ਮੌਤ ਦਾ ਇਨਸਾਫ਼ ਮੰਗਿਆ

* ਨਸ਼ਿਆਂ ਦੇ ਦਾਗ ਕਾਰਨ ਬਾਰਾੜ ਨਹੀਂ ਢੁੱਕਦੀ

* ਤੱਪਾ ਖੇੜਾ ਵਿਚ ਸਾਲ ਅੰਦਰ ਦੋ ਦਰਜਨ ਤਲਾਕ ਹੋ ਚੁੱਕੇ


ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਉਰੋ

ਲੰਬੀ/ਚੰਡੀਗੜ੍ਹ: 13 ਸਾਲਾ ਲੜਕੇ ਦੀ ਚਿੱਟਾ ਓਵਰਡੋਜ਼ ਮੌਤ ਮਾਮਲੇ ਨਾਲ ਤੱਪਾਖੇੜਾ ਵਿਖੇ ਸਮੁੱਚੇ ਘਟਨਾਕ੍ਰ੍ਰਮ ਦੌਰਾਨ ਅਵਾਮ ਰਾਹੀਂ ਉੱਧੜੀਆਂ ਨਸ਼ੀਲੀ ਹਕੀਕਤਾਂ ਵਿੱਚੋਂ ਖਾਕੀ ਦਾ ‘ਨਸ਼ੇੜੀ’ ਚਿਹਰਾ ਵੀ ਨੰਗਾ ਹੋਇਆ ਹੈ। ਇੱਥੇ ਚਿੱਟੇ ਦੇ ਕਰੀਬ ਅੱਧੀ ਦਰਜਨ ‘ਰਜਿਸਟਰਡ’ ਤਸਕਰਾਂ ਦੇ ਗਾਹਕਾਂ ਵਿੱਚ ਪੰਜਾਬ ਪੁਲਿਸ ਦੇ ਕਾਫ਼ੀ ਮੁਲਾਜਮ ਸ਼ਾਮਲ ਹਨ। ਹੁਣ ਇੱਕ ਵਿਧਵਾ ਦੇ ਅਣਭੋਲ ਪੁੱਤਰ ਦੀ ਲੋਥ ਬਿਨ੍ਹਾਂ ਪੋਸਟਮਾਰਟਮ ਉੱਠਣ ਮਗਰੋਂ ਪੁਲਿਸ-ਐਸ.ਟੀ.ਐਫ਼ ਦੀ ਤੱਤੀ-ਤੱਤੀ ਸਖ਼ਤੀ ਅਤੇ ਪੇਂਡੂ ਭਾਈਚਾਰੇ ਦੇ ਨਵੇਂ ਨਕੋਰ ਸਮਾਜਿਕ-ਸਰੋਕਾਰੀ ਉਪਰਾਲੇ ਵਕਤੀ ਤਰਦੱਦਾਂ ਦੇ ਗੋਤੇ ਮਾਰ ਰਹੇ ਹਨ। ਪੀੜਤ ਵਿਧਵਾ ਮਾਂ ਅਤੇ ਪਰਿਵਾਰ ਦਾ ਦੁੱਖ ਉਬਾਲੇ ਮਾਰ ਰਿਹਾ ਹੈ। ਲੰਬੀ ਪੁਲਿਸ ਨੇ ਤੱਪਾਖੇੜਾ ਦੇ ਪ੍ਰਮੁੱਖ ਚਿੱਟਾ ਤਸਕਰ ਸਿਮਰਜੀਤ ਅਤੇ ਸਾਥੀ ਅਜੈਹਰਬੀਰ ਵਾਸੀ ਦਿਓਣਖੇੜਾ ਨੂੰ ਅੱਠ ਗਰਾਮ ਹੈਰੋਇਨ ਸਮੇਤ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਨੇ ਤੱਪਾਖੇੜਾ ਦੇ ਰਾਹਾਂ ’ਤੇ ਨਾਕੇ ਲਗਾ ਕੇ ਰਾਹਗੀਰਾਂ ਦੀ ਪੜਤਾਲ ਮੁਹਿੰਮ ਵਿੱਢੀ ਹੋਈ ਹੈ। ਦੂਜੇ ਪਾਸੇ ਸਰਗਰਮ ਹੋਈ ਐਸ.ਟੀ.ਐਫ਼ ਬਠਿੰਡਾ ਦੇ ਐਸ.ਪੀ ਦਵਿੰਦਰ ਸਿੰਘ ਬਰਾੜ ਨੇ ਅੱਜ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ। ਕਾਫ਼ੀ ਗਿਣਤੀ ਪਿੰਡ ਵਾਸੀ ਤੇ ਸਿਆਸੀ ਧਿਰਾਂ ਦੇ ਆਗੂ ਮੌਜੂਦ ਸਨ। ਐਸ.ਪੀ. ਦੇ ਸਨਮੁੱਖ ਮਿ੍ਰਤਕ ਲੜਕੇ ਲਖਵਿੰਦਰ ਦੀ ਮਾਂ ਪਰਮਜੀਤ ਕੌਰ ਨੇ ਤਸਕਰ ਧਿਰ ਨਾਲ ਰਾਜੀਨਾਮੇ ਦੀਆਂ ਅਫ਼ਵਾਹਾਂ ਨੂੰ


ਨਕਾਰਦੇ ਦਾਅਵਾ ਕੀਤਾ ਕਿ ਉਸਦਾ ਨਾਬਾਲਗ ਪੁੱਤਰ ਨਸ਼ਾ ਨਹੀਂ ਕਰਦਾ ਸੀ। ਉਸਨੂੰ ਜ਼ਬਰਦਸਤੀ ਮਨੀ ਸਿੰਘ ਅਤੇ ਗਿੰਦੂ ਉਸਦੇ ਲੜਕੇ ਨੂੰ ਬੁਲਾ ਕੇ ਲੈ ਗਏ ਸਨ। ਪਰਮਜੀਤ ਕੌਰ ਨੇ ਉਕਤ ਮਾਮਲੇ ਤਹਿਤ ਚਰਚਾ ’ਚ ਆਏ ਇੱਕ ਏ.ਐਸ.ਆਈ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਅਤੇ ਪੁੱਤਰ ਦੀ ਮੌਤ ਦਾ ਇਨਸਾਫ਼ ਮੰਗਿਆ। ਐਸ.ਪੀ ਵੱਲੋਂ ਮਿ੍ਰਤਕ ਲੜਕੇ ਦਾ ਪੋਸਟਮਾਰਟਮ ਨਾ ਕਰਵਾਉਣ ਨੂੰ ਵੱਡੀ ਖਾਮੀ ਕਰਾਰ ਦਿੱਤਾ। ਮਿ੍ਰਤਕ ਦਾ ਨਾਨਾ ਮਹੰਤ ਰਾਮ ਵੀ ਕਾਫ਼ੀ ਭਖਾਹਟ ਵਿੱਚ ਸੀ। ਪਿੰਡ ਵਾਸੀਆਂ ਨੇ ਖੁੱਲ੍ਹੇ ਸ਼ਬਦਾਂ ਵਿੱਚ ਐਸ.ਟੀ.ਐਫ਼. ਦੇ ਐਸ.ਪੀ ਨੂੰ ਨਸ਼ਾ ਤਸਕਰਾਂ ਦੇ ਨਾਂਅ ਲਿਖਵਾਉਂਦੇ ਆਖਿਆ ਕਿ ਚਿੱਟਾ ਨਸ਼ੇ ਨੇ ਪਿੰਡ ਤਬਾਹ ਕਰ ਦਿੱਤਾ ਹੈ। ਨਸ਼ਾ ਤਸਕਰਾਂ ਨੂੰ ਨਸ਼ੇੜੀ ਪੁਲਿਸ ਮੁਲਾਜਮਾਂ ਦਾ ਹੌਂਸਲਾ ਹਾਸਲ ਹੈ। ਕਾਰਵਾਈ ਹੋਣ ’ਤੇ ਪਹਿਲਾਂ ਸੂਚਨਾ ਮਿਲ ਜਾਂਦੀ ਹੈ। ਨਸ਼ਿਆਂ ਕਾਰਨ ਨੌਜਵਾਨਾਂ ਦਾ ਜੁੱਸਾ ਮੁੱਕ ਰਿਹਾ ਹੈ। ਤੱਪਾਖੇੜਾ ’ਚ ਕੋਈ ਆਪਣੀ ਲੜਕੀ ਵਿਆਹੁਣ ਨੂੰ ਤਿਆਰ ਨਹੀਂ। ਇੱਥੇ ਇੱਕ ਸਾਲ ’ਚ ਕਰੀਬ ਦੋ ਦਰਜਨ ਵਿਆਹ ਟੁੱਟ ਚੁੱਕੇ ਹਨ। ਨਸ਼ਿਆਂ ਦੇ ਦਾਗ ਕਾਰਨ ਵਿਹੜੇ ਸਮੇਤ ਪਿੰਡ ’ਚ ਨੌਜਵਾਨਾਂ ਦੀ ਬਰਾੜ ਚੜ੍ਹਨੀ ਔਖੀ ਹੋ ਗਈ ਹੈ। ਉਨ੍ਹਾਂ ਕਿਹਾ ਕਿ 14 ਜੂਨ ਨੂੰ ਅਕਾਲੀ ਆਗੂ ਨੀਟੂ ਤੱਪਾਖੇੜਾ ਦੇ ਘਰ 38 ਲੱਖ ਰੁਪਏ ਦੀ ਚੋਰੀ ਉਪਰੰਤ ਪੜਤਾਲ ਮੌਕੇ ਕਾਫ਼ੀ ਪੁਲਿਸ ਮੁਲਾਜਮਾਂ ਨੇ ਇੱਕ ਪ੍ਰਮੁੱਖ ਚਿੱਟਾ

ਤਸਕਰ ਦੇ ਘਰ ਡੇਰਾ ਲਗਾ ਕੇ ਰੋਟੀਆਂ ਖਾਦੀਆਂ ਅਤੇ ਚਾਹ-ਪਾਣੀ ਪੀਤਾ ਸੀ। ਨਸ਼ਾ ਕਰਨ ਨਿੱਤ ਪੁੱਜਦੇ ਇਟਿਓਜ਼ ਕਾਰ ਵਾਲਾ ‘ਖਾਕੀ’ ਮੁਲਾਜਮ ਅਤੇ ਬਠਿੰਡਾ ਦੀ ਦਸ ਨੰਬਰੀ ਇੰਡੋਵਰ ਗੱਡੀ ਖੂਬ ਚਰਚਾ ’ਚ ਹੈ। ਮੀਟਿੰਗ ’ਚ ਉੱਠੇ ਵੇਰਵਿਆਂ ਮੁਤਾਰਕ ਪਿੰਡ ’ਚ ਦਰਜਨ ਭਰ ਨਾਜਾਇਜ਼ ਅਸਲਾ ਹੈ। ਪਿੰਡ ਵਾਸੀਆਂ ਦੇ ਬਿਆਨਾਂ ਮੁਤਾਬਕ ਤੱਪਾਖੇੜਾ ਤੋਂ ਚੈਨ ਸਨੇਚਿੰਗ ਗਿਰੋਹ ਸੰਚਾਲਤ ਹੋਣ ਦੇ ਇਲਾਵਾ ਚੋਰੀਸ਼ੁਦਾ ਮੋਟਰ ਸਾਇਕਲਾਂ ਵੀ ਪੁਰਜਾ-ਪੁਰਜਾ ਹੋ ਕੇ ਬਾਹਰ ਵਿਕਦਾ ਹੈ। ਪਿੰਡ ਵਾਸੀ ਨਸ਼ਿਆਂ ਖਿਲਾਫ਼ ਸਾਂਝੀ ਕਮੇਟੀ ਬਣਾਉਣ ਦੀ ਰਾਹ ਪਏ ਹੋਏ ਹਨ। ਇਸ ਬਾਰੇ ਸਵੇਰੇ ਇੱਕ ਮੀਟਿੰਗ ਵੀ ਹੋਈ ਸੀ। ਐਸ.ਟੀ.ਐਫ਼ ਦੇ ਐਸ.ਪੀ ਦਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਹਰ ਪੱਧਰ ’ਤੇ ਨਕੇਲ ਕਸ ਕੇ ਤੱਪਾਖੇੜਾ ਅਤੇ ਹੋਰਨਾਂ ਪਿੰਡਾਂ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ। ਉਨ੍ਹਾਂ ਜਨਤਾ ਤੋਂ ਢੁੱਕਵੇਂ ਸਹਿਯੋਗ ਦੀ ਅਪੀਲ ਕੀਤੀ। ਲੰਬੀ ਥਾਣੇ ਦੇ ਮੁਖੀ ਚੰਦਰਸ਼ੇਖਰ ਨੇ ਕਿਹਾ ਕਿ ਹਿਰਾਸਤ ਵਿੱਚ ਲਏ ਮਨੀ ਅਤੇ ਗਿੰਦੂ ਬਾਰੇ ਪੜਤਾਲ ਚੱਲ  ਰਹੀ ਹੈ। ਸਿਮਰਜੀਤ ਅਤੇ ਉਸਦੇ ਸਾਥੀ ਅਜੈਹਰਬੀਰ ਨੂੰ ਅੱਠ ਗਰਾਮ ਹੈਰੋਇਨ ਸਮੇਤ ਗਿ੍ਰਫ਼ਤਾਰੀ ਦੀ ਪੁਸ਼ਟੀ ਕੀਤੀ। M. No. 93178-26100


No comments:

Post a Comment