10 August 2021

ਹਲਕਾ ਲੰਬੀ: ਨਸ਼ੇ ਲੈਣ ਲੱਗੇ ਮਹੀਨਾਵਾਰ 'ਬਲੀ'




* ਤੱਪਾਖੇੜਾ: ਪੰਜਾਬ ਪੁਲਿਸ ਅਤੇ ਐਸ.ਟੀ.ਐਫ਼. ਦੀ ਅਖੌਤੀ 'ਸਖ਼ਤੀ' ਦਾ ਮੁੜ ਨਿਕਲਿਆ ਜਨਾਜ਼ਾ 

* ਪਿਤਾ-ਭਰਾ ਨੇ ਮਿ੍ਰਤਕ ਵੱਲੋਂ ਨਸ਼ੇ ਕਰਨ ਦੀ ਗੱਲ ਮੰਨੀ, ਪੋਸਟਮਾਰਟਮ ਤੋਂ ਨਾਂਹ

ਇਕਬਾਲ ਸਿੰਘ ਸ਼ਾਂਤ 

 ਲੰਬੀ: ਹਲਕਾ ਲੰਬੀ ’ਚ ਮਾਰੂ ਨਸ਼ਿਆਂ ਦੇ ਗੜ ਪਿੰਡ ਤੱਪਾਖੇੜਾ ਵਿਖੇ ਨਸ਼ੇ ਲਗਾਤਾਰ ਜ਼ਿੰਦਗੀਆਂ ਮੁਕਾ ਰਹੇ ਹਨ। ਚਿੱਟੇ ਦੀ ਓਵਰਡੋਜ਼ ਕਾਰਨ 13 ਸਾਲਾ ਲੜਕੇ ਦੀ ਮੌਤ ਦੇ ਇੱਕ ਮਹੀਨੇ ਬਾਅਦ ਅੱਜ ਫਿਰ ਗਰੀਬ ਪਰਿਵਾਰ ਦਾ 22 ਸਾਲਾ ਨੌਜਵਾਨ ਰਾਜਵੀਰ ਨਸ਼ਿਆਂ ਕਰਕੇ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਬੀਤੀ 9 ਜੁਲਾਈ ਨੂੰ ਵਿਧਵਾ ਮਾਂ ਦੇ 13 ਸਾਲਾ ਬੱਚੇ ਦੀ ਮੌਤ ਮਗਰੋਂ ਪੁਲਿਸ ਤੇ ਐਸ.ਟੀ.ਐਫ਼. ਅਖੌਤੀ ਸਖ਼ਤੀ ਦਾ ਅੱਜ 9 ਅਗਸਤ ਨੂੰ ਜਨਾਜ਼ਾ ਨਿੱਕਲ ਗਿਆ। ਪਿੰਡ ’ਚ ਨਸ਼ਾ ਤਸਕਰਾਂ ਦਾ ਵੱਡਾ ਦਬਦਬਾ ਹੈ। ਇੱਥੇ ਹਾਲਾਤ ਮੁੜ ਪੂਰੀ ਤਰਾਂ ਨਸ਼ਾਖੋਰ ਹੋਏ ਦੱਸੇ ਜਾਂਦੇ ਹਨ। ਮਿ੍ਰਤਕ ਦੇ ਬਜ਼ੁਰਗ ਪਿਤਾ ਰਾਮਗੋਪਾਲ ਨੇ ਰਾਜਵੀਰ ਵੱਲੋਂ ਚਿੱਟਾ ਨਸ਼ੇ ਕਰਨ ਦੀ ਪੁਸ਼ਟੀ ਕੀਤੀ। ਉਸਨੇ ਕਿਹਾ ਕਿ ਵੀਹ ਦਿਨ ਪਹਿਲਾਂ ਰਾਜਵੀਰ ਨੇ ਨਸ਼ਾ ਛੱਡ ਦਿੱਤਾ ਸੀ ਅਤੇ ਇਲਾਜ ਖਾਤਰ ਭੈਣ ਕੋਲ ਡੱਬਵਾਲੀ ਚਲਾ ਗਿਆ ਸੀ। 

ਸ਼ਮਸ਼ਾਨ ਘਾਟ ਸਜਦੀਆਂ ਮਹਿਫ਼ਿਲਾਂ, ਪਿੰਡ-ਪਿੰਡ ’ਚੱਟਾ ਨਸ਼ੇ ਦਾ ਕੋਹੜ

ਮਿ੍ਰਤਕ ਸ਼ਾਦੀਸ਼ੁਦਾ ਸੀ ਅਤੇ ਦਿਹਾੜੀ ਮਜ਼ਦੂਰੀ ਕਰਦਾ ਸੀ। ਉਸਦੀ ਪਤਨੀ ਕੋਲ ਛੇ ਮਹੀਨੇ ਦਾ ਲੜਕਾ ਹੈ। ਪਿਤਾ ਅਨੁਸਾਰ ਉਹ ਅੱਜ ਸਵੇਰੇ ਹੀ ਡੱਬਵਾਲੀ ਤੋਂ ਵਾਪਸ ਪਰਤਿਆ ਸੀ ਤਾਂ ਹਾਲਤ ਖ਼ਰਾਬ ਸੀ। ਪਿੰਡ ’ਚ ਲੈਬ ਟੈਸਟ ’ਚ ਸੈੱਲ ਘਟਣ ਅਤੇ ਲੀਵਰ ’ਚ ਖ਼ਰਾਬੀ ਦੀ ਰਿਪੋਰਟ ਆਈ। ਇਲਾਜ ਖਾਤਰ ਡੱਬਵਾਲੀ ਲਿਜਾਂਦੇ ਸਮੇਂ ਉਸਨੇ ਦਮ ਤੋੜ ਦਿੱਤਾ। ਭਰਾ ਰਾਮ ਲਖਣ ਨੇ ਕਿਹਾ ਕਿ ਉਨਾਂ ਬਹੁਤ ਸਮਝਾਇਆ ਪਰ ਮੁੰਡੀਰ ਕਾਹਨੂੰ ਮੰਨਦੀ ਹੈ। ਆਖਿਆ ਜਾ ਰਿਹਾ ਹੈ ਕਿ ਰਾਜਵੀਰ ਦੀ ਮੌਤ ਬਾਂਹ ’ਤੇ ਨਸ਼ੇ ਦਾ ਟੀਕਾ ਵਗੈਰ ਲਾਉਣ ਕਰਕੇ ਹੋਈ। ਦੂਜੇ ਪਾਸੇ ਉਸਦੇ ਭਰਾ ਨੇ ਕਿ ਮਿ੍ਰਤਕ ਦੀ ਬਾਂਹ ਸੁੱਜੇ ਹੋਣ ਦੀ ਗੱਲ ਤਾਂ ਕਬੂਲੀ। ਨਾਲ ਹੀ ਆਖਿਆ ਕਿ ਉਸਦੇ ਭਰਾ ਪਾਸਾ ਖੜਾ ਗਿਆ ਸੀ। 

ਸੂਤਰਾਂ ਅਨੁਸਾਰ ਮਿ੍ਰਤਕ ਦਾ ਗਰੀਬ ਪਰਵਾਸੀ ਮਾਲੀ ਪਰਿਵਾਰ ਕਾਫ਼ੀ ਖੌਫ਼ਜਦਾ ਹੈ। ਇਸੇ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ ਕਰ ਦਿੱਤੀ। ਘਟਨਾ ਕੱਲ੍ਹ ਸਵੇਰ ਦਸ ਵਜੇ ਦੀ ਹੈ, ਪਰ ਖੁਲਾਸਾ ਦੇਰ ਰਾਤ ਨੂੰ ਹੋਇਆ। ਦੇਰ ਸ਼ਾਮ ਸੂਚਨਾ ਮਿਲਣ 'ਤੇ ਲੰਬੀ ਪੁਲਿਸ ਵੀ ਪੁੱਜ ਗਈ। ਸਬ ਇੰਸਪੈਕਟਰ ਅਮਰੀਕ ਸਿੰਘ ਨੇ ਕਿਹਾ ਕਿ ਪਰਿਵਾਰ ਪੋਸਟਮਾਰਟਮ ਕਰਵਾਉਣ ਨੂੰ ਤਿਆਰ ਨਹੀਂ।  ਸਭ ਤੋਂ ਵੱਡੀ ਖਾਮੀ ਹੈ ਕਿ ਬੀਤੀ 9 ਜੁਲਾਈ ਨੂੰ ਓਵਰਡੋਜ ਕਰਕੇ ਮਰੇ 13 ਸਾਲਾ ਲਖਵਿੰਦਰ ਸਿੰਘ ਦਾ ਵੀ ਵਗੈਰ ਪੋਸਟਮਾਰਟਮ ਦੇ ਅੰਤਮ ਸਸਕਾਰ ਕਰ ਦਿੱਤਾ ਗਿਆ ਸੀ।

ਸਭ ਤੋਂ ਵੱਡਾ ਦੁਖਾਂਤ ਹੈ ਕਿ ਸਾਰਾ ਪਿੰਡ ਚੀਖ ਚੀਖ ਕੇ ਤੱਪਾਖੇੜਾ ’ਚ ਨਸ਼ਾ ਵਿਕਣ ਦੀ ਦੁਹਾਈ ਦਿੰਦਾ ਹੈ ਪਰ ਮੁੱਠੀ ਭਰ ਨਸ਼ਾ ਤਸਕਰਾਂ ਦੇ ਗੈਂਗਾਂ ਅਤੇ ਖ਼ਤਰਨਾਕ ਇਰਾਦਿਆਂ ਮੂਹਰੇ ਡਟਣ ਲਈ ਕੋਈ ਤਿਆਰ ਨਹੀਂ। ਜੇਕਰ ਪੁਲਿਸ ਅਤੇ ਪਿੰਡ ਵਾਸੀ ਇੱਛਾਸ਼ਕਤੀ ਵਿਖਾਉਣ ਤਾਂ ਨਸ਼ਾ ਤਸਕਰੀ ਨੂੰ 24 ਘੰਟਿਆਂ ’ਚ ਨੇਸਤੋ-ਨਾਬੂਤ ਕੀਤਾ ਜਾ ਸਕਦਾ ਹੈ।  

ਲੰਬੀ ਹਲਕੇ ਦੇ ਪਿੰਡ-ਪਿੰਡ ’ਚ ਚਿੱਟਾ ਨਸ਼ੇ ਦਾ ਕੋਹੜ ਫੈਲਿਆ ਹੋਇਆ ਹੈ। ਲੰਬੀ ਹਲਕੇ ਵਿੱਚ ਬੀਤੇ ਹਫ਼ਤੇ ’ਚ ਪਿੰਡ ਕਿੱਲਿਆਂਵਾਲੀ ਅਤੇ ਵੜਿੰਗਖੇੜਾ ਵਿਖੇ ਵੀ  ਚਿੱਟੇ ਨਸ਼ੇ ਦੇ ਕਾਰਨ ਮੌਤਾਂ ਹੋਈਆਂ ਹਨ। ਤੱਪਾਖੇੜਾ ਵਿੱਚ ਤਾਂ ਖੁੱਲੇਆਮ ਚਿੱਟਾ ਨਸ਼ਾ ਖੁੱਲੇਆਮ ਵਿਕਦਾ ਹੈ। ਉਂਝ ਪੁਲੀਸ ਨੇ ਪਿੰਡ ਕਿਲਿਆਂਵਾਲੀ ਵਿਖੇ 20 ਗ੍ਰਾਮ ਚਿੱਟਾ ਸਮੇਤ ਡਾਕਟਰ ਬਿੱਟੂ, ਉਸਦੀ ਮਾਂ ਅਤੇ ਭਤੀਜੇ ਨੂੰ ਕਾਬੂ ਕੀਤਾ। 

ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਆਸੀ ਮੱਥੇ ’ਤੇ ਕਲੰਕ

ਤੱਪਾਖੇੜਾ ਵਿਖੇ ਬਹੁਤੇ ਘਰਾਂ ’ਚ ਸ਼ਰੇਆਮ ਚਿੱਟਾ ਨਸ਼ੇ ਦੀ ਵਿਕਰੀ ਹੁੰਦੀ ਹੈ ਅਤੇ ਨਜਾਇਜ਼ ਸ਼ਰਾਬ ਕੱਢੀ ਜਾਂਦੀ ਹੈ। ਲਖਵਿੰਦਰ ਦੀ ਮੌਤ ਬਾਅਦ ਪੁਲੀਸ ਨੇ ਕਈ ਦਿਨ ਪਿੰਡ ਦੀ ਨਾਕੇਬੰਦੀ ਕਰਕੇ ਰੱਖੀ ਸੀ, ਐਸ.ਟੀ.ਐਫ਼ ਨੇ ਪਿੰਡ ਵਿਚ ਮੀਟਿੰਗਾਂ ਕਰਕੇ ਨਸ਼ਿਆਂ ਬਾਰੇ ਹਾਲਾਤ ਵਾਚੇ ਸਨ ਇਥੇ ਨਸ਼ਾ ਤਸਕਰਾਂ ਨੇ ਗਰੀਬ ਘਰਾਂ ਦੇ ਦਸ-ਦਸ ਸਾਲਾਂ ਦੇ ਲੜਕੇ ਖੇਡਣ ਕੁੱਦਣ ਅਤੇ ਪੜਨ ਦੀ ਉਮਰ ’ਚ ਚਿੱਟਾ ਨਸ਼ੇ ਦੇ ਆਦੀ ਹੋ ਚੁੱਕੇ ਜਾਂ ਨਸ਼ਾ ਵਿਕਰੀ ਏਜੰਟ ਬਣਾ ਦਿੱਤੇ ਹਨ। ਜਿਨਾਂ ਹੱਥੀਂ ਸਸਤੇ ਰੇਟਾਂ ’ਤੇ ਸੌ-ਦੋ ਸੌ ਰੁਪਏ ਟੀਕਾ ਵੇਚਿਆ ਜਾਂਦਾ ਹੈ। ਦੂਰੋਂ-ਦੂਰੋਂ ਅਮੀਰ ਘਰਾਂ ਦੇ ਕਾਕੇ ਇਨਾਂ ਤੋਂ ਪੰਜ-ਸੱਤ ਸੌ ਰੁਪਏ ਪ੍ਰਤੀ ਡੋਜ਼ ਖਰੀਦਣ ਆਉਂਦੇ ਹਨ। ਪਿੰਡ ਦੇ ਕਾਫ਼ੀ ਗਿਣਤੀ ਨੌਜਵਾਨ ਵੀ ਨਸ਼ੇ ਦੀ ਮਾਰ ਹੇਠ ਹਨ। 

 ਕੱਲ੍ਹ ਨਸ਼ੇ ਕਰਨ ਮਰਿਆ ਰਾਜਵੀਰ ਵੀ ਗਰੀਬ ਪਰਿਵਾਰ ਨਾਲ ਸਬੰਧਿਤ ਸੀ, ਨਸ਼ਿਆਂ ਨੇ ਅਜਿਹਾ ਗਰਕਿਆ ਕਿ ਉਹ ਚਾਹ ਕੇ ਨਸ਼ਿਆਂ ਨਹੀਂ ਛਡ ਸਕਿਆ ਅਤੇ ਉਸਦੀ ਜਿੰਦਗੀ ਚਲੀ ਗਈ। ਉਸਦੇ ਮਾਪੇ, ਤਿੰਨ ਭਰਾ ਅਤੇ ਪਰਿਵਾਰ ਹੈ। ਪਿਤਾ ਬੀਮਾਰ ਰਹਿੰਦਾ ਹੈ, ਭਰਾ ਮਿਹਨਤ ਮਜਦੂਰੀ ਕਰਕੇ ਪਰਿਵਾਰ ਪਾਲਦੇ ਹਨ। ਉਸਦੇ ਛੇ ਮਹੀਨੇ ਦੇ ਬੱਚੇ ਅਤੇ ਪਤਨੀ ਦਾ ਭਵਿੱਖ ਸੰਕਟ ਵਿਚ ਘਿਰ ਗਿਆ ਹੈ। ਪੁਲੀਸ ਭਾਵੇਂ ਕਿੰਨੀ ਚੌਕਸ ਜਾਂ ਨਿਕੰਮੀ ਹੋਵੇ ਇਸ ਸ੍ਮ੍ਸਿਆ ਦਾ ਹੱਲ ਲੋਕਾਂ ਦੇ ਜਾਗਰੂਕ ਹੋ ਕੇ ਮੈਦਾਨ ਵਿਚ ਉਤਰਨ ਸੰਭਵ ਨਹੀਂ   Mobile : 93178-26100

No comments:

Post a Comment