11 December 2021

ਦਿੱਲੀਓਂ ਪਰਤਦੇ ਕਿਸਾਨ ਕਾਫ਼ਲਿਆਂ ਦਾ ਅੱਜ ਡੱਬਵਾਲੀ ’ਚ ਫੁੱਲਾਂ ਦੀ ਵਰਖਾ ਨਾਲ ਹੋਵੇਗਾ ਭਰਵਾਂ ਸਵਾਗਤ



ਇਨਕਲਾਬੀ ਸੱਭਿਆਚਾਰਕ ਗੀਤਾਂ ਰਾਹੀਂ ਹੋਵੇਗੀ ਕਿਸਾਨੀ ਸੰਘਰਸ਼ ਦੀ ਯੱਸ਼ ਗਾਥਾ

ਇਕਬਾਲ ਸਿੰਘ ਸ਼ਾਂਤ

ਡੱਬਵਾਲੀ: ਬੀਤੇ 378 ਦਿਨਾਂ ’ਚ ਸੱਤ ਸੌ ਮਰਦ-ਔਰਤ ਕਿਸਾਨ-ਮਜ਼ਦੂਰ ਦੀ ਸ਼ਹਾਦਤਾਂ ਸਦਕਾ ਖੇਤੀ ਕਾਨੂੰਨ ਰੱਦ ਕਰਵਾਉਣ ’ਚ ਮਿਲੀ ਇਤਿਹਾਸਕ ਸਫ਼ਲਤਾ ਤੋਂ ਦਿੱਲੀਓਂ ਪਰਤੇ ਕਿਸਾਨ ਕਾਫ਼ਲਿਆਂ ਦਾ ਅੱਜ ਡੱਬਵਾਲੀ ਵਿਖੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਜਾਵੇਗਾ। ਭਾਕਿਯੂ ਏਕਤਾ ਉਗਰਾਹਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਡੱਬਵਾਲੀ ਵਿਖੇ ਸਿਰਸਾ ਜਰਨੈਲੀ ਸੜਕ ’ਤੇ ਸਵਾਗਤੀ ਪ੍ਰਬੰਧੀ ਕੀਤੇ ਗਏ ਹਨ। ਸਵਾਗਤ ਸਮਾਗਮ ’ਚ ਲੋਕ ਸੰਗੀਤ ਮੰਡਲੀ ਜੀਦਾ ਵੱਲੋਂ ਇਨਕਲਾਬੀ ਸੱਭਿਆਚਾਰਕ ਗੀਤਾਂ ਰਾਹੀਂ ਕਿਸਾਨ ਸੰਘਰਸ਼ ਦੀ ਯੱਸ਼ ਗਾਥਾ ਕੀਤੀ ਜਾਵੇਗੀ। ਜਲੇਬੀਆਂ ਤੇ ਪਕੌੜਿਆਂ ਦੇ ਲੰਗਰ ਵੀ ਸਵਾਗਤੀ ਪ੍ਰਬੰਧਾਂ ਦਾ ਹਿੱਸਾ ਹੋਣਗੇ। ਟੀਕਰੀ ਬਾਰਡਰ ਤੋਂ ਡੱਬਵਾਲੀ ਪੁੱਜਣ ਵਾਲੇ ਜੇਤੂ ਕਾਫਲੇ ਦੀ ਅਗਵਾਈ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਕਰਨਗੇ।

ਭਾਕਿਯੂ (ਏਕਤਾ) ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਬਲਾਕ ਮੀਤ ਪ੍ਰਧਾਨ ਡਾ. ਹਰਪਾਲ ਸਿੰਘ ਕਿੱਲਿਆਂਵਾਲੀ ਨੇ ਦੱਸਿਆ ਕਿ ਮੋਰਚੇ ਤੋਂ ਪਰਤੇ ਕਿਸਾਨਾਂ, ਮਜਦੂਰਾਂ, ਔਰਤਾਂ ਅਤੇ ਨੌਜਵਾਨਾਂ ਦੇ ਜੇਤੂ ਕਾਫਲਿਆਂ ਦਾ ਸਨਮਾਨ ਕੀਤਾ ਜਾਵੇਗਾ। ਜੇਤੂ ਜਸ਼ਨਾਂ ਮੌਕੇ ਇਸ ਖੇਤਰ ’ਚ ਕੰਮ ਕਰਦੀਆਂ ਭਰਾਤਰੀ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੀ ਹਾਜਰ ਹੋਣਗੇ। ਉਨਾਂ ਦੱਸਿਆ ਕਿ ਭਰਾਤਰੀ ਜਥੇਬੰਦੀਆਂ ਵੱਲੋਂ ਇਸ ਖੇਤਰ ’ਚ ਕਿਸਾਨ ਸੰਘਰਸ ਸਮਰਥਨ ਕਮੇਟੀ ਕਾਇਮ ਕਰਕੇ ਕਿਸਾਨ ਘੋਲ ਨੂੰ ਡਟਵਾਂ ਸਮਰਥਨ ਦਿੱਤਾ ਗਿਆ। ਉਨਾਂ ਇਸ ਖੇਤਰ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜਮਾਂ, ਮੀਡੀਆ ਅਤੇ ਆਰ.ਐਮ.ਪੀ. ਡਾਕਟਰਾਂ ਸਮੇਤ ਪੇਂਡੂ ਅਤੇ ਸ਼ਹਿਰੀ ਵਰਗਾਂ ਦੇ ਲੋਕਾਂ ਨੂੰ ਸਨਮਾਨ ਸਮਾਗਮ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਇਸ ਜਿੱਤ ਤੋਂ ਉਤਸਾਹ ਅਤੇ ਹੌਂਸਲਾ ਲੈ ਕੇ ਅਗਲੇ ਸੰਘਰਸ਼ਾਂ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇਗਾ।

No comments:

Post a Comment