08 August 2021

ਜਿੱਤ ਤੋਂ ਖੁੰਝ ਕੇ ਵੀ ‘ਜੇਤੂ ਹੋ ਕੇ ਪਰਤੀ ਪੰਜਾਬ ਦੀ ਹੋਣਹਾਰ ਪੁੱਤਰੀ ਕਮਲਪ੍ਰੀਤ


ਮਿਲਖਾ ਸਿੰਘ-ਗੁਰਬਚਨ ਰੰਧਾਵਾ ਦੇ ਪੈਰਾਂ ’ਤੇ ਪੈਰ ਧਰ ਕੇ ਵਿਖਾਈ ਪੇਂਡੂ ਹੋਂਦ

ਇਕਬਾਲ ਸਿੰਘ ਸ਼ਾਂਤ

ਟੋਕੀਓ ਓਲੰਪਿਕ ਵਿੱਚ ਭਾਰਤ ਵੱਲੋਂ ਹੁਣ ਤੱਕ ਜੋ ਹੋਣਾ ਚਾਹੀਦਾ ਸੀ, ਉਹ ਤਾਂ ਸ਼ਾਇਦ ਨਹੀਂ ਹੋ ਸਕਿਆ, ਪਰ ਜਿਹੜਾ ਇਸ ਵਾਰ ਹੋਇਆ, ਉਹ ਲੰਮੇ ਠਹਿਰਾਅ ਮਗਰੋਂ ਓਲੰਪਿਕ ਦੇ ਭਾਰਤੀ ਇਤਿਹਾਸ ਵਿੱਚ ਆਪਣੇ ਵੱਡੇ ਨਿਸ਼ਾਨ ਛੱਡ ਗਿਆ। ਭਾਵੇਂ ਮਹਿਲਾ ਹਾਕੀ ਹੋਵੇ ਜਾਂ ਅਥਲੈਟਿਕਸ। ਜਿਸਦੀ ਸ਼ਾਨ ਫੋਕੀਆਂ ਜਿਹੀਆਂ ਸਰਕਾਰੀ ਫੜਾਂ ਅਤੇ ਆਪਣੀ ਮਿਹਨਤ ਦੇ ਬਲਬੂਤੇ ’ਤੇ ਜਿੱਤੇ ਹੋਏ ਹਰ (ਖਿਡਾਰੀ) ਘੋੜੇ ’ਤੇ ਵਡਿਆਈ ਵਾਲੀ ਕਾਠੀ ਪਾਉਣ ਵਾਲੇ ‘ਸਿਆਸਤਦਾਨਾਂ’ ਦੇ ਮੁਲਕ ਲਈ ਬੇਮਿਸਾਲ ਹੈ। ਇਸੇ ਮੁਲਕ ਦੇ ਆਮ ਹਾਲਾਤਾਂ ਵਿੱਚੋਂ ਉੱਭਰੀ ਠੇਠ ਪੇਂਡੂ ਖਿੱਤੇ ਕਬਰਵਾਲਾ ਵਿਖੇ ਬਤਾਲਿਆਂ ਵਾਲੀ ਢਾਣੀ ਦੀ ਜੰਮਪਲ ਅਥਲੀਟ ਕਮਲਪ੍ਰੀਤ ਕੌਰ ਬੱਲ ਨੇ ਉਹ ਕਰ ਵਿਖਾਇਆ, ਜੋ ਕਿ ਪਿਛਲੇ 57 ਸਾਲਾਂ ਵਿੱਚ ਪੁਰਸ਼ ਪ੍ਰਧਾਨ ਮੁਲਕ ਦਾ ਕੋਈ ਪੁਰਸ਼ ਖਿਡਾਰੀ ਨਹੀਂ ਕਰ ਸਕਿਆ। ਕਮਲਪ੍ਰੀਤ ਕੌਰ ਅੰਦਰਲੇ ਜਿੱਤਣ ਦੇ ਜਿੱਦ ਰੂਪੀ ਜਜ਼ਬੇ ਨੇ ਉਸਨੂੰ ਮਹਿਜ਼ ਇੱਕ ਦਹਾਕੇ ’ਚ ਉਡਣਾ ਸਿੱਖ (ਹੁਣ ਮਰਹੂਮ) ਮਿਲਖਾ ਸਿੰਘ ਅਤੇ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ (ਅਰਜੁਨ ਐਵਾਰਡੀ) ਜਿਹੇ ਵਿਸ਼ਵ ਪ੍ਰਸਿੱਧ ਭਾਰਤੀ ਖੇਡ ਹਸਤਾਖ਼ਰਾਂ ਦੀ ਕਤਾਰ ਵਿੱਚ ਲਿਆ ਖੜਾ ਕੀਤਾ। ਅਥਲੀਟ ‘ਉੱਡਣਾ ਸਿੱਖ’ ਮਿਲਖਾ ਸਿੰਘ ਨੇ 1960 ਦੀਆਂ ਓਲੰਪਿਕ ਖੇਡਾਂ ਵਿੱਚ ਫਾਈਨਲ ’ਚ ਪੁੱਜ ਕੇ ਇੱਕ ਯਾਦਗਾਰੀ ਦੌੜ ਦੌਰਾਨ 45.73 ਦੇ ਸਮੇਂ ਚੌਥਾ ਸਥਾਨ ਹਾਸਲ ਕੀਤਾ ਸੀ। ਉਹ 41 ਸਾਲਾਂ ਤੱਕ ਨੈਸ਼ਨਲ ਰਿਕਾਰਡ ਰਿਹਾ ਸੀ। ਗੁਰਬਚਨ ਸਿੰਘ ਰੰਧਾਵਾ 1964 ਦੀ ਟੋਕੀਓ ਓਲੰਪਿਕ ’ਚ ਫਾਈਨਲ ’ਚ 110 ਰੁਕਾਵਟਾਂ ਨੂੰ ਪਾਰ ਕਰਕੇ 14.07 ਸਕਿੰਟ ਦੇ ਸਮੇਂ ਨਾਲ ਪੰਜਵੇਂ ਸਥਾਨ ’ਤੇ ਰਹੇ ਸਨ। ਰੰਧਾਵਾ ਭਾਰਤ ’ਚ ਅਰਜੁਨ ਐਵਾਰਡ ਨਾਲ ਸਨਮਾਨਤ ਹੋਣ ਵਾਲੇ ਪਹਿਲੇ ਅਥਲੀਟ ਸਨ। ਹੁਣ ਕਮਲਪ੍ਰੀਤ ਨੇ ਟੋਕੀਆ ਓਲੰਪਿਕ ਦੇ ਡਿਸਕਸ ਥਰੋਅ ਫਾਈਨਲ 60.73 ਫੁੱਟ ਸਕੋਰ ਨਾਲ ਛੇਵਾਂ ਸਥਾਨ ਹਾਸਲ ਕੀਤਾ। ਪੰਜਾਬੀਆਂ ਨੇ ਹਮੇਸ਼ਾਂ ਜਗਾ-ਜਗਾ ’ਤੇ ਮੁਕੰਮਲ ਲਗਨ ਨਾਲ ਵੱਡੇ ਇਤਿਹਾਸ ਰਚੇ ਹਨ, ਪਰ ਸਰਕਾਰਾਂ ਦੇ ਮੁੱਢਲੇ ਸਮਰੱਥ ਉਪਰਾਲਿਆਂ ਦੀ ਕੁਚੱਜੀ ਘਾਟ ਕਾਰਨ ਹੀ ਬਹੁਤੇ ਇਤਿਹਾਸ ਮੁਕੰਮਲ ਜਹਾਂ ਤੋਂ ਪਿਛਾਂਹ ਰਹਿ ਗਏ। ਕਮਲਪ੍ਰੀਤ ਕੌਰ ਦਾ ਛੋਟੀ ਉਮਰ ’ਚ ਪਹਿਲੇ ਓਲੰਪਿਕ ਵਿੱਚੋਂ ਤਗਮਾ ਨਾ ਜਿੱਤ ਕੇ ਖੁਦ ਨੂੰ ਸਾਬਤ ਕਰਨਾ ਉਸਦੀ ਜੱਦੀ-ਪੁਸ਼ਤੀ ਵਿਲੱਖਣਤਾ ਨੂੰ ਦਰਸਾਉਂਦਾ ਹੈ।


ਕਿਸਾਨ ਗੁਰਬਖਸ਼ ਸਿੰਘ ਬੱਲ ਦੀ ਪੋਤਰੀ ਕਰੀਬ 11 ਸਾਲ ਪਹਿਲਾਂ ਤੱਕ ਡਿਸਕਸ ਥਰੋਅ ਦੇ ‘ੳ’ ਅਤੇ ‘ਅ’ ਤੋਂ ਬਿਲੁਕੱਲ ਕੋਰੀ ਸੀ। ਨਾ ਹੀ ਉਸਨੂੰ ਖੇਡਾਂ ਵਿੱਚ ਕੋਈ ਦਿਲਚਸਪੀ ਸੀ ਅਤੇ ਨਾ ਕੋਈ ਖੇਡਾਂ ਦਾ ਪਰਿਵਾਰਕ ਪਿਛੋਕੜ ਸੀ। 25 ਸਾਲ ਦੀ ਉਮਰ ’ਚ ਵੱਡੇ ਮੁਕਾਮ ’ਚ ਉਸਦੇ 6.1 ਫੁੱਟ ਲੰਮੇ ਕੱਦ ਅਤੇ ਮਜ਼ਬੂਤ ਸਰੀਰਕ ਡੀਲ-ਡੋਲ ਦਾ ਅਹਿਮ ਰੋਲ ਰਿਹਾ। ਉਸਦੀ ਖੇਡ ਜ਼ਿੰਦਗੀ ਦਾ ਆਗਾਜ਼ 2011 ਵਿੱਚ ਬਾਬਾ ਈਸ਼ਰ ਸਿੰਘ ਨਾਨਕਸਰ ਪਬਲਿੱਕ ਸਕੂਲ ਕਬਰਵਾਲਾ ਵਿਖੇ ਮੈਟਿ੍ਰਕ ਦੀ ਪੜਾਈ ਦੌਰਾਨ ਹੋਇਆ। ਜਿੱਥੋਂ ਦੇ ਡੀ.ਪੀ. ਅਧਿਆਪਕ ਨੇ ਕਮਲਪ੍ਰੀਤ ਕੌਰ ਦੇ ਉੱਚੇ-ਲੰਮੇ ਕੱਦ-ਬੁੱਤ ਨੂੰ ਵੇਖ ਕੇ ਉਸਨੂੰ ਡਿਸਕਸ ਥਰੋਅ ਖੇਡ ਨਾਲ ਜੋੜਨ ਦੀ ਸੋਚੀ। ਡੀ.ਪੀ ਨੇ ਕਮਲਪ੍ਰੀਤ ਕੌਰ ਨੂੰ ਆਖਿਆ ਕਿ ਜੇਕਰ ਉਹ ਖੇਡਾਂ ਨਾਲ ਜੁੜ ਜਾਵੇ ਤਾਂ ਉਸਦੀ ਖੇਡ ਪ੍ਰਤਿਭਾ ਦੇ ਨੰਬਰ ਪੜਾਈ ਵਿੱਚ ਜੁੜਿਆ ਕਰਨਗੇ। ਕਮਲਪ੍ਰੀਤ ਕੌਰ ਖੇਡਾਂ ਨਾਲ ਪੜਾਈ ’ਚ ਤਰੱਕੀ ’ਤੇ ਚਾਈਂ-ਚਾਈਂ ਤਿਆਰ ਹੋ ਗਈ। ਉਸਦੇ ਦੋ-ਤਿੰਨ ਬਾਅਦ ਹੀ ਉਸਨੂੰ ਵਗੈਰ ਕਿਸੇ ਵੱਡੀ ਤਿਆਰੀ ਜ਼ਿਲਾ ਪੱਧਰੀ ਖੇਡਾਂ ’ਚ ਲਿਜਾਇਆ ਗਿਆ, ਸ਼ਾਇਦ ਉਸਦੇ ਹੱਥਾਂ ਦੀਆਂ ਲਕੀਰਾਂ ’ਤੇ ਵੱਡੇ ਭਾਗ ਲਿਖੇ ਸਨ ਅਤੇ ਕਮਲਪ੍ਰੀਤ ਕੌਰ ਨੂੰ ਡਿਸਕਸ ਥਰੋਅ ਵਿੱਚ ਪਹਿਲਾ ਸਥਾਨ ਅਤੇ ਸਟੇਟ ਪੱਧਰ ’ਤੇ ਚੌਥਾ ਸਥਾਨ ਹਾਸਲ ਹੋਇਆ। ਚੰਗੇ ਪ੍ਰਦਰਸ਼ਨ ਮਗਰੋਂ ਉਸਦੇ ਪਿਤਾ ਕੁਲਦੀਪ ਸਿੰਘ ਅਤੇ ਪਰਿਵਾਰ ਨੂੰ ਕੰਧ ’ਤੇ ਲਿਖੇ ‘ਸੱਚ’ ਵਾਂਗ ਕਮਲਪ੍ਰੀਤ ਕੌਰ ਦਾ ਖੇਡਾਂ ਵਿੱਚ ਭਵਿੱਖ ਵਿਖਣ ਲੱਗਿਆ। ਉਸਦਾ ਦਾਖ਼ਲਾ ਪਿੰਡ ਬਾਦਲ ਦੇ ਦਸਮੇਸ਼ ਵਿੱਦਿਅਕ ਅਦਾਰੇ ਵਿਖੇ ਕਰਵਾ ਦਿੱਤਾ ਗਿਆ। ਪਹਿਲੇ ਸਾਲ ਉਸਦੀ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਬਾਦਲ ਕੇਂਦਰ) ’ਚ ਟ੍ਰਾਇਲ ਦਾ ਸਮਾਂ ਲੰਘਣ ਗਿਆ। ਉਸਦੇ ਪਿਤਾ ਨੇ ਪੁੱਤਰੀ ਦੇ ਭਵਿੱਖ ਲਈ ਵਿੱਥ ਤੋਂ ਵੱਧ ਕੇ ਦਸਮੇਸ਼ ਸਕੂਲ ਦੇ ਮਹਿੰਗੇ ਖਰਚੇ ਵਾਲੇ ਹੋਸਟਲ ’ਚ ਦਾਖਲਾ ਕਰਵਾਇਆ। ਜਿੱਥੇ ਸਾਈ ਬਾਦਲ ’ਚ ਅਥਲੈਟਿਕਸ ਕੋਚ ਪਿ੍ਰਤਪਾਲ ਕੌਰ ਮਾਰੂ ਨੇ ਉਸਨੂੰ ਸ਼ੁਰੂਆਤੀ ਖੇਡ ਸਿਖਲਾਈ ਦਿੱਤੀ। ਸਕੂਲ ਨੈਸ਼ਨਲ ਗੇਮਜ ਅਤੇ ਜੂਨੀਅਰ ਨੈਸ਼ਨਲ ਗੇਮਜ਼ ’ਚ ਕਮਲ ਨੇ ਚਾਰ ਤਗਮੇ ਜਿੱਤੇ। 2015 ਤੋਂ ਹੁਣ ਤੱਕ ਰਾਖੀ ਤਿਆਗੀ ਉਸਦੀ ਖੇਡ ਪ੍ਰਤਿਭਾ ਨੂੰ ਨਿਖਾਰਦੇ ਆ ਰਹੇ ਹਨ।
ਮਾਤਾ ਹਰਜਿੰਦਰ ਕੌਰ ਨੂੰ ਪੁੱਤਰੀ ਦੇ ਹੋਸਟਲ ਵਿੱਚ ਚੰਗੇ ਖਾਣ-ਪਾਣ ਅਤੇ ਰਹਿਣ-ਸਹਿਣ ਬਾਰੇ ਸ਼ੁਰੂਆਤੀ ਝਿਜਕ ਸੀ, ਪਰ ਕਮਲ ਦੇ ਪੁੱਤਰਾਂ ਵਰਗੇ ਜੁੱਸੇ ਵਾਲੀਆਂ ਜਿੱਤਾਂ ਨੇ ਮਾਂ ਦੇ ਮਨ ਦੇ ਖਦਸ਼ੇ ਮੁਕਾ ਦਿੱਤੇ। ਜਮਾ ਦੋ ਜਮਾਤ ਵਿੱਚ ਨੈਸ਼ਨਲ ਪੱਧਰ ’ਤੇ ਮੈਡਲ ਆਉਣ ’ਤੇ ਟ੍ਰਾਇਲ ਵਿੱਚ ਕਮਲਪ੍ਰੀਤ ਕੌਰ ਦੀ ਸਾਈ ਵਿੱਚ ਚੋਣ ਹੋ ਗਈ। ਪਿੰਡ ਬਾਦਲ ਦੇ ਦਸਮੇਸ਼ ਵਿੱਦਿਅਕ ਅਦਾਰੇ ਦੀ ਮਿੱਟੀ ਅਤੇ ਕਮਲਪ੍ਰੀਤ ਦੀ ਮਿਹਨਤ ਦਾ ਜਲੌਅ ਹੈ ਕਿ ਫਿਰ ਕਦੇ ਉਸਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਹਾਲਾਂਕਿ ਬਾਅਦ ਵਿੱਚ ਸਰਕਾਰੀ ਸਿਖਲਾਈ ਸੈਂਟਰਾਂ ’ਚ ਹੋਰਨਾਂ ਦੇਸ਼ਾਂ ਦੇ ਖਿਡਾਰੀਆਂ ਦੇ ਮੁਕਾਬਲੇ ਬਿਹਤਰ ਸਹੂਲਤਾਂ ਦੀ ਅਣਹੋਂਦ ਅਤੇ ਚੰਗੀ ਖੁਰਾਕ ਨਾ ਮਿਲਣ ਦਾ ਰੰਜ਼ ਉਸਨੂੰ ਲਗਾਤਾਰ ਰਿਹਾ। ਜਿਸਦਾ ਪ੍ਰਭਾਵ ਉਸਦੀ ਖੇਡ ’ਤੇ ਵੇਖਣ ਨੂੰ ਮਿਲਿਆ।
ਢਾਣੀ ਵਿੱਚ ਘਰ ਦੇ ਮੂਹਰੋਂ ਲੰਘਦੀ ਬਠਿੰਡਾ-ਗੰਗਾਨਗਰ ਰੇਲਵੇ ਲਾਈਨ ’ਤੇ ਦੌੜਦੀਆਂ ਤੇਜ਼ ਰਫ਼ਤਾਰ ਰੇਲ ਗੱਡੀਆਂ ਅਤੇ ਢਾਣੀ ਨੇੜੇ ਸਥਿਤ ਮਲੂਕਾ ਨਹਿਰ ਦੇ ਵਗਦੇ ਸ਼ਾਂਤ ਪਾਣੀਆਂ ਦੇ ਤੇਜ਼ ਵਹਾਅ ਨੇ ਕਮਲਪ੍ਰੀਤ ਕੌਰ ਨੂੰ ਤੇਜ਼ ਰਫ਼ਤਾਰ ਨਾਲ ਅਗਾਂਹ ਵਧਣ ਦਾ ਬਲ ਬਖਸ਼ਿਆ ਅਤੇ ਉਹ ਸਾਧਾਰਨ ਪੇਂਡੂ ਜ਼ਿੰਦਗੀ ਤੋਂ ਪਕੜ-ਜਕੜ ਵਾਲੀ ਰਫ਼ਤਾਰ ਨਾਲ ਤਰੱਕੀਆਂ ਦੇ ਅਮਸਾਨ ਵੱਲ ਉੱਡ ਤੁਰੀ।
ਉਸਦੀ ਤਰੱਕੀ ਨੂੰ ਮਾਪਿਆਂ ਦੀ ਮਿਹਨਤੀ ਗੁੜਤੀ ਨੇ ਅਜਿਹਾ ਜਾਗ ਲਗਾਇਆ ਕਿ ਪਿੰਡ ਬਾਦਲ ਦੀ ਸਾਈ ’ਚੋਂ ਉੱਠੀ ਸੇਮ ਮਾਰੇ ਪਿੰਡ ਕਬਰਵਾਲਾ ਦੀ ਲੜਕੀ ਨੇ ਪਿੰਡ ਨੂੰ ਵਿਸ਼ਵ ਪੱਧਰ ’ਤੇ ਚਮਕਾ ਦਿੱਤਾ। ਉਨਾਂ ਦੇ ਬਾਬਾ ਬਕਾਲਾ ਨੇੜਲੇ ਪਿੰਡ ਬਤਾਲਾ ਦੇ ਪਿਛੋਕੜ ਵਾਲੇ ਇਸ ਬੱਲ ਖਾਨਦਾਨ ਦਾ ਸੰਬੰਧ ਫੌਜ਼ ਨਾਲ ਰਿਹਾ ਹੈ। ਕਮਲਪ੍ਰੀਤ ਕੌਰ ਦਾ ਲੱਕੜਦਾਦਾ ਵਧਾਵਾ ਸਿੰਘ ਬੱਲ ਅੰਗਰੇਜ਼ ਹਕੂਮਤ ਸਮੇਂ ਮਿਲਟਰੀ ਵਿੱਚ ਨੌਕਰੀ ’ਤੇ ਰਿਹਾ ਸੀ। ਉਦੋਂ ਉਨਾਂ ਦੀਆਂ ਸੇਵਾਵਾਂ ਬਦਲੇ ਅੰਗਰੇਜ਼ਾਂ ਨੇ ਇਨਾਮ ਵਜੋਂ 28 ਚੱਕ ਸਰਗੋਧਾ (ਪਾਕਿਸਤਾਨ) ਵਿੱਚ 50 ਏਕੜ ਜ਼ਮੀਨ ਦਿੱਤੀ ਸੀ, ਜਿਹੜੀ ਦੇਸ਼ ਦੀ ਵੰਡ ਮਗਰੋਂ ਪਿੰਡ ਕਬਰਵਾਲਾ ’ਚ ਤਬਦੀਲ ਹੋ ਗਈ। ਡਿਸਕਸ ਥਰੋਅ ’ਚ ਕਮਲਪ੍ਰੀਤ ਕੌਰ ਦੇ ਨਾਂਅ ਕਰੀਬ 37 ਤਮਗੇ ਹਨ। ਸਿਰਫ਼ ਇੰਨਾ ਹੀ ਨਹੀਂ, ਉਸਨੇ ਓਲੰਪਿਕ ਵਿੱਚ ਖੇਡ ਪ੍ਰਦਰਸ਼ਨ ਮੌਕੇ ਡਰੈੱਸ ’ਤੇ ਮੂਹਰਲੇ ਪਾਸੇ ਕਮਲਪ੍ਰੀਤ ਦੀ ਬਜਾਇ ਸਿੱਖੀ ਦੇ ਪ੍ਰਤੀਕ ‘ਕੌਰ’ ਸ਼ਬਦ ਲਿਖਵਾ ਸਿੱਖ ਕੌਮ ਦਾ ਮਾਣ ਵੀ ਵਧਾਇਆ।
ਮਿਹਨਤ ਦੇ ਰੰਗ-ਭਾਗ ਲਾਉਣ ਵਾਲੀ ਕਮਲਪ੍ਰੀਤ ਕੌਰ ਨੇ ਨਾਮੀ ਅਥਲੀਟ ਕਿ੍ਰ੍ਰਸ਼ਨਾ ਪੂਨੀਆ ਆਪਣਾ ਰੋਲ ਮਾਡਲ ਮੰਨਦੀ ਹੈ। ਉਸਦੇ ਰਿਕਾਰਡ ਤੋੜੂ ਸੁਭਾਅ ਨੇ ਰੋਲ ਮਾਡਲ ਕਿ੍ਰਸ਼ਨਾ ਪੂਨੀਆ ਦਾ ਹੀ 64.76 (ਸਾਲ 2012) ਨੈਸ਼ਨਲ ਰਿਕਾਰਡ ਤੋੜ ਕੇ ਸਿੱਧਾ ਓਲੰਪਿਕ ’ਚ ਪ੍ਰਵੇਸ਼ ਪਾਇਆ। ਉਹ ਡਿਸਕਸ ਥਰੋਅ ’ਚ 65 ਮੀਟਰ ਸਕੋਰ ਪਾਰ ਕਰਨ ਵਾਲੀ ਪਹਿਲੀ ਭਾਰਤੀ ਔਰਤ ਅਥਲੀਟ ਹੈ। ਟੋਕੀਓ ’ਚ ਫਾਈਨਲ ਲਈ ਕੁਆਲੀਫਾਇੰਗ ਸਮੇਂ ਵੀ ਕਮਲਪ੍ਰੀਤ ਨੇ 64 ਮੀਟਰ ਥਰੋਅ ਰਾਹੀਂ ਭਾਰਤ ਦੀ ਸਭ ਤੋਂ ਵੱਧ ਸਕੋਰ ਕਰਨ ਵਾਲੀ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ। ਉਸਨੇ ਹੁਣ ਤੱਕ ਤਿੰਨ ਮੀਟ ਅਤੇ ਇੱਕ ਨੈਸ਼ਨਲ ਰਿਕਾਰਡ ਤੋੜਿਆ ਹੈ। ਕਰੀਬ 9 ਸਾਲਾਂ ’ਚ ਡਿਸਕਸ ਥਰੋਅ ’ਚ ਸਿਖ਼ਰਲੇ ਪੜਾਅ ’ਤੇ ਪੁੱਜਣ ਵਾਲੀ ਕਮਲਪ੍ਰੀਤ ਬੱਲ ਦਾ ਖੇਡ ਸਫ਼ਰ ਸੌਖਾ ਨਹੀਂ ਰਿਹਾ। 2017 ਵਿੱਚ ਖੇਡ ਦੌਰਾਨ ਲੱਗੀ ਸੱਟ ਦੇ ਲਗਾਤਾਰ ਦਰਦ ਨੇ ਉਸਨੂੰ ਲਗਪਗ ਹਰਾ ਦਿੱਤਾ ਸੀ। ਤਿੱਖੇ ਦਰਦ ਨੇ ਖੇਡ ਛੱਡਣ ਤੱਕ ਦੇ ਆਸਾਰ ਬਣਾ ਦਿੱਤੇ ਸਨ। ਫਿਰ ਉਸਨੂੰ ਪਿਓ-ਦਾਦੇ ਦਾ ਲੋਕਾਂ ਦੀਆਂ ਜ਼ਮੀਨਾਂ ਠੇਕੇ ’ਤੇ ਵਾਹ ਕੇ ਜੱਦੀ ਸੱਤ ਏਕੜ ਜ਼ਮੀਨ ਨੂੰ 28 ਏਕੜ ਬਣਾਉਣ ਦਾ ਮਿਹਨਤੀ ਅਤੇ ਔਖਾ ਸਫ਼ਰ ਯਾਦ ਆਇਆ। ਉਸਨੇ ਪਿੱਠ ਦਰਦ ਨੂੰ ਤਾਕਤ ਬਣਾ ਲਿਆ। ਕਮਲਪ੍ਰੀਤ ਬੱਲ ਨੇ ਜਿੱਤਾਂ ਦੀ ਲੜੀ 2014 ’ਚ ਜੂਨੀਅਰ ਨੈਸ਼ਨਲ ਡਿਸਕਸ ਥਰੋਅ 39 ਮੀਟਰ ਸਕੋਰ ਨਾਲ ਸੋਨ ਤਮਗੇ ਤੋਂ ਵਿੱਢੀ। ਉਸੇ ਸਾਲ ਸਕੂਲ ਗੇਮਜ਼ 42 ਮੀਟਰ ਸਕੋਰ ਨਾਲ ਸੋਨ ਤਮਗਾ ਅਤੇ 2016 ’ਚ ਓਪਨ ਨੈਸ਼ਨਲ ’ਚ ਸੋਨ ਤਮਗਾ ਫੁੰਡਿਆ। ਸੀਨੀਅਰ ਨੈਸ਼ਨਲ ਫੈਡਰੇਸ਼ਨ ਮੁਕਾਬਲਿਆਂ ’ਚ ਸਾਲ 2018, 2019 ਤੇ 2021 ਵਿੱਚ ਲਗਾਤਾਰ ਸੋਨ ਤਮਗੇ ਜਿੱਤ ਕੇ ਖੁਦ ਨੂੰ ਸਾਬਤ ਕੀਤਾ। ਲਗਾਤਾਰ ਜਿੱਤਾਂ ਨੂੰ ਹੱਥਾਂ ਦੀ ਕਰਾਮਾਤ ਬਣਾਉਣ ਵਾਲੀ ਕਮਲਪ੍ਰੀਤ ਬੱਲ ਨੂੰ ਰਿਕਾਰਡ ਤੋੜਨ ਦਾ ਜਿਵੇਂ ਸੁਭਾਅ ਹੀ ਪੈ ਗਿਆ। ਉਸਨੇ 2016 ’ਚ ਰਾਜਸਥਾਨ ਦੀ ਪਰਮਿਲਾ ਦਾ ਜੂਨੀਅਰ ਖੇਡਾਂ ’ਚ ਰਿਕਾਰਡ ਤੋੜਿਆ। 2107 ’ਚ ਉਸਨੇ ਹਰਵੰਤ ਕੌਰ ਵੱਲੋਂ ਸਾਲ 2001 ਵਿੱਚ ਕਾਇਮ ਕੀਤਾ ਕਰੀਬ 53 ਮੀਟਰ ਦਾ ਰਿਕਾਰਡ 55.11 ਮੀਟਰ ਸਕੋਰ ਨਾਲ ਤੋੜ ਸੁੱਟਿਆ।
ਉਸਨੇ ਆਲ ਇੰਡੀਆ ਇੰਟਰ ਰੇਲਵੇ ਖੇਡਾਂ ’ਚ ਲਖਨਊ ਵਿਖੇ ਕਿ੍ਰਸ਼ਨਾ ਪੂਨੀਆ ਦਾ ਮੀਟ ਰਿਕਾਰਡ ਤੋੜਿਆ। ਉਲੰਪਿਕ ਪੁੱਜਣ ਲਈ 24ਵੇਂ ਨੈਸ਼ਨਲ ਫੈਡਰੇਸ਼ਨ ਕੱਪ ’ਚ ਕਿ੍ਰਸ਼ਨਾ ਪੂਨੀਆ ਦਾ ਪੁਰਾਣਾ ਰਿਕਾਰਡ ਹੀ ਉਸਦੇ ਲਈ ਗੇਟਵੇਅ ਬਣਿਆ। ਉਹ ਰੋਜ਼ਾਨਾ ਅੱਠ ਘੰਟੇ ਪ੍ਰੈਕਟਿਸ ਕਰਦੀ ਰਹੀ ਹੈ। ਖੇਡਾਂ ’ਚ ਮੱਲਾਂ ਮਾਰਨ ਦੇ ਨਾਲ-ਨਾਲ ਉਸਨੇ ਗ੍ਰੇਜੂਏਸ਼ਨ ਪਾਸ ਕੀਤੀ। ਓਲੰਪਿਕ ਲਈ ਸਿਖਲਾਈ ਖਾਤਰ ਪੰਜਾਬ ਸਰਕਾਰ ਨੇ ਦਸ ਲੱਖ ਰੁਪਏ, ਜ਼ਿਲਾ ਪ੍ਰਸ਼ਾਸਨ ਨੇ ਪੰਜ ਲੱਖ ਰੁਪਏ ਅਤੇ ਐਸ.ਜੀ.ਪੀ.ਸੀ ਨੇ ਦੋ ਲੱਖ ਰੁਪਏ ਦੀ ਮਾਲੀ ਮੱਦਦ ਦਿੱਤੀ ਸੀ। ਦੇਸ਼ ਵਿੱਚ ਖੇਡਾਂ ਅਤੇ ਖਿਡਾਰੀਆਂ ਪ੍ਰਤੀ ਸਰਕਾਰੀ ਅਤੇ ਸਿਆਸੀ ਸਿਤਮਜਰੀਫ਼ੀ ਹੈ ਕਿ ਇਤਨੀ ਪ੍ਰਤਿਭਾਸ਼ਾਲੀ ਅਥਲੀਟ ਨੂੰ ਰੇਲਵੇ ਵਿੱਚ ਮਹਿਜ਼ ਤੀਜੇ ਦਰਜੇ ’ਤੇ ਸੀਨੀਅਰ ਕਲਰਕ ਦੀ ਨੌਕਰੀ ਦਿੱਤੀ ਗਈ। ਜਦੋਂਕਿ ਪੰਜਾਬ ਸਰਕਾਰ ਆਪਣੇ ਵਿਧਾਇਕਾਂ ਦੇ ਨੌਨਿਹਾਲਾਂ ਨੂੰ ਤਰਸ ਦੇ ਆਧਾਰ ’ਤੇ ਡੀ.ਐਸ.ਪੀ ਅਤੇ ਨਾਇਬ ਤਹਿਸੀਲਦਾਰ ਦੇ ਗਜਟਿਡ ਅਹੁਦੇ ਬਖ਼ਸ਼ਦੀ ਹੈ। ਜੇਕਰ ਕਮਲਪੀ੍ਰਤ ਦੀ ਪ੍ਰਤਿਭਾ ਮੁਤਾਬਕ ਸੂਬਾ ਸਰਕਾਰ ਸਮੇਂ ਸਿਰ ਬਿਹਤਰੀਨ ਸਹੂਲਤਾਂ ਤੇ ਗਜਟਿਡ ਨੌਕਰੀ ਜਰੀਏ ਉਸਦਾ ਹੌਂਸਲਾ ਵਧਾਉਂਦੀ ਤਾਂ ਅੱਜ ਪੰਜਾਬ ਦੀ ਰਿਕਾਰਡ-ਤੋੜੂ ਪੁੱਤਰੀ ਦਾ ਪ੍ਰਦਰਸ਼ਨ ਹੋਰ ਲਾਮਿਸਾਲ ਹੋਣਾ ਸੀ। ਮੌਜੂਦਾ ਸਮੇਂ ’ਚ ਉਹ ਪਟਿਆਲਾ ਵਿਖੇ ਸਾਈ ਸੈਂਟਰ ’ਚ ਕੋਚ ਰਾਖੀ ਤਿਆਗੀ ਦੇ ਦੇਖ-ਰੇਖ ਓਲੰਪਿਕ ਦੇ ਪ੍ਰਵਾਨ ਚੜੀ। ਓਲੰਪਿਕ ਪ੍ਰਦਰਸ਼ਨ ਮੌਕੇ ਸਮੁੱਚੇ ਦੇਸ਼, ਪੰਜਾਬ, ਲੰਬੀ ਹਲਕਾ ਅਤੇ ਪਿੰਡ ਕਬਰਵਾਲਾ ਦੀਆਂ ਨਿਗਾਹਾਂ ਉਸ ’ਤੇ ਲੱਗੀਆਂ ਰਹੀਆਂ। ਦੇਸ਼ ਦੇ ਚੋਟੀ ਦੇ ਸਿਆਸਤਦਾਨ ਅਤੇ ਸਾਬਕਾ ਮੱੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਓਲੰਪਿਕ ’ਚ ਉਸਦੇ ਖੇਡ ਪ੍ਰਦਰਸ਼ਨ ਨੂੰ ਟੈਲੀਵਿਜ਼ਨ ’ਤੇ ਵਾਚਿਆ ਅਤੇ ਉਸਦੇ ਪਰਿਵਾਰ ਦਾ ਹੌਂਸਲਾ ਵਧਾਇਆ। ਖ਼ਰਾਬ ਮੌਸਮ ਕਾਰਨ ਫਾਈਨਲ ’ਚ ਉੁਸਦੇ ਖੇਡ ਪ੍ਰਦਰਸ਼ਨ ’ਤੇ ਫ਼ਰਕ ਪਿਆ। ਉਸਨੇ ਪਹਿਲੇ ਅੱਧ ਵਿੱਚ ਮੋਹਰੀ ਅੱਠ ਅਥਲੀਟਾਂ ਵਿੱਚ ਰਹਿ ਭਾਰਤ ਨੂੰ ਜਿੱਤ ਲਈ ਤਿੰਨ ਹੋਰ ਮੌਕੇ ਦਿਵਾਏ ਅਤੇ ਤਮਗੇ ਦੀ ਉਮੀਦ ਨੂੰ ਆਖ਼ਰ ਤੱਕ ਬਣਾਈ ਰੱਖਿਆ। ਆਖ਼ਰ 63.70 ਸਕੋਰ ਨਾਲ ਛੇਵੇਂ ਸਥਾਨ ’ਤੇ ਰਹਿ ਕੇ ਭਾਰਤ ਦੀ ਸਥਾਪਿਤ ਓਲੰਪੀਅਨ ਕਤਾਰ ਦੀ ਲੜੀਬੱਧ ਨਗੀਨਾ ਬਣ ਗਈ। ਕਮਲਪ੍ਰੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਨੇ ਹੋਣਹਾਰ ਪੁੱਤਰੀ ਦੀ ਪ੍ਰਾਪਤੀ ਨੂੰ ਬੇਮਿਸਾਲ ਦੱਸਦੇ ਕਿਹਾ ਕਿ ਉਲੰਪਿਕ ਤੱਕ ਪੁੱਜਣਾ ਹੀ ਬਹੁਤ ਵੱਡੀ ਗੱਲ ਹੈ। ਉਸਦੀ ਪਹਿਲੀ ਕੋਸ਼ਿਸ਼ ਸੀ, ਅਜੇ ਤਾਂ ਬਹੁਤ ਮਾਅਰਕੇ ਮਾਰਨੇ ਬਾਕੀ ਹਨ। ਪੁੱਤਰੀ ਲਈ ਅਰਦਾਸਾਂ ਕਰਨ ਵਾਲੀ ਮਾਂ ਹਰਜਿੰਦਰ ਕੌਰ ਅਤੇ ਛੋਟਾ ਭਰਾ ਸਤਿੰਦਰ ਸਿੰਘ ਮਾਯੂਸ ਤਾਂ ਹੋਏ ਪਰ ਉਸ ਵਿੱਚ ਓਲੰਪਿਕ ਤੱਕ ਪੁੱਜਣ ਦੀ ਖੁਸ਼ੀ ਸੀ। ਕੋਚ ਰਾਖੀ ਤਿਆਗੀ ਮੁਤਾਬਕ ਕਮਲਪ੍ਰੀਤ ਨੇ ਛੋਟੀ ਉਮਰੇ ਵੱਡਾ ਮੁਕਾਮ ਹਾਸਲ ਕੀਤਾ ਹੈ। ਉਸਦਾ ਪਹਿਲਾ ਉਲੰਪਿਕ ਸੀ, ਕਮਲ ਦੇ ਮੂਹਰੇ ਜਿੱਤਣ ਲਈ ਪੂਰੀ ਦੁਨੀਆਂ ਪਈ ਹੈ। ਉਨਾਂ ਕਿਹਾ ਕਿ ਕਮਲਪ੍ਰੀਤ ਦਾ ਜਿੱਤ ਦਾ ਜਜ਼ਬਾ ਅਤੇ ਡਟਵੀਂ ਲਗਨ ਹੀ ਉਸਨੂੰ ਸਭ ਤੋਂ ਵੱਖਰਾ ਬਣਾਉਂਦੀ ਹੈ।
ਟੋਕੀਓ ਓਲੰਪਿਕ ਵਿੱਚ ਤਮਗਾ ਜਿੱਤਣ ਤੋਂ ਵਾਂਝੀ ਰਹੀ ਕਮਲਪ੍ਰੀਤ ਕੌਰ ਪੰਜਾਬ ਵਿੱਚ ਨਸ਼ਿਆਂ ਦੇ ਮਾਰੂ ਹਾਲਾਤਾਂ ਤੋਂ ਉੱਭਰਨ ਲਈ ਵੱਡਾ ਰੋਲ ਮਾਡਲ ਹੈ, ਜਿਸਨੇ ਇੱਕ ਖੇਤਾਂ ਵਿੱਚ ਸਥਿਤ ਢਾਣੀ ਦੀ ਵਸਨੀਕ ਹੋਣ ਤੋਂ ਅਗਾਂਹ ਵਧ ਕੇ ਆਪਣੀ ਜਿਸਮਾਨੀ ਕੱਦ-ਬੁੱਤ ਤੋਂ ਕਈ ਸੌ ਗੁਣਾ ਉੱਪਰ ਆਪਣਾ ਰੁਤਬਾ ਆਕਾਸ਼ ਦੀਆਂ ਬੁਲੰਦੀਆਂ ’ਤੇ ਪਹੁੰਚਾ ਦਿੱਤਾ। ਪੰਜਾਬ ਅਤੇ ਦੇਸ਼ ਨੂੰ ਕਮਲਪੀਤ ਕੌਰ ਬੱਲ ਤੋਂ ਬਹੁਤ ਆਸਾਂ-ਉਮੀਦਾਂ ਹਨ। ਕੁਦਰਤ ਅਤੇ ਜ਼ਿੰਦਗੀ ਦੇ ਹਾਲਤ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਉਸਨੂੰ ਖੁਦ ਵਾਰ-ਵਾਰ ਸੌ ਫ਼ੀਸਦੀ ਸਾਬਿਤ ਕਰਨ ਦਾ ਬੇਅਥਾਹ ਬਲ ਅਤੇ ਅਸਮਾਨ ਜਿਹੇ ਵਿਸ਼ਾਲ ਮੌਕੇ ਬਖਸ਼ੇ। (ਸਮਾਪਤ) ਮੋਬਾਇਲ: 93178-26100

No comments:

Post a Comment