17 August 2021

ਅਮਰਿੰਦਰ ਦੇ ਹੁਕਮ ਪੁੱਠੇ ਲਾਗੂ: ਪੰਜਾਬ ਵਿਚੋਂ ਬਾਹਰ ਜਾਣ ਵਾਲਿਆਂ ਦੀ ਪੜਤਾਲ, ਦਾਖਲ ਹੋਣ ਵਾਲਿਆਂ ਨੂੰ ਪੂਰੀ ਖੁੱਲ੍ਹ


ਡੂਮਵਾਲੀ ਇੰਟਰ ਸਟੇਟ ਨਾਕੇ ’ਤੇ ਪੱਤਰਕਾਰਾਂ ਨੂੰ ਫੋਟੋਆਂ ਖਿੱਚਦੇ ਵੇਖ ਗੱਡੀ ਚੈੱਕ ਕਰਦੇ ਪੁਲਿਸ ਮੁਲਾਜਮ।

                        ਫੋਟੋ: ਡੂਮਵਾਲੀ ਇੰਟਰ ਸਟੇਟ ਨਾਕੇ ’ਤੇ ਪੱਤਰਕਾਰਾਂ ਨੂੰ ਫੋਟੋਆਂ ਖਿੱਚਦੇ ਵੇਖ ਗੱਡੀ ਚੈੱਕ ਕਰਦੇ ਪੁਲਿਸ ਮੁਲਾਜਮ।  


* ਪਹਿਲੇ ਦਿਨ ਹੀ ਪਾਣੀ ਪੀ ਗਏ ਕੋਰੋਨਾ ਤੋਂ ਬਚਾਅ ਲਈ ਮੁੱਖ ਮੰਤਰੀ ਦੇ ਸਖ਼ਤ ਹੁਕਮ

* ਦਾਖ਼ਲੇ ਬਾਰੇ ਸੂਬਾ ਹਕੂਮਤ ਦੇ ਨਿਰਦੇਸ਼ਾਂ ਕਿਧਰੇ ਨਹੀਂ ਵਿਖਾਈ ਦਿੱਤੀ ਇੱਜਤ 

* ਹਰਿਆਣਾ ਸਰਹੱਦ ’ਤੇ ਡੂਮਵਾਲੀ ਅਤੇ ਕਿੱਲਿਆਂਵਾਲੀ ਨਾਕਿਆਂ ’ਤੇ ਦਾਖ਼ਲਾ ਬਿਨਾਂ ਪੁੱਛ-ਪੜਤਾਲ ਖੁੱਲਾ ਰਿਹਾ


ਇਕਬਾਲ ਸਿੰਘ ਸ਼ਾਂਤ

ਡੱਬਵਾਲੀ: ਪੰਜਾਬ ਵਿੱਚ ਦਾਖ਼ਲੇ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕੋਰੋਨਾ ਟੀਕਾਕਰਨ ਸਰਟੀਫਿਕੇਟ ਜਾਂ ਆਰ.ਟੀ-ਪੀ.ਸੀ.ਆਰ ਨੈਗੇਟਿਵ ਦੇ ਲਾਜਮੀ ਹੁਕਮ ਪਹਿਲੇ ਦਿਨ ਹੀ ਪਾਣੀ ਪੀ ਗਏ। ਇੱਥੇ ਹਰਿਆਣਾ ਸਰਹੱਦ ’ਤੇ ਡੂਮਵਾਲੀ ਸਰਹੱਦ ਅਤੇ ਮੰਡੀ ਕਿੱਲਿਆਂਵਾਲੀ ਬਾਰਡਰ ’ਤੇ ਮੁੱਖ ਮੰਤਰੀ ਦੇ ਸਖ਼ਤ ਨਿਰਦੇਸ਼ ਦਾ ਅਸਰ ਨਹੀਂ ਵਿਖਾਈ ਦਿੱਤਾ। ਪੁਲਿਸ ਨਾਕੇਬੰਦੀ ਦੇ ਬਾਵਜੂਦ ਬਾਹਰੀ ਰਾਹਗੀਰ ਵਹੀਕਲਾਂ ’ਤੇ ਪਹਿਲਾਂ ਵਾਂਗ ਸੂਬੇ ’ਚ ਦਾਖ਼ਲ ਹੁੰਦੇ ਰਹੇ। ਉਨਾਂ ਤੋਂ ਕੋਰੋਨਾ ਟੀਕਾਕਰਨ ਸਰਟੀਫਿਕੇਟ ਜਾਂ ਆਰ.ਟੀ-ਪੀ.ਸੀ.ਆਰ ਨੈਗੇਟਿਵ ਰਿਪੋਰਟ ਬਾਰੇ ਕੋਈ ਪੁੱਛਗਿੱਛ ਵਿਖਾਈ ਨਹੀਂ ਦਿੱਤੀ।

    ਡੂਮਵਾਲੀ ’ਚ ਪੱਤਰਕਾਰ ਨੂੰ ਫੋਟੋਆਂ ਖਿੱਚਦੇ ਵੇਖ ਕੇ ਪੁਲਿਸ ਅਮਲਾ ਇੱਕ ਕਾਰ ਰੋਕ ਕੇ ਪੜਤਾਲ ਕਰਨ ਲੱਗਿਆ। ਤਾਜ਼ਾ ਸਰਕਾਰੀ ਹੁਕਮਾਂ ਬਾਰੇ ਪੁੱਛਿਆ ਤਾਂ ਉਨਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਨਹੀਂ ਪੁੱਜੀ। ਚਰਚਾ ਹੈ ਕਿ ਮੁੱਖ ਮੰਤਰੀ ਦੇ ਸਖ਼ਤ ਹੁਕਮ ਸੋਸ਼ਲ ਮੀਡੀਆ ਤੋਂ ਅਗਾਂਹ ਹੇਠਾਂ ਜ਼ਮੀਨ ਪੱਧਰ ’ਤੇ ਸੁਚੱਜੇ ਢੰਗ ਨਾਲ ਪੁੱਜੇ ਨਹੀਂ ਜਾਂ ਮੁੱਖ ਮੰਤਰੀ ਦੇ ਹੁਕਮਾਂ ਦੀ ਸੂਬੇ ਵਿੱਚ ਕੋਈ ਅਹਿਮੀਅਤ ਨਹੀਂ ਰਹੀ। ਡੂਮਵਾਲੀ ਵਿਖੇ ਮਾਲਵਾ ਬਾਈਪਾਸ ’ਤੇ ਇੱਕ ਕਾਂਸਟੇਬਲ ਅਤੇ ਚਾਰ ਏ.ਐਸ.ਆਈ. ਤਾਇਨਾਤ ਸਨ। ਜਿਨਾਂ ਮੁਤਾਬਕ ਇੱਥੇ ਕੋਈ ਮੈਡੀਕਲ ਟੀਮ ਨਹੀਂ ਪੁੱਜੀ। ਪੱਤਰਕਾਰ ਦੇ ਪੁੱਜਣ ਮੌਕੇ ਤਿੰਨ ਏ.ਐਸ.ਆਈ ਨਾਕੇ ’ਤੇ ਬੈਠੇ ਸਨ। ਇੱਕ ਏ.ਐਸ.ਆਈ. ਵੱਲੋਂ ਪੰਜਾਬ ’ਚ ਦਾਖ਼ਲ ਹੋਣ ਵਾਲਿਆਂ ਦੀ ਬਜਾਇ ਸੂਬੇ ਵਿਚੋਂ ਬਾਹਰ ਜਾਣ ਵਾਲੇ ਟਰੱਕਾਂ ਨੂੰ ਰੋਕ ’ਤੇ ‘ਪੁੱਛ-ਗਿੱਛ’ ਕੀਤੀ ਜਾ ਰਹੀ ਸੀ। ਇੱਥੇ ਮੁਲਾਜਮਾਂ ’ਚ ਡਿਊਟੀ ਦੇ ਮਾਹੌਲ ਨਾਲੋਂ ਵੱਧ ਸ਼ਾਮ ਵਾਲੀ ਰੰਗਤ ਝਲਕ ਰਹੀ ਸੀ। 

   ਇਸੇ ਤਰਾਂ ਮੰਡੀ ਕਿੱਲਿਆਂਵਾਲੀ ਵਿੱਚ ਇੰਟਰ ਸਟੇਟ ਨਾਕੇ ’ਤੇ ਪੁਲਿਸ ਅਮਲਾ ਤਾਇਨਾਤ ਸੀ। ਇੱਥੇ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਵਹੀਕਲਾਂ ਨੂੰ ਰੋਕਣ ਪ੍ਰਤੀ ਕੋਈ ਤਰਦੱਦ ਵਿਖਾਈ ਨਹੀਂ ਦਿੱਤਾ। ਇੱਕ ਪੁਲਿਸ ਅਧਿਕਾਰੀ ਨੂੰ ਸੂਬੇ ’ਚ ਦਾਖ਼ਲੇ ਬਾਰੇ ਮੁੱਖ ਮੰਤਰੀ ਦੇ ਹੁਕਮਾਂ ਬਾਰੇ ਪੁੱਛਿਆ ਤਾਂ ਉਨਾਂ ਅਜਿਹੇ ਕਿਸੇ ਹੁਕਮ ਦੀ ਜਾਣਕਾਰੀ ’ਤੇ ਅਗਿਆਨਤਾ ਪ੍ਰਗਟਾਈ ਅਤੇ ਅਮਲੇ ਤੋਂ ਪੁੱਛ ਲੈਂਦੇ ਹਾਂ, ਸਾਡੇ ਧਿਆਨ ਵਿੱਚ ਨਹੀਂ। 

No comments:

Post a Comment