16 August 2021

ਪੈਨਸ਼ਨ ਬਹਾਲੀ ਸੰਘਰਸ਼ ਦੇ ਵੱਡੀ ਹਾਜ਼ਰੀ ਵਾਲੇ ‘ਫੋਕੇ’ ਭਖਾਅ ਨੇ ਏ.ਐਸ.ਆਈ ਦੀ ‘ਜ਼ਿੰਦਗੀ’ ਖੋਹੀ!



- ਮੁਜਾਹਰਾਕਾਰੀ ਕਰੀਬ 35-36, ਕਾਨੂੰਨ ਵਿਵਸਥਾ ਲਈ ਤਾਇਨਾਤ 50-60 ਪੁਲਿਸ ਮੁਲਾਜਮ

- ਚਾਰ ਮਿੰਟ ਵਿੰਤ ਮੰਤਰੀ ਦੀ ਕੰਧ ’ਤੇ ਸ਼ਬਦੀ ਤੀਰਾਂ ਵਾਲੀ ਹਾਜ਼ਰੀ ਲਗਾ ਕੇ ਤੁਰਦੇ ਬਣੇ

- ਮਿ੍ਰਤਕ ਏ.ਐਸ.ਆਈ. ਦੇ ਤਿੰਨ ਬੱਚੇ ਹੋਏ ਅਨਾਥ, ਪਤਨੀ ਪਹਿਲਾਂ ਹੀ ਮਰੀ ਹੋਈ 


ਇਕਬਾਲ ਸਿੰਘ ਸ਼ਾਂਤ

ਲੰਬੀ: ਵਿੱਤ ਮੰਤਰੀ ਦੇ ਬਾਦਲ ਪਿੰਡ ਬੂਹੇ ’ਤੇ ਪੁਰਾਣੀ ਪੈਨਸ਼ਨ ਬਹਾਲੀ ਬਾਰੇ ਅਨੌਖੀ ਆਜ਼ਾਦੀ ਵਾਲੇ ਸੰਘਰਸ਼’ ਦੇ ਪੁਲਿਸ-ਪ੍ਰਸ਼ਾਸਨ ’ਤੇ ‘ਫੋਕੇ’ ਦਬਾਅ ਨੇ ਪੰਜਾਬ ਪੁਲਿਸ ਦੇ ਏ.ਐਸ.ਆਈ ਸੁਰਜੀਤ ਸਿੰਘ ਦੀ ਜ਼ਿੰਦਗੀ ਖੋਹ ਲਈ। ਉਸਦੇ ਤਿੰਨ ਬੱਚੇ ਅਨਾਥ ਹੋ ਗਏ। ਕਰੀਬ 35-36 ਮਰਦ-ਅਧਿਆਪਕ ਸਾਢੇ ਕੁ ਚਾਰ ਮਿੰਟ ਵਿੰਤ ਮੰਤਰੀ ਦੇ ਘਰ ਦੀ ਕੰਧ ਨੂੰ ਦਾਵੀ ਹੱਥ ਲਗਾ ਕੇ ਸ਼ਬਦੀ ਤੀਰਾਂ ਵਾਲੀ ਹਾਜ਼ਰੀ ਲਗਾ ਕੇ ਤੁਰਦੇ ਬਣੇ। 

ਜ਼ਿਲੇ ’ਚ ਡੇਢ-ਦੋ ਹਜ਼ਾਰ ਐਨ.ਪੀ.ਐਸ. ਅਧਿਆਪਕਾਂ-ਮੁਲਜਮਾਂ ਦੀ ਤਾਦਾਦ ਵਾਲੇ 3 ਬਲਾਕਾਂ ਲੰਬੀ, ਮਲੋਟ ਤੇ ਗਿੱਦੜਬਾਹਾ-1 ਵਿੱਚੋਂ ਪੁਲਿਸ ਨੂੰ ਮੁਜਾਹਰੇ ’ਚ ਵੱਡੀ ਸ਼ਮੂਲੀਅਤ ਦਾ ਅਨੁਸਾਨ ਸੀ। ਇਸੇ ਕਾਰਨ ਕਾਨੂੰਨ ਵਿਵਸਥਾ ਲਈ ਡੇਢ ਗੁਣਾ ਵੱਧ ਪੰਜਾਹ -ਸੱਠ ਪੁਲਿਸ ਮੁਲਾਜਮ ਤਾਇਨਾਤ ਕੀਤੇ ਸਨ। ਦੰਗਾ ਰੋਕੂ ਵਾਹਨ ਦੀ ਤਾਇਨਾਤੀ ਵੀ ਕੀਤੀ ਹੋਈ ਸੀ। ਖਿਉਵਾਲੀ ਤੋਂ ਵਿੰਤ ਮੰਤਰੀ ਰਿਹਾਇਸ਼ ਤੱਕ ਤੀਹਰੀ ਨਾਕੇਬੰਦੀ ਸੀ। ਮੁਹਾਹਰੇ ਦੇ ਭਖਾਹੀ ਖਦਸ਼ੇ ਕਾਰਨ ਖੁਦ ਡੀ.ਐਸ.ਪੀ. ਜਸਪਾਲ ਸਿੰਘ ਵੀ ਮੌਜੂਦ ਸਨ। ਉੱਚ ਅਫਸਰਾਂ ਵੱਲੋਂ ਕਰੀਬ 9 ਵਜੇ ਦੇ ਮੁਹਾਹਰੇ ਦੇ ਮੱਦੇਨਜ਼ਰ ਖਾਕੀ ਮੁਲਾਜਮਾਂ ਨੂੰ ਸਮੇਂ ’ਤੇ ਕਾਫ਼ੀ ਪਹਿਲਾਂ ਪੁੱਜਣ ਦੀ ਤਾਕੀਦ ਸੀ। ਏ.ਐਸ.ਆਈ ਸੁਰਜੀਤ ਸਿੰਘ ਵਾਸੀ ਖੇਮਾਖੇੜਾ ਵੀ ਡਿਊਟੀ ’ਤੇ ਸਮੇਂ ਸਿਰ ਪੁੱਜਣ ਲਈ ਸਵੇਰੇ ਸੱਤ ਵਜੇ ਰਾਹ ’ਚ ਮੋਟਰ ਸਾਈਕਲ ਹਾਦਸਾਗ੍ਰਸਤ ਹੋਣ ਕਰਕੇ ਮੌਤ ਦਾ ਸ਼ਿਕਾਰ ਬਣ ਗਿਆ। ਰਾਹ ’ਚ ਉਸਦਾ ਮੋਟਰ ਸਾਇਕਲ ਕਿਸੇ ਅਵਾਰਾ ਪਸ਼ੂ ਦੇ ਮੂਹਰੇ ਆਉਣ ਕਰਕੇ ਬੇਕਾਬੂ ਹੋ ਕੇ ਇੱਕ ਖੰਭੇ ਨਾਲ ਟਕਰਾ ਗਿਆ ਅਤੇ ਉਸਦੀ ਮੌਕੇ ’ਤੇ ਮੌਤ ਹੋ ਗਈ। 

ਮਿ੍ਰਤਕ ਏ.ਐਸ.ਆਈ. ਸੁਰਜੀਤ ਸਿੰਘ ਦੀ ਪਤਨੀ ਪਹਿਲਾਂ ਹੀ ਮਰੀ ਹੋਈ ਹੈ। ਉਹ ਖੁਦ ਦੋ ਲੜਕੀਆਂ ਅਤੇ ਇੱਕ ਲੜਕੇ ਪਾਲਣ ਪੋਸ਼ਣ ਕਰ ਰਿਹਾ ਸੀ। ਹੁਣ ਉਨਾਂ ’ਤੇ ਵੱਡਾ ਭਵਿੱਖੀ ਸੰਕਟ ਖੜਾ ਹੋ ਗਿਆ ਹੈ। ਦੂਜੇ ਪਾਸੇ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਤਿੰਨ ਦਰਜਨ ਕਾਰਕੁੰਨ ਕਰੀਬ ਦਸ ਪੁੱਜੇ ਅਤੇ 11.20 ’ਤੇ ਸੰਘਰਸ਼ੀ ਹਾਜ਼ਰੀ ਖਾਤੇ ਚੜਾ ਕੇ ਵਾਪਸ ਪਰਤ ਗਏ। ਮੁਲਾਜਮਾਂ ਦੀ ਅਗਵਾਈ ਜ਼ਿਲਾ ਪੱਧਰੀ ਆਗੂ ਰਣਜੀਤ ਬਰਾੜ ਕਰ ਰਿਹਾ ਸੀ। ਇਸ ਦੌਰਾਨ ਪੁਲਿਸ ਨੇ ਖਿਉਵਾਲੀ ਦੇ ਖੜਕਾ ਚੌਂਕ, ਨਰਸਿੰਗ ਕਾਲਜ ਅਤੇ ਆਯੂਰਵੈਦਿਕ ਕਾਲਜ ਨੇੜੇ ਨਾਕੇ ਲਗਾਏ ਹੋਏ ਸਨ। ਜਾਣਕਾਰੀ ਅਨੁਸਾਰ ਪੁਲਿਸ ਦੀਆਂ ਮਿੰਨਤਾਂ ਕਰਕੇ ਸੰਘਰਸ਼ ਕਮੇਟੀ ਦੇ ਕਾਰਕੁੰਨ ਜ਼ਿਲਾ ਸੰਯੋਜਕ ਮਨਪ੍ਰੀਤ ਬਾਦਲ ਦੇ ਘਰ ਦੀ ਕੰਧ ਨੂੰ ਹੱਥ ਲਗਾ ਕੇ ਪਰਤਣ ਦੇ ਭਰੋਸੇ ਨਾਲ ਨਾਕੇ ਪਾਰ ਕਰਕੇ ਪੁੱਜ ਗਏ। ਵਿੱਤ ਮੰਤਰੀ ਦੀ ਰਿਹਾਇਸ਼ ’ਤੇ ਮੋਬਾਇਲ ਫੋਟੋਗਰਾਫ਼ੀ ਅਤੇ ਸੋਸ਼ਲ ਮੀਡੀਆ ਮਸਾਲਾ ਜੁਟਣ ’ਤੇ ਕਰੀਬ ਸਾਢੇ ਕੁ ਚਾਰ ਮਿੰਟ ਮਗਰੋਂ ਅਨੌਖੀ ਆਜ਼ਾਦੀ ਸੰਘਰਸ਼ ਅੰਜਾਮ ਨੂੰ ਪੁੱਜ ਗਿਆ। ਇਸ ਮੌਕੇ ਲੰਬੀ-ਬਠਿੰਡਾ ਸੜਕ ’ਤੇ ਟਰੈਫ਼ਿਕ ’ਚ ਵੀ ਵਿਘਨ ਪਿਆ। 

ਮੁਜਾਹਰਾਕਾਰੀ ਮੁਲਾਜਮਾਂ ਦੀ ਅਗਵਾਈ ਜ਼ਿਲਾ ਪੱਧਰੀ ਆਗੂ ਰਣਜੀਤ ਬਰਾੜ ਕਰ ਰਿਹਾ ਸੀ। ਇਸ ਮੌਕੇ ਆਗੂਆਂ ਨੇ ਕਿਹਾ ਕਿ 2004 ਤੋਂ ਬਾਅਦ ਲੋਕਤੰਤਰਿਕ ਢੰਗ ਨਾਲ ਚੁਣੀਆਂ ਸਰਕਾਰਾਂ ਨੇ ਭਾਰਤੀ ਕਰਮਚਾਰੀਆਂ ਤੋਂ ਪੁਰਾਣੀ ਖੋਹ ਲਈ ਗਈ। ਇਸਦੇ ਬਦਲ ਵਜੋਂ ਐਨ.ਪੀ.ਐਸ. ਲਾਗੂ ਇੱਕ ਇਨਵੈਸਟਮੈਂਟ ਸਕੀਮ ਕਰਮਚਾਰੀਆਂ ’ਤੇ ਮੜ੍ਹ ਦਿੱਤੀ। ਜਿਸਨੂੰ ਕਿਸੇ ਵੀ ਕੀਮਤ ’ਤੇ ਸਹਿਨ ਨਹੀਂ ਕੀਤਾ ਜਾਵੇਗਾ। 

           ਲੰਬੀ ਥਾਣਾ ਦੇ ਮੁਖੀ ਮਨਿੰਦਰ ਸਿੰਘ ਨੇ ਕਿਹਾ ਕਿ ਮੁਜਾਹਰਾਕਾਰੀਆਂ ਨਾਲੋਂ ਡੇਢ ਗੁਣਾ ਵੱੱਧ ਪੰਜਾਹ ਪੁਲਿਸ ਮੁਲਾਜਮ ਤਾਈਨਾਤ ਸਨ। ਉਨਾਂ ਕਿਹਾ ਕਿ ਮੁਜਾਹਰੇ ਦੇ ਮੱਦੇਨਜ਼ਰ ਡਿਊਟੀ ’ਚ ਪੁੱਜਣ ਸਮੇਂ ਏ.ਐਸ.ਆਈ. ਸੁਰਜੀਤ ਸਿੰਘ ਦੀ ਹਾਦਸੇ ’ਚ ਮੌਤ ਹੋ ਗਈ। ਬਾਅਦ ਵਿੱਚ ਡੀ.ਐਸ.ਪੀ ਥਾਣਾ ਮੁਖੀ ਅਤੇ ਹੋਰ ਸਟਾਫ਼ ਮਿ੍ਰਤਕ ਸੁਰਜੀਤ ਸਿੰਘ ਤੇ ਅੰਤਮ ਸਸਕਾਰ ’ਚ ਸ਼ਾਮਲ ਹੋਏ। ਸੰਘਰਸ਼ ਕਮੇਟੀ ਰਣਜੀਤ ਸਿੰਘ ਬਰਾੜ ਨੇ ਕਿਹਾ ਕਿ ਮੁਜਾਹਰੇ ’ਚ ਸਵਾ ਸੌ ਕਾਰਕੁੰਨ ਪੁੱਜੇ ਹੋਏ ਸਨ। 




   

No comments:

Post a Comment