24 December 2021

ਮੁੱਖ ਮੰਤਰੀ ਜੀ, ਅਸੀਂ ਰਾਜ਼ੀ ਖੁਸ਼ੀ ਨਹੀਂ ਹਾਂ। ਦੁਖੀ ਹਾਂ....

 ਖੇਤ ਮਜ਼ਦੂਰਾਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਖੁੱਲ੍ਹਾ ਖ਼ਤ

     


                    

 ਲਛਮਣ ਸਿੰਘ ਸੇਵੇਵਾਲਾ

ਮੁੱਖ ਮੰਤਰੀ ਜੀ , ਅਸੀਂ ਰਾਜ਼ੀ ਖੁਸ਼ੀ ਨਹੀਂ ਹਾਂ।  ਦੁਖੀ ਹਾਂ। ਭੁੱਖਾਂ- ਦੁੱਖਾਂ ਦੇ ਸਤਾਏ ਹੋਏ ਹਾਂ।  ਜੋਰਾਵਰਾਂ ਦੇ ਜ਼ਬਰ ਦੇ  ਤਪਾਏ ਹੋਏ ਹਾਂ।  ਕਰਜ਼ੇ ਤੇ ਆਰਥਿਕ ਤੰਗੀਆਂ ਦੇ ਹੰਭਾਏ ਹੋਏ ਹਾਂ। ਜਾਤਪਾਤੀ ਭਿੱਟ ਦੇ ਦੁਰਕਾਰੇ ਹੋਏ ਹਾਂ। ਸਾਡੇ ਘਰਾਂ ਤਾਂ 'ਚ ਚੰਦਰੀ ਮੌਤ ਹੇਲੀਆਂ ਦਿੰਦੀ ਫਿਰਦੀ ਆ।  ਆਏ ਦਿਨ ਕਿਸੇ ਨਾ ਕਿਸੇ ਘਰ ਦੀ ਛੱਤ ਦੇ ਘੁਣ ਖਾਧੇ ਬਾਲਿਆਂ ਜਾਂ ਖੇਤਾਂ ਤੇ ਸੜਕਾਂ ਕਿਨਾਰੇ ਖੜ੍ਹੇ ਦਰਖੱਤਾਂ ਨਾਲ ਸਾਡੀ ਲਾਸ਼ ਲਮਕਦੀ ਆ। ਕਦੇ ਕੈਂਸਰ , ਕਦੇ ਗੁਰਦੇ ਫੇਲ੍ਹ ਹੋਣ,ਕਦੇ ਦਿਲ ਫੇਲ੍ਹ ਹੋਣ ਤੇ ਕਦੇ ਕਾਲ਼ੇ ਪੀਲੀਏ ਨਾਲ ਸਾਡੇ ਘਰਾਂ 'ਚ ਸੱਥਰ ਵਿਛਦੇ ਆ। ਕਈ ਵਾਰ ਤਾਂ ਸੌਣ ਭਾਦੋਂ ਦੀ ਲੰਮੀ ਝੜੀ ਤੋਂ ਬਿਨਾਂ ਹੀ ਸਾਡੇ ਕੱਚੇ- ਪਿੱਲੇ ਢਾਰੇ ਧੜੰਮ ਆ ਪੈਂਦੇ ਆ। ਇਹਨਾਂ ਹੇਠਾਂ ਆਕੇ ਕੋਈ ਜਵਾਕ ਜੱਲਾ, ਬੁੱਢਾ ਠੇਰਾ ਜਾਂ ਭਰ ਜਵਾਨ ਗੱਭਰੂ ਜਾਨ ਤੋਂ ਹੱਥ ਧੋ ਬਹਿੰਦੇ ਆ। ਬਾਕੀ ਤੁਸੀਂ ਤਾਂ ਖੁਦ ਜਾਣੀ ਜਾਣ ਆ,  ਫਿਰ ਭਲਾ ਨਸ਼ੇ ਦੀ ਡੈਣ ਸਾਡੇ ਘਰ ਕਿਵੇਂ ਬਖ਼ਸ਼ ਸਕਦੀ ਆ ?  ਕੋਈ ਨਾ ਕੋਈ ਜਣਾ ਆਏ ਦਿਨ ਪੰਜਾਬ ਦੇ ਧਰਤੀ 'ਤੇ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ 'ਚ ਰੁੜ੍ਹ ਜਾਂਦਾ ਹੈ। ਪਿੱਛੇ ਵਿਲਕਦੀਆਂ ਜਵਾਨ ਜਹਾਨ ਮੁਟਿਆਰਾਂ, ਤੋਤਲੇ ਬੱਚੇ ਤੇ ਬੁੱਢੇ ਮਾਪੇ ਕੰਧਾਂ ਨਾਲ ਟੱਕਰਾਂ ਮਾਰਦੇ ਆ। ਜਮੀਨ ਦਾ ਕੋਈ ਖੁੱਡ ਨਾਂ ਹੋਣ ਕਰਕੇ ਚੜ੍ਹਦੀ ਜਵਾਨੀ 'ਚ ਵਿਧਾਵਾ ਹੋਈਆਂ ਮੁਟਿਆਰਾਂ ਤੇ ਬੁੱਢੀਆਂ ਮਾਵਾਂ ਦੇ ਸਿਰ 'ਤੇ ਬੇਗਾਨੇ ਘਰਾਂ ਦੇ ਪਸ਼ੂਆਂ ਦੀ ਮਤਰਾਲ ਵਾਲੀ ਟੋਕਰੀ ਟਿਕ ਜਾਂਦੀ ਹੈ। ਪੜ੍ਹਣ ਲਿਖਣ, ਨੱਚਣ- ਕੁੱਦਣ ਤੇ ਖੇਡਣ -ਮੱਲਣ ਦੀ ਉਮਰੇ ਯਤੀਮ ਹੋਏ ਸਾਡੇ ਨਿਆਣੇ ਛੇੜੂ ਬਣ ਜਾਂਦੇ ਆ ਜਾਂ ਫਿਰ ਢਾਬਿਆਂ ਤੇ ਹੋਟਲਾਂ ਦੀ ਜੂਠ ਮਾਂਜਣ ਲਈ ਸਰਾਪੇ ਜਾਂਦੇ ਆ। 

   


   ਬਾਕੀ ਥੋਡੀ ਰਾਜ਼ੀ ਖੁਸ਼ੀ ਤੇ ਚੜ੍ਹਦੀ ਕਲਾ ਦੇ ਕਿੱਸੇ ਤਾਂ ਅਸੀਂ ਨਿੱਤ ਸੁਣਦੇ ਰਹਿੰਦੇ ਹਾਂ। ਥਾਂ - ਥਾਂ ਉਤੇ ਥੋਡੀਆਂ ਮੂਰਤਾਂ ਵਾਲੇ  ਲੱਗੇ ਦਿਓ ਕੱਦ ਬੋਰਡ ਥੋਡੀ ਚੜ੍ਹਦੀ ਕਲਾ ਬਾਰੇ ਸਿਰ ਚੜ੍ਹ ਕੇ ਬੋਲ ਰਹੇ ਆ । ਦਸ ਕਰਮਾਂ ਲਈ ਵੀ ਥੋਡੇ ਖ਼ਾਤਰ ਉਡਨ ਖਟੋਲੇ  ਦੀ ਸਵਾਰੀ ਥੋਡੀ ਆਨ ਤੇ ਸ਼ਾਨ  ਦੀ ਗਵਾਹੀ ਭਰਦੀ ਆ।  ਥੋਡੀ ਆਮਦ ਮੌਕੇ  ਪੱਕੇ ਰੁਜ਼ਗਾਰ ਦੀ ਮੰਗ ਕਰਦੇ ਮੁੰਡੇ ਕੁੜੀਆਂ ਨੂੰ ਥੋਡੀ ਪੁਲਿਸ ਵੱਲੋਂ ਛੱਲੀਆਂ ਵਾਂਗ ਕੁੱਟਣ ਤੇ ਬੋਰੀਆਂ ਵਾਂਗ ਸੜਕਾਂ 'ਤੇ ਘੜੀਸਣ ਦੀਆਂ ਘਟਨਾਵਾਂ ਥੋਡੇ ਤਾਕਤਵਰ ਮੁੱਖ ਮੰਤਰੀ ਹੋਣ ਦੇ ਦਰਸ਼ਨ ਦੀਦਾਰ ਕਰਵਾ ਰਹੀਆਂ   ਹਨ। 

ਪਰ ਥੋਡੀ ਇਸ ਤਾਕਤ ਤੇ ਪਾਵਰ  ਦੇ ਫਿਊਜ਼ ਪਾਵਰਕੌਮ ਦੇ ਅਫਸਰਾਂ ਮੂਹਰੇ ਪਤਾ ਨਹੀਂ ਕਿਓ ਨਹੀਂ ਉੱਡ ਜਾਂਦੇ ਆ।  ਤੁਸੀਂ ਕਿਹਾ ਸੀ, ਬਈ ਬਾਹਲ਼ੇ ਬਿੱਲ ਆਉਣ ਕਰਕੇ ਬਿੱਲ ਨਾ ਭਰ ਸਕਣ ਵਾਲੇ ਮਜ਼ਦੂਰਾਂ/ ਲੋਕਾਂ ਦੇ ਬਿੱਲ ਸਰਕਾਰ ਤਾਰੂ। ਜਿਹਨਾਂ ਮਜ਼ਦੂਰਾਂ ਦੇ ਮੀਟਰ ਪੱਟੇ ਗਏ ਉਹ ਸਰਕਾਰੀ ਖਰਚੇ 'ਤੇ ਲੱਗਣਗੇ। ਮੁੱਖ ਮੰਤਰੀ ਜੀ ਅਸੀਂ ਤਾਂ ਥੋਡੀ ਫੋਟੋ ਵਾਲੇ ਬਥੇਰੇ ਫਾਰਮ ਭਰ- ਭਰ ਦਿੱਤੇ, ਪਰ  ਪਾਵਰਕੌਮ ਦੇ ਅਫਸਰ ਮੰਨਦੇ ਈ ਨਹੀਂ। ਉਹਨਾਂ  ਕਿਸੇ ਮਜ਼ਦੂਰ ਦਾ ਪੱਟਿਆ ਮੀਟਰ ਜੋੜਿਆ ਈ ਨਹੀਂ। 

  ਮੁੱਖ ਮੰਤਰੀ ਜੀ,  ਤੁਸੀਂ ਆਖਿਆ ਸੀ ਕਿ, ਦੀਵਾਲੀ ਵਾਲੇ ਦਿਨ ਹਰ ਇੱਕ ਬੰਦਾ ਆਵਦੇ ਘਰੇ ਦੀਵਾ ਬਾਲੂ। ਜਿਹਨਾਂ ਕੋਲ ਘਰ ਨਹੀਂ, ਉਹਨਾਂ ਦੇ ਬਨੇਰਿਆਂ 'ਤੇ ਦੀਵੇ ਮੈਂ ਜਗਾਊਂ। ਅਸੀਂ ਜਿਹੜੇ  ਦਹਾਕਿਆਂ ਤੋਂ ਆਵਦੇ ਘਰ ਨੂੰ ਤਰਸੇ ਪਏ ਆ।  ਥੋਡੇ ਐਲਾਨਾਂ ਨੇ ਉਹਨਾਂ ਦੀਆਂ ਅੱਖਾਂ 'ਚ ਚਮਕ ਲਿਆ ਦਿੱਤੀ ਸੀ ।  ਜਗੀਰਦਾਰਾਂ ਦੇ ਪਸ਼ੂਆਂ ਵਾਲੇ ਵਾੜਿਆਂ , ਧਰਮਸ਼ਾਲਾਵਾਂ, ਬੱਸ ਅੱਡਿਆਂ, ਸਰਕਾਰੀ ਹਸਪਤਾਲਾਂ ਦੇ ਨਕਾਰਾ ਹੋਏ ਕੁਆਰਟਰਾਂ ਜਾਂ ਸਿਵਿਆਂ 'ਚ ਝੁੰਬੀ ਪਾਕੇ ਦਿਨ ਕਟੀ ਕਰਦਿਆਂ ਨੂੰ ਬੜੀਆਂ ਉਮੀਦਾਂ ਜਾਗੀਆਂ ਸੀ। ਸਾਡੇ ਵਾਂਗੂੰ ਹੀ ਉਹਨਾਂ ਪਰਿਵਾਰਾਂ ਨੂੰ ਧਰਵਾਸ ਮਿਲਿਆ ਸੀ, ਜਿਹੜੇ ਦੋ- ਤਿੰਨ ਮਰਲਿਆਂ ਦੇ ਘਰ 'ਚ ਦੋ -ਦੋ, ਤਿੰਨ- ਤਿੰਨ ਟੱਬਰ ਵਸਦੇ ਆ। ਸਭ ਨੂੰ ਪਲਾਟ ਮਿਲਣ ਦੀ ਆਸ ਬੱਝੀ ਸੀ। ਪਰ ਦੀਵਾਲੀ ਆਈ ਤੇ ਲੰਘ ਗਈ। ਸਾਡਾ ਤਾਂ ਓਹੀ ਵਹਾਂ ਤੇ ਓਹੀ ਘਵਾੜੀ ਰਹੀ। ਨਾਂ ਕਿਸੇ ਨੂੰ ਪਲਾਟ ਮਿਲਿਆ ਤੇ ਨਾ ਬਨੇਰਾ। ਮੁੱਖ ਮੰਤਰੀ  ਜੀ, ਪਿੰਡਾਂ 'ਚ  ਜ਼ਾਹਰਾ ਤੇ ਲੁਕਵੇਂ ਰੂਪ 'ਚ ਬੇਘਰੇ ਹੋਣ ਦਾ ਸੰਤਾਪ ਹੰਢਾਉਂਦੇ ਮਜ਼ਦੂਰ ਪਰਿਵਾਰਾਂ ਦੀ ਗਿਣਤੀ ਲੱਖਾਂ 'ਚ  ਬਣਦੀ ਆ। ਸਾਡੀ ਨੁੰਮਾਇੰਦਾ ਜਥੇਬੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕੀਤੇ ਸਰਵੇ ਮੁਤਾਬਕ ਇਹਨਾਂ ਬੇਘਰਿਆਂ ਦੀ ਗਿਣਤੀ 21.75 ਫੀਸਦੀ ਬਣਦੀ ਆ। ਪਰ ਥੋਡੀ ਅਫ਼ਸਰਸ਼ਾਹੀ ਅਤੇ ਪੰਚਾਇਤਾਂ 'ਤੇ ਕਾਬਜ਼ ਪੇਂਡੂ ਚੌਧਰੀਆਂ ਦੀ ਨੀਤ 'ਚ  ਖੋਟ ਕਰਕੇ ਉਹਨਾਂ ਨੇ ਪਲਾਟ ਦੇਣ ਲਈ ਮਤਾ ਪਾਸ ਕਰਨ ਦੀ ਜ਼ਰੂਰੀ ਮਦ ਗ੍ਰਾਮ ਸਭਾ ਦਾ ਇਜਲਾਸ ਕਰਨ ਦੀ ਜਹਿਮਤ ਹੀ  ਨਹੀਂ ਉਠਾਈ।  ਫੇਰ ਭਲਾਂ ਪਲਾਟ ਮਿਲਦੇ ਵੀ ਕਿਥੋਂ? ਪਰ ਸਾਡੇ ਇਸ ਤਾਕਤਵਰ ਮੁੱਖ ਮੰਤਰੀ ਦੀ ਤਾਕਤ ਉਹਨਾਂ ਦੇ ਮੂਹਰੇ ਫਿੱਸ ਹੋ ਗਈ। 



ਮੁੱਖ ਮੰਤਰੀ ਜੀ , ਸਾਡੀ ਨੁੰਮਾਇੰਦਾ ਇਸ ਮਜ਼ਦੂਰ ਜਥੇਬੰਦੀ ਦੇ ਸਰਵੇ ਮੁਤਾਬਕ 39.21 ਫੀਸਦੀ ਪਰਿਵਾਰ ਇੱਕੋ-ਇੱਕ ਕਮਰੇ 'ਚ ਜੂਨ ਗੁਜਾਰਾ ਕਰਦੇ ਆ। ਬੱਚਿਆਂ - ਬੁੱਢਿਆਂ ਤੋਂ ਲੈਕੇ ਵਿਆਹੇ ਹੋਏ  ਜੋੜੇ ਸਭ ਇਸੇ ਕਮਰੇ 'ਚ ਹੀ ਪੈਂਦੇ ਸੌਂਦੇ ਆ । ਆਏ - ਗਏ ਦੀ ਮੰਜੀ ਵੀ ਇਸੇ ਕਮਰੇ 'ਚ ਡਹਿੰਦੀ ਆ।  ਜਵਾਕਾਂ ਦੇ ਪੜ੍ਹਨ -ਲਿਖਣ ਲਈ ਵੀ ਇਹੀ ਕਮਰਾ ਢੋਈ ਬਣਦਾ। ਮੀਂਹ ਕਣੀ ਦੀ ਰੁੱਤੇ ਰੋਟੀ - ਟੁੱਕ ਦਾ ਆਹਰ ਵੀ ਇਸੇ ਕਮਰੇ 'ਚ ਕਰਨਾ ਪੈਂਦਾ। ਮੰਜੇ ਬਿਸਤਰੇ, ਆਟਾ - ਕੋਟਾ ਤੇ ਹੋਰ ਨਿੱਕ - ਸੁੱਕ ਹਰ ਚੀਜ਼ ਇਸੇ ਕਮਰੇ 'ਚ ਤੂੜਨੀ ਪੈਂਦੀ ਆ। ਇਹਨੂੰ  ਘਰ ਕਹਿਣਾ ਤਾਂ ਉੱਕਾ ਈ ਵਾਜਬ ਨਹੀਂ।ਬੱਸ ਅਣਸਰਦੇ ਦਾ ਸਿਰ ਢਕਣ ਆ। ਪਰ ਥੋਡੇ ਅਹਿਲਕਾਰ ਆਂਹਦੇ ਆ ਕਿ ਥੋਡੇ ਕੋਲੇ ਤਾਂ ਚੰਗਾ ਭਲਾ ਘਰ ਹੈਗਾ। ਥੋਨੂੰ ਪਲਾਟ ਕਾਹਦਾ ? ਮੁੱਖ ਮੰਤਰੀ ਜੀ, ਤੁਸੀਂ ਸਾਡੀਆਂ ਨੁੰਮਾਇਦਾ ਜਥੇਬੰਦੀਆਂ ਨੂੰ ਗਿਆਰਵੇਂ ਮਹੀਨੇ ਦੀ 23 ਤਰੀਕ ਨੂੰ ਚੰਡੀਗੜ੍ਹ 'ਚ ਸੱਦ ਕੇ ਮੀਟਿੰਗ ਕੀਤੀ ਸੀ। ਉਥੇ ਤੁਸੀਂ ਕਿਹਾ ਸੀ  " ਐਹੋ ਜਿਹੇ ਲੋੜਵੰਦ ਪਰਿਵਾਰ ਵੀ ਪਲਾਟ ਦੇ ਹੱਕਦਾਰ ਆ।" ਤੁਸੀਂ ਹੁਕਮ  ਵੀ ਦਿੱਤਾ ਸੀ  ਕਿ ਹੁਣ ਬੇਘਰਿਆਂ ਦੇ ਨਾਲ  ਲੋੜਵੰਦਾਂ ਨੂੰ ਵੀ ਪਲਾਟ ਦਿੱਤੇ ਜਾਣਗੇ। ਪਰ ਇਹਨਾਂ ਹੁਕਮਾਂ 'ਤੇ   ਅਮਲ  ਕੋਈ ਨਹੀਂ ਹੋਇਆ।  ਉੱਥੇ ਤਾਂ ਤੁਸੀਂ ਡਿੱਪੂਆਂ ਰਾਹੀਂ ਕਣਕ ਤੋਂ ਬਿਨਾਂ ਖੰਡ, ਚਾਹ- ਪੱਤੀ ਤੇ ਦਾਲਾਂ ਵਗੈਰਾ ਵੀ ਸਸਤੇ ਭਾਅ ਦੇਣ। ਸਹਿਕਾਰੀ ਸਭਾਵਾਂ 'ਚ ਮਜ਼ਦੂਰਾਂ ਲਈ 25 ਫੀਸਦੀ ਰਾਖਵਾਂਕਰਨ ਕਰਕੇ ਕਰਜ਼ੇ ਦੀ ਰਕਮ ਵੀ ਪੰਜਾਹ ਹਜ਼ਾਰ ਰੁਪਏ ਕਰਨ। ਦਲਿਤਾਂ 'ਤੇ ਜ਼ਬਰ ਦੇ ਦੋਸ਼ੀਆਂ ਨੂੰ ਸਬਕ਼ ਸਿਖਾਉਣ ਲਈ ਸਿੱਟ ਬਨਾਉਣ ਸਮੇਤ ਕਈ ਐਲਾਨ ਕਰ ਮਾਰੇ ਸੀ। ਪਰ ਥੋਡੇ ਸਭ ਐਲਾਨ "ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ " ਵਾਲ਼ੀ ਕਹਾਵਤ ਹੋ ਨਿੱਬੜੇ।

 ਮੁੱਖ ਮੰਤਰੀ ਜੀ , ਜਦੋਂ ਸਿੰਘੂ ਬਾਰਡਰ 'ਤੇ ਇੱਕ ਮਜ਼ਦੂਰ ਨੂੰ ਕੋਹ - ਕੋਹ ਕੇ ਕਤਲ ਕਰਨ ਦੀ ਵਾਰਦਾਤ ਹੋਈ ਸੀ ਤਾਂ ਤੁਸੀਂ ਬੜੀ ਦਲੇਰੀ ਦਿਖਾਈ ਸੀ। ਇਸ ਕਤਲ ਦੀ ਸਾਰੀ ਸਚਾਈ ਤੇ ਸਾਜ਼ਿਸ਼  ਸਾਹਮਣੇ ਲਿਆਉਣ ਲਈ ਤੁਸੀਂ ਝੱਟ ਕਮੇਟੀ ( ਸਿੱਟ) ਬਣਾ ਦਿੱਤੀ ਸੀ। ਲੋਕਾਂ  ਨੂੰ ਇਸ ਕੇਸ 'ਚ ਭਾਜਪਾਈਆਂ ਦੀ ਸਾਜ਼ਿਸ਼ ਨੰਗੀ ਹੋਣ ਦੀਆਂ ਉਮੀਦਾਂ ਜਾਗੀਆਂ ਸੀ। ਪਰ ਜਿੰਨੇ ਜ਼ੋਰ ਤੇ ਤੇਜ਼ੀ ਨਾਲ ਤੁਸੀਂ ਕਮੇਟੀ ਬਣਾਈ। ਓਦੂਂ ਵੱਧ ਜ਼ੋਰ ਤੇ ਤੇਜ਼ੀ ਨਾਲ ਇਹ ਠੰਢੀ ਵੀ ਕਰ ਦਿੱਤੀ। ਪਤਾ ਨਹੀਂ ਥੋਨੂੰ ਤੇ ਥੋਡੀ ਕਮੇਟੀ ਨੂੰ ਕੀ ਸੱਪ ਸੁੰਘ ਗਿਆ ? ਮੁੜਕੇ ਕੋਈ ਉੱਘ ਸੁੱਘ ਹੀ ਨਹੀਂ ਨਿਕਲੀ। ਤੁਸੀਂ ਮੰਨੋ ਜਾਂ ਨਾਂ ਮੰਨੋ ਪਰ ਦਾਲ 'ਚ ਕੁਝ ਕਾਲਾ  ਜ਼ਰੂਰ ਆ। ਮੁੱਖ ਮੰਤਰੀ ਜੀ, ਥੋਡੇ ਐਲਾਨਾਂ ਤੇ ਅਮਲਾਂ ਵਿਚਲਾ ਪਾੜਾ ਤਾਂ ਇਹ ਵੀ ਦਸਦਾ ਬਈ  ਦਾਲ 'ਚ ਕੁਝ ਕਾਲਾ ਹੀ ਨਹੀਂ, ਸਾਰੀ ਦਾਲ ਹੀ ਕਾਲੀ ਆ। 

      ਮੁੱਖ ਮੰਤਰੀ ਜੀ , ਸਾਡੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੇ ਤੇ ਨਿੱਤ ਦਿਨ ਹੱਕਾਂ ਦੀ  ਲਗਦੀ ਹੇਕ ਨੇ ਹੁਣ ਸਾਨੂੰ ਵੀ ਆਪਣੇ -ਪਰਾਏ ਦੀ ਪਛਾਣ ਕਰਨ ਦੀ ਜਾਗ  ਲਾ ਦਿੱਤੀ ਆ। ਏਸੇ ਆਸਰੇ ਅਸੀਂ ਜਾਣਦੇ ਹਾਂ ਕਿ ਥੋਡੇ ਐਲਾਨਾਂ ਤੇ ਅਮਲਾਂ 'ਚ ਪਾੜਾ ਕਿਓ ਆ?  ਅਸੀਂ ਜਾਣਦੇ ਹਾਂ ਕਿ ਥੋਡਾ ਤੇ ਥੋਡੀ ਪਾਰਟੀ ਦਾ ਮਨਸ਼ਾ ਖੇਤ ਮਜ਼ਦੂਰਾਂ, ਦਲਿਤਾਂ, ਕਿਸਾਨਾਂ ਤੇ ਆਮ ਲੋਕਾਂ ਦੀ ਭਲਾਈ ਨਹੀਂ। ਬੱਸ ਭਲਾਈ ਦਾ ਭੁਲੇਖਾ ਦੇ ਕੇ ਤੇ ਗਰੀਬਾਂ ਦੇ ਅੱਖਾਂ 'ਚ ਘੱਟਾ ਪਾ ਕੇ ਮੁੜ ਗੱਦੀ 'ਤੇ ਕਾਬਜ਼ ਹੋਣਾ ਹੈ। ਏਸੇ ਕਰਕੇ ਥੋਡੇ ਐਲਾਨ ਅਮਲ 'ਚ ਨਹੀਂ ਵਟਦੇ। ਮੁੱਖ ਮੰਤਰੀ ਜੀ, ਬਿਨਾਂ ਕਿਸੇ ਠੋਸ ਯੋਜਨਾਬੰਦੀ ਤੋਂ। ਬਿਨਾਂ ਜ਼ਮੀਨ ਦੀ ਨਿਆਈਂ ਵੰਡ ਦੇ ਤੇ ਖ਼ਜ਼ਾਨੇ ਦਾ ਮੂੰਹ ਜੋਕਾਂ ਵੱਲੋਂ ਮੋੜਕੇ ਖੇਤ ਮਜ਼ਦੂਰਾਂ , ਕਿਸਾਨਾਂ ਤੇ ਲੋਕਾਂ ਵੱਲ ਕਰੇ ਤੋਂ ਬਿਨਾਂ ਥੋਡੇ ਸਭ ਐਲਾਨ  ਬੱਸ ਨਿਰੀ ਠੱਗੀ ਆ। ਅਸੀਂ ਪੰਜਾਬ ਦੇ ਖੇਤ ਮਜ਼ਦੂਰ ਠੱਗੇ ਜਾਣ ਤੋਂ ਇਨਕਾਰ ਕਰਦੇ ਹਾਂ। ਥੋਡੇ ਇਸ ਠੱਗੀ ਦੇ ਵਪਾਰ ਨੂੰ ਸਰੇਬਾਜ਼ਾਰ ਲੰਗਾਰ ਕਰਨ ਦਾ ਐਲਾਨ ਕਰਦੇ ਹਾਂ। ਤੇ ਆਪਣੇ ਹੱਕਾਂ ਲਈ ਮੋਰਚੇ ਮੱਲਣ ਦਾ ਐਲਾਨ ਕਰਦੇ ਹਾਂ।ਇਹੀ ਰਾਹ ਸਵੱਲੜਾ ਹੈ। ਅਸੀਂ ਇਸ ਰਾਹ 'ਤੇ ਤੁਰ ਪਏ ਹਾਂ।


ਨੋਟ: ਦੋਸਤੋ ਇਹ ਖੁੱਲ੍ਹਾ ਖ਼ਤ ਕਰੀਬ ਦੋ ਹਫ਼ਤੇ ਪਹਿਲਾਂ ਲਿਖਕੇ ਇੱਕ ਅਖਬਾਰ 'ਚ ਛਪਣ ਹਿੱਤ ਭੇਜਿਆ ਸੀ,ਪਰ ਉਥੇ ਛਪਣ 'ਚ ਦੇਰੀ ਕਾਰਨ ਤੁਹਾਡੇ ਸਭ ਨਾਲ਼ ਸਾਂਝਾ ਕਰ ਰਿਹਾ ਹਾਂ। ਏਸੇ ਕਰਕੇ ਜ਼ਮੀਨੀ ਸੁਧਾਰ ਕਾਨੂੰਨ ਤੋਂ ਵੱਧ ਜ਼ਮੀਨ ਮਾਲਕਾਂ ਦੀਆਂ ਸੂਚੀਆਂ ਬਨਾਉਣ ਵਾਲਾ ਪੱਤਰ ਜਾਰੀ ਕਰਕੇ ਵਾਪਸ ਲੈਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ।

No comments:

Post a Comment