12 December 2021

''ਟੋਲ ਕੀਮਤਾਂ ’ਚ ਵਾਧਾ ਮਨਜੂਰ ਨਹੀਂ, ਅਸੀਂ ਪਲਾਜੇ ਨਹੀਂ ਚੱਲਣ ਦੇਣੇ'


- ‘ਦਿੱਲੀ ਜਿੱਤ ਲਈ, ਹੁਣ ਚੰਨੀ ਦੇ ਝੂਠ ਨਾਲ ਹਿਸਾਬ ਕਰਨ ਦਾ ਐਲਾਨ’

- ਕਿਸਾਨਾਂ ਵੱਲੋਂ ਖੇਤ ਮਜ਼ਦੂਰਾਂ ਦੇ ਰੇਲ ਜਾਮ ਸੰਘਰਸ਼ ’ਚ ਹਿੱਸਾ ਬਣਨਗੇ : ਕੋਕਰੀਕਲਾਂ


ਇਕਬਾਲ ਸਿੰਘ ਸ਼ਾਂਤ

ਡੱਬਵਾਲੀ: ‘ਲੋਕਾਂ’ ਦੀ ‘ਸਰਕਾਰ’ ਨੂੰ ਕਾਬਜ਼ ਸਰਕਾਰ ਦੇ ਲੋਕਮਾਰੂ ਅਤੇ ਝੂਠੇ ਐਲਾਨ ਮਨਜੂਰ ਨਹੀਂ ਹਨ। ਅੱਜ ਖੇਤੀ ਕਾਨੂੰਨਾਂ ’ਤੇ ਜਿੱਤ ਹਾਸਲ ਕਰਕੇ ਦਿੱਲੀ ਪਰਤ ਰਹੇ ਭਾਕਿਯੂ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਪੰਜਾਬ ਦੀ ਧਰਤੀ ’ਤੇ ਪੈਰ ਰੱਖਣ ਤੋਂ ਪਹਿਲਾਂ ਵੱਡਾ ਐਲਾਨ ਕਰ ਦਿੱਤਾ ਕਿ ਟੋਲ ਪਲਾਜਿਆਂ ਦੇ ਵਧਾਏ ਰੇਟ ਕਿਸੇ ਕੀਮਤ ’ਤੇ ਮਨਜੂਰ ਨਹੀਂ ਹਨ। ਪੁਰਾਣੀਆਂ ਦਰਾਂ ਬਹਾਲ ਹੋਣ ਤੱਕ ਟੋਲ ਪਲਾਜੇ ਚੱਲਣ ਨਹੀਂ ਦਿੱਤੇ ਜਾਣਗੇ। ਸਰਕਾਰ ਵਾਧੇ ਨੂੰ ਤੁਰੰਤ ਵਾਪਸ ਲਵੇ। 

          ਇੱਥੇ ਸਵਾਗਤ ਸਮਾਗਮ ’ਚ ਪੁੱਜਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ’ਚ ਜੇਠੂਕੇ ਕਿਹਾ ਕਿ ਦੁਨੀਆਂ ਆਖਦੀ ਸੀ ਕਿ ਮੋਦੀ ਨੇ ਮੰਨਣਾ ਨਹੀਂ, ਪਰ ਲੋਕ-ਏਕੇ ਨੇ ਉਹ ਅਸੰਭਵ ਵੀ ਸੰਭਵ ਕਰਕੇ ਵਿਖਾ ਦਿੱਤਾ। ਇਸ ਸੰਘਰਸ਼ ਨੇ ਦੁਨੀਆਂ ’ਚ ਮਿਸਾਲ ਕਾਇਮ ਕੀਤੀ ਹੈ। ਸਿਰਫ਼ ਕਾਲੇ ਖੇਤੀ ਕਾਨੂੰਨ ਹੀ ਵਾਪਸ ਨਹੀਂ ਕਰਵਾਏ ਬਲਕਿ ਪੰਜਾਬ-ਹਰਿਆਣਾ ਦੇ ਲੋਕਾਂ ਦੀ ਵਿਲੱਖਣ ਸਾਂਝ ਬਣੀ ਹੈ। ਨੌਜਵਾਨਾਂ ਤਾਕਤ ਦਾ ਹੜ ਕਿਸਾਨ ਸੰਘਰਸ਼ ਦੇ ਨਾਲ ਖੜਾ ਹੈ। 15 ਮਹੀਨਿਆਂ ਤੋਂ ਸੂਬੇ ’ਚ ਕਿਸਾਨ ਰਾਜ ਚੱਲਿਆ ਆ ਰਿਹਾ ਹੈ ਅਤੇ ਅਗਾਂਹ ਵੀ ਚੱਲਗਾ। ਉਨਾਂ ਕਿਹਾ ਕਿ ਦਿੱਲੀ ਜਿੱਤਣ ਮਗਰੋਂ ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਝੂਠਾਂ ਦਾ ਹਿਸਾਬ ਕੀਤਾ ਜਾਵੇਗਾ, ਉਹ ਸਿਰਫ਼ ਐਲਾਨ ਹੀ ਕਰਦਾ ਹੈ, ਦਿੰਦਾ ਕੁੱਝ ਵੀ ਨਹੀਂ। 

       ਉਨਾਂ ਪੰਜਾਬ ਵਿਧਾਨਸਭਾ 2022 ਦੇ ਬਾਰੇ ਪੁੱਛਣ ’ਤੇ ਆਖਿਆ ਕਿ ਭਾਕਿਯੂ ਏਕਤਾ ਉਗਰਾਹਾਂ ਦਾ ਚੋਣਾਂ ਬਾਰੇ ਸਟੈਂਡ ਸਪੱਸ਼ਟ ਹੈ ਕਿ ਸਰਕਾਰ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ। ਚੋਣ ਰਾਜਨੀਤੀ ਗੰਦੇ ਖੂਹ ’ਚ ਡਿੱਗਣ ਸਮਾਨ ਹੈ। ਯੂਨੀਅਨ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਇਸਤੋਂ ਬਚਾ ਕੇ ਰੱਖੇਗੀ। ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਆਮ ਲੋਕਾਂ ਧੰਨਵਾਦ ਕੀਤਾ ਅਤੇ ਭਵਿੱਖ ਦੀਆਂ ਵੱਡੀਆਂ ਲੜਾਈਆਂ ਖਾਤਰ ਕਮਰਕੱਸੇ ਕਰਨ ਦਾ ਸੱਦਾ ਦਿੱਤਾ। ਉਨਾਂ ਕਿਸਾਨ-ਮਜ਼ਦੂਰ ਏਕਤਾ ’ਤੇ ਜ਼ੋਰ ਦਿੰਦੇ ਖੇਤ ਮਜ਼ਦੂਰਾਂ ਦੇ ਕੱਲ 12 ਦਸੰਬਰ ਨੂੰ ਰੇਲ ਰੋਕੋ ਅੰਦੋਲਨ ’ਚ ਕਿਸਾਨਾਂ ਵੱਲੋਂ ਸ਼ਮੂਲੀਅਤ ਦਾ ਐਲਾਨ ਕੀਤਾ। 

        ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ ਨੇ ਕਿਹਾ ਕਿ ਵਿਲੱਖਣ ਅਤੇ ਇਤਿਹਾਸਕ ਜਿੱਤ ਨੇ ਲੋਕਾਂ ਦੇ ਏਕੇ ਦੀ ਤਾਕਤ ਦਰਸਾਈ ਹੈ। ਸਰਕਾਰ ਦੀ ਮਜ਼ਬੂਰੀ ਬਣਾ ਕੇ ਅਗਾਂਹ ਸੰਯਮ ਨਾਲ ਸੰਘਰਸ਼ਾਂ ਰਾਹ ਖੁੱਲਿਆ ਹੈ। ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਇਸ ਇਤਿਹਾਸਕ ਜਿੱਤ ਨਾਲ ਕਾਰਪੋਰੇਟ ਘਰਾਣਿਆਂ ਪ੍ਰਤੀ ਮੋਦੀ ਸਰਕਾਰ ਦੀ ਨੀਤੀ ਨੂੰ ਜ਼ਮੀਨ ਚਟਾਈ ਹੈ। ਉਨਾਂ ਸ਼ਹਿਰੀ ਅਵਾਮ ਨੂੰ ਵੀ ਲੋਕ-ਸੰਘਰਸ਼ਾਂ ਦਾ ਹਿੱਸਾ ਬਣਨ ਲਈ ਪ੍ਰੇਰਿਆ। 


   

No comments:

Post a Comment