28 October 2021

ਆੜਤੀਏ ਬਣੇ ਝੋਨਾ ਖਰੀਦ ਦੇ ‘ਖਸਮ’, ਪ੍ਰਤੀ ਗੱਟਾ ਡੇਢ ਕਿੱਲੋ ਵੱਧ ਝੋਨਾ ਭਰ ਕਿਸਾਨਾਂ ਨੂੰ ਲਗਾ ਰਹੇ ਕੁੰਡੀ


ਮੰਡੀ ਕਿੱਲਿਆਂਵਾਲੀ ਵਿਖੇ ਮੰਡੀ ’ਚ ਤੁਲਾਈ ਦੌਰਾਨ ਇਲੈਕਟ੍ਰਨਿਕ ਕੰਡੇ ’ਤੇ ਗੱਟੇ ’ਚ ਭਰਿਆ ਹੋਇਆ 
39.660 ਕਿੱਲੋ ਝੋਨਾ। 


* ਆੜਤੀਆਂ ਨੇ ਕਟੌਤੀ ਵਾਲੀ ਗੈਰਕਾਨੂੰਨੀ ਖਰੀਦ ਕਰਕੇ ਲਗਾਏ ਮੰਡੀ ’ਚ ਝੋਨੇ ਦੇ ਵਿਸ਼ਾਲ ਢੇਰ 

* ਮੰਡੀ ’ਚ ਹਜ਼ਾਰਾਂ ਕੁਇੰਟਲ ਝੋਨਾ, ਮੰਡੀ ’ਚ ਕਿਸਾਨ ਸਿਰਫ਼ ਸਵਾ ਦਰਜਨ

* ਖਰੀਦ ਪ੍ਰਬੰਧਾਂ ’ਚ ਖਾਮੀ ਬਰਦਾਸ਼ਤ ਨਹੀਂ: ਡੀ.ਸੀ. 


ਇਕਬਾਲ ਸਿੰਘ ਸ਼ਾਂਤ

ਲੰਬੀ: ਝੋਨਾ ਖਰੀਦ ਪ੍ਰਬੰਧ ਪੰਜਾਬ ਸਰਕਾਰ ਦੇ ਹੱਥੋਂ ਥਿੜਕ ਕੇ ਆੜਤੀਆਂ ਦੇ ‘ਭਿ੍ਰਸ਼ਟ ਹੱਥਾਂ’ ਦੀ ਕਠਪੁਤਲੀ ਬਣ ਗਏ ਹਨ। ਲੰਬੀ ਹਲਕੇ ਵਿੱਚ ਆੜਤੀਆਂ ਵੱਲੋਂ ਫ਼ਸਲ ਖਰੀਦ ’ਚ ਕਿਸਾਨਾਂ ਦੀ ਸ਼ਿਖ਼ਰਲੇ ਪੱਧਰ ਦੀ ਲੁੱਟ ਤਹਿਤ ਪ੍ਰਤੀ ਗੱਟਾ ਡੇਢ ਕਿੱਲੋ ਤੋਂ ਵੀ ਵੱਧ ਝੋਨਾ ਭਰਨ ਦੀ ਘਪਲੇਬਾਜ਼ੀ ਸਾਹਮਣੇ ਆਈ ਹੈ। 

           ਮੰਡੀ ਕਿੱਲਿਆਂਵਾਲੀ ਦੀ ਦਾਣਾ ਮੰਡੀ ’ਚ ਗੱਟੇ ਦੇ ਵਜ਼ਨ ਸਮੇਤ 38 ਕਿੱਲੋ ਇੱਕ ਸੌ ਗਰਾਮ ਝੋਨਾ ਭਰਨ ਦੀ ਥਾਂ ਖੁੱਲੇਆਮ 39 ਕਿੱਲੋ 660 ਗਰਾਮ ਤੱਕ ਝੋਨਾ ਭਰਿਆ ਜਾ ਰਿਹਾ ਹੈ। ਜਿਸ ਨਾਲ ਕਿਸਾਨਾਂ ਨੂੰ ਪ੍ਰਤੀ ਗੱਟਾ ਕਰੀਬ ਤੀਹ ਰੁਪਏ ਅਤੇ ਪ੍ਰਤੀ ਕੁਇੰਟਲ ਲਗਪਗ ਸਾਢੇ 78 ਰੁਪਏ ਕੁੰਡੀ ਲੱਗ ਰਹੀ ਹੈ। ਔਸਤਨ ਅੰਦਾਜ਼ੇ ਮੁਤਾਬਕ ਸਮੁੱਚੀ ਵਜ਼ਨ ਜਰੀਏ ਖਰੀਦ ’ਚ ਡੇਢ-ਦੋ ਕਰੋੜ ਰੁਪਏ ਤੋਂ ਵੱਧ ਆਰਥਿਕ ਮਾਰ ਪੈਣੀ ਹੈ। ਜਿਸ ਵਿੱਚ ਸ਼ੈਲਰਾਂ, ਆੜਤੀਆਂ ਅਤੇ ਖਰੀਦ ਏਜੰਸੀਆਂ ਦੀ ਕਥਿਤ ਮਿਲੀਭੁਗਤ ਦੱਸੀ ਜਾਂਦੀ ਹੈ। 


                                                              

ਸੂਤਰਾਂ ਮੁਤਾਬਕ ਖਰੀਦ ਪ੍ਰਬੰਧਾਂ ਪ੍ਰਤੀ ਜੁੰਮੇਵਾਰ ਮਾਰਕੀਟ ਕਮੇਟੀ ਤੰਤਰ ਪ੍ਰਤੀ ਗੱਟਾ ਕਥਿਤ ਤੈਅ ਸ਼ੁਦਾ ਕਮਿਸ਼ਨ ਕਾਰਨ ਜ਼ੁਬਾਨ ਬੰਦ ਕਰੀ ਬੈਠਾ ਹੈ। ਅਜਿਹੇ ਮਾਮਲੇ ਲੰਬੀ ਹਲਕੇ ਦੇ ਸਮੂਹ ਖਰੀਦ ਕੇਂਦਰਾਂ ’ਤੇ ਚੱਲ ਰਹੇ ਹਨ। ਸ਼ੈਲਰਾਂ ਅਤੇ ਆੜਤੀਆਂ ਦੀ ‘ਕਾਟ’ ਨੀਤੀ ਖੂਬ ਚੱਲ ਰਹੀ ਹੈ। 


ਦਾਣਾ ਮੰਡੀ ਕਿੱਲਿਆਂਵਾਲੀ ’ਚ ਇਹ ਸਿਰਫ਼ ਇੱਕ ਗੱਟੇ ਦੇ ਫ਼ਰਕ ਦਾ ਮਾਮਲਾ ਨਹੀਂ ਬਲਕਿ ਕਈ ਕਿਸਾਨਾਂ ਦੀ ਮੌਜੂਦਗੀ ’ਚ ਵੱਖ-ਵੱਖ ਗੱਟਿਆਂ ਦੀ ਤੁਲਾਈ ਅਤੇ ਪਹਿਲਾਂ ਤੋਂ ਤੁਲੇ ਹੋਏ ਝੋਨੇ ਦੇ ਗੱਟਿਆਂ ਦੀ ਦੁਬਾਰਾ ਤੁਲਾਈ ’ਚ ਮੀਡੀਆ ਪੜਤਾਲ ਦੌਰਾਨ ਹੈਰਾਨੀਜਨਕ ਖੁਲਾਸਾ ਹੋਇਆ ਹੈ। ਜਿਸ ਨਾਲ ਮਾਰਕੀਟ ਕਮੇਟੀ ਅਮਲੇ, ਖਰੀਦ ਏਜੰਸੀਆਂ, ਕਿਸਾਨਾਂ ਦੀ ਸਮਝ ਅਤੇ ਸਰਕਾਰੀ ਨਿਯਮਾਂ ਦੀ ਖੇਹ ਉੱਡਦੀ ਵਿਖਾਈ ਦੇ ਰਹੀ ਹੈ। 


ਇਸ ਸਰਹੱਦੀ ਦਾਣਾ ਮੰਡੀ ਵਿਖੇ ਮੀਡੀਆ ਪੜਤਾਲ ਦੌਰਾਨ ਵੱਖ-ਵੱਖ ਆੜਤੀਆਂ ਦੇ ਮਜ਼ਦੂਰਾਂ ਵੱਲੋਂ ਮਨਰਮਰਜ਼ੀ ਨਾਲ ਗੱਟਿਆਂ ’ਚ 38.200 ਕਿੱਲੋਂ, 38.200 ਕਿੱਲੋਂ, 38.300 ਕਿੱਲੋ ਅਤੇ 38.700 ਕਿੱਲੋ ਝੋਨਾ ਭਰਿਆ ਜਾ ਰਿਹਾ ਹੈ। ਤੁਲਾਈ, ਭਰਾਈ ਵਾਲੇ ਮਜ਼ਦੂਰਾਂ ਦਾ ਮਜ਼ਦੂਰਾਂ ਦਾ ਕਹਿਣਾ ਸੀ ਕਿ ਆੜਤੀਆਂ ਦੇ ਕਹਿਣ ’ਤੇ ਵੱਧ ਗੱਟਿਆਂ ’ਚ ਭਰ ਰਹੇ ਹਨ, ਕਿਉਂਕਿ ਝੋਨੇ 'ਚ ਨਮੀ ਹੈ।



ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਹਵਾ ਵਿੱਚ ਕੁਆਲਿਟੀ ਕੰਟਰੋਲ ਅਤੇ ਨਿਯਮਾਂ ਦਾ ਵੱਡਾ ਹਊਆ ਖੜਾ ਕੀਤਾ ਹੋਇਆ ਹੈ। ਹਕੀਕਤ ਵਿੱਚ ਸਮੱੁਚੇ ਖਰੀਦ ਪ੍ਰਬੰਧਾਂ ਭਿ੍ਰਸ਼ਟਾਚਾਰ ਦੀ ਗੰੰਦਗੀ ਹੇਠਾਂ ਦੱਬ ਗਏ ਹਨ। ਨਿਯਮਾਂ ਦੇ ਹਵਾਲਿਆਂ ਤਹਿਤ ਆਮ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਆਖ਼ਰ ’ਚ ਕਿਸਾਨ ਦੁਖੀ ਹੋ ਕੇ ਆੜਤੀਆਂ ਅਤੇ ਸ਼ੈਲਰਾਂ ਵਾਲਿਆਂ ਮੂਹਰੇ ਗੋਡੇ ਟੇਕਦੇ ਵਿਖਾਈ ਦੇ ਰਹੇ ਹਨ। ਖਰੀਦ ਪ੍ਰਬੰਧ ਮਜ਼ਾਕ ਬਣ ਕੇ ਰੱਖ ਦਿੱਤੇ ਗਏ ਹਨ। 



ਨਮੀ ਦੇ ਲੁਕੋਅ ਵਿੱਚ ਪ੍ਰਤੀ ਕੁਇੰਟਲ ’ਤੇ ਗੈਰਕਾਨੂੰਨੀ ਅੱਠ-ਦਸ ਕਿਲੋ ਤੱਕ ਕਾਟ ਖੁੱਲੇਆਮ ਕੱਟ ਕੇ ਕਈ ਆੜਤੀਆਂ ਨੇ ਦਾਣਾ ਮੰਡੀ ਦੇ ਸ਼ੈੱਡਾਂ ਹੇਠਾਂ ਝੋਨੇ ਦੇ ਵਿਸ਼ਾਲ ਢੇਰ ਲਗਾ ਰੱਖੇ ਹਨ। ਇਹ ਕਾਟ ਵਾਲੀ ਗੈਰਕਾਨੂੰਨੀ ਖਰੀਦ ਦੀ ਹੋਰਨਾਂ ਆੜਤੀਆਂ ਨੇ ਬਕਾਇਦਾ ਪੁਸ਼ਟੀ ਕੀਤੀ ਹੈ। ਦਰਜਨਾਂ ਏਕੜ ਰਕਬੇ ਵਾਲੀ ਦਾਣਾ ਮੰਡੀ ’ਚ ਹਜ਼ਾਰਾਂ ਕੁਇੰਟਲ ਝੋਨੇ ਦੀ ਫ਼ਸਲ ’ਤੇ ਚੰਦ ਢੇਰਾਂ ’ਤੇ ਬੁਮਸ਼ਕਿਲ ਸਵਾ ਦਰਜਨ ਕਿਸਾਨ ਹੀ ਵਿਖਾਈ ਦਿੱਤੇ। 

ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦਾ ਕਹਿਣਾ ਸੀ ਕਿ ਮੰਡੀ ਕਿੱਲਿਆਂਵਾਲੀ ’ਚ ਖਰੀਦ ਪ੍ਰਬੰਧਾਂ ਵਿੱਚ ਕਾਫ਼ੀ ਖਾਮੀਆਂ ਸਾਹਮਣੇ ਆ ਰਹੀਆਂ ਹਨ। ਕੱਲ ਜ਼ਿਲਾ ਮੰਡੀ ਅਫ਼ਸਰ ਗੌਰਵ ਗਰਗ ਮੰਡੀ ਦਾ ਦੌਰਾ ਕਰਕੇ ਸਥਿਤੀ ਜਾਇਜ਼ਾ ਲੈਣਗੇ। ਉਨਾਂ ਕਿਹਾ ਕਿ ਖਰੀਦ ’ਚ ਊਣਤਾਈ ਕਰਨ ਵਾਲੇ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

 ਜ਼ਿਲਾ ਮੰਡੀ ਅਫ਼ਸਰ ਨੇ ਕਿਹਾ ਕਿ ਉਨਾਂ ਦੇ ਮਤਹਿਤ ਅਮਲਾ ਰੋਜ਼ਾਨਾ ਦਾਣਾ ਮੰਡੀਆਂ ਦਾ ਚੈਕਿੰਗ ਕਰਦਾ ਹੈ। ਜੇਕਰ ਕੋਈ ਵਜ਼ਨ ਵੱਧ ਭਰ ਰਿਹਾ ਜਾਂ ਕਾਟ ਵਾਲੀ ਖਰੀਦ ਕਰ ਰਿਹਾ ਹੈ ਤਾਂ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। 

No comments:

Post a Comment